Bible App logo
Search Icon

ਬਿਵਸਥਾ 1

1
ਹੋਰੇਬ ਨੂੰ ਛੱਡਣ ਦਾ ਹੁਕਮ
1ਇਹ ਉਹ ਸ਼ਬਦ ਹਨ ਜੋ ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪੂਰਬ ਵਿੱਚ ਉਜਾੜ ਵਿੱਚ ਆਖੇ ਸਨ, ਜੋ ਸੂਫ ਦੇ ਸਾਮ੍ਹਣੇ ਦੇ ਅਰਾਬਾਹ ਵਿੱਚ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ। 2(ਹੋਰੇਬ ਤੋਂ ਕਾਦੇਸ਼ ਬਰਨੇਆ ਨੂੰ ਸੇਈਰ ਪਹਾੜ ਦੀ ਸੜਕ ਤੋਂ ਜਾਣ ਲਈ ਗਿਆਰਾਂ ਦਿਨ ਲੱਗਦੇ ਹਨ।)
3ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੋਸ਼ੇਹ ਨੇ ਇਸਰਾਏਲੀਆਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਯਾਹਵੇਹ ਨੇ ਉਸ ਨੂੰ ਉਹਨਾਂ ਬਾਰੇ ਹੁਕਮ ਦਿੱਤਾ ਸੀ। 4ਇਸ ਸਮੇਂ ਉਸਨੇ ਹੇਸ਼ਬੋਨ ਦੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਨੂੰ, ਅਸ਼ਤਾਰੋਥ ਅਤੇ ਅਦਰਈ ਦੇ ਰਾਜੇ ਨੂੰ ਹਰਾਇਆ ਸੀ।
5ਯਰਦਨ ਦੇ ਪੂਰਬ ਵੱਲ ਮੋਆਬ ਦੇ ਇਲਾਕੇ ਵਿੱਚ ਮੋਸ਼ੇਹ ਨੇ ਇਸ ਬਿਵਸਥਾ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ:
6ਸਾਡੇ ਯਾਹਵੇਹ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਨੂੰ ਆਖਿਆ, “ਤੁਸੀਂ ਇਸ ਪਹਾੜ ਉੱਤੇ ਕਾਫ਼ੀ ਸਮਾਂ ਠਹਿਰੇ ਹੋ। 7ਆਪਣੀ ਯਾਤਰਾ ਨੂੰ ਸ਼ੁਰੂ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਵੱਲ ਅੱਗੇ ਵੱਧੋ, ਅਰਾਬਾਹ ਦੇ ਨੇੜੇ ਦੇ ਸਾਰੇ ਖੇਤਰ ਜੋ ਨੇਗੇਵ ਦੇ ਪਹਾੜਾਂ ਅਤੇ ਵਾਦੀਆਂ ਅਤੇ ਸਮੁੰਦਰੀ ਤੱਟ ਤੱਕ, ਕਨਾਨੀਆਂ ਦੀ ਧਰਤੀ ਅਤੇ ਫ਼ਰਾਤ ਨਦੀ ਤੱਕ ਲਬਾਨੋਨ ਤੱਕ ਫੈਲੇ ਹੋਏ ਹਨ ਜਾਉ। 8ਵੇਖੋ, ਮੈਂ ਤੁਹਾਨੂੰ ਇਹ ਧਰਤੀ ਦਿੱਤੀ ਹੈ। ਅੰਦਰ ਜਾਓ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਸ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਸੰਤਾਨ ਨਾਲ ਖਾਧੀ ਸੀ।”
ਨੇਤਾਵਾਂ ਦੀ ਨਿਯੁਕਤੀ
9ਉਸ ਸਮੇਂ ਮੈਂ ਤੁਹਾਨੂੰ ਕਿਹਾ, “ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ। 10ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੀ ਗਿਣਤੀ ਇੰਨੀ ਵਧਾ ਦਿੱਤੀ ਹੈ ਕਿ ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗ ਅਣਗਿਣਤ ਹੋ। 11ਯਾਹਵੇਹ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਅਸੀਸ ਦੇਵੇ ਜਿਵੇਂ ਉਸਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ! 12ਪਰ ਮੈਂ ਤੁਹਾਡੀਆਂ ਮੁਸੀਬਤਾਂ ਅਤੇ ਤੁਹਾਡੇ ਬੋਝ ਅਤੇ ਤੁਹਾਡੇ ਝਗੜੇ ਸਭ ਇਕੱਲਾ ਕਿਵੇਂ ਝੱਲ ਸਕਦਾ ਹਾਂ? 13ਆਪਣੇ ਹਰੇਕ ਗੋਤ ਵਿੱਚੋਂ ਕੁਝ ਬੁੱਧੀਮਾਨ, ਸਮਝਦਾਰ ਅਤੇ ਸਤਿਕਾਰਯੋਗ ਆਦਮੀਆਂ ਨੂੰ ਚੁਣੋ ਅਤੇ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਨਿਯੁਕਤ ਕਰ ਦਿਆਂਗਾ।”
14ਤਦ ਤੁਸੀਂ ਮੈਨੂੰ ਉੱਤਰ ਦਿੱਤਾ, “ਜੋ ਕੁਝ ਤੂੰ ਸਾਨੂੰ ਕਰਨ ਲਈ ਕਿਹਾ ਹੈ ਉਹ ਚੰਗਾ ਹੈ।”
15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ, ਬੁੱਧੀਮਾਨ ਅਤੇ ਸਤਿਕਾਰਯੋਗ ਮਨੁੱਖਾਂ ਨੂੰ ਲਿਆ ਅਤੇ ਉਹਨਾਂ ਨੂੰ ਤੁਹਾਡੇ ਉੱਤੇ ਅਧਿਕਾਰ ਰੱਖਣ ਲਈ, ਹਜ਼ਾਰਾਂ, ਸੈਂਕੜੇ, ਪੰਜਾਹਾਂ ਅਤੇ ਦਸਾਂ ਦੇ ਸਰਦਾਰ ਅਤੇ ਕਬੀਲੇ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ। 16ਅਤੇ ਮੈਂ ਉਸ ਸਮੇਂ ਤੁਹਾਡੇ ਨਿਆਂਈਆਂ ਨੂੰ ਹੁਕਮ ਦਿੱਤਾ ਸੀ, “ਆਪਣੇ ਲੋਕਾਂ ਦੇ ਝਗੜਿਆਂ ਨੂੰ ਸੁਣੋ ਅਤੇ ਨਿਰਪੱਖਤਾ ਨਾਲ ਨਿਆਂ ਕਰੋ, ਭਾਵੇਂ ਇਹ ਮੁਕੱਦਮਾ ਦੋ ਇਸਰਾਏਲੀਆਂ ਦਾ ਹੋਵੇ ਜਾਂ ਇੱਕ ਇਸਰਾਏਲੀ ਅਤੇ ਤੁਹਾਡੇ ਵਿਚਕਾਰ ਵੱਸਦੇ ਇੱਕ ਵਿਦੇਸ਼ੀ ਦਾ ਹੋਵੇ। 17ਨਿਆਂ ਕਰਨ ਵਿੱਚ ਪੱਖਪਾਤ ਨਾ ਕਰੋ ਕਿਉਂ ਜੋ ਛੋਟੇ ਅਤੇ ਵੱਡੇ ਦੋਨੋ ਦੀ ਗੱਲ ਸਮਾਨ ਸੁਣੋ, ਤੁਸੀਂ ਕਿਸੇ ਤੋਂ ਨਾ ਡਰੋ ਕਿਉਂਕਿ ਨਿਆਂ ਪਰਮੇਸ਼ਵਰ ਦਾ ਹੈ। ਮੇਰੇ ਕੋਲ ਉਹ ਮੁਕੱਦਮਾ ਲਿਆਓ ਜੋ ਤੁਹਾਡੇ ਲਈ ਬਹੁਤ ਔਖਾ ਹੈ, ਅਤੇ ਮੈਂ ਇਸਨੂੰ ਸੁਣਾਂਗਾ।” 18ਅਤੇ ਉਸ ਸਮੇਂ ਮੈਂ ਤੁਹਾਨੂੰ ਉਹ ਸਭ ਕੁਝ ਦੱਸ ਦਿੱਤਾ ਸੀ ਜੋ ਤੁਸੀਂ ਕਰਨਾ ਸੀ।
ਜਾਸੂਸਾਂ ਨੂੰ ਬਾਹਰ ਭੇਜਿਆ
19ਤਦ ਜਿਵੇਂ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਸੀਂ ਹੋਰੇਬ ਤੋਂ ਕੂਚ ਕਰ ਕੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਉਸ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚੋਂ ਲੰਘੇ ਜੋ ਤੁਸੀਂ ਵੇਖਿਆ ਹੈ, ਅਤੇ ਇਸ ਤਰ੍ਹਾਂ ਅਸੀਂ ਕਾਦੇਸ਼ ਬਰਨੇਆ ਪਹੁੰਚ ਗਏ। 20ਫੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਪਹੁੰਚ ਗਏ ਹੋ, ਜਿਹੜਾ ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ। 21ਵੇਖੋ, ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਦਿੱਤੀ ਹੈ। ਉੱਪਰ ਜਾਓ ਅਤੇ ਇਸ ਉੱਤੇ ਕਬਜ਼ਾ ਕਰੋ ਜਿਵੇਂ ਕਿ ਤੁਹਾਡੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ। ਨਾ ਡਰੋ, ਨਾ ਘਬਰਾਓ।”
22ਤਦ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਕਿਹਾ, “ਆਓ ਅਸੀਂ ਮਨੁੱਖਾਂ ਨੂੰ ਅੱਗੇ ਭੇਜੀਏ ਜੋ ਸਾਡੇ ਲਈ ਦੇਸ਼ ਦੀ ਜਾਸੂਸੀ ਕਰਨ ਅਤੇ ਉਸ ਰਸਤੇ ਦਾ ਭੇਤ ਸਾਨੂੰ ਦੱਸਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਕਿਸ ਨਗਰ ਵਿੱਚ ਅਸੀਂ ਪਹੁੰਚਣਾ ਹੈ।”
23ਇਹ ਵਿਚਾਰ ਮੈਨੂੰ ਚੰਗਾ ਲੱਗਾ; ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਨੂੰ ਚੁਣਿਆ, ਹਰੇਕ ਗੋਤ ਵਿੱਚੋਂ ਇੱਕ ਆਦਮੀ। 24ਉਹ ਉੱਥੋਂ ਚਲੇ ਗਏ ਅਤੇ ਪਹਾੜੀ ਦੇਸ਼ ਵਿੱਚ ਚੜ੍ਹ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਦੇਸ਼ ਦੀ ਖੋਜ ਕੀਤੀ। 25ਉਹ ਧਰਤੀ ਦੇ ਕੁਝ ਫਲਾਂ ਨੂੰ ਆਪਣੇ ਨਾਲ ਲੈ ਕੇ ਸਾਡੇ ਕੋਲ ਲਿਆਏ ਅਤੇ ਦੱਸਿਆ, “ਇਹ ਇੱਕ ਚੰਗੀ ਧਰਤੀ ਹੈ ਜੋ ਸਾਡਾ ਯਾਹਵੇਹ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।”
ਯਾਹਵੇਹ ਦੇ ਵਿਰੁੱਧ ਬਗਾਵਤ
26ਪਰ ਤੁਸੀਂ ਉੱਪਰ ਜਾਣ ਲਈ ਤਿਆਰ ਨਹੀਂ ਸੀ; ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਹੁਕਮ ਦੇ ਵਿਰੁੱਧ ਹੋ ਗਏ। 27ਤੁਸੀਂ ਆਪਣੇ ਤੰਬੂਆਂ ਵਿੱਚ ਆ ਕੇ ਬੁੜਬੁੜਾਉਂਦੇ ਹੋਏ ਕਿਹਾ, “ਯਾਹਵੇਹ ਸਾਡੇ ਨਾਲ ਨਫ਼ਰਤ ਕਰਦਾ ਹੈ, ਇਸ ਲਈ ਉਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇ ਅਤੇ ਉਹ ਸਾਨੂੰ ਤਬਾਹ ਕਰ ਦੇਣ। 28ਅਸੀਂ ਕਿੱਥੇ ਜਾ ਸਕਦੇ ਹਾਂ? ਸਾਡੇ ਭਰਾਵਾਂ ਨੇ ਡਰ ਨਾਲ ਸਾਡੇ ਦਿਲ ਤੋੜ ਦਿੱਤੇ ਹਨ। ਉਹ ਕਹਿੰਦੇ ਹਨ, ‘ਕਿ ਉਹ ਲੋਕ ਸਾਡੇ ਨਾਲੋਂ ਮਜ਼ਬੂਤ ਅਤੇ ਉੱਚੇ ਹਨ, ਸ਼ਹਿਰ ਵੱਡੇ ਹਨ, ਕੰਧਾਂ ਅਸਮਾਨ ਤੱਕ ਹਨ। ਅਸੀਂ ਉੱਥੇ ਅਨਾਕੀਆਂ ਨੂੰ ਵੀ ਦੇਖਿਆ।’ ”
29ਤਦ ਮੈਂ ਤੁਹਾਨੂੰ ਕਿਹਾ, “ਘਬਰਾਓ ਨਾ ਅਤੇ ਨਾ ਹੀ ਉਹਨਾਂ ਤੋਂ ਡਰੋ। 30ਤੁਹਾਡਾ ਯਾਹਵੇਹ ਪਰਮੇਸ਼ਵਰ ਜੋ ਤੁਹਾਡੇ ਅੱਗੇ ਚੱਲ ਰਿਹਾ ਹੈ ਤੁਹਾਡੇ ਲਈ ਲੜੇਗਾ, ਜਿਵੇਂ ਉਹ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਲਈ ਲੜਿਆ ਸੀ। 31ਅਤੇ ਉਜਾੜ ਵਿੱਚ, ਉੱਥੇ ਤੁਸੀਂ ਦੇਖਿਆ ਕਿ ਕਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਸ ਤਰ੍ਹਾਂ ਚੁੱਕ ਲਿਆ, ਜਿਵੇਂ ਕਿ ਇੱਕ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਹੈ, ਜਦੋਂ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚ ਗਏ।”
32ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਉੱਤੇ ਭਰੋਸਾ ਨਹੀਂ ਕੀਤਾ। 33ਜੋ ਤੁਹਾਡੇ ਸਫ਼ਰ ਵਿੱਚ ਤੁਹਾਡੇ ਅੱਗੇ ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਤੁਹਾਡੇ ਡੇਰੇ ਲਾਉਣ ਲਈ ਥਾਂ ਲੱਭਦਾ ਅਤੇ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ ਜਿਸ ਤੇ ਤੁਸੀਂ ਤੁਰਨਾ ਸੀ।
34ਜਦੋਂ ਯਾਹਵੇਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਾਂ ਉਸ ਨੇ ਗੁੱਸੇ ਵਿੱਚ ਆ ਕੇ ਸਹੁੰ ਖਾਧੀ, 35“ਇਸ ਬੁਰੀ ਪੀੜ੍ਹੀ ਵਿੱਚੋਂ ਕੋਈ ਵੀ ਉਸ ਚੰਗੀ ਧਰਤੀ ਨੂੰ ਨਹੀਂ ਦੇਖੇਗਾ ਜਿਸ ਨੂੰ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, 36ਸਿਵਾਏ ਯ਼ਫੁੰਨੇਹ ਦੇ ਪੁੱਤਰ ਕਾਲੇਬ ਦੇ। ਉਹ ਇਸਨੂੰ ਦੇਖੇਗਾ, ਅਤੇ ਮੈਂ ਉਸਨੂੰ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦਿਆਂਗਾ ਜਿਸ ਉੱਤੇ ਉਸਨੇ ਆਪਣੇ ਪੈਰ ਰੱਖੇ ਹਨ, ਕਿਉਂਕਿ ਉਸਨੇ ਪੂਰੇ ਦਿਲ ਨਾਲ ਯਾਹਵੇਹ ਦਾ ਅਨੁਸਰਣ ਕੀਤਾ ਸੀ।”
37ਤੁਹਾਡੇ ਕਾਰਨ ਯਾਹਵੇਹ ਵੀ ਮੇਰੇ ਉੱਤੇ ਨਾਰਾਜ਼ ਹੋ ਗਿਆ ਅਤੇ ਆਖਿਆ, “ਤੂੰ ਵੀ ਇਸ ਵਿੱਚ ਨਾ ਵੜੇਂਗਾ। 38ਪਰ ਤੇਰਾ ਸਹਾਇਕ ਨੂਨ ਦਾ ਪੁੱਤਰ ਯਹੋਸ਼ੂਆ ਉਸ ਵਿੱਚ ਪ੍ਰਵੇਸ਼ ਕਰੇਗਾ। ਉਸਨੂੰ ਹੌਸਲਾ ਦੇ, ਕਿਉਂਕਿ ਉਹ ਇਸਰਾਏਲ ਨੂੰ ਵਿਰਾਸਤ ਵਿੱਚ ਲੈ ਜਾਵੇਗਾ। 39ਅਤੇ ਜਿਹੜੇ ਨਿਆਣਿਆਂ ਨੂੰ ਤੁਸੀਂ ਕਿਹਾ ਸੀ ਉਹ ਬੰਦੀ ਬਣਾ ਲਏ ਜਾਣਗੇ, ਤੁਹਾਡੇ ਬੱਚੇ ਜਿਹੜੇ ਅਜੇ ਭਲੇ ਬੁਰੇ ਨੂੰ ਨਹੀਂ ਜਾਣਦੇ, ਉਹ ਦੇਸ਼ ਵਿੱਚ ਵੜਨਗੇ। ਮੈਂ ਇਹ ਉਹਨਾਂ ਨੂੰ ਦੇ ਦਿਆਂਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲੈਣਗੇ। 40ਪਰ ਤੁਹਾਡੇ ਲਈ, ਮੁੜੋ ਅਤੇ ਲਾਲ ਸਾਗਰ ਦੇ ਰਸਤੇ ਵਿੱਚ ਉਜਾੜ ਵੱਲ ਕੂਚ ਕਰੋ।”
41ਤਦ ਤੁਸੀਂ ਉੱਤਰ ਦਿੱਤਾ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਅਸੀਂ ਉੱਪਰ ਜਾਵਾਂਗੇ ਅਤੇ ਲੜਾਂਗੇ, ਜਿਵੇਂ ਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ।” ਇਸ ਲਈ ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੇ ਹਥਿਆਰ ਪਹਿਨ ਲਏ, ਇਹ ਸਮਝਦੇ ਹੋਏ ਕਿ ਪਹਾੜੀ ਦੇਸ਼ ਉੱਤੇ ਹਮਲਾ ਕਰਨਾ ਇੱਕ ਛੋਟੀ ਜਿਹੀ ਗੱਲ ਹੈ।
42ਪਰ ਯਾਹਵੇਹ ਨੇ ਮੈਨੂੰ ਆਖਿਆ, “ਉਹਨਾਂ ਨੂੰ ਆਖ, ‘ਉੱਪਰ ਜਾ ਕੇ ਨਾ ਲੜੋ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹਾਂ, ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓਗੇ।’ ”
43ਇਸ ਲਈ ਮੈਂ ਤੁਹਾਨੂੰ ਕਿਹਾ ਪਰ ਤੁਸੀਂ ਨਾ ਸੁਣੀ, ਤੁਸੀਂ ਯਾਹਵੇਹ ਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣੇ ਹੰਕਾਰ ਵਿੱਚ ਤੁਸੀਂ ਪਹਾੜੀ ਦੇਸ਼ ਵਿੱਚ ਚੜ੍ਹਾਈ ਕੀਤੀ। 44ਅਮੋਰੀ ਜਿਹੜੇ ਉਹਨਾਂ ਪਹਾੜੀਆਂ ਵਿੱਚ ਰਹਿੰਦੇ ਸਨ ਤੁਹਾਡੇ ਵਿਰੁੱਧ ਨਿੱਕਲੇ, ਉਹਨਾਂ ਨੇ ਮੱਖੀਆਂ ਦੇ ਝੁੰਡ ਵਾਂਗ ਤੁਹਾਡਾ ਪਿੱਛਾ ਕੀਤਾ ਅਤੇ ਸੇਈਰ ਤੋਂ ਹੋਰਮਾਹ ਤੱਕ ਤੁਹਾਨੂੰ ਮਾਰਿਆ। 45ਤੁਸੀਂ ਵਾਪਸ ਆਏ ਅਤੇ ਯਾਹਵੇਹ ਦੇ ਅੱਗੇ ਰੋਏ ਪਰ ਉਸ ਨੇ ਤੁਹਾਡੇ ਰੋਣ ਵੱਲ ਧਿਆਨ ਨਾ ਦਿੱਤਾ ਅਤੇ ਤੁਹਾਡੀ ਗੱਲ ਸੁਣ ਲਈ। 46ਅਤੇ ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨ ਰਹੇ, ਜਿੰਨਾ ਸਮਾਂ ਤੁਸੀਂ ਉੱਥੇ ਬਿਤਾਇਆ।

Currently Selected:

ਬਿਵਸਥਾ 1: PCB

Highlight

Copy

Compare

Share

None

Want to have your highlights saved across all your devices? Sign up or sign in