Bible App logo
Search Icon

ਬਿਵਸਥਾ 21

21
ਇੱਕ ਅਣ-ਸੁਲਝੇ ਕਤਲ ਦਾ ਪ੍ਰਾਸਚਿਤ
1ਜੇਕਰ ਉਸ ਦੇਸ਼ ਵਿੱਚ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਜੋ ਉਸਨੂੰ ਕਿਸ ਨੇ ਮਾਰਿਆ ਹੈ, 2ਤੁਹਾਡੇ ਬਜ਼ੁਰਗਾਂ ਅਤੇ ਨਿਆਂਈਆਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਲਾਸ਼ ਦੇ ਆਲੇ-ਦੁਆਲੇ ਸ਼ਹਿਰਾਂ ਦੀ ਦੂਰੀ ਨੂੰ ਮਾਪਣ। 3ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ। 4ਅਤੇ ਉਸ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜੋ ਨਾ ਵਾਹੀ ਗਈ ਨਾ ਬੀਜੀ ਗਈ ਹੋਵੇ ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ। 5ਫਿਰ ਲੇਵੀ ਜਾਜਕ ਅੱਗੇ ਵਧਣ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਸੇਵਾ ਕਰਨ ਅਤੇ ਯਾਹਵੇਹ ਦੇ ਨਾਮ ਉੱਤੇ ਅਸੀਸ ਦੇਣ ਲਈ ਅਤੇ ਝਗੜੇ ਅਤੇ ਹਮਲੇ ਦੇ ਸਾਰੇ ਮਾਮਲਿਆਂ ਦਾ ਫ਼ੈਸਲਾ ਕਰਨ ਲਈ ਚੁਣਿਆ ਹੈ। 6ਤਦ ਲਾਸ਼ ਦੇ ਨੇੜੇ ਦੇ ਸ਼ਹਿਰ ਦੇ ਸਾਰੇ ਬਜ਼ੁਰਗ ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਹ ਦੀ ਧੌਣ ਵਾਦੀ ਵਿੱਚ ਤੋੜੀ ਗਈ ਹੈ। 7ਅਤੇ ਉਹ ਐਲਾਨ ਕਰਨਗੇ, “ਸਾਡੇ ਹੱਥਾਂ ਨੇ ਇਹ ਲਹੂ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਹ ਹੁੰਦਾ ਵੇਖਿਆ ਹੈ। 8ਹੇ ਯਾਹਵੇਹ, ਆਪਣੀ ਪਰਜਾ ਇਸਰਾਏਲ ਦੇ ਲਈ ਇਹ ਮਾਫ਼ੀ ਕਬੂਲ ਕਰੋ, ਜਿਨ੍ਹਾਂ ਨੂੰ ਤੂੰ ਛੁਡਾਇਆ ਹੈ, ਅਤੇ ਆਪਣੇ ਲੋਕਾਂ ਨੂੰ ਕਿਸੇ ਨਿਰਦੋਸ਼ ਦੇ ਖੂਨ ਦਾ ਦੋਸ਼ੀ ਨਾ ਠਹਿਰਾਓ।” ਤਦ ਉਹ ਖੂਨ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ। 9ਇਸ ਤਰ੍ਹਾਂ ਕਰਨ ਨਾਲ ਤੁਸੀਂ ਨਿਰਦੋਸ਼ਾਂ ਦਾ ਖੂਨ ਵਹਾਉਣ ਦੇ ਦੋਸ਼ ਨੂੰ ਆਪਣੇ ਆਪ ਤੋਂ ਸ਼ੁੱਧ ਕਰ ਲਓਗੇ ਕਿਉਂਕਿ ਤੁਸੀਂ ਉਹ ਕੀਤਾ ਹੈ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।
ਇੱਕ ਕੈਦੀ ਔਰਤ ਨਾਲ ਵਿਆਹ ਕਰਨਾ
10ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਜਾਓ ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ ਅਤੇ ਤੁਸੀਂ ਉਹਨਾਂ ਨੂੰ ਬੰਦੀ ਬਣਾ ਲੈ ਆਓ, 11ਜੇਕਰ ਬੰਦੀਆਂ ਵਿੱਚ ਇੱਕ ਸੁੰਦਰ ਔਰਤ ਵੇਖਦੇ ਹੋ ਅਤੇ ਉਸ ਵੱਲ ਖਿੱਚੇ ਜਾਂਦੇ ਹੋ, ਤੁਸੀਂ ਉਸਨੂੰ ਆਪਣੀ ਪਤਨੀ ਵਜੋਂ ਲੈ ਸਕਦੇ ਹੋ। 12ਉਸ ਨੂੰ ਆਪਣੇ ਘਰ ਲਿਆਓ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ, 13ਅਤੇ ਉਹ ਬੰਦੀਆਂ ਵਾਲੇ ਕੱਪੜੇ ਲਾ ਦੇਵੇ ਜੋ ਉਸ ਨੇ ਫੜੇ ਜਾਣ ਵੇਲੇ ਪਾਏ ਸਨ। ਜਦੋਂ ਉਹ ਤੇਰੇ ਘਰ ਵਿੱਚ ਰਹਿੰਦੀ ਹੈ ਅਤੇ ਪੂਰੇ ਇੱਕ ਮਹੀਨੇ ਤੱਕ ਆਪਣੇ ਮਾਤਾ-ਪਿਤਾ ਦਾ ਸੋਗ ਕਰਦੀ ਰਹੇ, ਤਦ ਤੂੰ ਉਹ ਦੇ ਕੋਲ ਜਾ ਕੇ ਉਸਦਾ ਪਤੀ ਬਣ ਸਕਦਾ ਹੈ ਅਤੇ ਉਹ ਤੇਰੀ ਪਤਨੀ ਹੋਵੇਗੀ। 14ਜੇਕਰ ਤੂੰ ਉਸ ਨਾਲ ਖੁਸ਼ ਨਾ ਹੋਵੇ ਤਾਂ ਉਸ ਨੂੰ ਜਿੱਥੇ ਚਾਹੇ ਜਾਣ ਦੇਵੀਂ। ਤੂੰ ਉਸ ਨੂੰ ਕਦੇ ਨਾ ਵੇਚੀ ਅਤੇ ਉਸਦੇ ਨਾਲ ਇੱਕ ਗੁਲਾਮ ਵਾਂਗ ਪੇਸ਼ ਨਾ ਆਵੀ, ਕਿਉਂਕਿ ਤੂੰ ਜੋ ਪਹਿਲਾ ਉਸਦੀ ਬੇਇੱਜ਼ਤੀ ਕੀਤੀ ਹੈ।
ਜੇਠੇ ਦਾ ਅਧਿਕਾਰ
15ਜੇ ਕਿਸੇ ਮਨੁੱਖ ਦੀਆਂ ਦੋ ਪਤਨੀਆਂ ਹਨ ਅਤੇ ਉਹ ਇੱਕ ਨੂੰ ਪਿਆਰ ਕਰਦਾ ਹੋਵੇ ਪਰ ਦੂਜੀ ਨੂੰ ਨਹੀਂ ਅਤੇ ਦੋਵੇਂ ਉਸ ਲਈ ਪੁੱਤਰ ਪੈਦਾ ਕਰਦੀਆਂ ਹਨ ਪਰ ਜੇਠਾ ਪੁੱਤਰ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ, 16ਜਦੋਂ ਉਹ ਆਪਣੀ ਜਾਇਦਾਦ ਆਪਣੇ ਪੁੱਤਰਾਂ ਨੂੰ ਵੰਡੇ। ਤਾਂ ਉਹ ਪਿਆਰੀ ਦੇ ਪੁੱਤਰ ਨੂੰ ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਪਹਿਲੌਠਾ ਹੈ, ਪਹਿਲੌਠੇ ਦਾ ਹੱਕ ਨਹੀਂ ਦੇ ਸਕਦਾ 17ਉਸ ਨੂੰ ਆਪਣੀ ਘਿਣਾਉਣੀ ਪਤਨੀ ਦੇ ਪੁੱਤਰ ਨੂੰ ਆਪਣੇ ਸਭ ਕੁਝ ਦਾ ਦੁੱਗਣਾ ਹਿੱਸਾ ਦੇ ਕੇ ਉਸਨੂੰ ਪਹਿਲੌਠਾ ਮੰਨਣਾ ਚਾਹੀਦਾ ਹੈ। ਉਹ ਪੁੱਤਰ ਆਪਣੇ ਪਿਤਾ ਦੀ ਤਾਕਤ ਦੀ ਪਹਿਲੀ ਨਿਸ਼ਾਨੀ ਹੈ। ਪਹਿਲੌਠੇ ਦਾ ਹੱਕ ਉਸ ਦਾ ਹੀ ਹੈ।
ਇੱਕ ਬਾਗ਼ੀ ਪੁੱਤਰ
18ਜੇ ਕਿਸੇ ਦਾ ਇੱਕ ਜ਼ਿੱਦੀ ਅਤੇ ਬਾਗ਼ੀ ਪੁੱਤਰ ਹੋਵੇ ਜੋ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ ਅਤੇ ਜਦੋਂ ਉਹ ਉਸ ਨੂੰ ਅਨੁਸ਼ਾਸਨ ਦਿੰਦੇ ਹਨ ਤਾਂ ਉਹਨਾਂ ਦੀ ਗੱਲ ਨਹੀਂ ਸੁਣਦਾ, 19ਉਸ ਦੇ ਪਿਤਾ ਅਤੇ ਮਾਤਾ ਉਸ ਨੂੰ ਫੜ ਕੇ ਉਸਨੂੰ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ। 20ਉਹ ਬਜ਼ੁਰਗਾਂ ਨੂੰ ਆਖਣਗੇ, “ਸਾਡਾ ਇਹ ਪੁੱਤਰ ਜ਼ਿੱਦੀ ਅਤੇ ਬਾਗ਼ੀ ਹੈ। ਉਹ ਸਾਡੀ ਗੱਲ ਨਹੀਂ ਮੰਨਦਾ। ਉਹ ਪੇਟੂ ਅਤੇ ਸ਼ਰਾਬੀ ਹੈ।” 21ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਨੂੰ ਪੱਥਰਾਂ ਨਾਲ ਮਾਰ ਦੇਣ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ। ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਅਤੇ ਡਰ ਜਾਵੇਗਾ।
ਵੱਖੋ-ਵੱਖਰੇ ਕਾਨੂੰਨ
22ਜੇਕਰ ਕਿਸੇ ਵਿਅਕਤੀ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ, 23ਤਾਂ ਤੁਸੀਂ ਰਾਤ ਭਰ ਲਾਸ਼ ਨੂੰ ਰੁੱਖ ਉੱਤੇ ਲਟਕਾਇਆ ਹੋਇਆ ਨਾ ਛੱਡਣਾ। ਉਸੇ ਦਿਨ ਇਸ ਨੂੰ ਦਫ਼ਨਾ ਦਿਓ, ਕਿਉਂਕਿ ਕੋਈ ਵੀ ਜਿਹੜਾ ਰੁੱਖ ਉੱਤੇ ਟੰਗਿਆ ਗਿਆ ਹੈ ਉਹ ਪਰਮੇਸ਼ਵਰ ਦੇ ਸਰਾਪ ਦੇ ਅਧੀਨ ਹੈ। ਤੁਹਾਨੂੰ ਉਸ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ।

Currently Selected:

ਬਿਵਸਥਾ 21: PCB

Highlight

Copy

Compare

Share

None

Want to have your highlights saved across all your devices? Sign up or sign in