ਬਿਵਸਥਾ 31
31
ਯਹੋਸ਼ੂਆ ਦਾ ਚੁਣਿਆ ਜਾਣਾ
1ਤਦ ਮੋਸ਼ੇਹ ਬਾਹਰ ਗਿਆ ਅਤੇ ਸਾਰੇ ਇਸਰਾਏਲ ਨੂੰ ਇਹ ਗੱਲਾਂ ਕੀਤੀਆਂ, 2“ਹੁਣ ਮੈਂ ਇੱਕ ਸੌ ਵੀਹ ਸਾਲਾਂ ਦਾ ਹੋ ਗਿਆ ਹਾਂ ਅਤੇ ਮੈਂ ਹੁਣ ਤੁਹਾਡੀ ਅਗਵਾਈ ਕਰਨ ਦੇ ਯੋਗ ਨਹੀਂ ਹਾਂ। ਯਾਹਵੇਹ ਨੇ ਮੈਨੂੰ ਕਿਹਾ ਹੈ, ‘ਤੂੰ ਯਰਦਨ ਪਾਰ ਨਹੀਂ ਕਰੇਂਗਾ।’ 3ਯਾਹਵੇਹ ਤੁਹਾਡਾ ਪਰਮੇਸ਼ਵਰ ਆਪ ਤੁਹਾਡੇ ਅੱਗੇ-ਅੱਗੇ ਜਾਵੇਗਾ। ਉਹ ਤੁਹਾਡੇ ਸਾਮ੍ਹਣੇ ਇਨ੍ਹਾਂ ਕੌਮਾਂ ਨੂੰ ਤਬਾਹ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ। ਯਹੋਸ਼ੂਆ ਵੀ ਤੁਹਾਡੇ ਅੱਗੇ-ਅੱਗੇ ਪਾਰ ਜਾਵੇਗਾ, ਜਿਵੇਂ ਕਿ ਯਾਹਵੇਹ ਨੇ ਕਿਹਾ ਹੈ। 4ਅਤੇ ਯਾਹਵੇਹ ਉਹਨਾਂ ਨਾਲ ਉਹੀ ਕਰੇਗਾ ਜਿਵੇਂ ਉਸਨੇ ਅਮੋਰੀਆਂ ਦੇ ਰਾਜਿਆਂ ਸੀਹੋਨ ਅਤੇ ਓਗ ਨਾਲ ਕੀਤਾ ਸੀ, ਜਿਨ੍ਹਾਂ ਨੂੰ ਉਸਨੇ ਉਹਨਾਂ ਦੀ ਧਰਤੀ ਸਮੇਤ ਤਬਾਹ ਕਰ ਦਿੱਤਾ ਸੀ। 5ਯਾਹਵੇਹ ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨਾਲ ਉਸ ਹੁਕਮ ਅਨੁਸਾਰ ਕਰਨਾ, ਜਿਹੜਾ ਮੈਂ ਤੁਹਾਨੂੰ ਦਿੱਤਾ ਸੀ। 6ਤਕੜੇ ਹੋਵੋ ਅਤੇ ਹੌਸਲਾ ਰੱਖੋ। ਉਹਨਾਂ ਤੋਂ ਨਾ ਡਰੋ ਅਤੇ ਨਾ ਹੀ ਕੰਬੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ-ਨਾਲ ਜਾਂਦਾ ਹੈ, ਉਹ ਨਾ ਕਦੇ ਤੁਹਾਨੂੰ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ।”
7ਤਦ ਮੋਸ਼ੇਹ ਨੇ ਯਹੋਸ਼ੂਆ ਨੂੰ ਸੱਦ ਕੇ ਸਾਰੇ ਇਸਰਾਏਲ ਦੇ ਸਾਮ੍ਹਣੇ ਉਸ ਨੂੰ ਕਿਹਾ, “ਤਕੜਾ ਹੋ ਅਤੇ ਹੌਸਲਾ ਰੱਖ ਕਿਉਂ ਜੋ ਤੂੰ ਇਨ੍ਹਾਂ ਲੋਕਾਂ ਦੇ ਨਾਲ ਉਸ ਦੇਸ਼ ਵਿੱਚ ਜਾਵੇਂਗਾ, ਜਿਸ ਨੂੰ ਦੇਣ ਦੀ ਯਾਹਵੇਹ ਨੇ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੂੰ ਇਨ੍ਹਾਂ ਨੂੰ ਉਸ ਦੇਸ਼ ਦਾ ਅਧਿਕਾਰੀ ਬਣਾਵੇਂਗਾ। 8ਯਾਹਵੇਹ ਆਪ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਅਤੇ ਉਹ ਤੇਰੇ ਨਾਲ ਹੋਵੇਗਾ। ਉਹ ਨਾ ਤੈਨੂੰ ਕਦੇ ਛੱਡੇਗਾ ਅਤੇ ਨਾ ਹੀ ਕਦੇ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ।”
ਵਿਵਸਥਾ ਦਾ ਜਨਤਕ ਵਰਣਨ
9ਇਸ ਲਈ ਮੋਸ਼ੇਹ ਨੇ ਇਹ ਬਿਵਸਥਾ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ, ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਸੌਂਪ ਦਿੱਤੀ। 10ਤਦ ਮੋਸ਼ੇਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਹਰੇਕ ਸੱਤ ਸਾਲਾਂ ਦੇ ਅੰਤ ਵਿੱਚ, ਤੰਬੂਆਂ ਦੇ ਤਿਉਹਾਰ ਦੇ ਦੌਰਾਨ, ਕਰਜ਼ੇ ਮਾਫ਼ ਕਰਨ ਦੇ ਸਾਲ ਵਿੱਚ, 11ਜਦੋਂ ਸਾਰੇ ਇਸਰਾਏਲੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਸਾਮ੍ਹਣੇ ਪੇਸ਼ ਹੋਣ ਲਈ ਆਉਣ, ਜਿੱਥੇ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਹਨਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਇਓ। 12ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਅਤੇ ਤੁਹਾਡੇ ਨਗਰਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰੋ, ਤਾਂ ਜੋ ਉਹ ਸੁਣ ਸਕਣ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਤੋਂ ਡਰਨਾ ਸਿੱਖ ਸਕਣ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਮੰਨ ਸਕਣ। 13ਉਹਨਾਂ ਦੇ ਬੱਚੇ, ਜਿਨ੍ਹਾਂ ਨੇ ਇਹ ਬਿਵਸਥਾ ਦੀਆਂ ਗੱਲਾਂ ਨਹੀਂ ਸੁਣੀਆਂ, ਇਸ ਨੂੰ ਸੁਣਨ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਡਰਨਾ ਸਿੱਖਣ, ਜਿੰਨਾ ਚਿਰ ਤੁਸੀਂ ਉਸ ਦੇਸ਼ ਵਿੱਚ ਜੀਉਂਦੇ ਰਹੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਪਾਰ ਜਾ ਰਹੇ ਹੋ।”
ਇਸਰਾਏਲ ਦੀ ਬਗਾਵਤ ਦੀ ਭਵਿੱਖਬਾਣੀ
14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੁਣ ਤੇਰੀ ਮੌਤ ਦੇ ਦਿਨ ਨੇੜੇ ਹਨ। ਯਹੋਸ਼ੂਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੋ, ਜਿੱਥੇ ਮੈਂ ਉਸ ਨੂੰ ਹੁਕਮ ਦੇਵਾਂਗਾ।” ਇਸ ਲਈ ਮੋਸ਼ੇਹ ਅਤੇ ਯਹੋਸ਼ੂਆ ਆਏ ਅਤੇ ਮੰਡਲੀ ਦੇ ਤੰਬੂ ਵਿੱਚ ਆਪਣੇ ਆਪ ਨੂੰ ਹਾਜ਼ਰ ਕੀਤਾ।
15ਤਦ ਯਾਹਵੇਹ ਤੰਬੂ ਵਿੱਚ ਬੱਦਲ ਦੇ ਥੰਮ੍ਹ ਵਿੱਚ ਪ੍ਰਗਟ ਹੋਇਆ ਅਤੇ ਬੱਦਲ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ। 16ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਨਾਲ ਅਰਾਮ ਕਰਨ ਲਈ ਮਿਲ ਜਾਵੇਗਾ ਅਤੇ ਇਹ ਲੋਕ ਛੇਤੀ ਹੀ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਵਿੱਚ ਰਹਿਣ ਨੂੰ ਜਾਂਦੇ ਹਨ, ਹਰਾਮਕਾਰੀ ਕਰਨਗੇ ਅਤੇ ਮੈਨੂੰ ਤਿਆਗ ਦੇਣਗੇ ਅਤੇ ਉਸ ਨੇਮ ਨੂੰ ਤੋੜ ਦੇਣਗੇ ਜੋ ਮੈਂ ਸਮਝਦਾਰੀ ਨਾਲ ਕੀਤਾ ਸੀ। 17ਅਤੇ ਉਸ ਦਿਨ ਮੈਂ ਉਹਨਾਂ ਉੱਤੇ ਗੁੱਸੇ ਹੋਵਾਂਗਾ ਅਤੇ ਉਹਨਾਂ ਨੂੰ ਤਿਆਗ ਦਿਆਂਗਾ। ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ, ਅਤੇ ਉਹ ਨਾਸ ਹੋ ਜਾਣਗੇ। ਉਹਨਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆਉਣਗੀਆਂ ਅਤੇ ਉਸ ਦਿਨ ਉਹ ਆਖਣਗੇ, ‘ਕੀ ਇਹ ਬਿਪਤਾ ਸਾਡੇ ਉੱਤੇ ਇਸ ਲਈ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ਵਰ ਸਾਡੇ ਨਾਲ ਨਹੀਂ ਹੈ?’ 18ਅਤੇ ਮੈਂ ਨਿਸ਼ਚੇ ਹੀ ਉਸ ਦਿਨ ਆਪਣਾ ਮੂੰਹ ਓਹਲੇ ਕਰਾਂਗਾ ਕਿਉਂਕਿ ਉਹਨਾਂ ਦੀ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਹ ਹੋਰਨਾ ਦੇਵਤਿਆਂ ਵੱਲ ਮੁੜ ਕੇ ਕਰਨਗੇ।
19“ਇਸ ਲਈ ਹੁਣ ਤੁਸੀਂ ਇਹ ਗੀਤ ਨੂੰ ਲਿਖ ਕੇ ਇਸਰਾਏਲੀਆਂ ਨੂੰ ਸਿਖਾਓ ਅਤੇ ਉਹਨਾਂ ਨੂੰ ਇਹ ਗਾਉਣ ਲਈ ਕਹੋ ਤਾਂ ਜੋ ਇਹ ਮੇਰੇ ਲਈ ਇਸਰਾਏਲੀਆਂ ਦੇ ਵਿਰੁੱਧ ਗਵਾਹ ਹੋਵੇ। 20ਜਦੋਂ ਮੈਂ ਉਹਨਾਂ ਨੂੰ ਦੁੱਧ ਅਤੇ ਸ਼ਹਿਦ ਨਾਲ ਵਗਦੀ ਧਰਤੀ ਵਿੱਚ ਲਿਆਵਾਂਗਾ, ਜਿਸ ਦੇਸ਼ ਦੀ ਮੈਂ ਇਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਅਤੇ ਜਦੋਂ ਇਹ ਖਾ ਕੇ ਰੱਜ ਜਾਣਗੇ ਅਤੇ ਵਧਣ-ਫੁੱਲਣਗੇ, ਤਾਂ ਉਹ ਹੋਰਨਾਂ ਦੇਵਤਿਆਂ ਵੱਲ ਮੁੜਨਗੇ ਅਤੇ ਉਹਨਾਂ ਦੀ ਪੂਜਾ ਕਰਨਗੇ, ਮੈਨੂੰ ਤਿਆਗ ਕੇ ਮੇਰੇ ਨਾਲ ਕੀਤਾ ਹੋਇਆਂ ਨੇਮ ਤੋੜ ਦੇਣਗੇ। 21ਅਤੇ ਜਦੋਂ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਪੈਣਗੀਆਂ, ਤਾਂ ਇਹ ਗੀਤ ਉਹਨਾਂ ਦੇ ਵਿਰੁੱਧ ਗਵਾਹੀ ਦੇਵੇਗਾ ਕਿਉਂਕਿ ਇਨ੍ਹਾਂ ਦੀ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ। ਮੈਂ ਜਾਣਦਾ ਹਾਂ ਕਿ ਉਹ ਕੀ ਕਰਨ ਵਾਲੇ ਹਨ, ਭਾਵੇਂ ਮੈਂ ਉਹਨਾਂ ਨੂੰ ਉਸ ਦੇਸ਼ ਵਿੱਚ ਅਜੇ ਤੱਕ ਨਹੀਂ ਲਿਆਂਦਾ ਜਿਸ ਨੂੰ ਦੇਣ ਦੀ ਸਹੁੰ ਮੈਂ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ।” 22ਇਸ ਲਈ ਮੋਸ਼ੇਹ ਨੇ ਉਸ ਦਿਨ ਇਹ ਗੀਤ ਲਿਖ ਕੇ ਇਸਰਾਏਲੀਆਂ ਨੂੰ ਸਿਖਾਇਆ।
23ਯਾਹਵੇਹ ਨੇ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਇਹ ਹੁਕਮ ਦਿੱਤਾ, “ਤਕੜਾ ਹੋ ਅਤੇ ਹੌਸਲਾ ਰੱਖ ਕਿਉਂ ਜੋ ਤੂੰ ਇਸਰਾਏਲੀਆਂ ਨੂੰ ਉਸ ਦੇਸ਼ ਵਿੱਚ ਲਿਆਵੇਂਗਾ ਜਿਸ ਨੂੰ ਦੇਣ ਦੀ ਮੈਂ ਉਹਨਾਂ ਨਾਲ ਸਹੁੰ ਖਾਧੀ ਸੀ ਅਤੇ ਮੈਂ ਆਪ ਤੇਰੇ ਨਾਲ ਰਹਾਂਗਾ।”
24ਜਦੋਂ ਮੋਸ਼ੇਹ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਪੁਸਤਕ ਵਿੱਚ ਲਿਖ ਚੁੱਕਿਆ, 25ਮੋਸ਼ੇਹ ਨੇ ਇਹ ਹੁਕਮ ਲੇਵੀਆਂ ਨੂੰ ਦਿੱਤਾ ਜਿਹੜੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ, 26“ਇਸ ਬਿਵਸਥਾ ਦੀ ਪੁਸਤਕ ਨੂੰ ਲੈ ਕੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਕੋਲ ਰੱਖ ਦਿਓ। ਉੱਥੇ ਇਹ ਤੁਹਾਡੇ ਵਿਰੁੱਧ ਗਵਾਹ ਵਜੋਂ ਰਹੇਗਾ। 27ਕਿਉਂ ਜੋ ਮੈਂ ਤੁਹਾਡੇ ਢੀਠਪੁਣੇ ਅਤੇ ਤੁਹਾਡੀ ਆਕੜੀ ਧੌਣ ਨੂੰ ਜਾਣਦਾ ਹਾਂ। ਵੇਖੋ, ਅੱਜ ਜਦੋਂ ਮੈਂ ਤੁਹਾਡੇ ਵਿੱਚ ਜੀਉਂਦਾ ਹਾਂ ਅਤੇ ਤੁਹਾਡੇ ਨਾਲ ਹਾਂ, ਤੁਸੀਂ ਯਾਹਵੇਹ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੇਰੀ ਮੌਤ ਤੋਂ ਬਾਅਦ ਕਿੰਨਾਂ ਵੱਧ ਨਾ ਕਰੋਗੇ? 28ਤੁਸੀਂ ਆਪਣੇ ਗੋਤਾਂ ਦੇ ਸਾਰੇ ਬਜ਼ੁਰਗਾਂ ਅਤੇ ਆਪਣੇ ਸਾਰੇ ਅਧਿਕਾਰੀਆਂ ਨੂੰ ਮੇਰੇ ਅੱਗੇ ਇਕੱਠਾ ਕਰੋ ਤਾਂ ਜੋ ਮੈਂ ਇਹ ਗੱਲਾਂ ਉਹਨਾਂ ਦੇ ਕੰਨਾਂ ਵਿੱਚ ਬੋਲਾਂ ਅਤੇ ਅਕਾਸ਼ ਅਤੇ ਧਰਤੀ ਨੂੰ ਉਹਨਾਂ ਦੇ ਵਿਰੁੱਧ ਗਵਾਹੀ ਦੇਣ ਲਈ ਬੁਲਾਵਾਂ। 29ਕਿਉਂ ਜੋ ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਨਿਸ਼ਚਤ ਤੌਰ ਤੇ ਭ੍ਰਿਸ਼ਟ ਹੋ ਜਾਓਗੇ ਅਤੇ ਉਸ ਰਾਹ ਤੋਂ ਮੁੜ ਜਾਓਗੇ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ, ਤੁਹਾਡੇ ਉੱਤੇ ਬਿਪਤਾ ਆਵੇਗੀ ਕਿਉਂਕਿ ਤੁਸੀਂ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕਰੋਗੇ ਅਤੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਨਾਲ ਉਸਨੂੰ ਕ੍ਰੋਧਵਾਨ ਕਰੋਗੇ।”
ਮੋਸ਼ੇਹ ਦਾ ਗੀਤ
30ਤਦ ਮੋਸ਼ੇਹ ਨੇ ਇਸਰਾਏਲ ਦੀ ਸਾਰੀ ਸਭਾ ਦੇ ਕੰਨਾਂ ਵਿੱਚ ਇਸ ਗੀਤ ਦੀਆਂ ਤੁਕਾਂ ਸ਼ੁਰੂ ਤੋਂ ਅੰਤ ਤੱਕ ਪਾਈਆਂ।
Currently Selected:
ਬਿਵਸਥਾ 31: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.