ਬਿਵਸਥਾ 20
20
ਯੁੱਧ ਵਿੱਚ ਜਾਣਾ
1ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਜਾਂਦੇ ਹੋ ਅਤੇ ਜਦ ਘੋੜੇ, ਰਥ ਅਤੇ ਤੁਹਾਡੇ ਨਾਲੋਂ ਵੱਡੀ ਫ਼ੌਜ ਵੇਖੋ, ਤਾਂ ਉਹਨਾਂ ਤੋਂ ਨਾ ਡਰੋ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ। 2ਜਦੋਂ ਤੁਸੀਂ ਲੜਾਈ ਵਿੱਚ ਜਾਓ ਤਾਂ ਜਾਜਕ ਅੱਗੇ ਆਵੇ ਅਤੇ ਸੈਨਾਂ ਨਾਲ ਗੱਲ ਕਰੇਗਾ, 3ਉਹ ਆਖੇਗਾ, “ਇਸਰਾਏਲ ਸੁਣੋ, ਅੱਜ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਵਿੱਚ ਜਾ ਰਹੇ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ ਅਤੇ ਨਾ ਘਬਰਾਓ ਅਤੇ ਨਾ ਉਹਨਾਂ ਤੋਂ ਕੰਬੋ। 4ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਹੈ ਜੋ ਤੁਹਾਡੇ ਨਾਲ ਜਾਂਦਾ ਹੈ ਅਤੇ ਤੁਹਾਨੂੰ ਜਿੱਤ ਦਿਵਾਉਣ ਲਈ ਤੁਹਾਡੇ ਦੁਸ਼ਮਣਾਂ ਨਾਲ ਲੜਦਾ ਹੈ।”
5ਫਿਰ ਪ੍ਰਧਾਨ ਸੈਨਾ ਨੂੰ ਇਹ ਵੀ ਕਹਿਣਾ ਚਾਹੀਦਾ ਹੈ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜਿਸ ਨੇ ਨਵਾਂ ਘਰ ਬਣਾਇਆ ਹੈ ਅਤੇ ਅਜੇ ਤੱਕ ਇਸਨੂੰ ਸਮਰਪਿਤ ਨਹੀਂ ਕੀਤਾ ਹੈ? ਉਸਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸਦੀ ਮੌਤ ਤੋਂ ਬਾਅਦ ਕੋਈ ਹੋਰ ਵਿਅਕਤੀ ਇਸਨੂੰ ਸਮਰਪਣ ਕਰ ਦੇਵੇਗਾ। 6ਅਤੇ ਕੌਣ ਹੈ ਜਿਸ ਨੇ ਅੰਗੂਰੀ ਬਾਗ ਲਾਇਆ ਅਤੇ ਉਸ ਦਾ ਆਨੰਦ ਨਹੀਂ ਮਾਣਿਆ? ਉਹ ਵੀ ਘਰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਕੋਈ ਹੋਰ ਇਸ ਦਾ ਆਨੰਦ ਮਾਣੇ। 7ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ? ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਉਹ ਵੀ ਲੜਾਈ ਵਿੱਚ ਮਰ ਜਾਵੇ ਅਤੇ ਦੂਸਰਾ ਮਨੁੱਖ ਉਸ ਨਾਲ ਵਿਆਹ ਕਰੇ।” 8ਤਦ ਅਧਿਕਾਰੀ ਅੱਗੇ ਕਹਿਣ, “ਕੀ ਕੋਈ ਡਰਦਾ ਹੈ ਜਾਂ ਮਨ ਕੱਚਾ ਹੁੰਦਾ ਹੈ? ਉਹ ਵੀ ਘਰ ਮੁੜ ਜਾਵੇ ਤਾਂ ਕਿ ਉਸਦੇ ਭਰਾਵਾਂ ਦਾ ਉਸਦੇ ਕਾਰਨ ਹੌਸਲਾ ਨਾ ਟੁੱਟ ਜਾਵੇ।” 9ਜਦੋਂ ਅਫ਼ਸਰ ਸੈਨਾਂ ਨਾਲ ਇਹ ਗੱਲ ਕਰ ਲੈਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।
10ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਲਈ ਚੜ੍ਹਦੇ ਹੋ, ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਸੁਲਾਹ ਕਰਨ ਲਈ ਆਖੋ, 11ਜੇ ਉਹ ਸਵੀਕਾਰ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ, ਤਾਂ ਉਹ ਸਾਰੇ ਲੋਕ ਤੁਹਾਡੇ ਅਧੀਨ ਹੋ ਜਾਣ ਅਤੇ ਤੁਹਾਡੇ ਲਈ ਕੰਮ ਕਰਨ ਅਤੇ ਤੁਹਾਡੀ ਸੇਵਾ ਕਰਨ। 12ਜੇ ਉਹ ਸੁਲ੍ਹਾ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਤੁਹਾਡੇ ਨਾਲ ਲੜਾਈ ਕਰਦੇ ਹਨ, ਤਾਂ ਉਸ ਸ਼ਹਿਰ ਨੂੰ ਆਲੇ-ਦੁਆਲੇ ਘੇਰਾ ਪਾਓ। 13ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇਵੇ ਤਾਂ ਉਸ ਦੇ ਸਾਰੇ ਮਨੁੱਖਾਂ ਨੂੰ ਤਲਵਾਰ ਨਾਲ ਮਾਰ ਦਿਓ। 14ਤੀਵੀਆਂ, ਬਾਲਕਾਂ, ਪਸ਼ੂਆਂ ਅਤੇ ਸ਼ਹਿਰ ਦੀਆਂ ਹੋਰ ਸਾਰੀਆਂ ਵਸਤੂਆਂ, ਤੁਸੀਂ ਇਨ੍ਹਾਂ ਨੂੰ ਆਪਣੇ ਲਈ ਲੁੱਟ ਲੈ ਸਕਦੇ ਹੋ ਅਤੇ ਤੁਸੀਂ ਉਸ ਲੁੱਟ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਦਿੰਦਾ ਹੈ। 15ਤੁਸੀਂ ਉਹਨਾਂ ਸਾਰੇ ਸ਼ਹਿਰਾਂ ਨਾਲ ਇਸ ਤਰ੍ਹਾਂ ਵਰਤਾਓ ਕਰਿਓ ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹਨਾਂ ਸ਼ਹਿਰਾਂ ਨਾਲ ਨਹੀਂ ਜਿਹੜੇ ਨੇੜਲੇ ਦੇਸ਼ ਦੇ ਹਨ।
16ਪਰ, ਪਰਾਈਆਂ ਕੌਮਾਂ ਦੇ ਸ਼ਹਿਰਾਂ ਵਿੱਚ, ਜੋ ਯਾਹਵੇਹ ਤੁਹਾਡਾ ਪਰਮੇਸ਼ਵਰ, ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ, ਸਾਹ ਲੈਣ ਵਾਲੀ ਕੋਈ ਵੀ ਚੀਜ਼ ਜਿਉਂਦੀ ਨਾ ਛੱਡੋ। 17ਜਿਵੇਂ ਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ। 18ਨਹੀਂ ਤਾਂ, ਉਹ ਤੁਹਾਨੂੰ ਉਹਨਾਂ ਸਾਰੀਆਂ ਘਿਣਾਉਣੀਆਂ ਗੱਲਾਂ ਦੀ ਪਾਲਣ ਕਰਨਾ ਸਿਖਾਉਣਗੇ ਜੋ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਰੋਗੇ।
19ਜਦੋਂ ਤੁਸੀਂ ਕਿਸੇ ਸ਼ਹਿਰ ਨੂੰ ਲੰਬੇ ਸਮੇਂ ਤੱਕ ਘੇਰਾ ਪਾ ਕੇ ਉਸ ਉੱਤੇ ਕਬਜ਼ਾ ਕਰਨ ਲਈ ਲੜਦੇ ਹੋ, ਤਾਂ ਉਸ ਦੇ ਰੁੱਖਾਂ ਉੱਤੇ ਕੁਹਾੜੀ ਮਾਰ ਕੇ ਨਾਸ ਨਾ ਕਰੋ ਕਿਉਂ ਜੋ ਤੁਸੀਂ ਉਹਨਾਂ ਦੇ ਫਲ ਖਾ ਸਕਦੇ ਹੋ। ਤੁਸੀਂ ਉਹਨਾਂ ਨੂੰ ਨਾ ਕੱਟੋ। ਭਲਾ, ਖੇਤ ਦੇ ਰੁੱਖ ਆਦਮੀ ਵਰਗੇ ਹਨ ਕਿ ਤੁਸੀਂ ਉਹਨਾਂ ਨੂੰ ਘੇਰਾ ਪਾ ਕੇ ਰੱਖੋ? 20ਪਰ, ਤੁਸੀਂ ਉਹਨਾਂ ਰੁੱਖਾਂ ਨੂੰ ਕੱਟ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਫਲਦਾਰ ਰੁੱਖ ਨਹੀਂ ਹਨ ਅਤੇ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਉਸ ਸਮੇਂ ਘੇਰਾਬੰਦੀ ਕਰਕੇ ਰੱਖਿਓ, ਜਦ ਤੱਕ ਉਹ ਜਿੱਤਿਆ ਨਾ ਜਾਵੇ।
Currently Selected:
ਬਿਵਸਥਾ 20: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.