Bible App logo
Search Icon

2 ਸ਼ਮੂਏਲ 17

17
1ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਕਿਹਾ, “ਮੈਂ ਬਾਰਾਂ ਹਜ਼ਾਰ ਆਦਮੀਆਂ ਨੂੰ ਚੁਣ ਲਵਾਂਗਾ ਅਤੇ ਅੱਜ ਰਾਤ ਮੈਂ ਦਾਵੀਦ ਦਾ ਪਿੱਛਾ ਕਰਾਂਗਾ। 2ਜਦੋਂ ਉਹ ਥੱਕਿਆ ਅਤੇ ਕਮਜ਼ੋਰ ਹੋਵੇਗਾ ਮੈਂ ਉਸ ਉੱਤੇ ਹਮਲਾ ਕਰਾਂਗਾ। ਮੈਂ ਉਸਨੂੰ ਡਰਾਵਾਂਗਾ, ਅਤੇ ਫਿਰ ਉਸਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ। ਮੈਂ ਸਿਰਫ ਰਾਜੇ ਨੂੰ ਮਾਰਾਂਗਾ 3ਅਤੇ ਸਾਰੇ ਲੋਕਾਂ ਨੂੰ ਤੁਹਾਡੇ ਕੋਲ ਵਾਪਸ ਮੋੜ ਲਿਆਵਾਂਗਾ। ਉਸ ਆਦਮੀ ਦੀ ਮੌਤ ਜਿਸਨੂੰ ਤੁਸੀਂ ਭਾਲਦੇ ਹੋ, ਸਭ ਦੀ ਵਾਪਸੀ ਦਾ ਮਤਲਬ ਹੋਵੇਗਾ; ਸਾਰੇ ਲੋਕ ਸੁਰੱਖਿਅਤ ਰਹਿਣਗੇ।” 4ਇਹ ਯੋਜਨਾ ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਚੰਗੀ ਲੱਗੀ।
5ਪਰ ਅਬਸ਼ਾਲੋਮ ਨੇ ਕਿਹਾ, “ਹੂਸ਼ਈ ਅਰਕੀ ਨੂੰ ਵੀ ਬੁਲਾਓ, ਤਾਂ ਜੋ ਅਸੀਂ ਵੀ ਉਸਦੇ ਮੂੰਹੋਂ ਵੀ ਕੁਝ ਸੁਣੀਏ।” 6ਜਦੋਂ ਹੂਸ਼ਈ ਉਸ ਕੋਲ ਆਇਆ ਤਾਂ ਅਬਸ਼ਾਲੋਮ ਨੇ ਆਖਿਆ, “ਅਹੀਥੋਫ਼ਲ ਨੇ ਇਹ ਸਲਾਹ ਦਿੱਤੀ ਹੈ। ਕੀ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ? ਜੇ ਨਹੀਂ ਤਾਂ, ਤੂੰ ਕੀ ਆਖਦਾ ਹੈਂ?”
7ਹੂਸ਼ਈ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ, “ਇਸ ਵਾਰ ਅਹੀਥੋਫ਼ਲ ਦੀ ਸਲਾਹ ਚੰਗੀ ਨਹੀਂ ਹੈ। 8ਅਤੇ ਫਿਰ ਹੂਸ਼ਈ ਨੇ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਸਦੇ ਆਦਮੀਆਂ ਨੂੰ ਜਾਣਦੇ ਹੋ; ਕਿ ਉਹ ਕਿੰਨ੍ਹੇ ਵੱਡੇ ਉਹ ਸੂਰਮੇ ਹਨ, ਅਤੇ ਇਸ ਵੇਲੇ ਉਹ ਜੰਗਲੀ ਵਿੱਚ ਇੱਕ ਰਿੱਛ ਵਾਂਗ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਲੁੱਟ ਲਏ ਹੋਣ। ਇਸ ਤੋਂ ਇਲਾਵਾ, ਤੁਹਾਡੇ ਪਿਤਾ ਇੱਕ ਤਜ਼ਰਬੇਕਾਰ ਲੜਾਕੂ ਹੈ ਅਤੇ ਉਹ ਫ਼ੌਜਾਂ ਨਾਲ ਰਾਤ ਨਹੀਂ ਕੱਟੇਗਾ। 9ਹੁਣ ਵੀ ਉਹ ਕਿਸੇ ਗੁਫਾ ਜਾਂ ਕਿਸੇ ਹੋਰ ਥਾਂ ਲੁਕੇ ਹੋਣਗੇ। ਜੇਕਰ ਉਹ ਪਹਿਲਾਂ ਤੁਹਾਡੀਆਂ ਫ਼ੌਜਾਂ ਉੱਤੇ ਹਮਲਾ ਕਰੇ, ਤਾਂ ਜੋ ਕੋਈ ਵੀ ਇਸ ਬਾਰੇ ਸੁਣੇਗਾ, ਉਹ ਆਖੇਗਾ, ‘ਅਬਸ਼ਾਲੋਮ ਦੇ ਪਿੱਛੇ ਚੱਲਣ ਵਾਲੀਆਂ ਫ਼ੌਜਾਂ ਵਿੱਚ ਇੱਕ ਕਤਲ ਹੋਇਆ ਹੈ।’ 10ਤਦ ਸਭ ਤੋਂ ਬਹਾਦਰ ਸੂਰਮਾ ਵੀ, ਜਿਸ ਦਾ ਦਿਲ ਸ਼ੇਰ ਦੇ ਦਿਲ ਵਰਗਾ ਹੈ, ਉਸਦਾ ਹੌਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਇੱਕ ਸੂਰਮਾ ਹੈ ਅਤੇ ਜੋ ਉਹ ਦੇ ਨਾਲ ਦੇ ਵੀ ਸੂਰਮੇ ਹਨ।
11“ਇਸ ਲਈ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਵਿੱਚ ਉਹਨਾਂ ਦੀ ਅਗਵਾਈ ਕਰੋ। 12ਫਿਰ ਅਸੀਂ ਉਸ ਉੱਤੇ ਹਮਲਾ ਕਰਾਂਗੇ ਜਿੱਥੇ ਉਹ ਲੱਭੇਗਾ ਅਤੇ ਉਸ ਉੱਤੇ ਤ੍ਰੇਲ ਵਾਂਗ ਜੋ ਧਰਤੀ ਉੱਤੇ ਡਿੱਗਦੀ ਉਸ ਉੱਤੇ ਜਾ ਡਿੱਗਾਂਗੇ। ਤਦ ਉਸ ਅਤੇ ਉਸਦੇ ਆਦਮੀਆਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। 13ਜੇਕਰ ਉਹ ਕਿਸੇ ਸ਼ਹਿਰ ਵਿੱਚ ਲੁਕ ਗਿਆ ਹੋਵੇ, ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸਨੂੰ ਨਦੀ ਵਿੱਚੋਂ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।”
14ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਨੇ ਆਖਿਆ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ।” ਕਿਉ ਜੋ ਯਾਹਵੇਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣ ਲਈ ਪਹਿਲਾ ਹੀ ਠਾਣ ਲਿਆ ਸੀ ਤਾਂ ਜੋ ਯਾਹਵੇਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।
15ਹੂਸ਼ਈ ਨੇ ਸਾਦੋਕ ਅਤੇ ਅਬੀਯਾਥਰ, ਜਾਜਕਾਂ ਨੂੰ ਕਿਹਾ, “ਅਹੀਥੋਫ਼ਲ ਨੇ ਇਹ ਸਲਾਹ ਅਬਸ਼ਾਲੋਮ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਦਿੱਤੀ ਅਤੇ ਮੈਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਹੈ। 16ਹੁਣ ਇਸੇ ਵੇਲੇ ਇੱਕ ਸੁਨੇਹਾ ਭੇਜੋ ਅਤੇ ਦਾਵੀਦ ਨੂੰ ਆਖੋ, ‘ਉਜਾੜ ਵਿੱਚ ਪੱਤਣ ਕੋਲ ਰਾਤ ਨਾ ਕੱਟੇ। ਛੇਤੀ ਨਾਲ ਪਾਰ ਲੰਘ ਜਾਓ, ਨਹੀਂ ਤਾਂ ਰਾਜਾ ਅਤੇ ਉਸਦੇ ਨਾਲ ਦੇ ਸਾਰੇ ਲੋਕ ਖਤਮ ਹੋ ਜਾਣਗੇ।’ ”
17ਯੋਨਾਥਾਨ ਅਤੇ ਅਹੀਮਾਜ਼ ਏਨ-ਰੋਗੇਲ ਵਿੱਚ ਠਹਿਰੇ ਹੋਏ ਸਨ। ਇੱਕ ਨੌਕਰਾਣੀ ਨੂੰ ਜਾ ਕੇ ਉਨ੍ਹਾਂ ਨੂੰ ਸੂਚਿਤ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਫਿਰ ਉਹ ਜਾ ਕੇ ਰਾਜਾ ਦਾਵੀਦ ਨੂੰ ਸੂਚਨਾ ਭੇਜ ਦੇਵੇਗੀ ਕਿਉਂਕਿ ਇਹ ਜ਼ਰੂਰੀ ਸੀ ਕਿ ਉਹ ਸ਼ਹਿਰ ਵਿੱਚ ਵੜਦੇ ਨਜ਼ਰ ਨਾ ਆਉਣ। 18ਪਰ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਦੇਖਿਆ ਅਤੇ ਅਬਸ਼ਾਲੋਮ ਨੂੰ ਦੱਸਿਆ। ਇਸ ਲਈ ਉਹ ਦੋਵੇਂ ਉਸੇ ਵੇਲੇ ਉੱਥੋਂ ਚਲੇ ਗਏ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਚਲੇ ਗਏ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ ਅਤੇ ਉਹ ਉਸ ਵਿੱਚ ਉਤਰ ਗਏ। 19ਉਸਦੀ ਪਤਨੀ ਨੇ ਇੱਕ ਕੱਪੜਾ ਲਿਆ ਅਤੇ ਖੂਹ ਦੇ ਮੂੰਹ ਉੱਤੇ ਵਿਛਾ ਦਿੱਤਾ ਅਤੇ ਉਸ ਉੱਤੇ ਅਨਾਜ ਖਿਲਾਰ ਦਿੱਤਾ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।
20ਜਦੋਂ ਅਬਸ਼ਾਲੋਮ ਦੇ ਆਦਮੀ ਘਰ ਵਿੱਚ ਔਰਤ ਕੋਲ ਆਏ, ਉਨ੍ਹਾਂ ਨੇ ਪੁੱਛਿਆ, “ਅਹੀਮਾਜ਼ ਅਤੇ ਯੋਨਾਥਾਨ ਕਿੱਥੇ ਹਨ?”
ਉਸ ਔਰਤ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਉਹ ਤਾਂ ਨਦੀਓ ਪਾਰ ਲੰਘ ਗਏ ਹੋਣਗੇ।” ਆਦਮੀਆਂ ਨੇ ਉਹਨਾਂ ਦੀ ਖੋਜ ਕੀਤੀ ਪਰ ਕੋਈ ਨਾ ਲੱਭਿਆ, ਇਸ ਲਈ ਉਹ ਯੇਰੂਸ਼ਲੇਮ ਨੂੰ ਵਾਪਸ ਆ ਗਏ।
21ਉਨ੍ਹਾਂ ਦੇ ਜਾਣ ਤੋਂ ਬਾਅਦ, ਉਹ ਦੋਵੇਂ ਖੂਹ ਵਿੱਚੋਂ ਬਾਹਰ ਨਿਕਲੇ ਅਤੇ ਰਾਜਾ ਦਾਵੀਦ ਨੂੰ ਖ਼ਬਰ ਦਿੱਤੀ। ਉਨ੍ਹਾਂ ਨੇ ਉਸਨੂੰ ਕਿਹਾ, “ਚੱਲੋ ਉੱਠੋ ਅਤੇ ਇੱਕ ਵਾਰ ਨਦੀ ਪਾਰ ਲੰਘ ਜਾਓ। ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਰੁੱਧ ਇਹੋ ਜਿਹੀ ਸਲਾਹ ਦਿੱਤੀ ਹੈ।” 22ਇਸ ਲਈ ਦਾਵੀਦ ਅਤੇ ਉਸਦੇ ਨਾਲ ਦੇ ਸਾਰੇ ਲੋਕ ਚੱਲੇ ਅਤੇ ਯਰਦਨ ਪਾਰ ਲੰਘ ਗਏ। ਸਵੇਰ ਹੋਣ ਤੱਕ, ਕੋਈ ਵੀ ਨਹੀਂ ਬਚਿਆ ਜਿਸ ਨੇ ਯਰਦਨ ਪਾਰ ਨਾ ਕੀਤੀ ਹੋਵੇ।
23ਜਦੋਂ ਅਹੀਥੋਫ਼ਲ ਨੇ ਦੇਖਿਆ ਕਿ ਉਸਦੀ ਸਲਾਹ ਨਹੀਂ ਮੰਨੀ ਗਈ, ਤਾਂ ਉਸਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਚੱਲ ਪਿਆ। ਉਸਨੇ ਆਪਣੇ ਘਰ ਨੂੰ ਸੰਭਾਲ ਕੇ ਅਤੇ ਫਿਰ ਫਾਹਾ ਲਗਾ ਲਿਆ। ਇਸ ਲਈ ਉਹ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ ਗਿਆ।
ਅਬਸ਼ਾਲੋਮ ਦੀ ਮੌਤ
24ਦਾਵੀਦ ਮਾਹਾਨਾਇਮ ਨੂੰ ਗਿਆ ਅਤੇ ਅਬਸ਼ਾਲੋਮ ਇਸਰਾਏਲ ਦੇ ਸਾਰੇ ਆਦਮੀਆਂ ਨਾਲ ਯਰਦਨ ਪਾਰ ਗਿਆ। 25ਅਬਸ਼ਾਲੋਮ ਨੇ ਯੋਆਬ ਦੀ ਥਾਂ ਅਮਾਸਾ ਨੂੰ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਸੀ। ਅਮਾਸਾ ਇੱਕ ਇਸਮਾਏਲੀ ਦੇ ਯਿਥਰਾ ਦਾ ਪੁੱਤਰ ਸੀ ਜਿਸ ਨੇ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਂ ਜ਼ੇਰੂਇਯਾਹ ਦੀ ਭੈਣ ਅਬੀਗੈਲ ਨਾਲ ਵਿਆਹ ਕੀਤਾ ਸੀ। 26ਇਸਰਾਏਲੀਆਂ ਅਤੇ ਅਬਸ਼ਾਲੋਮ ਨੇ ਗਿਲਆਦ ਦੀ ਧਰਤੀ ਉੱਤੇ ਡੇਰਾ ਲਾਇਆ।
27ਜਦੋਂ ਦਾਵੀਦ ਮਾਹਾਨਾਇਮ ਵਿੱਚ ਆਇਆ ਤਾਂ ਅੰਮੋਨੀਆਂ ਦੇ ਰਬਾਹ ਤੋਂ ਨਾਹਾਸ਼ ਦਾ ਪੁੱਤਰ ਸ਼ੋਬੀ, ਲੋ-ਦੇਬਾਰ ਤੋਂ ਅੰਮੀਏਲ ਦਾ ਪੁੱਤਰ ਮਾਕੀਰ ਅਤੇ ਰੋਗੇਲਿਮ ਤੋਂ ਗਿਲਆਦੀ ਬਾਰਜ਼ਿੱਲਈ 28ਬਿਸਤਰੇ ਅਤੇ ਕਟੋਰੇ ਅਤੇ ਮਿੱਟੀ ਦੇ ਭਾਂਡਿਆਂ ਦੇ ਸਮਾਨ ਲਿਆਏ। ਉਹ ਕਣਕ ਅਤੇ ਜੌਂ, ਆਟਾ ਅਤੇ ਭੁੰਨੇ ਹੋਏ ਅਨਾਜ, ਫਲੀਆਂ ਅਤੇ ਦਾਲਾਂ ਵੀ ਲਿਆਏ, 29ਦਾਵੀਦ ਅਤੇ ਉਸਦੇ ਲੋਕਾਂ ਦੇ ਖਾਣ ਲਈ ਸ਼ਹਿਦ ਅਤੇ ਦਹੀਂ, ਭੇਡਾਂ ਅਤੇ ਗਾਵਾਂ ਦੇ ਦੁੱਧ ਤੋਂ ਪਨੀਰ। ਕਿਉਂਕਿ ਉਨ੍ਹਾਂ ਨੇ ਕਿਹਾ, “ਉਜਾੜ ਵਿੱਚ ਲੋਕ ਥੱਕ ਹੋਏ ਅਤੇ ਭੁੱਖੇ ਅਤੇ ਤਿਹਾਏ ਹੋਣਗੇ।”

Currently Selected:

2 ਸ਼ਮੂਏਲ 17: PCB

Highlight

Copy

Compare

Share

None

Want to have your highlights saved across all your devices? Sign up or sign in