2 ਸ਼ਮੂਏਲ 18
18
1ਦਾਵੀਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਉੱਤੇ ਹਜ਼ਾਰਾਂ ਅਤੇ ਸੈਂਕੜਿਆਂ ਦੇ ਅਨੁਸਾਰ ਸੈਨਾਪਤੀ ਨਿਯੁਕਤ ਕੀਤੇ। 2ਦਾਵੀਦ ਨੇ ਆਪਣੀਆਂ ਫ਼ੌਜਾਂ ਭੇਜੀਆਂ, ਇੱਕ ਤਿਹਾਈ ਯੋਆਬ ਅਗਵਾਈ ਹੇਠ, ਇੱਕ ਤਿਹਾਈ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਅਗਵਾਈ ਹੇਠ ਅਤੇ ਇੱਕ ਤਿਹਾਈ ਗਿੱਤੀ ਇੱਤਾਈ ਦੀ ਅਗਵਾਈ ਹੇਠ। ਰਾਜੇ ਨੇ ਫ਼ੌਜਾਂ ਨੂੰ ਕਿਹਾ, “ਮੈਂ ਆਪ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ।”
3ਪਰ ਆਦਮੀਆਂ ਨੇ ਆਖਿਆ, “ਤੁਹਾਨੂੰ ਨਾਲ ਨਹੀਂ ਜਾਣਾ ਚਾਹੀਦਾ ਕਿਉਂ ਜੋ ਜੇ ਕਿਤੇ ਸਾਨੂੰ ਭੱਜਣਾ ਪਿਆ, ਉਹਨਾਂ ਨੂੰ ਤਾਂ ਸਾਡੀ ਕੋਈ ਲੋੜ ਨਹੀਂ ਹੈ ਅਤੇ ਜੇ ਸਾਡੇ ਵਿੱਚੋਂ ਅੱਧੇ ਮਰ ਵੀ ਜਾਣ ਤਾਂ ਵੀ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ, ਪਰ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖ ਦੇ ਬਰਾਬਰ ਹੋ। ਹੁਣ ਤੁਸੀਂ ਸਾਡੇ ਲਈ ਸ਼ਹਿਰ ਵਿੱਚ ਹੀ ਰਹਿ ਕੇ ਸਾਡੇ ਲਈ ਸਹਾਇਤਾ ਕਰੋ।”
4ਰਾਜੇ ਨੇ ਜਵਾਬ ਦਿੱਤਾ, “ਮੈਂ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ।”
ਇਸ ਲਈ ਰਾਜਾ ਸ਼ਹਿਰ ਦੇ ਫਾਟਕ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਕੋਲ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿਕਲ ਗਏ। 5ਰਾਜੇ ਨੇ ਯੋਆਬ, ਅਬੀਸ਼ਾਈ ਅਤੇ ਇੱਤਾਈ ਨੂੰ ਹੁਕਮ ਦਿੱਤਾ, “ਮੇਰੇ ਕਾਰਨ ਅਬਸ਼ਾਲੋਮ ਨਾਲ ਨਰਮੀ ਨਾਲ ਪੇਸ਼ ਆਉਣਾ।” ਅਤੇ ਸਾਰੀਆਂ ਫ਼ੌਜਾਂ ਨੇ ਰਾਜੇ ਨੂੰ ਅਬਸ਼ਾਲੋਮ ਦੇ ਬਾਰੇ ਹੁਕਮ ਦਿੰਦੇ ਸੁਣਿਆ।
6ਦਾਵੀਦ ਦੀ ਫ਼ੌਜ ਇਸਰਾਏਲ ਨਾਲ ਲੜਨ ਲਈ ਸ਼ਹਿਰ ਤੋਂ ਬਾਹਰ ਨਿਕਲੀ ਅਤੇ ਲੜਾਈ ਇਫ਼ਰਾਈਮ ਦੇ ਜੰਗਲ ਵਿੱਚ ਹੋਈ। 7ਉੱਥੇ ਇਸਰਾਏਲ ਦੀਆਂ ਫ਼ੌਜਾਂ ਨੂੰ ਦਾਵੀਦ ਦੇ ਬੰਦਿਆਂ ਨੇ ਹਰਾਇਆ ਸੀ, ਅਤੇ ਉਸ ਦਿਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਜਿਨ੍ਹਾਂ ਦੀ ਗਿਣਤੀ 20,000 ਆਦਮੀ ਸੀ। 8ਲੜਾਈ ਸਾਰੇ ਪਿੰਡਾਂ ਵਿੱਚ ਫੈਲ ਗਈ, ਅਤੇ ਜੰਗਲ ਨੇ ਉਸ ਦਿਨ ਤਲਵਾਰ ਨਾਲੋਂ ਵੱਧ ਆਦਮੀਆਂ ਨੂੰ ਨਿਗਲ ਲਿਆ।
9ਹੁਣ ਅਬਸ਼ਾਲੋਮ ਦਾਵੀਦ ਦੇ ਆਦਮੀਆਂ ਨੂੰ ਮਿਲ ਗਿਆ। ਉਹ ਆਪਣੇ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਰੁੱਖ ਦੇ ਮੋਟੇ ਟਾਹਣੇ ਹੇਠੋਂ ਲੰਘੀ, ਤਾਂ ਅਬਸ਼ਾਲੋਮ ਦੇ ਵਾਲ ਰੁੱਖ ਦੇ ਵਿੱਚ ਫਸ ਗਏ ਅਤੇ ਉਹ ਹਵਾ ਦੇ ਵਿਚਕਾਰ ਲਟਕਿਆ ਰਿਹਾ ਅਤੇ ਖੱਚਰ ਉਸਦੇ ਹੇਠੋਂ ਨਿਕਲ ਗਈ।
10ਜਦੋਂ ਆਦਮੀਆਂ ਵਿੱਚੋਂ ਇੱਕ ਨੇ ਦੇਖਿਆ ਕਿ ਇਹ ਵਾਪਰਿਆ ਹੈ, ਉਸਨੇ ਯੋਆਬ ਨੂੰ ਕਿਹਾ, “ਮੈਂ ਹੁਣੇ ਹੀ ਅਬਸ਼ਾਲੋਮ ਨੂੰ ਇੱਕ ਬਲੂਤ ਦੇ ਦਰਖ਼ਤ ਵਿੱਚ ਲਟਕਦੇ ਦੇਖਿਆ ਹੈ।”
11ਯੋਆਬ ਨੇ ਉਸ ਆਦਮੀ ਨੂੰ ਕਿਹਾ ਜਿਸ ਨੇ ਉਸ ਨੂੰ ਇਹ ਖ਼ਬਰ ਦਿੱਤੀ ਸੀ, “ਕੀ! ਤੂੰ ਉਸ ਨੂੰ ਦੇਖਿਆ? ਤੂੰ ਉਸ ਨੂੰ ਉਸੇ ਵੇਲੇ ਮਾਰ ਕੇ ਜ਼ਮੀਨ ਤੇ ਕਿਉਂ ਨਹੀਂ ਸੁੱਟਿਆ? ਤਾਂ ਮੈਂ ਤੈਨੂੰ ਦਸ ਸ਼ੈਕੇਲ ਚਾਂਦੀ ਅਤੇ ਇੱਕ ਯੋਧੇ ਦੀ ਪੇਟੀ ਦਿੰਦਾ।”
12ਪਰ ਆਦਮੀ ਨੇ ਯੋਆਬ ਨੂੰ ਜਵਾਬ ਦਿੱਤਾ, “ਭਾਵੇਂ ਤੂੰ ਇੱਕ ਹਜ਼ਾਰ ਚਾਂਦੀ ਦੇ ਸ਼ੈਕੇਲ ਮੇਰੇ ਹੱਥਾਂ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜੇ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜੇ ਨੇ ਸਾਨੂੰ ਲੋਕਾਂ ਨੂੰ ਸੁਣਦਿਆਂ ਤੈਨੂੰ ਅਤੇ ਅਬੀਸ਼ਾਈ ਅਤੇ ਇੱਤਾਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ, ‘ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।’ 13ਜੇਕਰ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।”
14ਯੋਆਬ ਨੇ ਆਖਿਆ, “ਮੈਂ ਤੇਰੇ ਲਈ ਇਸ ਤਰ੍ਹਾਂ ਇੰਤਜ਼ਾਰ ਨਹੀਂ ਕਰਾਂਗਾ।” ਇਸ ਲਈ ਉਸਨੇ ਆਪਣੇ ਹੱਥ ਵਿੱਚ ਤਿੰਨ ਬਰਛੇ ਲਏ ਅਤੇ ਉਨ੍ਹਾਂ ਨੂੰ ਅਬਸ਼ਾਲੋਮ ਦੇ ਦਿਲ ਵਿੱਚ ਜਦੋਂ ਅਬਸ਼ਾਲੋਮ ਬਲੂਤ ਦੇ ਰੁੱਖ ਵਿੱਚ ਜਿਉਂਦਾ ਸੀ, ਧੱਸ ਦਿੱਤੇ। 15ਅਤੇ ਯੋਆਬ ਦੇ ਦਸ ਸ਼ਸਤਰ ਚੁੱਕਣ ਵਾਲਿਆ ਨੇ ਅਬਸ਼ਾਲੋਮ ਨੂੰ ਘੇਰ ਲਿਆ ਅਤੇ ਉਸ ਨੂੰ ਮਾਰਿਆ ਅਤੇ ਮਾਰ ਸੁੱਟਿਆ।
16ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜਾਂ ਨੇ ਇਸਰਾਏਲ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਕਿਉਂ ਜੋ ਯੋਆਬ ਨੇ ਉਨ੍ਹਾਂ ਨੂੰ ਰੋਕ ਦਿੱਤਾ। 17ਉਨ੍ਹਾਂ ਨੇ ਅਬਸ਼ਾਲੋਮ ਨੂੰ ਫੜ ਕੇ ਜੰਗਲ ਵਿੱਚ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਸਾਰਾ ਢੇਰ ਲਾ ਦਿੱਤਾ। ਇਸ ਦੌਰਾਨ, ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਭੱਜ ਗਏ।
18ਆਪਣੇ ਜੀਵਨ ਕਾਲ ਦੌਰਾਨ ਅਬਸ਼ਾਲੋਮ ਨੇ ਆਪਣੇ ਲਈ ਸ਼ਾਹੀ ਵਾਦੀ ਵਿੱਚ ਇੱਕ ਥੰਮ੍ਹ ਬਣਾਇਆ ਸੀ ਅਤੇ ਕਿਉਂ ਜੋ ਉਸਨੇ ਆਖਿਆ, “ਕਿ ਮੇਰੇ ਪੁੱਤਰ ਨਹੀਂ ਹੈ ਜਿਸ ਨਾਲ ਮੇਰਾ ਨਾਮ ਯਾਦ ਰੱਖਿਆ ਜਾਵੇਂ।” ਇਸ ਲਈ ਉਸਨੇ ਆਪਣੇ ਨਾਮ ਤੇ ਇੱਕ ਥੰਮ੍ਹ ਦਾ ਨਾਮ ਰੱਖਿਆ ਅਤੇ ਅੱਜ ਦੇ ਦਿਨ ਤੱਕ ਉਸਨੂੰ ਅਬਸ਼ਾਲੋਮ ਥੰਮ੍ਹ ਕਰਕੇ ਕਿਹਾ ਜਾਂਦਾ ਹੈ।
ਦਾਵੀਦ ਦਾ ਸੋਗ
19ਹੁਣ ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਕਿਹਾ, “ਮੈਨੂੰ ਭੱਜ ਕੇ ਰਾਜੇ ਨੂੰ ਇਹ ਖ਼ਬਰ ਦੇਣ ਦਿਓ ਕਿ ਯਾਹਵੇਹ ਨੇ ਉਸਨੂੰ ਉਸਦੇ ਦੁਸ਼ਮਣਾਂ ਦੇ ਹੱਥੋਂ ਛੁਡਾ ਕੇ ਸਹੀ ਕੀਤਾ ਹੈ।”
20ਯੋਆਬ ਨੇ ਉਸਨੂੰ ਕਿਹਾ, “ਅੱਜ ਤੂੰ ਕੋਈ ਖ਼ਬਰ ਨਹੀਂ ਲੈ ਕੇ ਜਾਵੇਂਗਾ। ਤੂੰ ਖ਼ਬਰ ਕਿਸੇ ਹੋਰ ਵਾਰ ਦਿਨ ਲੈ ਕੇ ਜਾਵੀ, ਪਰ ਤੁਹਾਨੂੰ ਅੱਜ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਜੇ ਦਾ ਪੁੱਤਰ ਮਰ ਗਿਆ ਹੈ।”
21ਤਦ ਯੋਆਬ ਨੇ ਇੱਕ ਕੂਸ਼ੀ#18:21 ਕੂਸ਼ੀ ਅਰਥਾਤ: ਨੀਲ ਨਦੀ ਦੇ ਉੱਪਰਲੇ ਖੇਤਰ ਦੇ ਲੋਕ ਨੂੰ ਕਿਹਾ, “ਜਾ ਅਤੇ ਰਾਜੇ ਨੂੰ ਦੱਸ ਜੋ ਤੂੰ ਵੇਖਿਆ ਹੈ।” ਕੂਸ਼ੀ ਨੇ ਯੋਆਬ ਅੱਗੇ ਮੱਥਾ ਟੇਕਿਆ ਅਤੇ ਭੱਜ ਗਿਆ।
22ਸਾਦੋਕ ਦੇ ਪੁੱਤਰ ਅਹੀਮਾਜ਼ ਨੇ ਯੋਆਬ ਨੂੰ ਫਿਰ ਕਿਹਾ, “ਆਓ, ਮੈਨੂੰ ਕੂਸ਼ੀ ਦੇ ਪਿੱਛੇ ਭੱਜਣ ਦਿਓ।”
ਪਰ ਯੋਆਬ ਨੇ ਉੱਤਰ ਦਿੱਤਾ, “ਮੇਰੇ ਪੁੱਤਰ, ਤੈਨੂੰ ਭੱਜਣ ਦੀ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ।”
23ਉਸਨੇ ਕਿਹਾ, “ਚਾਹੇ ਜੋ ਹੋ ਜਾਵੇ, ਮੈਂ ਜਾਣਾ ਚਾਹੁੰਦਾ ਹਾਂ।”
ਤਾਂ ਯੋਆਬ ਨੇ ਆਖਿਆ, “ਜਾ!” ਤਦ ਅਹੀਮਾਜ਼ ਮੈਦਾਨ ਦੇ ਰਸਤੇ ਭੱਜਿਆ ਅਤੇ ਕੂਸ਼ੀ ਤੋਂ ਅੱਗੇ ਨਿਕਲ ਗਿਆ।
24ਜਦੋਂ ਦਾਵੀਦ ਅੰਦਰਲੇ ਅਤੇ ਬਾਹਰਲੇ ਫਾਟਕਾਂ ਦੇ ਵਿਚਕਾਰ ਬੈਠਾ ਹੋਇਆ ਸੀ, ਚੌਕੀਦਾਰ ਫਾਟਕ ਦੀ ਛੱਤ ਉੱਤੇ ਚੜ੍ਹਿਆ ਹੋਇਆ ਸੀ। ਜਦੋਂ ਉਸਨੇ ਬਾਹਰ ਦੇਖਿਆ ਤਾਂ ਉਸਨੇ ਇੱਕ ਆਦਮੀ ਨੂੰ ਇਕੱਲਾ ਭੱਜਦਾ ਹੋਇਆ ਦੇਖਿਆ। 25ਚੌਕੀਦਾਰ ਨੇ ਰਾਜੇ ਨੂੰ ਬੁਲਾ ਕੇ ਖ਼ਬਰ ਦਿੱਤੀ।
ਰਾਜੇ ਨੇ ਕਿਹਾ, “ਜੇਕਰ ਉਹ ਇਕੱਲਾ ਹੈ ਤਾਂ ਉਸਨੂੰ ਖੁਸ਼ਖ਼ਬਰੀ ਮਿਲਣੀ ਚਾਹੀਦੀ ਹੈ।” ਅਤੇ ਦੌੜ ਕੇ ਹੋਰ ਨੇੜੇ ਆਇਆ।
26ਤਦ ਚੌਕੀਦਾਰ ਨੇ ਇੱਕ ਹੋਰ ਦੌੜਨ ਵਾਲੇ ਨੂੰ ਵੇਖਿਆ, ਅਤੇ ਉਸ ਨੇ ਦਰਬਾਨ ਨੂੰ ਬੁਲਾਇਆ, “ਵੇਖੋ, ਇੱਕ ਹੋਰ ਆਦਮੀ ਇਕੱਲਾ ਦੌੜ ਰਿਹਾ ਹੈ!”
ਰਾਜੇ ਨੇ ਕਿਹਾ, “ਉਹ ਵੀ ਖੁਸ਼ਖ਼ਬਰੀ ਲਿਆ ਰਿਹਾ ਹੋਵੇਗਾ।”
27ਪਹਿਰੇਦਾਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪਹਿਲਾ ਸਾਦੋਕ ਦੇ ਪੁੱਤਰ ਅਹੀਮਾਜ਼ ਵਾਂਗ ਦੌੜਦਾ ਹੋਇਆ ਲੱਗਦਾ ਹੈ।”
ਰਾਜੇ ਨੇ ਕਿਹਾ, “ਉਹ ਇੱਕ ਚੰਗਾ ਆਦਮੀ ਹੈ ਅਤੇ ਉਹ ਚੰਗੀ ਖ਼ਬਰ ਲਿਆਉਂਦਾ ਹੋਵੇਗਾ।”
28ਤਦ ਅਹੀਮਾਜ਼ ਨੇ ਪਾਤਸ਼ਾਹ ਨੂੰ ਪੁਕਾਰਿਆ, “ਸਭ ਠੀਕ ਹੈ!” ਉਸ ਨੇ ਰਾਜੇ ਦੇ ਅੱਗੇ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਕਿਹਾ, “ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਵਡਿਆਈ ਹੋਵੇ! ਜਿਸ ਨੇ ਉਨ੍ਹਾਂ ਦੁਸ਼ਮਣਾਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਨੇ ਮੇਰੇ ਮਹਾਰਾਜ ਪਾਤਸ਼ਾਹ ਦੇ ਵਿਰੁੱਧ ਆਪਣੇ ਹੱਥ ਚੁੱਕੇ ਸਨ।”
29ਰਾਜੇ ਨੇ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?”
ਅਹੀਮਾਜ਼ ਨੇ ਉੱਤਰ ਦਿੱਤਾ, “ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਵੇਖੀ ਪਰ ਮੈਨੂੰ ਖ਼ਬਰ ਨਹੀਂ ਜੋ ਕੀ ਹੋਇਆ ਹੈ।”
30ਰਾਜੇ ਨੇ ਕਿਹਾ, “ਇੱਕ ਪਾਸੇ ਹੋ ਕੇ ਖਲੋ ਅਤੇ ਇੱਥੇ ਉਡੀਕ ਕਰੋ।” ਇਸ ਲਈ ਉਹ ਇੱਕ ਪਾਸੇ ਹੋ ਗਿਆ ਅਤੇ ਉੱਥੇ ਖੜ੍ਹਾ ਹੋ ਗਿਆ।
31ਤਦ ਕੂਸ਼ੀ ਨੇ ਆਣ ਕੇ ਆਖਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ, ਖੁਸ਼ਖ਼ਬਰੀ ਸੁਣੋ! ਯਾਹਵੇਹ ਨੇ ਅੱਜ ਤੁਹਾਨੂੰ ਉਨ੍ਹਾਂ ਸਾਰਿਆਂ ਦੇ ਹੱਥੋਂ ਛੁਡਾ ਕੇ ਸਹੀ ਠਹਿਰਾਇਆ ਹੈ ਜੋ ਤੁਹਾਡੇ ਵਿਰੁੱਧ ਉੱਠੇ।”
32ਰਾਜੇ ਨੇ ਕੂਸ਼ੀ ਨੂੰ ਪੁੱਛਿਆ, “ਕੀ ਉਹ ਨੌਜਵਾਨ ਅਬਸ਼ਾਲੋਮ ਸੁਰੱਖਿਅਤ ਹੈ?”
ਕੂਸ਼ੀ ਨੇ ਉੱਤਰ ਦਿੱਤਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਵੈਰੀ ਅਤੇ ਉਹ ਸਾਰੇ ਜਿਹੜੇ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਉੱਠੇ ਹਨ, ਉਹ ਉਸ ਨੌਜਵਾਨ ਵਰਗੇ ਹੋਣ।”
33ਰਾਜਾ ਹਿੱਲ ਗਿਆ ਅਤੇ ਉਹ ਫਾਟਕ ਦੇ ਉੱਪਰ ਕਮਰੇ ਵਿੱਚ ਰੋਂਦਾ-ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ! “ਮੇਰੇ ਪੁੱਤਰ ਅਬਸ਼ਾਲੋਮ! ਕਾਸ਼ ਮੈਂ ਤੇਰੀ ਥਾਂ ਮਰ ਗਿਆ ਹੁੰਦਾ, ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!”
Currently Selected:
2 ਸ਼ਮੂਏਲ 18: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.