2 ਸ਼ਮੂਏਲ 16
16
ਦਾਵੀਦ ਅਤੇ ਸੀਬਾ
1ਜਦੋਂ ਦਾਵੀਦ ਪਹਾੜ ਦੀ ਚੋਟੀ ਤੋਂ ਥੋੜ੍ਹਾ ਅੱਗੇ ਲੰਘਿਆ, ਤਾਂ ਮਫ਼ੀਬੋਸ਼ਥ ਦਾ ਸੇਵਕ ਸੀਬਾ ਉਸ ਨੂੰ ਮਿਲਣ ਆਇਆ। ਉਹ ਆਪਣੇ ਨਾਲ ਦੋ ਖੋਤਿਆਂ ਤੇ ਦੋ ਸੌ ਰੋਟੀਆਂ, ਸੌ ਗੁੱਛੇ ਸੌਗੀ, ਸੌ ਹੰਜੀਰ ਦੇ ਫਲ ਅਤੇ ਇੱਕ ਮੇਸ਼ੇਕ ਮਧ ਲੱਦੀ ਹੋਈ ਸੀ, ਲੈ ਕੇ ਉਸ ਨੂੰ ਮਿਲਣ ਲਈ ਆਇਆ।
2ਰਾਜੇ ਨੇ ਸੀਬਾ ਨੂੰ ਪੁੱਛਿਆ, “ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ?”
ਸੀਬਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਹ ਗਧੇ ਤੁਹਾਡੇ ਪਰਿਵਾਰ ਨੂੰ ਢੋਣ ਲਈ ਹਨ ਅਤੇ ਜਵਾਨਾਂ ਦੇ ਭੋਜਨ ਲਈ ਰੋਟੀਆਂ ਅਤੇ ਗਰਮੀਆਂ ਦੇ ਫਲ, ਅਤੇ ਇਸ ਜੰਗਲ ਵਿੱਚ ਥੱਕੇ ਹੋਏ ਲੋਕਾਂ ਦੇ ਪੀਣ ਲਈ ਅੰਗੂਰਾਂ ਦਾ ਰਸ।”
3ਦਾਵੀਦ ਨੇ ਸੀਬਾ ਨੂੰ ਅੱਗੋਂ ਪੁੱਛਿਆ, “ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ?”
ਸੀਬਾ ਨੇ ਰਾਜੇ ਨੂੰ ਉੱਤਰ ਦਿੱਤਾ, “ਉਹ ਅਜੇ ਵੀ ਯੇਰੂਸ਼ਲੇਮ ਵਿੱਚ ਹੈ ਕਿਉਂਕਿ ਉਹ ਆਖਦਾ ਹੈ, ‘ਅੱਜ ਇਸਰਾਏਲ ਮੈਨੂੰ ਮੇਰੇ ਪਿਤਾ ਦਾ ਰਾਜ ਵਾਪਸ ਦੇ ਦੇਵੇਗਾ।’ ”
4ਇਹ ਸੁਣ ਕੇ ਦਾਵੀਦ ਨੇ ਸੀਬਾ ਨੂੰ ਕਿਹਾ, “ਸੁਣੋ, ਇਹ ਸਭ ਕੁਝ ਜੋ ਮਫ਼ੀਬੋਸ਼ਥ ਦਾ ਹੈ ਹੁਣ ਤੁਹਾਡਾ ਹੈ।”
ਸੀਬਾ ਨੇ ਕਿਹਾ, “ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ।”
ਸ਼ਿਮਈ ਦਾ ਦਾਵੀਦ ਨੂੰ ਸਰਾਪ ਦੇਣਾ
5ਜਦ ਰਾਜਾ ਦਾਵੀਦ ਬਹੁਰੀਮ ਪਹੁੰਚਿਆ ਤਾਂ ਸ਼ਾਊਲ ਦਾ ਇੱਕ ਰਿਸ਼ਤੇਦਾਰ ਉਸ ਦੇ ਅੱਗੇ ਆਇਆ ਜਿਸ ਦਾ ਨਾਮ ਸ਼ਿਮਈ ਸੀ ਜੋ ਗੇਰਾ ਦਾ ਪੁੱਤਰ ਸੀ। ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ। 6ਉਹ ਦਾਵੀਦ ਅਤੇ ਰਾਜਾ ਦਾਵੀਦ ਦੇ ਸਾਰੇ ਬੰਦਿਆਂ ਉੱਤੇ ਵੀ ਪੱਥਰ ਸੁੱਟ ਰਿਹਾ ਸੀ, ਜਦ ਦਾਵੀਦ ਦੇ ਸੈਨਾ ਅਤੇ ਅਫ਼ਸਰਾਂ ਦਾਵੀਦ ਦੇ ਸੱਜੇ-ਖੱਬੇ ਸਨ। 7ਸ਼ਿਮਈ ਉਸ ਨੂੰ ਇਨ੍ਹਾਂ ਸ਼ਬਦਾਂ ਨਾਲ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, “ਹੇ ਖੂਨੀ ਮਨੁੱਖ, ਇੱਥੋਂ ਨਿਕਲ ਜਾ! ਦੁਸ਼ਟ ਮਨੁੱਖ! 8ਯਾਹਵੇਹ ਨੇ ਉਨ੍ਹਾਂ ਸਾਰੇ ਕਤਲਾਂ ਦਾ ਬਦਲਾ ਲਿਆ ਜੋ ਸ਼ਾਊਲ ਦੇ ਘਰਾਣੇ ਵਿੱਚ ਕੀਤੇ ਗਏ ਸਨ, ਜਿਨ੍ਹਾਂ ਦੇ ਸਥਾਨ ਉੱਤੇ ਤੁਸੀਂ ਸਿੰਘਾਸਣ ਉੱਤੇ ਬੈਠੇ ਸੀ। ਵੇਖੋ, ਹੁਣ ਯਾਹਵੇਹ ਨੇ ਇਹ ਰਾਜ ਤੇਰੇ ਕੋਲੋਂ ਖੋਹ ਕੇ ਤੇਰੇ ਪੁੱਤਰ ਅਬਸ਼ਾਲੋਮ ਨੂੰ ਦੇ ਦਿੱਤਾ ਹੈ। ਵੇਖ, ਤੇਰੀ ਬੁਰਿਆਈ ਤੇਰੇ ਉੱਤੇ ਆ ਪਈ ਹੈ ਕਿਉਂ ਜੋ ਤੂੰ ਖੂਨ ਦਾ ਪਿਆਸਾ ਹੈ!”
9ਇਹ ਵੇਖ ਕੇ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਰਾਜੇ ਨੂੰ ਆਖਿਆ, “ਇਹ ਮਰਿਆ ਹੋਇਆ ਕੁੱਤਾ ਮੇਰੇ ਮਹਾਰਾਜ ਪਾਤਸ਼ਾਹ ਨੂੰ ਕਿਉਂ ਸਰਾਪ ਦੇਵੇ? ਮੈਨੂੰ ਹੁਕਮ ਦਿਓ ਕਿ ਮੈਂ ਜਾ ਕੇ ਉਸਦਾ ਸਿਰ ਕੱਟ ਦੇਵਾਂ।”
10ਪਰ ਰਾਜੇ ਨੇ ਉਸ ਨੂੰ ਉੱਤਰ ਦਿੱਤਾ, “ਜ਼ੇਰੂਇਯਾਹ ਦੇ ਪੁੱਤਰੋ, ਤੁਹਾਡੇ ਅਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ ਹੈ। ਜੇਕਰ ਉਹ ਮੈਨੂੰ ਇਸ ਲਈ ਸਰਾਪ ਦੇ ਰਿਹਾ ਹੈ ਕਿਉਂਕਿ ਯਾਹਵੇਹ ਨੇ ਖੁਦ ਉਸਨੂੰ ਹੁਕਮ ਦਿੱਤਾ ਸੀ, ‘ਦਾਵੀਦ ਨੂੰ ਸਰਾਪ ਦਿਓ,’ ਤਾਂ ਕੌਣ ਹੈ ਜੋ ਉਸਨੂੰ ਪੁੱਛ ਸਕੇ, ‘ਤੂੰ ਅਜਿਹਾ ਕਿਉਂ ਕਰ ਰਿਹਾ ਹੈ?’ ”
11ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ। 12ਅਤੇ ਸ਼ਾਇਦ ਯਾਹਵੇਹ ਇਹ ਦੇਖ ਲਵੇ ਕਿ ਮੇਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਅੱਜ ਇਨ੍ਹਾਂ ਸਰਾਪਾਂ ਦੇ ਕਾਰਨ ਮੈਨੂੰ ਅਸੀਸ ਦੇਵੇਗਾ।”
13ਤਦ ਦਾਵੀਦ ਅਤੇ ਉਹ ਦੇ ਸਾਥੀ ਆਪਣੇ ਰਾਹ ਤੁਰ ਪਏ ਅਤੇ ਸ਼ਿਮਈ ਉਨ੍ਹਾਂ ਦੇ ਨਾਲ ਪਹਾੜ ਦੀ ਢਲਾਣ ਉੱਤੇ ਉਨ੍ਹਾਂ ਦੇ ਨਾਲ ਚੱਲ ਪਿਆ। ਤੁਰਦੇ-ਫਿਰਦੇ ਉਹ ਗਾਲਾਂ ਕੱਢਦਾ ਸੀ, ਪੱਥਰ ਅਤੇ ਮਿੱਟੀ ਵੀ ਸੁੱਟਦਾ ਸੀ। 14ਰਾਜਾ ਅਤੇ ਉਸਦੇ ਸਾਰੇ ਸਾਥੀ ਥੱਕ ਹਾਰ ਕੇ ਯਰਦਨ ਨਦੀ ਉੱਤੇ ਪਹੁੰਚੇ। ਦਾਵੀਦ ਵਿੱਚ ਇੱਕ ਨਵੀਂ ਤਾਜ਼ਗੀ ਆਈ।
ਅਬਸ਼ਾਲੋਮ ਦਾ ਯੇਰੂਸ਼ਲੇਮ ਵਿੱਚ ਦਾਖਲ ਹੋਣਾ ਅਤੇ ਅਹੀਥੋਫ਼ਲ ਦੀ ਸਲਾਹ
15ਅਬਸ਼ਾਲੋਮ ਅਤੇ ਇਸਰਾਏਲ ਦੇ ਲੋਕ ਯੇਰੂਸ਼ਲੇਮ ਪਹੁੰਚੇ। ਅਹੀਥੋਫ਼ਲ ਉਨ੍ਹਾਂ ਦੇ ਨਾਲ ਸੀ। 16ਇਹ ਉਦੋਂ ਵਾਪਰਿਆ ਜਦੋਂ ਦਾਵੀਦ ਦਾ ਮਿੱਤਰ ਅਰਕੀ ਹੂਸ਼ਈ ਅਬਸ਼ਾਲੋਮ ਦੀ ਹਜ਼ੂਰੀ ਵਿੱਚ ਆਇਆ ਅਤੇ ਉਸ ਨੂੰ ਆਖਿਆ, “ਪਾਤਸ਼ਾਹ ਜੀਉਂਦਾ ਰਹੇ! ਮਹਾਰਾਜ ਦੀ ਲੰਮੀ ਉਮਰ ਹੋਵੇ!”
17ਅਬਸ਼ਾਲੋਮ ਨੇ ਹੂਸ਼ਈ ਨੂੰ ਪੁੱਛਿਆ, “ਕੀ ਇੱਕ ਦੋਸਤ ਪ੍ਰਤੀ ਵਫ਼ਾਦਾਰੀ ਇਸ ਤਰ੍ਹਾਂ ਹੈ? ਤੂੰ ਆਪਣੇ ਦੋਸਤ ਨਾਲ ਕਿਉਂ ਨਹੀਂ ਗਿਆ?”
18ਹੂਸ਼ਈ ਨੇ ਅਬਸ਼ਾਲੋਮ ਨੂੰ ਉੱਤਰ ਦਿੱਤਾ, “ਨਹੀਂ, ਪਰ ਮੈਂ ਯਾਹਵੇਹ ਅਤੇ ਆਮ ਲੋਕਾਂ ਅਤੇ ਸਾਰੇ ਇਸਰਾਏਲ ਦੇ ਦੁਆਰਾ ਚੁਣੇ ਹੋਏ ਦਾ ਨਾਲ ਹੋਵਾਂਗਾ। ਮੈਂ ਵੀ ਉਸ ਦੇ ਨਾਲ ਹੀ ਰਹੇਗਾ। 19ਇਹ ਵੀ ਸਮਝੋ: ਮੈਂ ਕਿਸ ਦੀ ਸੇਵਾ ਕਰਨਾ ਸਹੀ ਹੈ; ਕੀ ਇਹ ਉਸਦਾ ਆਪਣਾ ਪੁੱਤਰ ਨਹੀਂ ਹੈ? ਜਿਸ ਤਰ੍ਹਾਂ ਮੈਂ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਮੈਂ ਵੀ ਤੁਹਾਡੀ ਸੇਵਾ ਕਰਾਂਗਾ।”
20ਤਾਂ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, “ਹੁਣ ਤੁਸੀਂ ਮੈਨੂੰ ਸਲਾਹ ਦਿਓ ਕਿ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?”
21ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਹੁਕਮ ਦਿੱਤਾ, “ਜਾਹ ਅਤੇ ਉਹਨਾਂ ਰਖੇਲਾਂ ਨਾਲ ਸੰਬੰਧ ਬਣਾ ਜੋ ਤੇਰੇ ਪਿਤਾ ਨੇ ਘਰ ਦੇ ਪ੍ਰਬੰਧ ਲਈ ਇੱਥੇ ਛੱਡੀਆਂ ਸਨ। ਜਦੋਂ ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਕਿ ਤੂੰ ਆਪਣੇ ਪਿਤਾ ਲਈ ਆਪਣੇ ਆਪ ਨੂੰ ਘਿਣਾਉਣਾ ਬਣਾਇਆ ਹੈ। ਇਸ ਨਾਲ ਉਨ੍ਹਾਂ ਸਾਰਿਆਂ ਨੂੰ ਤਾਕਤ ਮਿਲੇਗੀ ਜੋ ਤੁਹਾਡੇ ਨਾਲ ਹਨ, ਜੋ ਤੁਹਾਡਾ ਸਾਥ ਦਿੰਦੇ ਹਨ।” 22ਤਦ ਮਹਿਲ ਦੀ ਛੱਤ ਉੱਤੇ ਇੱਕ ਤੰਬੂ ਲਾਇਆ ਗਿਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਮ੍ਹਣੇ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਭੋਗ ਕੀਤਾ।
23ਉਨ੍ਹਾਂ ਦਿਨਾਂ ਵਿੱਚ ਅਹੀਥੋਫ਼ਲ ਦੀ ਸਲਾਹ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਜਿਵੇਂ ਕਿਸੇ ਨੂੰ ਪਰਮੇਸ਼ਵਰ ਵੱਲੋਂ ਪ੍ਰਕਾਸ਼ ਹੋਇਆ ਹੋਵੇ। ਅਹੀਥੋਫ਼ਲ ਦੀ ਸਲਾਹ ਦਾ ਦਾਵੀਦ ਅਤੇ ਅਬਸ਼ਾਲੋਮ ਦੋਹਾਂ ਦੁਆਰਾ ਬਹੁਤ ਆਦਰ ਕੀਤਾ ਗਿਆ ਸੀ।
Currently Selected:
2 ਸ਼ਮੂਏਲ 16: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.