ਬਿਵਸਥਾ 32
32
1ਹੇ ਅਕਾਸ਼, ਸੁਣ ਅਤੇ ਮੈਂ ਬੋਲਾਂਗਾ,
ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ,
2ਮੇਰੀ ਸਿੱਖਿਆ ਮੀਂਹ ਵਾਂਗ ਵਰ੍ਹੇਗੀ,
ਅਤੇ ਮੇਰੇ ਸ਼ਬਦ ਤ੍ਰੇਲ ਵਾਂਗ ਡਿੱਗਣਗੇ,
ਨਵੇਂ ਘਾਹ ਉੱਤੇ ਫੁਹਾਰ ਵਾਂਗੂੰ,
ਕੋਮਲ ਬੂਟਿਆਂ ਉੱਤੇ ਬਹੁਤੀ ਵਰਖਾ ਵਾਂਗੂੰ।
3ਮੈਂ ਯਾਹਵੇਹ ਦੇ ਨਾਮ ਦਾ ਐਲਾਨ ਕਰਾਂਗਾ।
ਸਾਡੇ ਪਰਮੇਸ਼ਵਰ ਦੀ ਮਹਾਨਤਾ ਦੀ ਉਸਤਤ ਕਰੋ!
4ਉਹ ਚੱਟਾਨ ਹੈ, ਉਹ ਦੇ ਕੰਮ ਸਿੱਧ ਹਨ,
ਅਤੇ ਉਹ ਦੇ ਸਾਰੇ ਮਾਰਗ ਨਿਆਂ ਦੇ ਹਨ।
ਇੱਕ ਵਫ਼ਾਦਾਰ ਪਰਮੇਸ਼ਵਰ ਜੋ ਕੋਈ ਗਲਤੀ ਨਹੀਂ ਕਰਦਾ,
ਉਹ ਸੱਚਾ ਅਤੇ ਧਰਮੀ ਹੈ।
5ਉਹ ਭ੍ਰਿਸ਼ਟ ਹਨ ਅਤੇ ਉਹ ਉਸਦੇ ਬੱਚੇ ਨਹੀਂ ਹਨ,
ਸਗੋਂ ਉਹ ਕਲੰਕੀ ਅਤੇ ਇੱਕ ਵਿਗੜੀ ਹੋਈ ਟੇਢੀ ਪੀੜ੍ਹੀ ਹੈ।
6ਹੇ ਮੂਰਖ ਅਤੇ ਮੱਤਹੀਣ ਲੋਕੋ,
ਕੀ ਤੁਸੀਂ ਯਾਹਵੇਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ?
ਕੀ ਉਹ ਤੁਹਾਡਾ ਪਿਤਾ, ਤੁਹਾਡਾ ਸਿਰਜਣਹਾਰ ਨਹੀਂ,
ਜਿਸ ਨੇ ਤੁਹਾਨੂੰ ਬਣਾਇਆ ਅਤੇ ਕਾਇਮ ਕੀਤਾ?
7ਪੁਰਾਣੇ ਦਿਨਾਂ ਨੂੰ ਚੇਤੇ ਰੱਖੋ,
ਪੁਰਾਣੀਆਂ ਪੀੜ੍ਹੀਆਂ ਤੇ ਗੌਰ ਕਰੋ।
ਆਪਣੇ ਪਿਤਾ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ,
ਆਪਣੇ ਬਜ਼ੁਰਗਾਂ ਤੋਂ, ਅਤੇ ਉਹ ਤੁਹਾਨੂੰ ਦੱਸਣਗੇ।
8ਜਦੋਂ ਅੱਤ ਮਹਾਨ ਨੇ ਕੌਮਾਂ ਨੂੰ ਉਹਨਾਂ ਦੀ ਵਿਰਾਸਤ ਦਿੱਤੀ,
ਜਦੋਂ ਉਸਨੇ ਸਾਰੀ ਮਨੁੱਖਜਾਤੀ ਨੂੰ ਵੰਡਿਆ,
ਉਸਨੇ ਇਸਰਾਏਲ ਦੇ ਪੁੱਤਰਾਂ ਦੀ ਗਿਣਤੀ ਦੇ ਅਨੁਸਾਰ
ਲੋਕਾਂ ਲਈ ਹੱਦਾਂ ਬਣਾਈਆਂ।
9ਕਿਉਂ ਜੋ ਯਾਹਵੇਹ ਦਾ ਹਿੱਸਾ ਉਹ ਦੀ ਪਰਜਾ ਹੈ,
ਯਾਕੋਬ ਉਸਦੀ ਵਿਰਾਸਤ ਦਾ ਭਾਗ ਹੈ।
10ਉਸਨੇ ਉਹਨਾਂ ਨੂੰ ਮਾਰੂਥਲ ਵਿੱਚੋਂ,
ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ।
ਉਸ ਨੇ ਉਸਦੀ ਰੱਖਿਆ ਕੀਤੀ ਅਤੇ ਉਸਦੀ ਦੇਖਭਾਲ ਕੀਤੀ,
ਉਸ ਨੇ ਅੱਖ ਦੀ ਕਾਕੀ ਵਾਂਗ ਉਹ ਦੀ ਰਾਖੀ ਕੀਤੀ।
11ਇੱਕ ਉਕਾਬ ਵਾਂਗ ਜੋ ਆਪਣੇ ਆਲ੍ਹਣੇ ਨੂੰ ਹਿਲਾਉਂਦਾ,
ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ,
ਜੋ ਉਹਨਾਂ ਨੂੰ ਫੜਨ ਲਈ ਆਪਣੇ ਖੰਭ ਫੈਲਾਉਂਦਾ ਹੈ
ਅਤੇ ਉਹਨਾਂ ਨੂੰ ਉੱਚਾ ਚੁੱਕਦਾ ਹੈ।
12ਯਾਹਵੇਹ ਹੀ ਉਸਦਾ ਮਾਰਗ ਦਰਸ਼ਕ ਸੀ,
ਯਾਹਵੇਹ ਨੂੰ ਕਿਸੇ ਵਿਦੇਸ਼ੀ ਦੇਵਤੇ ਦੀ ਲੋੜ ਨਹੀਂ ਸੀ।
13ਉਸ ਨੇ ਉਸ ਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜ੍ਹਾਇਆ
ਅਤੇ ਖੇਤਾਂ ਦੇ ਫਲਾਂ ਨਾਲ ਉਹ ਨੂੰ ਖੁਆਇਆ।
ਉਸ ਨੇ ਉਸ ਚੱਟਾਨ ਵਿੱਚੋਂ ਸ਼ਹਿਦ,
ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ।
14ਚੌਣੇ ਦਾ ਮੱਖਣ ਅਤੇ ਇੱਜੜ ਦੇ ਦੁੱਧ,
ਲੇਲਿਆਂ ਦੀ ਚਰਬੀ ਨਾਲ,
ਅਤੇ ਬਾਸ਼ਾਨ ਦੀ ਨਸਲ ਦੇ ਮੇਂਢੇ ਅਤੇ ਬੱਕਰੇ,
ਕਣਕ ਦੀ ਉੱਤਮ ਪੈਦਾਵਾਰ ਨਾਲ
ਤੂੰ ਅੰਗੂਰੀ ਰਸ ਦੀ ਦਾਖ਼ਰਸ ਪੀਤੀ।
15ਪਰ ਯਸ਼ੁਰੂਨ#32:15 ਯਸ਼ੁਰੂਨ ਅਰਥਾਤ: ਧਰਮੀ ਮਨੁੱਖ ਇਸਰਾਏਲ ਠੀਕ ਹੋਣ ਤੋਂ ਬਾਅਦ ਬਾਗ਼ੀ ਹੋ ਗਿਆ;
ਉਹ ਤਕੜਾ ਅਤੇ ਸੁੰਦਰ ਬਣ ਗਿਆ ਸੀ।
ਫਿਰ ਉਸਨੇ ਆਪਣੇ ਸਿਰਜਣਹਾਰ ਪਰਮੇਸ਼ਵਰ ਨੂੰ ਤਿਆਗ ਦਿੱਤਾ,
ਉਸਨੇ ਆਪਣੀ ਮੁਕਤੀ ਦੀ ਚੱਟਾਨ ਨਾਲ ਵੈਰ ਕੀਤਾ।
16ਉਹਨਾਂ ਨੇ ਪਰਾਏ ਦੇਵਤਿਆਂ ਨੂੰ ਮੰਨਣ ਨਾਲ ਉਸ ਨੂੰ ਈਰਖਾਲੂ ਬਣਾਇਆ
ਅਤੇ ਆਪਣੀਆਂ ਘਿਣਾਉਣੀਆਂ ਮੂਰਤੀਆਂ ਨਾਲ ਉਸ ਨੂੰ ਕ੍ਰੋਧਿਤ ਕੀਤਾ।
17ਉਹਨਾਂ ਨੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ,
ਜਿਹੜੇ ਪਰਮੇਸ਼ਵਰ ਨਹੀਂ ਸਨ,
ਉਹ ਦੇਵਤੇ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,
ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਹੀ ਨਿੱਕਲੇ ਸਨ,
ਉਹ ਦੇਵਤੇ ਜਿਨ੍ਹਾਂ ਤੋਂ ਤੁਹਾਡੇ ਪੁਰਖੇ ਨਹੀਂ ਡਰਦੇ ਸਨ।
18ਤੁਸੀਂ ਚੱਟਾਨ ਨੂੰ ਛੱਡ ਦਿੱਤਾ, ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ।
ਅਤੇ ਉਸ ਪਰਮੇਸ਼ਵਰ ਨੂੰ ਭੁੱਲ ਜਿਸਨੇ ਤੁਹਾਨੂੰ ਪਾਲਿਆ।
19ਯਾਹਵੇਹ ਨੇ ਇਹ ਵੇਖਿਆ ਅਤੇ ਉਹਨਾਂ ਨੂੰ ਰੱਦ ਕਰ ਦਿੱਤਾ
ਕਿਉਂਕਿ ਉਸਦੇ ਪੁੱਤਰ-ਧੀਆਂ ਨੇ ਉਸ ਨੂੰ ਉਕਸਾਇਆ।
20ਉਸ ਨੇ ਕਿਹਾ, “ਮੈਂ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵਾਂਗਾ,
ਅਤੇ ਦੇਖਾਂਗਾ ਕਿ ਉਹਨਾਂ ਦਾ ਅੰਤ ਕੀ ਹੋਵੇਗਾ।
ਕਿਉਂਕਿ ਇਹ ਇੱਕ ਭ੍ਰਿਸ਼ਟ ਪੀੜ੍ਹੀ ਹੈ,
ਇਹ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਵਫ਼ਾਦਾਰੀ ਨਹੀਂ ਹੈ।
21ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ਵਰ ਹੈ ਹੀ ਨਹੀਂ;
ਅਤੇ ਆਪਣੀਆਂ ਨਿਕੰਮੀਆਂ ਮੂਰਤੀਆਂ ਨਾਲ ਮੈਨੂੰ ਗੁੱਸਾ ਦੁਆਇਆ।
ਮੈਂ ਉਹਨਾਂ ਨੂੰ ਉਹਨਾਂ ਤੋਂ ਈਰਖਾ ਕਰਾਵਾਂਗਾ ਜੋ ਅਸਲ ਵਿੱਚ ਲੋਕ ਨਹੀਂ ਹਨ,
ਮੈਂ ਉਹਨਾਂ ਨੂੰ ਇੱਕ ਕੌਮ ਦੇ ਦੁਆਰਾ ਗੁੱਸਾ ਦੁਆਵਾਂਗਾ ਜਿਸਦੀ ਕੋਈ ਸਮਝ ਨਹੀਂ ਹੈ;
22ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੇਗੀ,
ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ।
ਇਹ ਧਰਤੀ ਅਤੇ ਉਸ ਦੀਆਂ ਫ਼ਸਲਾਂ ਨੂੰ ਖਾ ਜਾਵੇਗਾ
ਅਤੇ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾ ਦੇਵੇਗੀ।
23“ਮੈਂ ਉਹਨਾਂ ਉੱਤੇ ਬਿਪਤਾਵਾਂ ਦਾ ਢੇਰ ਲਾਵਾਂਗਾ
ਅਤੇ ਆਪਣੇ ਤੀਰ ਉਹਨਾਂ ਉੱਤੇ ਚਲਾਵਾਂਗਾ।
24ਮੈਂ ਉਹਨਾਂ ਦੇ ਵਿਰੁੱਧ ਕਾਲ ਨੂੰ ਬਰਬਾਦ ਕਰਾਂਗਾ,
ਮਹਾਂਮਾਰੀ ਅਤੇ ਮਾਰੂ ਬਵਾ।
ਮੈਂ ਉਹਨਾਂ ਦੇ ਵਿਰੁੱਧ ਵਹਿਸ਼ੀ ਦਰਿੰਦਿਆਂ ਨੂੰ ਭੇਜਾਂਗਾ,
ਸੱਪਾਂ ਦਾ ਜ਼ਹਿਰ ਜੋ ਮਿੱਟੀ ਵਿੱਚ ਉੱਡਦੇ ਹਨ।
25ਬਾਹਰ ਤਲਵਾਰ ਨਾਲ ਮਰਨਗੇ,
ਅਤੇ ਕੋਠੜੀਆਂ ਵਿੱਚ ਡਰ ਹੋਵੇਗਾ,
ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ,
ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ ਹੋ ਜਾਵੇਗਾ।
26ਮੈਂ ਆਖਿਆ ਕਿ ਮੈਂ ਉਹਨਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ
ਅਤੇ ਉਹਨਾਂ ਦਾ ਨਾਮ ਮਨੁੱਖਾਂ ਦੀ ਯਾਦ ਵਿੱਚੋਂ ਮਿਟਾ ਦਿਆਂਗਾ,
27ਪਰ ਮੈਂ ਵੈਰੀ ਦੇ ਤਾਅਨੇ ਤੋਂ ਡਰਦਾ ਸੀ,
ਅਜਿਹਾ ਨਾ ਹੋਵੇ ਉਹਨਾਂ ਦਾ ਵਿਰੋਧੀ ਗਲਤ ਸਮਝੇ
ਅਤੇ ਆਖੇ, ‘ਸਾਡਾ ਹੱਥ ਜਿੱਤ ਗਿਆ ਹੈ,
ਯਾਹਵੇਹ ਨੇ ਇਹ ਸਭ ਕੁਝ ਨਹੀਂ ਕੀਤਾ ਹੈ।’ ”
28ਉਹ ਇੱਕ ਨਿਰਬੁੱਧ ਕੌਮ ਹੈ,
ਇਨ੍ਹਾਂ ਵਿੱਚ ਕੋਈ ਸਮਝ ਨਹੀਂ ਹੈ।
29ਕਾਸ਼ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝਦੇ
ਅਤੇ ਉਹਨਾਂ ਦਾ ਅੰਤ ਕੀ ਹੁੰਦਾ ਹੈ!
30ਜੇ ਉਹਨਾਂ ਦੀ ਚੱਟਾਨ ਹੀ ਉਹਨਾਂ ਨੂੰ ਨਾ ਵੇਚ ਦਿੰਦੀ,
ਅਤੇ ਯਾਹਵੇਹ ਉਹਨਾਂ ਨੂੰ ਨਾ ਫੜ੍ਹਾ ਦਿੰਦਾ?
ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ,
ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,
31ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ,
ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ।
32ਉਹਨਾਂ ਦੀ ਵੇਲ ਸੋਦੋਮ ਦੀ ਵੇਲ
ਅਤੇ ਗਾਮੂਰਾਹ ਦੇ ਖੇਤਾਂ ਤੋਂ ਨਿਕਲਦੀ ਹੈ।
ਉਹਨਾਂ ਦੇ ਅੰਗੂਰ ਜ਼ਹਿਰ ਨਾਲ ਭਰੇ ਹੋਏ ਹਨ,
ਅਤੇ ਉਹਨਾਂ ਦੇ ਗੁੱਛੇ ਕੁੜੱਤਣ ਨਾਲ ਭਰੇ ਹੋਏ ਹਨ।
33ਉਹਨਾਂ ਦੀ ਦਾਖ਼ਰਸ ਨਾਗਾਂ ਦਾ ਜ਼ਹਿਰ ਹੈ,
ਸੱਪਾਂ ਦੀ ਵਿੱਸ ਹੈ।
34“ਕਿ ਇਹ ਗੱਲ ਮੇਰੇ ਮਨ ਵਿੱਚ,
ਅਤੇ ਮੋਹਰ ਲਗਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ?
35ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ,
ਇਹ ਉਸ ਵੇਲੇ ਪ੍ਰਗਟ ਹੋਵੇਗਾ, ਜਦ ਉਹਨਾਂ ਦੇ ਪੈਰ ਤਿਲਕੇ,
ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ
ਅਤੇ ਉਹਨਾਂ ਦੀ ਤਬਾਹੀ ਜਲਦੀ ਉਹਨਾਂ ਉੱਤੇ ਆ ਰਹੀ ਹੈ।”
36ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ,
ਅਤੇ ਆਪਣੇ ਸੇਵਕਾਂ ਉੱਤੇ ਤਰਸ ਖਾਵੇਗਾ,
ਜਦੋਂ ਉਹ ਦੇਖਦਾ ਹੈ ਕਿ ਉਹਨਾਂ ਦੀ ਤਾਕਤ ਖਤਮ ਹੋ ਗਈ ਹੈ,
ਅਤੇ ਕੋਈ ਵੀ ਨਹੀਂ ਬਚਿਆ, ਨਾ ਗੁਲਾਮ ਨਾ ਅਜ਼ਾਦ।
37ਉਹ ਆਖੇਗਾ, ਹੁਣ ਉਹਨਾਂ ਦੇ ਦੇਵਤੇ ਕਿੱਥੇ ਹਨ,
ਜਿਸ ਚੱਟਾਨ ਵਿੱਚ ਉਹਨਾਂ ਨੇ ਪਨਾਹ ਲਈ ਸੀ?
38ਉਹ ਦੇਵਤੇ ਜਿਨ੍ਹਾਂ ਨੇ ਉਹਨਾਂ ਦੀਆਂ ਬਲੀਆਂ ਦੀ ਚਰਬੀ ਖਾਧੀ
ਅਤੇ ਉਹਨਾਂ ਦੇ ਪੀਣ ਦੀਆਂ ਭੇਟਾਂ ਦੀ ਦਾਖ਼ਰਸ ਪੀਤੀ?
ਉਹ ਉੱਠਣ ਅਤੇ ਤੁਹਾਡੀ ਮਦਦ ਕਰਨ,
ਉਹ ਤੁਹਾਨੂੰ ਪਨਾਹ ਦੇਣ!
39“ਹੁਣ ਵੇਖੋ ਕਿ ਉਹ ਮੈਂ ਹੀ ਹਾਂ!
ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।
ਮੈਂ ਹੀ ਮਾਰਦਾ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ,
ਮੈਂ ਜ਼ਖਮੀ ਕਰਦਾ ਅਤੇ ਮੈਂ ਹੀ ਚੰਗਾ ਕਰਦਾ ਹਾਂ,
ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ।
40ਮੈਂ ਆਪਣਾ ਹੱਥ ਅਕਾਸ਼ ਵੱਲ ਚੁੱਕ ਕੇ ਸਹੁੰ ਖਾਂਦਾ ਹਾਂ,
ਮੈਂ ਸਦੀਪਕਾਲ ਲਈ ਜਿਉਂਦਾ ਹਾਂ।
41ਜਦੋਂ ਮੈਂ ਆਪਣੀ ਚਮਕਦੀ ਤਲਵਾਰ ਨੂੰ ਤਿੱਖਾ ਕਰਾਂਗਾ,
ਅਤੇ ਨਿਆਂ ਨੂੰ ਆਪਣੇ ਹੱਥ ਵਿੱਚ ਲਵਾ,
ਮੈਂ ਆਪਣੇ ਵਿਰੋਧੀਆਂ ਤੋਂ ਬਦਲਾ ਲਵਾਂਗਾ
ਅਤੇ ਮੇਰੇ ਨਾਲ ਵੈਰ ਰੱਖਣ ਵਾਲਿਆਂ ਤੋਂ ਬਦਲਾ ਲਵਾਂਗਾ।
42ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਸਤ ਕਰ ਦਿਆਂਗਾ,
ਅਤੇ ਮੇਰੀ ਤਲਵਾਰ ਮਾਸ ਨੂੰ ਖਾਏਗੀ,
ਉਹ ਲਹੂ ਵੱਢਿਆਂ ਹੋਇਆਂ ਅਤੇ ਬੰਦੀਆਂ ਦਾ,
ਅਤੇ ਉਹ ਮਾਸ ਵੈਰੀਆਂ ਦੇ ਆਗੂਆਂ ਦੇ ਸਿਰਾਂ ਦਾ ਹੋਵੇਗਾ।”
43ਹੇ ਕੌਮੋ, ਉਸਦੀ ਪਰਜਾ ਦੇ ਨਾਲ ਅਨੰਦ ਕਰੋ
ਕਿਉਂ ਜੋ ਉਹ ਆਪਣੇ ਸੇਵਕਾਂ ਦੇ ਲਹੂ ਦਾ ਬਦਲਾ ਲਵੇਗਾ।
ਉਹ ਆਪਣੇ ਦੁਸ਼ਮਣਾਂ ਨੂੰ ਬਦਲਾ ਦੇਵੇਗਾ
ਅਤੇ ਆਪਣੀ ਧਰਤੀ ਅਤੇ ਲੋਕਾਂ ਲਈ ਮਾਫ਼ੀ ਕਰੇਗਾ।
44ਮੋਸ਼ੇਹ ਨੂਨ ਦੇ ਪੁੱਤਰ ਹੋਸ਼ੇਆ (ਯਹੋਸ਼ੂਆ) ਦੇ ਨਾਲ ਆਇਆ ਅਤੇ ਇਸ ਗੀਤ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਈਆਂ। 45ਜਦੋਂ ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਇਹ ਸਾਰੀਆਂ ਗੱਲਾਂ ਸੁਣਾ ਕੇ ਸਮਾਪਤ ਕੀਤਾ। 46ਉਸ ਨੇ ਉਹਨਾਂ ਨੂੰ ਆਖਿਆ, “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਗਾਓ, ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ ਹੈ, ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨਣ ਦਾ ਹੁਕਮ ਦਿਓ। 47ਉਹ ਤੁਹਾਡੇ ਲਈ ਸਿਰਫ ਵਿਅਰਥ ਸ਼ਬਦ ਨਹੀਂ ਹਨ, ਉਹ ਤੁਹਾਡੀ ਜ਼ਿੰਦਗੀ ਹਨ। ਉਹਨਾਂ ਦੁਆਰਾ ਤੁਸੀਂ ਉਸ ਦੇਸ਼ ਵਿੱਚ ਲੰਬੇ ਸਮੇਂ ਤੱਕ ਜੀਓਗੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ।”
ਮੋਸ਼ੇਹ ਦਾ ਨਬੋ ਪਰਬਤ ਉੱਤੇ ਮਰਨਾ
48ਉਸੇ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 49“ਯਰੀਹੋ ਤੋਂ ਪਾਰ ਮੋਆਬ ਵਿੱਚ ਨਬੋ ਪਰਬਤ ਤੱਕ ਅਬਾਰੀਮ ਪਰਬਤ ਵਿੱਚ ਜਾਓ ਅਤੇ ਕਨਾਨ ਨੂੰ ਵੇਖੋ, ਜਿਹੜੀ ਧਰਤੀ ਮੈਂ ਇਸਰਾਏਲੀਆਂ ਨੂੰ ਉਹਨਾਂ ਦੀ ਆਪਣੀ ਮਲਕੀਅਤ ਵਜੋਂ ਦੇ ਰਿਹਾ ਹਾਂ। 50ਉਸੇ ਪਹਾੜ ਉੱਤੇ ਜਿਸ ਉੱਤੇ ਤੂੰ ਚੜ੍ਹਿਆ ਹੈ, ਤੂੰ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ, ਜਿਵੇਂ ਤੇਰਾ ਭਰਾ ਹਾਰੋਨ ਹੋਰ ਪਰਬਤ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ। 51ਇਸ ਦਾ ਕਾਰਨ ਇਹ ਹੈ ਕਿ ਜ਼ੀਨ ਦੇ ਮਾਰੂਥਲ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ 52ਇਸ ਲਈ ਤੁਸੀਂ ਜ਼ਮੀਨ ਨੂੰ ਦੂਰੋਂ ਹੀ ਵੇਖੋਗੇ। ਤੁਸੀਂ ਉਸ ਧਰਤੀ ਵਿੱਚ ਨਹੀਂ ਜਾਵੋਂਗੇ ਜੋ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।”
Currently Selected:
ਬਿਵਸਥਾ 32: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.