Bible App logo
Search Icon

ਬਿਵਸਥਾ 22

22
1ਜੇ ਤੁਸੀਂ ਆਪਣੇ ਇਸਰਾਏਲੀ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦੇ ਵੇਖਦੇ ਹੋ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ, ਪਰ ਉਸਨੂੰ ਉਸਦੇ ਮਾਲਕ ਕੋਲ ਵਾਪਸ ਮੋੜ ਕੇ ਲੈ ਜਾਣਾ। 2ਜੇਕਰ ਉਹ ਤੁਹਾਡੇ ਨੇੜੇ ਨਹੀਂ ਰਹਿੰਦੇ ਜਾਂ ਤੁਸੀਂ ਨਹੀਂ ਜਾਣਦੇ ਕਿ ਇਹ ਕਿਸਦਾ ਹੈ, ਤਾਂ ਇਸਨੂੰ ਆਪਣੇ ਨਾਲ ਘਰ ਲੈ ਜਾਓ ਅਤੇ ਜਦੋਂ ਤੱਕ ਉਹ ਇਸ ਨੂੰ ਲੱਭਣ ਨਾ ਆਉਣ, ਉਸਨੂੰ ਰੱਖੋ। ਫਿਰ ਇਸਨੂੰ ਵਾਪਸ ਮੋੜ ਦਿਓ। 3ਜੇਕਰ ਤੁਸੀਂ ਉਹਨਾਂ ਦਾ ਖੋਤਾ ਜਾਂ ਬਸਤਰ ਜਾਂ ਕੋਈ ਹੋਰ ਗੁਆਚੀ ਚੀਜ਼ ਲੱਭ ਲਵੋ ਤਾਂ ਇਸੇ ਤਰ੍ਹਾਂ ਹੀ ਕਰਨਾ। ਇਸ ਨੂੰ ਨਜ਼ਰ ਅੰਦਾਜ਼ ਨਾ ਕਰਨਾ।
4ਜੇਕਰ ਤੂੰ ਇਸਰਾਏਲੀ ਭਰਾ ਦੇ ਖੋਤੇ ਜਾਂ ਬਲਦ ਨੂੰ ਰਾਹ ਵਿੱਚ ਡਿੱਗੇ ਹੋਏ ਵੇਖੇ, ਤਾਂ ਉਸ ਨੂੰ ਅਣਦੇਖਿਆ ਨਾ ਕਰੀ। ਤੂੰ ਜ਼ਰੂਰ ਉਸਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀ।
5ਔਰਤ ਨੂੰ ਮਰਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਨਾ ਹੀ ਕਿਸੇ ਮਰਦ ਨੂੰ ਔਰਤਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਅਜਿਹਾ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।
6ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀ। 7ਤੁਸੀਂ ਬੱਚੇ ਨੂੰ ਤਾਂ ਲੈ ਸਕਦੇ ਹੋ ਪਰ ਮਾਂ ਨੂੰ ਛੱਡ ਦੇਣਾ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਲੰਬੀ ਉਮਰ ਹੋਵੇ।
8ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ, ਤਾਂ ਆਪਣੀ ਛੱਤ ਦੇ ਆਲੇ-ਦੁਆਲੇ ਇੱਕ ਬਨੇਰਾ ਬਣਾਵੋ, ਤਾਂ ਜੇ ਕੋਈ ਛੱਤ ਤੋਂ ਡਿੱਗ ਜਾਵੇ ਤਾਂ ਤੁਸੀਂ ਆਪਣੇ ਘਰ ਵਿੱਚ ਖੂਨ-ਖਰਾਬੇ ਦਾ ਦੋਸ਼ ਨਾ ਲਿਆਵੋ।
9ਆਪਣੇ ਅੰਗੂਰੀ ਬਾਗ ਵਿੱਚ ਦੋ ਕਿਸਮਾਂ ਦੇ ਬੀਜ ਨਾ ਬੀਜੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਿਰਫ ਉਹ ਫ਼ਸਲਾਂ ਹੀ ਨਹੀਂ ਜਿਹੜੀਆਂ ਤੁਸੀਂ ਬੀਜਦੇ ਹੋ, ਸਗੋਂ ਅੰਗੂਰਾਂ ਦੇ ਬਾਗ ਦਾ ਫ਼ਲ ਵੀ ਅਸ਼ੁੱਧ ਹੋ ਜਾਵੇਗਾ।
10ਬਲਦ ਅਤੇ ਗਧੇ ਨੂੰ ਜੋੜ ਕੇ ਹਲ ਨਾ ਚਲਾਓ।
11ਤੁਸੀਂ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਹਿਨਣਾ।
12ਜਿਸ ਕੱਪੜੇ ਨੂੰ ਤੁਸੀਂ ਪਹਿਨਦੇ ਹੋ ਉਸ ਦੇ ਚਾਰੇ ਕੋਨਿਆਂ ਉੱਤੇ ਝਾਲਰ ਲਗਾਉਣਾ।
ਵਿਆਹ ਦੀ ਉਲੰਘਣਾ
13ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰੇ ਅਤੇ ਉਸ ਦੇ ਨਾਲ ਸੰਗ ਕਰਨ ਤੋਂ ਬਾਅਦ, ਉਸ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਵੇ। 14ਅਤੇ ਉਸ ਨੂੰ ਬਦਨਾਮ ਕਰਦਾ ਹੈ ਅਤੇ ਉਸ ਨੂੰ ਬੁਰਾ-ਭਲਾ ਕਹਿੰਦਾ ਹੈ, “ਮੈਂ ਇਸ ਔਰਤ ਨਾਲ ਵਿਆਹ ਕੀਤਾ, ਪਰ ਜਦੋਂ ਮੈਂ ਇਸ ਦੇ ਕੋਲ ਆਇਆ, ਤਾਂ ਮੈਨੂੰ ਉਸਦੇ ਕੁਆਰੀ ਹੋਣ ਦਾ ਸਬੂਤ ਨਹੀਂ ਮਿਲਿਆ,” 15ਤਦ ਉਸ ਮੁਟਿਆਰ ਦੇ ਪਿਤਾ ਅਤੇ ਮਾਤਾ ਉਸਦੇ ਕੁਆਰੇਪਣ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ। 16ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਉਹ ਉਸਨੂੰ ਪਸੰਦ ਨਹੀਂ ਕਰਦਾ। 17ਅਤੇ ਵੇਖੋ ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ, ‘ਕਿ ਮੈਂ ਤੇਰੀ ਧੀ ਵਿੱਚ ਕੁਆਰੇਪਣ ਦੇ ਨਿਸ਼ਾਨ ਨਹੀਂ ਪਾਏ।’ ਪਰ ਮੇਰੀ ਧੀ ਦੇ ਕੁਆਰੇਪਣ ਦੇ ਨਿਸ਼ਾਨ ਇਹ ਹਨ।” ਫੇਰ ਉਸਦੇ ਮਾਪੇ ਸ਼ਹਿਰ ਦੇ ਬਜ਼ੁਰਗਾਂ ਦੇ ਸਾਮ੍ਹਣੇ ਉਹ ਕੱਪੜਾ ਦਿਖਾਉਣ। 18ਅਤੇ ਬਜ਼ੁਰਗ ਉਸ ਮਨੁੱਖ ਨੂੰ ਫੜ ਕੇ ਸਜ਼ਾ ਦੇਣਗੇ। 19ਉਹ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਕਰਕੇ ਉਸ ਮੁਟਿਆਰ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਇਸ ਮਨੁੱਖ ਨੇ ਇੱਕ ਇਸਰਾਏਲੀ ਕੁਆਰੀ ਨੂੰ ਬਦਨਾਮ ਕੀਤਾ ਹੈ। ਉਹ ਉਸਦੀ ਪਤਨੀ ਬਣੀ ਰਹੇਗੀ, ਉਸਨੂੰ ਜਿੰਨਾ ਚਿਰ ਉਹ ਜਿਉਂਦਾ ਹੈ ਤਲਾਕ ਨਹੀਂ ਦੇਣਾ ਚਾਹੀਦਾ।
20ਪਰ ਜੇ ਇਹ ਦੋਸ਼ ਸੱਚਾ ਹੋਵੇ ਅਤੇ ਉਸ ਮੁਟਿਆਰ ਦੇ ਵਿੱਚ ਕੁਆਰੀ ਹੋਣ ਦੇ ਨਿਸ਼ਾਨ ਨਾ ਪਾਏ ਜਾਣ, 21ਤਾਂ ਉਸ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ ਅਤੇ ਉੱਥੇ ਉਸ ਦੇ ਨਗਰ ਦੇ ਪੁਰਖ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ ਕਿਉਂਕਿ ਉਸਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਕੰਮ ਕੀਤਾ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।
22ਜੇਕਰ ਕੋਈ ਆਦਮੀ ਕਿਸੇ ਦੂਜੇ ਆਦਮੀ ਦੀ ਪਤਨੀ ਨਾਲ ਸੁੱਤਾ ਹੋਇਆ ਪਾਇਆ ਜਾਵੇ, ਤਾਂ ਉਸ ਆਦਮੀ ਅਤੇ ਔਰਤ ਦੋਵਾਂ ਨੂੰ ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰ ਦੇਣਾ।
23ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ। 24ਤੁਸੀਂ ਉਹਨਾਂ ਦੋਹਾਂ ਨੂੰ ਉਸ ਨਗਰ ਦੇ ਫਾਟਕ ਉੱਤੇ ਲੈ ਜਾਓ ਅਤੇ ਉਹਨਾਂ ਨੂੰ ਪੱਥਰਾਂ ਨਾਲ ਮਾਰ ਦਿਓ, ਔਰਤ ਦੋਸ਼ੀ ਹੈ ਕਿਉਂਕਿ ਉਸਨੇ ਸ਼ਹਿਰ ਵਿੱਚ ਹੁੰਦੇ ਹੋਏ ਵੀ ਮਦਦ ਲਈ ਚੀਕਾਂ ਨਹੀਂ ਮਾਰੀਆਂ ਅਤੇ ਉਸ ਆਦਮੀ ਨੂੰ ਇਸ ਕਾਰਨ ਮਾਰ ਦੇਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਛੇੜਛਾੜ ਕੀਤੀ ਹੈ। ਇਸ ਤਰ੍ਹਾਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟੋ।
25ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ। 26ਉਸ ਕੁੜੀ ਨਾਲ ਕੁਝ ਨਾ ਕਰੋ; ਉਸਨੇ ਮੌਤ ਦੇ ਲਾਇਕ ਕੋਈ ਪਾਪ ਨਹੀਂ ਕੀਤਾ ਹੈ। ਇਹ ਮਾਮਲਾ ਉਸ ਵਿਅਕਤੀ ਵਰਗਾ ਹੈ ਜੋ ਕਿਸੇ ਗੁਆਂਢੀ ਉੱਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੰਦਾ ਹੈ, 27ਕਿਉਂ ਜੋ ਉਸ ਮਨੁੱਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।
28ਜੇ ਕੋਈ ਮਨੁੱਖ ਕਿਸੇ ਕੁਆਰੀ ਨੂੰ ਮਿਲੇ ਜਿਸ ਦੀ ਮੰਗਣੀ ਨਾ ਹੋਈ ਹੋਵੇ ਅਤੇ ਉਹ ਉਸ ਨਾਲ ਬਲਾਤਕਾਰ ਕਰੇ ਅਤੇ ਉਹ ਲੱਭੇ, 29ਤਾਂ ਉਹ ਪੁਰਖ ਉਸ ਦੇ ਪਿਤਾ ਨੂੰ ਚਾਂਦੀ ਦੇ ਪੰਜਾਹ ਸ਼ੈਕੇਲ#22:29 ਪੰਜਾਹ ਸ਼ੈਕੇਲ ਲਗਭਗ 575 ਗ੍ਰਾਮ ਦੇਵੇ। ਉਹ ਉਸ ਮੁਟਿਆਰ ਨਾਲ ਵਿਆਹ ਕਰ ਲਵੇ, ਕਿਉਂਕਿ ਉਸਨੇ ਉਸਦੀ ਉਲੰਘਣਾ ਕੀਤੀ ਹੈ। ਜਦੋਂ ਤੱਕ ਉਹ ਜਿਉਂਦਾ ਹੈ, ਉਹ ਕਦੇ ਵੀ ਉਸ ਨੂੰ ਤਲਾਕ ਨਹੀਂ ਦੇ ਸਕਦਾ।
30ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।

Currently Selected:

ਬਿਵਸਥਾ 22: PCB

Highlight

Copy

Compare

Share

None

Want to have your highlights saved across all your devices? Sign up or sign in