ਬਿਵਸਥਾ 33
33
ਮੋਸ਼ੇਹ ਨੇ ਕਬੀਲਿਆਂ ਨੂੰ ਅਸੀਸ ਦਿੱਤੀ
1ਇਹ ਉਹ ਬਰਕਤ ਹੈ ਜੋ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ਸੀ। 2ਉਸ ਨੇ ਆਖਿਆ,
“ਯਾਹਵੇਹ ਸੀਨਾਈ ਤੋਂ ਆਇਆ
ਅਤੇ ਸੇਈਰ ਤੋਂ ਉਹਨਾਂ ਦੇ ਉੱਤੇ ਪ੍ਰਗਟ ਹੋਇਆ,
ਉਹ ਪਾਰਾਨ ਪਰਬਤ ਤੋਂ ਚਮਕਿਆ।
ਉਹ ਦੱਖਣ ਵੱਲੋਂ ਆਪਣੇ ਪਹਾੜੀ ਢਲਾਣਾਂ ਤੋਂ,
ਲੱਖਾਂ ਪਵਿੱਤਰ ਸੰਤਾਂ ਨਾਲ ਆਇਆ।
3ਇਹ ਸੱਚ ਹੈ ਕਿ ਉਹ ਲੋਕਾਂ ਨੂੰ ਪਿਆਰ ਕਰਦਾ ਹੈ,
ਸਾਰੇ ਪਵਿੱਤਰ ਪੁਰਖ ਤੇਰੇ ਹੱਥ ਵਿੱਚ ਹਨ।
ਉਹ ਸਾਰੇ ਤੇਰੇ ਚਰਨਾਂ ਵਿੱਚ ਮੱਥਾ ਟੇਕਦੇ ਹਨ,
ਅਤੇ ਤੈਥੋਂ ਸਿੱਖਿਆ ਮਿਲਦੀ ਹੈ,
4ਉਹ ਬਿਵਸਥਾ ਜਿਹੜੀ ਮੋਸ਼ੇਹ ਨੇ ਸਾਨੂੰ ਦਿੱਤੀ,
ਯਾਕੋਬ ਦੀ ਸਭਾ ਦੀ ਵਿਰਾਸਤ ਹੈ।
5ਉਹ ਯਸ਼ੁਰੂਨ ਦਾ ਰਾਜਾ ਸੀ
ਜਦੋਂ ਲੋਕਾਂ ਦੇ ਆਗੂ ਇਕੱਠੇ ਹੋਏ,
ਇਸਰਾਏਲ ਦੇ ਸਾਰੇ ਗੋਤਾਂ ਦੇ ਨਾਲ ਜਮਾਂ ਹੋਏ।
6“ਰਊਬੇਨ ਨੂੰ ਜੀਣ ਦਿਓ ਅਤੇ ਉਹ ਨਾ ਮਰੇ,
ਨਾ ਉਹ ਦੇ ਲੋਕ ਥੋੜੇ ਹੋਣ।”
7ਅਤੇ ਉਸ ਨੇ ਯਹੂਦਾਹ ਬਾਰੇ ਇਹ ਕਿਹਾ,
“ਹੇ ਯਾਹਵੇਹ, ਯਹੂਦਾਹ ਦੀ ਪੁਕਾਰ ਸੁਣ,
ਉਸਨੂੰ ਉਸਦੇ ਲੋਕਾਂ ਕੋਲ ਲਿਆ।
ਉਹ ਆਪਣੇ ਹੱਥਾਂ ਨਾਲ ਆਪਣੇ ਕਾਰਨ ਦਾ ਬਚਾਅ ਬਣਿਆ।
ਤੂੰ ਉਸਦੇ ਵੈਰੀਆਂ ਦੇ ਵਿਰੁੱਧ ਉਸਦਾ ਸਹਾਇਕ ਹੋ!”
8ਲੇਵੀ ਬਾਰੇ ਉਸ ਨੇ ਕਿਹਾ,
“ਤੇਰਾ ਤੁੰਮੀਮ ਅਤੇ ਊਰੀਮ
ਤੇਰੇ ਉਸ ਵਫ਼ਾਦਾਰ ਸੇਵਕ ਕੋਲ ਹਨ,
ਤੂੰ ਉਸ ਨੂੰ ਮੱਸਾਹ ਵਿੱਚ ਪਰਖਿਆ।
ਤੁਸੀਂ ਮਰੀਬਾਹ ਦੇ ਪਾਣੀਆਂ ਵਿੱਚ ਉਸ ਨਾਲ ਝਗੜਾ ਕੀਤਾ ਸੀ।
9ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ,
‘ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।’
ਉਸਨੇ ਨਾ ਆਪਣੇ ਭਰਾਵਾਂ ਨੂੰ ਪਛਾਣਿਆ
ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪਛਾਣਿਆ,
ਪਰ ਉਹ ਤੁਹਾਡੇ ਬਚਨ ਨੂੰ ਮੰਨਦਾ ਰਿਹਾ
ਅਤੇ ਆਪਣੇ ਨੇਮ ਦੀ ਰਾਖੀ ਕੀਤੀ।
10ਉਹ ਯਾਕੋਬ ਨੂੰ ਤੇਰੀਆਂ ਬਿਧੀਆਂ
ਅਤੇ ਇਸਰਾਏਲ ਨੂੰ ਤੇਰੀ ਬਿਵਸਥਾ ਸਿਖਾਉਂਦਾ ਹੈ।
ਉਹ ਤੁਹਾਡੇ ਅੱਗੇ ਧੂਪ
ਅਤੇ ਤੁਹਾਡੀ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਉਂਦਾ ਹੈ।
11ਯਾਹਵੇਹ ਉਸ ਦੀ ਸੰਪਤੀ ਉੱਤੇ ਬਰਕਤ ਦੇ,
ਅਤੇ ਉਸਦੇ ਹੱਥਾਂ ਦੇ ਕੰਮਾਂ ਨੂੰ ਕਬੂਲ ਕਰ।
ਉਸ ਦੇ ਵਿਰੁੱਧ ਉੱਠਣ ਵਾਲਿਆਂ ਨੂੰ ਚੂਰ-ਚੂਰ ਕਰਦੇ,
ਉਸ ਦੇ ਦੁਸ਼ਮਣਾਂ ਨੂੰ ਉਦੋਂ ਤੱਕ ਮਾਰ ਕਿ ਉਹ ਦੁਬਾਰਾ ਨਾ ਉੱਠਣ।”
12ਬਿਨਯਾਮੀਨ ਬਾਰੇ ਉਸਨੇ ਕਿਹਾ,
“ਯਾਹਵੇਹ ਦਾ ਪਿਆਰ ਉਸ ਕੋਲ ਸ਼ਾਂਤੀ ਨਾਲ ਵੱਸੇਗਾ,
ਕਿਉਂਕਿ ਉਹ ਸਾਰਾ ਦਿਨ ਉਸਦੀ ਸੁਰੱਖਿਆ ਕਰਦਾ ਹੈ,
ਅਤੇ ਜਿਸ ਨੂੰ ਯਾਹਵੇਹ ਪਿਆਰ ਕਰਦਾ ਹੈ ਉਸਦੇ ਮੋਢਿਆਂ ਵਿਚਕਾਰ ਆਰਾਮ ਕਰਦਾ ਹੈ।”
13ਉਸ ਨੇ ਯੋਸੇਫ਼ ਬਾਰੇ ਕਿਹਾ,
“ਯਾਹਵੇਹ ਵੱਲੋਂ ਉਸਦੀ ਧਰਤੀ ਮੁਬਾਰਕ ਹੋਵੇ
ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ ਨਾਲੇ ਹੇਠਾਂ ਡੂੰਘੇ ਪਾਣੀਆਂ ਤੋਂ ਬਰਕਤ ਦੇਵੇ।
14ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ,
ਅਤੇ ਚੰਦਰਮਾ ਦੇ ਉਗਾਏ ਹੋਏ ਪਦਾਰਥਾਂ ਤੋਂ,
15ਪ੍ਰਾਚੀਨ ਪਹਾੜਾਂ ਦੇ ਸਭ ਤੋਂ ਵਧੀਆ ਤੋਹਫ਼ਿਆਂ ਨਾਲ
ਅਤੇ ਸਦੀਵੀ ਪਹਾੜੀਆਂ ਦੀ ਫਲਦਾਰਤਾ,
16ਧਰਤੀ ਦੀ ਭਰਪੂਰੀ ਦੀਆਂ ਸਭ ਤੋਂ ਵਧੀਆ ਚੀਜ਼ਾਂ,
ਅਤੇ ਉਸਦੀ ਦਯਾ, ਜੋ ਬਲਦੀ ਝਾੜੀ ਵਿੱਚ ਪ੍ਰਗਟ ਹੋਈ ਸੀ।
ਇਹ ਸਭ ਯੋਸੇਫ਼ ਦੇ ਸਿਰ ਉੱਤੇ ਆਉਣ,
ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।
17ਉਹ ਮਹਿਮਾ ਵਿੱਚ ਜੇਠੇ ਬਲਦ ਵਰਗਾ ਹੈ,
ਉਸ ਦੇ ਸਿੰਗ ਜੰਗਲੀ ਬਲਦ ਦੇ ਸਿੰਗ ਹਨ,
ਇਨ੍ਹਾਂ ਨਾਲ ਉਹ ਕੌਮਾਂ ਨੂੰ ਨੁਕਸਾਨ ਪਹੁੰਚਾਏਗਾ,
ਅਤੇ ਉਹਨਾਂ ਨੂੰ ਇੱਕੋ ਸਮੇਂ ਧਰਤੀ ਦੇ ਕੰਢਿਆਂ ਤੱਕ ਧੱਕ ਦੇਵੇਗਾ।
ਇਫ਼ਰਾਈਮ ਦੇ ਦਸ ਹਜ਼ਾਰ ਅਜਿਹੇ ਹਨ।
ਮਨੱਸ਼ੇਹ ਦੇ ਹਜ਼ਾਰਾਂ ਹੀ ਅਜਿਹੇ ਹਨ।”
18ਜ਼ਬੂਲੁਨ ਬਾਰੇ ਉਸ ਨੇ ਕਿਹਾ,
“ਜ਼ਬੂਲੁਨ, ਆਪਣੇ ਬਾਹਰ ਜਾਣ ਵਿੱਚ ਅਨੰਦ ਕਰ,
ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ।
19ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ
ਅਤੇ ਉੱਥੇ ਧਰਮੀਆਂ ਦੀਆਂ ਬਲੀਆਂ ਚੜ੍ਹਾਉਣਗੇ।
ਉਹ ਸਮੁੰਦਰਾਂ ਦੀ ਬਹੁਤਾਤ ਵਿੱਚ ਦਾਅਵਤ ਕਰਨਗੇ,
ਰੇਤ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਦਾ ਲਾਭ ਉਠਾਉਣਗੇ।”
20ਗਾਦ ਬਾਰੇ ਉਸਨੇ ਕਿਹਾ,
“ਧੰਨ ਹੈ ਉਹ ਜਿਹੜਾ ਗਾਦ ਦੇ ਖੇਤਰ ਨੂੰ ਵਧਾਉਂਦਾ ਹੈ!
ਗਾਦ ਉੱਥੇ ਸ਼ੇਰ ਵਾਂਗ ਰਹਿੰਦਾ ਹੈ,
ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ।
21ਉਸਨੇ ਆਪਣੇ ਲਈ ਸਭ ਤੋਂ ਵਧੀਆ ਜ਼ਮੀਨ ਚੁਣੀ,
ਆਗੂ ਦਾ ਹਿੱਸਾ ਉਸ ਲਈ ਰੱਖਿਆ ਗਿਆ ਸੀ।
ਜਦੋਂ ਲੋਕਾਂ ਦੇ ਮੁਖੀ ਇਕੱਠੇ ਹੋਏ,
ਉਸਨੇ ਯਾਹਵੇਹ ਦੀ ਧਰਮੀ ਇੱਛਾ,
ਅਤੇ ਇਸਰਾਏਲ ਦੇ ਬਾਰੇ ਉਸਦੇ ਨਿਆਂ ਨੂੰ ਪੂਰਾ ਕੀਤਾ।”
22ਦਾਨ ਬਾਰੇ ਉਸ ਨੇ ਆਖਿਆ,
ਦਾਨ ਸ਼ੇਰ ਦਾ ਬੱਚਾ ਹੈ,
ਬਾਸ਼ਾਨ ਵਿੱਚੋਂ ਨਿੱਕਲਦਾ ਹੈ।
23ਨਫ਼ਤਾਲੀ ਬਾਰੇ ਉਸਨੇ ਕਿਹਾ,
“ਨਫ਼ਤਾਲੀ ਯਾਹਵੇਹ ਦੀ ਮਿਹਰ ਨਾਲ ਤ੍ਰਿਪਤ ਹੈ
ਅਤੇ ਉਸਦੀ ਅਸੀਸ ਨਾਲ ਭਰਪੂਰ ਹੈ,
ਉਹ ਦੱਖਣ ਵੱਲ ਝੀਲ ਤੱਕ ਦਾ ਵਾਰਸ ਹੋਵੇਗਾ।”
24ਆਸ਼ੇਰ ਬਾਰੇ ਉਸ ਨੇ ਕਿਹਾ,
“ਪੁੱਤਰਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਆਸ਼ੇਰ ਹੈ।
ਉਸ ਦੇ ਭਰਾਵਾਂ ਦੀ ਕਿਰਪਾ ਹੋਵੇ,
ਅਤੇ ਉਹ ਆਪਣੇ ਪੈਰਾਂ ਨੂੰ ਤੇਲ ਵਿੱਚ ਡਬੋਏ।
25ਤੁਹਾਡੇ ਦਰਵਾਜ਼ਿਆਂ ਦੇ ਹੋੜੇ ਲੋਹੇ ਅਤੇ ਪਿੱਤਲ ਦੇ ਹੋਣਗੇ,
ਅਤੇ ਤੁਹਾਡੀ ਤਾਕਤ ਤੁਹਾਡੇ ਦਿਨਾਂ ਦੇ ਬਰਾਬਰ ਹੋਵੇਗੀ।
26“ਯਸ਼ੁਰੂਨ ਦੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ,
ਜੋ ਤੁਹਾਡੀ ਮਦਦ ਕਰਨ ਲਈ ਅਕਾਸ਼ ਦੇ ਉੱਤੇ ਹੈ
ਅਤੇ ਆਪਣੀ ਮਹਿਮਾ ਵਿੱਚ ਬੱਦਲਾਂ ਉੱਤੇ ਸਵਾਰ ਹੈ।
27ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ,
ਅਤੇ ਹੇਠਾਂ ਸਦੀਪਕ ਬਾਹਾਂ ਹਨ।
ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ,
ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’
28ਇਸ ਲਈ ਇਸਰਾਏਲ ਸੁਰੱਖਿਆਂ ਵਿੱਚ ਵੱਸੇਗਾ।
ਯਾਕੋਬ ਅਨਾਜ ਅਤੇ ਨਵੀਂ ਦਾਖ਼ਰਸ ਦੇ ਦੇਸ਼ ਵਿੱਚ ਸੁਰੱਖਿਅਤ ਰਹੇਗਾ,
ਜਿੱਥੇ ਅਕਾਸ਼ ਤ੍ਰੇਲ ਪਾਉਂਦੇ ਹਨ।
29ਹੇ ਇਸਰਾਏਲ, ਮੁਬਾਰਕ ਹੈ ਤੂੰ!
ਯਾਹਵੇਹ ਦੁਆਰਾ ਬਚਾਈ ਗਈ ਪਰਜਾ?
ਤੇਰੇ ਵਰਗਾ ਕੌਣ ਹੈ
ਉਹ ਤੁਹਾਡੀ ਢਾਲ ਅਤੇ ਸਹਾਇਕ
ਅਤੇ ਤੁਹਾਡੀ ਸ਼ਾਨਦਾਰ ਤਲਵਾਰ ਹੈ।
ਤੁਹਾਡੇ ਵੈਰੀ ਤੁਹਾਡੇ ਅੱਗੇ ਡਰ ਜਾਣਗੇ,
ਅਤੇ ਤੁਸੀਂ ਉਹਨਾਂ ਦੀਆਂ ਉਚਾਈਆਂ ਨੂੰ ਮਿੱਧੋਗੇ।”
Currently Selected:
ਬਿਵਸਥਾ 33: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.