2 ਸ਼ਮੂਏਲ 9
9
ਦਾਵੀਦ ਅਤੇ ਮਫ਼ੀਬੋਸ਼ਥ
1ਦਾਵੀਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਬਚਿਆ ਹੈ ਜਿਸ ਉੱਤੇ ਮੈਂ ਯੋਨਾਥਾਨ ਦੀ ਖਾਤਰ ਦਇਆ ਕਰਾਂ?”
2ਹੁਣ ਸ਼ਾਊਲ ਦੇ ਘਰਾਣੇ ਦਾ ਸੀਬਾ ਨਾਂ ਦਾ ਇੱਕ ਨੌਕਰ ਸੀ। ਉਨ੍ਹਾਂ ਨੇ ਉਸਨੂੰ ਦਾਵੀਦ ਦੇ ਸਾਮ੍ਹਣੇ ਪੇਸ਼ ਹੋਣ ਲਈ ਬੁਲਾਇਆ ਅਤੇ ਪਾਤਸ਼ਾਹ ਨੇ ਉਸਨੂੰ ਪੁੱਛਿਆ, “ਕੀ ਤੂੰ ਸੀਬਾ ਹੈ?”
ਉਸਨੇ ਜਵਾਬ ਦਿੱਤਾ, “ਜੀ ਤੁਹਾਡਾ ਸੇਵਕ ਉਹੀ ਹੈ।”
3ਰਾਜੇ ਨੇ ਪੁਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਜੀਉਂਦਾ ਨਹੀਂ ਹੈ ਜਿਸ ਉੱਤੇ ਮੈਂ ਪਰਮੇਸ਼ਵਰ ਦੀ ਦਯਾ ਵਿਖਾ ਸਕਾਂ?”
ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਵੀ ਹੈ। ਉਹ ਦੋਵੇਂ ਪੈਰਾਂ ਤੋਂ ਲੰਗੜਾ ਹੈ।”
4ਰਾਜੇ ਨੇ ਪੁੱਛਿਆ, “ਉਹ ਕਿੱਥੇ ਹੈ?”
ਸੀਬਾ ਨੇ ਉੱਤਰ ਦਿੱਤਾ, “ਉਹ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।”
5ਇਸ ਲਈ ਦਾਵੀਦ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਸਨੂੰ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਲੋ-ਦੇਬਾਰ ਤੋਂ ਮੰਗਵਾ ਲਿਆ।
6ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਵੀਦ ਕੋਲ ਆਇਆ ਤਾਂ ਉਸ ਨੇ ਉਸ ਦਾ ਆਦਰ ਕਰਨ ਲਈ ਮੱਥਾ ਟੇਕਿਆ।
ਦਾਵੀਦ ਨੇ ਕਿਹਾ, “ਮਫ਼ੀਬੋਸ਼ਥ!”
ਉਸਨੇ ਜਵਾਬ ਦਿੱਤਾ, “ਤੇਰਾ ਸੇਵਕ ਹਾਜ਼ਰ ਹੈ।”
7ਦਾਵੀਦ ਨੇ ਉਸ ਨੂੰ ਕਿਹਾ, “ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੀ ਖਾਤਰ ਤੇਰੇ ਉੱਤੇ ਦਯਾ ਵਿਖਾਵਾਂਗਾ। ਮੈਂ ਤੈਨੂੰ ਉਹ ਸਾਰੀ ਧਰਤੀ ਵਾਪਸ ਦੇ ਦਿਆਂਗਾ ਜਿਹੜੀ ਤੇਰੇ ਦਾਦੇ ਸ਼ਾਊਲ ਦੀ ਸੀ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਉੱਤੇ ਰੋਟੀ ਖਾਵੇਗਾ।”
8ਮਫ਼ੀਬੋਸ਼ਥ ਨੇ ਮੱਥਾ ਟੇਕਿਆ ਅਤੇ ਕਿਹਾ, “ਤੇਰਾ ਸੇਵਕ ਕੀ ਹੈ ਜੋ ਤੂੰ ਮੇਰੇ ਵਰਗੇ ਮਰੇ ਹੋਏ ਕੁੱਤੇ ਨੂੰ ਵੇਖੇਂ?”
9ਤਦ ਰਾਜੇ ਨੇ ਸ਼ਾਊਲ ਦੇ ਮੁਖ਼ਤਿਆਰ ਸੀਬਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਮੈਂ ਤੇਰੇ ਮਾਲਕ ਦੇ ਪੋਤੇ ਨੂੰ ਉਹ ਸਭ ਕੁਝ ਦੇ ਦਿੱਤਾ ਹੈ ਜੋ ਸ਼ਾਊਲ ਅਤੇ ਉਸਦੇ ਪਰਿਵਾਰ ਦਾ ਸੀ। 10ਤੂੰ ਅਤੇ ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋ ਅਤੇ ਉਸ ਫ਼ਸਲ ਲਿਆਓ, ਤਾਂ ਜੋ ਤੁਹਾਡੇ ਮਾਲਕ ਦੇ ਪੋਤਰੇ ਲਈ ਰੋਟੀ ਹੋ ਸਕੇ ਅਤੇ ਤੁਹਾਡੇ ਸੁਆਮੀ ਦਾ ਪੋਤਾ ਮਫ਼ੀਬੋਸ਼ਥ ਹਮੇਸ਼ਾ ਮੇਰੇ ਮੇਜ਼ ਉੱਤੇ ਖਾਵੇਗਾ।” (ਹੁਣ ਸੀਬਾ ਦੇ ਪੰਦਰਾਂ ਪੁੱਤਰ ਅਤੇ ਵੀਹ ਨੌਕਰ ਸਨ।)
11ਤਦ ਸੀਬਾ ਨੇ ਰਾਜੇ ਨੂੰ ਆਖਿਆ, “ਤੁਹਾਡਾ ਦਾਸ ਉਹੀ ਕਰੇਗਾ ਜੋ ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਨੂੰ ਕਰਨ ਦਾ ਹੁਕਮ ਦੇਵੇਗਾ।” ਇਸ ਲਈ ਮਫ਼ੀਬੋਸ਼ਥ ਨੇ ਦਾਵੀਦ ਦੇ ਮੇਜ਼ ਉੱਤੇ ਰਾਜੇ ਦੇ ਪੁੱਤਰਾਂ ਵਿੱਚੋਂ ਇੱਕ ਵਾਂਗ ਖਾਧਾ।
12ਮਫ਼ੀਬੋਸ਼ਥ ਦਾ ਮੀਕਾ ਨਾਂ ਦਾ ਇੱਕ ਪੁੱਤਰ ਸੀ ਅਤੇ ਸੀਬਾ ਦੇ ਘਰ ਦੇ ਸਾਰੇ ਮੈਂਬਰ ਮਫ਼ੀਬੋਸ਼ਥ ਦੇ ਸੇਵਕ ਸਨ। 13ਅਤੇ ਮਫ਼ੀਬੋਸ਼ਥ ਯੇਰੂਸ਼ਲੇਮ ਵਿੱਚ ਰਹਿੰਦਾ ਸੀ ਕਿਉਂਕਿ ਉਹ ਹਮੇਸ਼ਾ ਰਾਜੇ ਦੇ ਮੇਜ਼ ਉੱਤੇ ਖਾਂਦਾ ਸੀ ਅਤੇ ਉਹ ਦੋਵੇਂ ਪੈਰਾਂ ਤੋਂ ਲੰਗੜਾ ਸੀ।
Currently Selected:
2 ਸ਼ਮੂਏਲ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.