Bible App logo
Search Icon

ਬਿਵਸਥਾ 19

19
ਪਨਾਹ ਦੇ ਸ਼ਹਿਰ
1ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਨੂੰ ਤਬਾਹ ਕਰ ਦੇਵੇ, ਜਿਨ੍ਹਾਂ ਦੀ ਧਰਤੀ ਉਹ ਤੁਹਾਨੂੰ ਦੇਣ ਵਾਲਾ ਹੈ ਅਤੇ ਜਦੋਂ ਤੁਸੀਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਉਹਨਾਂ ਦੇ ਸ਼ਹਿਰਾਂ ਤੇ ਘਰਾਂ ਵਿੱਚ ਵੱਸਣ ਲੱਗ ਪਵੋ, 2ਤਦ ਤੁਸੀਂ ਆਪਣੇ ਲਈ ਉਸ ਧਰਤੀ ਵਿੱਚ ਤਿੰਨ ਸ਼ਹਿਰ ਅਲੱਗ ਰੱਖੋ, ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ। 3ਤੁਸੀਂ ਆਪਣੇ ਰਾਹ ਠੀਕ ਕਰ ਲਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਤਾਂ ਜੋ ਹਰੇਕ ਖੂਨੀ ਉੱਥੇ ਭੱਜ ਜਾਵੇ।
4ਇਹ ਉਸ ਵਿਅਕਤੀ ਦੇ ਲਈ ਨਿਯਮ ਹੈ ਜੋ ਕਿਸੇ ਵਿਅਕਤੀ ਨੂੰ ਮਾਰਦਾ ਹੈ ਅਤੇ ਸੁਰੱਖਿਆ ਲਈ ਉੱਥੋਂ ਭੱਜ ਜਾਂਦਾ ਹੈ, ਕੋਈ ਵੀ ਜਿਹੜਾ ਕਿਸੇ ਗੁਆਂਢੀ ਨੂੰ ਅਣਜਾਣੇ ਵਿੱਚ, ਬਿਨਾਂ ਸੋਚੇ ਸਮਝੇ ਮਾਰ ਦਿੰਦਾ ਹੈ। 5ਉਦਾਹਰਣ ਵਜੋਂ, ਕੋਈ ਮਨੁੱਖ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜਾਂ ਵੱਢਣ ਲਈ ਜਾਂਦਾ ਹੈ, ਅਤੇ ਜਦ ਉਹ ਹੱਥ ਵਿੱਚ ਕੁਹਾੜੀ ਫੜ੍ਹ ਕੇ ਰੁੱਖ ਨੂੰ ਵੱਢਣ ਲਈ ਟੱਕ ਮਾਰੇ ਅਤੇ ਕੁਹਾੜੀ ਦਾ ਫਲ ਦਸਤੇ ਵਿੱਚ ਨਿੱਕਲ ਕੇ ਉਸ ਦੇ ਗੁਆਂਢੀ ਨੂੰ ਅਜਿਹਾ ਵੱਜੇ ਕਿ ਉਹ ਮਰ ਜਾਵੇ, ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ ਅਤੇ ਜੀਉਂਦਾ ਰਹੇ। 6ਨਹੀਂ ਤਾਂ ਖੂਨ ਦਾ ਬਦਲਾ ਲੈਣ ਵਾਲਾ ਗੁੱਸੇ ਵਿੱਚ ਉਹ ਦਾ ਪਿੱਛਾ ਕਰ ਸਕਦਾ ਹੈ, ਜੇਕਰ ਦੂਰੀ ਬਹੁਤ ਜ਼ਿਆਦਾ ਨਾ ਹੋਵੇ ਤਾਂ ਉਹ ਨੂੰ ਫੜ ਲਵੇ ਅਤੇ ਉਸਨੂੰ ਮਾਰ ਸੁੱਟੇ ਭਾਵੇਂ ਕਿ ਉਹ ਮਾਰਨ ਯੋਗ ਨਹੀਂ ਸੀ, ਕਿਉਂ ਜੋ ਉਹ ਆਪਣੇ ਗੁਆਂਢੀ ਨਾਲ ਪਹਿਲਾਂ ਤੋਂ ਹੀ ਵੈਰ ਨਹੀਂ ਰੱਖਦਾ ਸੀ। 7ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਲਈ ਤਿੰਨ ਸ਼ਹਿਰ ਅਲੱਗ ਰੱਖੋ।
8ਜੇਕਰ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੀਆਂ ਹੱਦਾਂ ਨੂੰ ਵਧਾਉਂਦਾ ਹੈ, ਜਿਵੇਂ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੁਹਾਨੂੰ ਉਹ ਸਾਰੀ ਧਰਤੀ ਦੇ ਦੇਵੇ ਜਿਸਦਾ ਉਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ, 9ਕਿਉਂਕਿ ਤੁਸੀਂ ਅੱਜ ਇਨ੍ਹਾਂ ਸਾਰੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਉਸਦੀ ਆਗਿਆਕਾਰੀ ਵਿੱਚ ਚੱਲੋ ਫਿਰ ਤੁਸੀਂ ਇਨ੍ਹਾਂ ਸ਼ਹਿਰਾਂ ਨਾਲ ਤਿੰਨ ਹੋਰ ਸ਼ਹਿਰਾਂ ਨੂੰ ਵੱਖਰਾ ਕਰ ਲੈਣਾ। 10ਅਜਿਹਾ ਇਸ ਲਈ ਕਰੋ ਤਾਂ ਜੋ ਤੁਹਾਡੀ ਧਰਤੀ ਵਿੱਚ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਿਰਾਸ ਵਜੋਂ ਦੇ ਰਿਹਾ ਹੈ, ਨਿਰਦੋਸ਼ਾਂ ਦਾ ਖੂਨ ਨਾ ਵਹਾਇਆ ਜਾਵੇ ਅਤੇ ਤੁਸੀਂ ਖੂਨ-ਖਰਾਬੇ ਦੇ ਦੋਸ਼ੀ ਨਾ ਹੋਵੋ।
11ਪਰ ਜੇ ਕੋਈ ਨਫ਼ਰਤ ਦੇ ਕਾਰਨ ਕਿਸੇ ਗੁਆਂਢੀ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਹਮਲਾ ਕਰਕੇ ਉਸਨੂੰ ਮਾਰ ਸੁੱਟੇ ਅਤੇ ਫਿਰ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਭੱਜ ਜਾਵੇ, 12ਤਾਂ ਉਸ ਸ਼ਹਿਰ ਦੇ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਸ਼ਹਿਰ ਵਿੱਚੋਂ ਵਾਪਸ ਲਿਆਉਣ ਅਤੇ ਮਾਰਨ ਲਈ ਖੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਕੀਤਾ ਜਾਵੇ। 13ਤੁਸੀਂ ਉਸ ਦੇ ਉੱਤੇ ਤਰਸ ਨਾ ਖਾਓ ਪਰ ਤੁਸੀਂ ਨਿਰਦੋਸ਼ ਦੇ ਖੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।
14ਆਪਣੇ ਗੁਆਂਢੀ ਦੇ ਸੀਮਾ ਦੇ ਪੱਥਰ ਨੂੰ ਆਪਣੇ ਪੂਰਵਜਾਂ ਦੁਆਰਾ ਸਥਾਪਿਤ ਕੀਤੀ ਗਈ ਵਿਰਾਸਤ ਵਿੱਚ ਜਿਹੜੀ ਧਰਤੀ ਤੁਹਾਨੂੰ ਪ੍ਰਾਪਤ ਹੋਈ ਹੈ, ਉਸ ਨੂੰ ਨਾ ਹਿਲਾਓ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਅਧਿਕਾਰ ਦੇਣ ਲਈ ਦੇ ਰਿਹਾ ਹੈ।
ਗਵਾਹ
15ਕਿਸੇ ਮਨੁੱਖ ਦੇ ਵਿਰੁੱਧ ਕਿਸੇ ਵੀ ਬੁਰਿਆਈ ਜਾ ਪਾਪ ਦੇ ਕਾਰਨ, ਭਾਵੇਂ ਕੋਈ ਵੀ ਪਾਪ ਹੋਵੇ, ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।
16ਜੇਕਰ ਕੋਈ ਝੂਠਾ ਗਵਾਹ ਕਿਸੇ ਉੱਤੇ ਦੋਸ਼ ਲਾਉਣ ਲਈ ਖੜ੍ਹਾਂ ਹੋਵੇ, 17ਤਾਂ ਉਹ ਦੋਵੇਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਾਹਵੇਹ ਦੇ ਸਨਮੁੱਖ ਅਰਥਾਤ ਉਹਨਾਂ ਦਿਨਾਂ ਦੇ ਜਾਜਕਾਂ ਅਤੇ ਨਿਆਂਈਆਂ ਦੇ ਅੱਗੇ ਖੜ੍ਹੇ ਕੀਤੇ ਜਾਣ। 18ਨਿਆਂਈਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਗਵਾਹ ਝੂਠਾ ਸਾਬਤ ਹੁੰਦਾ ਹੈ ਅਤੇ ਆਪਣੇ ਭਰਾ ਇਸਰਾਏਲੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ, 19ਤਾਂ ਝੂਠੇ ਗਵਾਹ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ। 20ਬਾਕੀ ਦੇ ਲੋਕ ਇਹ ਸੁਣ ਕੇ ਡਰਨਗੇ ਅਤੇ ਤੁਹਾਡੇ ਵਿੱਚ ਅਜਿਹਾ ਬੁਰਾ ਕੰਮ ਫੇਰ ਕਦੇ ਨਹੀਂ ਹੋਵੇਗਾ। 21ਤੁਸੀਂ ਬਿਲਕੁਲ ਤਰਸ ਨਾ ਕਰੋ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ।

Currently Selected:

ਬਿਵਸਥਾ 19: PCB

Highlight

Copy

Compare

Share

None

Want to have your highlights saved across all your devices? Sign up or sign in