Bible App logo
Search Icon

ਬਿਵਸਥਾ 2

2
ਉਜਾੜ ਵਿੱਚ ਭਟਕਣਾ
1ਫਿਰ ਅਸੀਂ ਵਾਪਸ ਮੁੜੇ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਚੱਲ ਪਏ, ਜਿਵੇਂ ਕਿ ਯਾਹਵੇਹ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਅਤੇ ਬਹੁਤ ਦੇਰ ਤੱਕ ਅਸੀਂ ਸੇਈਰ ਦੇ ਪਹਾੜੀ ਦੇਸ਼ ਦੇ ਆਲੇ-ਦੁਆਲੇ ਆਪਣਾ ਰਸਤਾ ਬਣਾਇਆ।
2ਤਦ ਯਾਹਵੇਹ ਨੇ ਮੈਨੂੰ ਆਖਿਆ, 3“ਤੁਸੀਂ ਇਸ ਪਹਾੜੀ ਦੇਸ਼ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਉੱਤਰ ਵੱਲ ਮੁੜੋ। 4ਲੋਕਾਂ ਨੂੰ ਇਹ ਹੁਕਮ ਦਿਓ, ‘ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਇਲਾਕੇ ਵਿੱਚੋਂ ਦੀ ਲੰਘਣ ਵਾਲੇ ਹੋ ਜੋ ਏਸਾਓ ਦੇ ਉੱਤਰਾਧਿਕਾਰੀ ਸੇਈਰ ਵਿੱਚ ਰਹਿੰਦੇ ਹਨ ਅਤੇ ਉਹ ਤੁਹਾਡੇ ਤੋਂ ਡਰਨਗੇ, ਪਰ ਤੁਸੀਂ ਉਹਨਾਂ ਤੋਂ ਬਹੁਤ ਸਾਵਧਾਨ ਹੋਣਾ। 5ਉਹਨਾਂ ਨੂੰ ਯੁੱਧ ਲਈ ਨਾ ਉਕਸਾਓ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ, ਇੱਥੋਂ ਤੱਕ ਕਿ ਤੁਹਾਡੇ ਪੈਰ ਰੱਖਣ ਲਈ ਵੀ ਨਹੀਂ ਕਿਉਂ ਜੋ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਉਸ ਦਾ ਆਪਣਾ ਨਿੱਜ ਹੋਣ ਲਈ ਦੇ ਦਿੱਤਾ ਹੈ। 6ਜੋ ਤੁਸੀਂ ਖਾਂਦੇ ਹੋ ਅਤੇ ਜੋ ਪਾਣੀ ਤੁਸੀਂ ਪੀਂਦੇ ਹੋ, ਤੁਸੀਂ ਉਹਨਾਂ ਨੂੰ ਚਾਂਦੀ ਦੇ ਕੇ ਮੁੱਲ ਲਓ।’ ”
7ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦਿੱਤੀ ਹੈ ਅਤੇ ਉਸਨੇ ਇਸ ਵਿਸ਼ਾਲ ਉਜਾੜ ਵਿੱਚ ਤੁਹਾਡੀ ਯਾਤਰਾ ਨੂੰ ਦੇਖਿਆ ਹੈ। ਇਨ੍ਹਾਂ ਚਾਲੀ ਸਾਲਾਂ ਤੋਂ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਰਿਹਾ ਹੈ, ਅਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ।
8ਸੋ ਅਸੀਂ ਏਸਾਓ ਦੇ ਉੱਤਰਾਧਿਕਾਰੀਆਂ ਤੋਂ ਜਿਹੜੇ ਸੇਈਰ ਵਿੱਚ ਰਹਿੰਦੇ ਹਨ, ਉੱਥੋਂ ਲੰਘੇ ਅਤੇ ਅਸੀਂ ਅਰਾਬਾਹ ਸੜਕ ਤੋਂ ਮੁੜੇ, ਜੋ ਏਲਾਥ ਅਤੇ ਏਸਯੋਨ ਗੇਬਰ ਤੋਂ ਆਉਂਦੀ ਹੈ ਅਤੇ ਮੋਆਬ ਦੀ ਮਾਰੂਥਲ ਸੜਕ ਦੇ ਨਾਲ-ਨਾਲ ਤੁਰ ਕੇ ਨਿਕਲ ਗਏ।
9ਤਦ ਯਾਹਵੇਹ ਨੇ ਮੈਨੂੰ ਆਖਿਆ, “ਮੋਆਬੀਆਂ ਨੂੰ ਤੰਗ ਨਾ ਕਰਨਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ਧਰਤੀ ਦਾ ਕੋਈ ਹਿੱਸਾ ਨਹੀਂ ਦਿਆਂਗਾ। ਮੈਂ ਆਰ ਨਗਰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”
10(ਉੱਥੇ ਏਮੀ ਲੋਕ ਰਹਿੰਦੇ ਸਨ, ਇਹ ਲੋਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ। 11ਅਨਾਕੀਆਂ ਵਾਂਗ, ਉਹ ਵੀ ਰਫ਼ਾਈਮ ਮੰਨੇ ਜਾਂਦੇ ਸਨ, ਪਰ ਮੋਆਬੀ ਲੋਕ ਉਹਨਾਂ ਨੂੰ ਏਮੀ ਕਹਿੰਦੇ ਸਨ। 12ਹੋਰੀ ਲੋਕ ਵੀ ਸੇਈਰ ਵਿੱਚ ਰਹਿੰਦੇ ਹੁੰਦੇ ਸਨ, ਪਰ ਏਸਾਓ ਦੇ ਉੱਤਰਾਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਆਪਣੇ ਅੱਗੋਂ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ, ਜਿਵੇਂ ਕਿ ਇਸਰਾਏਲ ਨੇ ਆਪਣੀ ਵਿਰਾਸਤ ਦੀ ਧਰਤੀ ਵਿੱਚ ਕੀਤਾ ਸੀ ਜੋ ਯਾਹਵੇਹ ਨੇ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਵਜੋਂ ਦਿੱਤਾ ਸੀ।)
13ਅਤੇ ਯਾਹਵੇਹ ਨੇ ਆਖਿਆ, “ਹੁਣ ਉੱਠੋ ਅਤੇ ਜ਼ਰਦ ਘਾਟੀ ਨੂੰ ਪਾਰ ਕਰੋ।” ਇਸ ਲਈ ਅਸੀਂ ਘਾਟੀ ਨੂੰ ਪਾਰ ਕੀਤਾ।
14ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਉਦੋਂ ਤੱਕ, ਲੜਨ ਵਾਲੇ ਆਦਮੀਆਂ ਦੀ ਉਹ ਪੂਰੀ ਪੀੜ੍ਹੀ ਡੇਰੇ ਤੋਂ ਖਤਮ ਹੋ ਗਈ ਸੀ, ਜਿਵੇਂ ਕਿ ਯਾਹਵੇਹ ਨੇ ਉਹਨਾਂ ਨਾਲ ਸਹੁੰ ਖਾਧੀ ਸੀ। 15ਯਾਹਵੇਹ ਦਾ ਹੱਥ ਉਹਨਾਂ ਦੇ ਵਿਰੁੱਧ ਸੀ ਜਦ ਤੱਕ ਉਹ ਸਾਰੇ ਦੇ ਸਾਰੇ ਡੇਰੇ ਵਿੱਚੋਂ ਪੂਰੀ ਤਰ੍ਹਾਂ ਮਿਟ ਨਾ ਜਾਂਦੇ।
16ਹੁਣ ਜਦੋਂ ਇਨ੍ਹਾਂ ਲੋਕਾਂ ਵਿੱਚੋਂ ਸਾਰੇ ਲੜਾਕੂ ਮਰ ਗਏ। 17ਯਾਹਵੇਹ ਨੇ ਮੈਨੂੰ ਆਖਿਆ, 18“ਅੱਜ ਤੂੰ ਮੋਆਬ ਦੇ ਇਲਾਕੇ ਵਿੱਚੋਂ ਦੀ ਲੰਘਣਾ ਹੈ ਜੋ ਆਰ ਨਗਰ ਵਿੱਚ ਹੈ। 19ਜਦੋਂ ਤੁਸੀਂ ਅੰਮੋਨੀਆਂ ਦੇ ਕੋਲ ਆਓ ਤਾਂ ਉਹਨਾਂ ਨੂੰ ਨਾ ਸਤਾਉਣਾ ਅਤੇ ਨਾ ਹੀ ਉਹਨਾਂ ਨੂੰ ਯੁੱਧ ਲਈ ਉਕਸਾਉਣਾ ਕਿਉਂ ਜੋ ਮੈਂ ਤੁਹਾਨੂੰ ਅੰਮੋਨੀਆਂ ਦੀ ਕਿਸੇ ਵੀ ਧਰਤੀ ਉੱਤੇ ਕਬਜ਼ਾ ਕਰਨ ਨਹੀਂ ਦਿਆਂਗਾ ਕਿਉਂ ਜੋ ਮੈਂ ਇਸਨੂੰ ਲੂਤ ਦੇ ਉੱਤਰਾਧਿਕਾਰੀਆਂ ਨੂੰ ਮਲਕੀਅਤ ਵਜੋਂ ਦੇ ਦਿੱਤਾ ਹੈ।”
20(ਉਸ ਨੂੰ ਵੀ ਰਫ਼ਾਈ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਸੀ, ਜੋ ਉੱਥੇ ਰਹਿੰਦੇ ਸਨ, ਪਰ ਅੰਮੋਨੀ ਲੋਕ ਉਹਨਾਂ ਨੂੰ ਜ਼ਮਜ਼ੂੰਮੀ ਆਖਦੇ ਸਨ) 21ਉਹ ਇੱਕ ਤਾਕਤਵਰ ਅਤੇ ਅਣਗਿਣਤ ਅਤੇ ਅਨਾਕੀਆਂ ਵਾਂਗ ਉੱਚੇ-ਲੰਮੇ ਲੋਕ ਸਨ। ਯਾਹਵੇਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਤਬਾਹ ਕਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਹਨਾਂ ਦੇ ਸਥਾਨ ਉੱਤੇ ਵੱਸ ਗਏ। 22ਯਾਹਵੇਹ ਨੇ ਏਸਾਓ ਦੇ ਉੱਤਰਾਧਿਕਾਰੀਆਂ ਲਈ ਵੀ ਅਜਿਹਾ ਹੀ ਕੀਤਾ ਸੀ, ਜੋ ਸੇਈਰ ਵਿੱਚ ਰਹਿੰਦੇ ਸਨ, ਜਦੋਂ ਉਸਨੇ ਹੋਰੀਆਂ ਨੂੰ ਉਹਨਾਂ ਦੇ ਸਾਮ੍ਹਣੇ ਤੋਂ ਤਬਾਹ ਕੀਤਾ ਸੀ। ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਅੱਜ ਤੱਕ ਉਹਨਾਂ ਦੇ ਸਥਾਨ ਉੱਤੇ ਰਹਿੰਦੇ ਹਨ। 23ਅਤੇ ਅਵੀ ਜਿਹੜੇ ਗਾਜ਼ਾ ਤੱਕ ਦੇ ਪਿੰਡਾਂ ਵਿੱਚ ਰਹਿੰਦੇ ਸਨ, ਕਫ਼ਤੋਰਬ ਤੋਂ ਆਏ ਕਫ਼ਤੋਰੀਆਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਸਥਾਨਾਂ ਵਿੱਚ ਵੱਸ ਗਏ।
ਹੇਸ਼ਬੋਨ ਦੇ ਰਾਜੇ ਸੀਹੋਨ ਦੀ ਹਾਰ
24“ਹੁਣ ਚੱਲੋ, ਅਰਨੋਨ ਘਾਟੀ ਨੂੰ ਪਾਰ ਕਰੋ ਅਤੇ ਵੇਖੋ, ਮੈਂ ਹੇਸ਼ਬੋਨ ਦਾ ਰਾਜਾ ਸੀਹੋਨ ਅਮੋਰੀ ਅਤੇ ਉਹ ਦਾ ਦੇਸ਼ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਇਸ ਉੱਤੇ ਕਬਜ਼ਾ ਕਰਨਾ ਸ਼ੁਰੂ ਕਰੋ ਅਤੇ ਉਸ ਨਾਲ ਲੜਾਈ ਛੇੜ ਦਿਓ। 25ਅੱਜ ਦੇ ਦਿਨ ਮੈਂ ਅਕਾਸ਼ ਹੇਠਲੀਆਂ ਸਾਰੀਆਂ ਕੌਮਾਂ ਉੱਤੇ ਤੇਰੇ ਭੈਅ ਅਤੇ ਡਰ ਨੂੰ ਪਾਉਣਾ ਸ਼ੁਰੂ ਕਰਾਂਗਾ। ਉਹ ਤੁਹਾਡੀਆਂ ਖ਼ਬਰਾਂ ਸੁਣਨਗੇ ਅਤੇ ਤੁਹਾਡੇ ਕਾਰਨ ਕੰਬਣਗੇ ਅਤੇ ਦੁਖੀ ਹੋਣਗੇ।”
26ਕੇਦੇਮੋਥ ਦੇ ਮਾਰੂਥਲ ਤੋਂ ਮੈਂ ਹੇਸ਼ਬੋਨ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕਾਂ ਨੂੰ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ, 27“ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਮੁੱਖ ਸੜਕ ਉੱਤੇ ਰਹਾਂਗੇ, ਅਸੀਂ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ। 28ਸਾਨੂੰ ਖਾਣ ਲਈ ਭੋਜਨ ਅਤੇ ਪੀਣ ਲਈ ਪਾਣੀ ਚਾਂਦੀ ਦੇ ਮੁੱਲ ਵਿੱਚ ਵੇਚਣ। ਸਿਰਫ ਮੈਨੂੰ ਪੈਦਲ ਪਾਰ ਲੰਘਣ ਦੇ, 29ਜਿਵੇਂ ਕਿ ਏਸਾਓ ਦੇ ਉੱਤਰਾਧਿਕਾਰੀਆਂ ਨੇ ਜੋ ਸੇਈਰ ਵਿੱਚ ਰਹਿੰਦੇ ਸਨ ਅਤੇ ਮੋਆਬੀਆਂ ਨੇ, ਜੋ ਆਰ ਵਿੱਚ ਰਹਿੰਦੇ ਸਨ, ਸਾਡੇ ਲਈ ਕੀਤਾ, ਜਦੋਂ ਤੱਕ ਅਸੀਂ ਯਰਦਨ ਪਾਰ ਕਰਕੇ ਯਾਹਵੇਹ ਦੀ ਧਰਤੀ ਵਿੱਚ ਨਹੀਂ ਜਾਂਦੇ, ਜਿਹੜਾ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।” 30ਪਰ ਹੇਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਉੱਥੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਉਸਦੀ ਆਤਮਾ ਨੂੰ ਜ਼ਿੱਦੀ ਅਤੇ ਉਸਦੇ ਦਿਲ ਨੂੰ ਕਠੋਰ ਬਣਾਇਆ ਸੀ, ਜਿਵੇਂ ਉਸਨੇ ਹੁਣ ਕੀਤਾ ਹੈ।
31ਯਾਹਵੇਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸਦੇ ਦੇਸ਼ ਨੂੰ ਤੇਰੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸ ਦੀ ਧਰਤੀ ਨੂੰ ਜਿੱਤਣ ਅਤੇ ਕਬਜ਼ਾ ਕਰਨਾ ਸ਼ੁਰੂ ਕਰੋ।”
32ਜਦੋਂ ਸੀਹੋਨ ਅਤੇ ਉਸ ਦੀ ਸਾਰੀ ਫ਼ੌਜ ਯਹਾਜ਼ ਵਿੱਚ ਲੜਾਈ ਵਿੱਚ ਸਾਨੂੰ ਮਿਲਣ ਲਈ ਬਾਹਰ ਆਈ, 33ਤਾਂ ਸਾਡੇ ਯਾਹਵੇਹ ਪਰਮੇਸ਼ਵਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਅਸੀਂ ਉਸ ਨੂੰ ਉਸ ਦੇ ਪੁੱਤਰਾਂ ਅਤੇ ਉਸ ਦੇ ਲੋਕਾਂ ਅਤੇ ਉਸਦੀ ਸਾਰੀ ਫੌਜ਼ ਸਮੇਤ ਮਾਰ ਸੁੱਟਿਆ। 34ਉਸ ਸਮੇਂ ਅਸੀਂ ਉਸਦੇ ਸਾਰੇ ਨਗਰ ਲੈ ਲਏ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਰਥਾਤ ਆਦਮੀਆਂ, ਔਰਤਾਂ ਅਤੇ ਬੱਚਿਆਂ ਤੱਕ, ਅਸੀਂ ਇੱਕ ਵੀ ਨਹੀਂ ਛੱਡਿਆ। 35ਪਰ ਅਸੀਂ ਸਿਰਫ ਪਸ਼ੂਆਂ ਅਤੇ ਕਸਬਿਆਂ ਵਿੱਚੋਂ ਲੁੱਟ ਜੋ ਅਸੀਂ ਆਪਣੇ ਲਈ ਲੈ ਲਈ ਸੀ। 36ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਮ੍ਹਣੇ ਠਹਿਰ ਸਕਦਾ ਸੀ। ਯਾਹਵੇਹ ਸਾਡੇ ਪਰਮੇਸ਼ਵਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ। 37ਪਰ ਯਾਹਵੇਹ ਸਾਡੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ, ਤੁਸੀਂ ਅੰਮੋਨੀਆਂ ਦੀ ਧਰਤੀ ਉੱਤੇ, ਨਾ ਯਬੋਕ ਨਦੀ ਦੇ ਕੰਢੇ ਦੀ ਧਰਤੀ ਉੱਤੇ ਅਤੇ ਨਾ ਹੀ ਪਹਾੜੀਆਂ ਦੇ ਕਸਬਿਆਂ ਦੇ ਆਲੇ-ਦੁਆਲੇ ਦੇ ਉੱਤੇ ਕਬਜ਼ਾ ਕੀਤਾ।

Currently Selected:

ਬਿਵਸਥਾ 2: PCB

Highlight

Copy

Compare

Share

None

Want to have your highlights saved across all your devices? Sign up or sign in