2 ਰਾਜਿਆਂ 9
9
ਇਸਰਾਏਲ ਦੇ ਰਾਜਾ ਦੇ ਰੂਪ ਵਿੱਚ ਯੇਹੂ ਦਾ ਅਭਿਸ਼ੇਕ ਕੀਤਾ ਜਾਣਾ
1ਅਲੀਸ਼ਾ ਨਬੀ ਨੇ ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੀ ਪੇਟੀ ਵਿੱਚ ਬੰਨ੍ਹ ਲੈ, ਜ਼ੈਤੂਨ ਦੇ ਤੇਲ ਦੀ ਇਹ ਸ਼ੀਸ਼ੀ ਆਪਣੇ ਨਾਲ ਲੈ ਅਤੇ ਰਾਮੋਥ ਗਿਲਆਦ ਨੂੰ ਚੱਲ। 2ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭਣਾ, ਜੋ ਨਿਮਸ਼ੀ ਦਾ ਪੋਤਾ ਸੀ। ਉਸ ਕੋਲ ਜਾਓ, ਉਸਨੂੰ ਉਸਦੇ ਸਾਥੀਆਂ ਤੋਂ ਦੂਰ ਕਰੋ ਅਤੇ ਉਸਨੂੰ ਇੱਕ ਅੰਦਰਲੇ ਕਮਰੇ ਵਿੱਚ ਲੈ ਜਾਓ। 3ਫਿਰ ਇੱਕ ਕੁੱਪੀ ਲੈ ਕੇ ਉਸ ਦੇ ਸਿਰ ਤੇ ਤੇਲ ਪਾਓ ਅਤੇ ਐਲਾਨ ਕਰੋ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ਫਿਰ ਦਰਵਾਜ਼ਾ ਖੋਲ੍ਹ ਕੇ ਭੱਜ ਜਾਈਂ ਅਤੇ ਬਿਲਕੁਲ ਵੀ ਦੇਰੀ ਨਾ ਕਰੀ!”
4ਇਸ ਲਈ ਨੌਜਵਾਨ ਨਬੀ ਰਾਮੋਥ ਗਿਲਆਦ ਨੂੰ ਗਿਆ। 5ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਫ਼ੌਜ ਦੇ ਅਧਿਕਾਰੀਆਂ ਨੂੰ ਇਕੱਠੇ ਬੈਠੇ ਵੇਖਿਆ। ਉਸਨੇ ਕਿਹਾ, “ਹੇ ਆਗੂ, ਮੇਰੇ ਕੋਲ ਤੁਹਾਡੇ ਲਈ ਇੱਕ ਸੰਦੇਸ਼ ਹੈ।”
ਯੇਹੂ ਨੇ ਪੁੱਛਿਆ, “ਸਾਡੇ ਵਿੱਚੋਂ ਕਿਸ ਲਈ?”
ਉਸਨੇ ਜਵਾਬ ਦਿੱਤਾ, “ਤੁਹਾਡੇ ਲਈ ਸੈਨਾਪਤੀ ਜੀ।”
6ਯੇਹੂ ਉੱਠਿਆ ਅਤੇ ਘਰ ਵਿੱਚ ਚਲਾ ਗਿਆ। ਫਿਰ ਨਬੀ ਨੇ ਯੇਹੂ ਦੇ ਸਿਰ ਉੱਤੇ ਤੇਲ ਡੋਲ੍ਹਿਆ ਅਤੇ ਐਲਾਨ ਕੀਤਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਤੈਨੂੰ ਮਸਹ ਕਰਦਾ ਹਾਂ ਕਿ ਤੂੰ ਯਾਹਵੇਹ ਦੀ ਪਰਜਾ ਇਸਰਾਏਲ ਦਾ ਰਾਜਾ ਹੈ। 7ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਨਾਸ ਕਰਨਾ ਹੈ ਅਤੇ ਮੈਂ ਆਪਣੇ ਸੇਵਕਾਂ ਨਬੀਆਂ ਦੇ ਲਹੂ ਦਾ ਅਤੇ ਯਾਹਵੇਹ ਦੇ ਸਾਰੇ ਸੇਵਕਾਂ ਦੇ ਲਹੂ ਦਾ ਬਦਲਾ ਲਵਾਂਗਾ ਜੋ ਅਹਾਬ ਦੀ ਪਤਨੀ ਈਜ਼ੇਬੇਲ ਦੁਆਰਾ ਵਹਾਇਆ ਗਿਆ ਸੀ। 8ਅਹਾਬ ਦਾ ਸਾਰਾ ਘਰਾਣਾ ਤਬਾਹ ਹੋ ਜਾਵੇਗਾ। ਮੈਂ ਅਹਾਬ ਤੋਂ ਇਸਰਾਏਲ ਦੇ ਹਰ ਆਖਰੀ ਮਰਦ ਨੂੰ ਕੱਟ ਦਿਆਂਗਾ, ਚਾਹੇ ਉਹ ਗੁਲਾਮ ਹੋਵੇ ਜਾਂ ਅਜ਼ਾਦ ਹੋਵੇ। 9ਮੈਂ ਅਹਾਬ ਦੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ। 10ਜਿੱਥੋਂ ਤੱਕ ਈਜ਼ੇਬੇਲ ਦੀ ਗੱਲ ਹੈ, ਕੁੱਤੇ ਉਸ ਨੂੰ ਯਿਜ਼ਰਏਲ ਦੀ ਜ਼ਮੀਨ ਉੱਤੇ ਖਾ ਜਾਣਗੇ ਅਤੇ ਕੋਈ ਵੀ ਉਸ ਨੂੰ ਦੱਬੇਗਾ ਨਹੀਂ।’ ” ਤਦ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਭੱਜ ਗਿਆ।
11ਜਦੋਂ ਯੇਹੂ ਬਾਹਰ ਆਪਣੇ ਸਾਥੀ ਸੇਵਕਾਂ ਕੋਲ ਗਿਆ, ਤਾਂ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਪੁੱਛਿਆ, “ਕੀ ਸਭ ਕੁਝ ਠੀਕ ਹੈ? ਇਹ ਪਾਗਲ ਤੇਰੇ ਕੋਲ ਕਿਉਂ ਆਇਆ?”
ਯੇਹੂ ਨੇ ਜਵਾਬ ਦਿੱਤਾ, “ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ਅਤੇ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਹੈ।”
12ਉਹਨਾਂ ਨੇ ਕਿਹਾ, “ਇਹ ਸੱਚ ਨਹੀਂ ਹੈ! ਸਾਨੂੰ ਦਸ ਸੱਚ ਕੀ ਹੈ।”
ਯੇਹੂ ਨੇ ਕਿਹਾ, “ਉਸਨੇ ਮੈਨੂੰ ਇਹ ਦੱਸਿਆ: ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ”
13ਇਹ ਸੁਣ ਕੇ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਬਾਹਰਲਾ ਕੱਪੜਾ ਲਾਹ ਕੇ ਪੱਥਰ ਦੀਆਂ ਪੌੜੀਆਂ ਉੱਤੇ ਵਿਛਾ ਦਿੱਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਉੱਚੀ-ਉੱਚੀ ਕਿਹਾ, “ਯੇਹੂ ਰਾਜਾ ਹੈ!”
ਯੇਹੂ ਨੇ ਯੋਰਾਮ ਅਤੇ ਅਹਜ਼ਯਾਹ ਨੂੰ ਮਾਰ ਦਿੱਤਾ
14ਯਹੋਸ਼ਾਫ਼ਾਟ ਦੇ ਪੁੱਤਰ ਯੇਹੂ, ਨਿਮਸ਼ੀ ਦੇ ਪੋਤੇ ਨੇ ਯੋਰਾਮ ਦੇ ਵਿਰੁੱਧ ਸਾਜ਼ਿਸ਼ ਰਚੀ। (ਹੁਣ ਯੋਰਾਮ ਅਤੇ ਸਾਰਾ ਇਸਰਾਏਲ ਅਰਾਮ ਦੇ ਰਾਜਾ ਹਜ਼ਾਏਲ ਦੇ ਵਿਰੁੱਧ ਰਾਮੋਥ ਗਿਲਆਦ ਦੀ ਰੱਖਿਆ ਕਰ ਰਹੇ ਸਨ, 15ਪਰ ਰਾਜਾ ਯਹੋਰਾਮ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਅਰਾਮੀਆਂ ਦੇ ਜ਼ਖਮਾਂ ਤੋਂ ਠੀਕ ਹੋਣ ਲਈ ਯਿਜ਼ਰਏਲ ਵਾਪਸ ਪਰਤਿਆ ਸੀ।) ਯੇਹੂ ਨੇ ਕਿਹਾ, “ਜੇਕਰ ਤੁਸੀਂ ਮੈਨੂੰ ਰਾਜਾ ਬਣਾਉਣਾ ਚਾਹੁੰਦੇ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਤੋਂ ਬਾਹਰ ਨਾ ਜਾਣ ਦਿਓ ਅਤੇ ਯਿਜ਼ਰਏਲ ਵਿੱਚ ਖ਼ਬਰ ਸੁਣਾਓ।” 16ਤਦ ਉਹ ਆਪਣੇ ਰਥ ਵਿੱਚ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਅਰਾਮ ਕਰ ਰਿਹਾ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਉਸ ਨੂੰ ਮਿਲਣ ਗਿਆ ਸੀ।
17ਜਦੋਂ ਯਿਜ਼ਰਏਲ ਦੇ ਬੁਰਜ ਉੱਤੇ ਖੜ੍ਹੇ ਨਿਗਾਹਬਾਨ ਨੇ ਯੇਹੂ ਦੀਆਂ ਫ਼ੌਜਾਂ ਨੂੰ ਆਉਂਦੀਆਂ ਦੇਖਿਆ, ਤਾਂ ਉਸ ਨੇ ਪੁਕਾਰਿਆ, “ਮੈਂ ਕੁਝ ਫ਼ੌਜਾਂ ਨੂੰ ਆਉਂਦੀਆਂ ਦੇਖਦਾ ਹਾਂ।”
ਯਹੋਰਾਮ ਨੇ ਹੁਕਮ ਦਿੱਤਾ, “ਇੱਕ ਘੋੜ-ਸਵਾਰ ਲਿਆਓ, ਉਸਨੂੰ ਉਹਨਾਂ ਨੂੰ ਮਿਲਣ ਲਈ ਭੇਜੋ ਅਤੇ ਪੁੱਛੋ, ‘ਕੀ ਤੁਸੀਂ ਸ਼ਾਂਤੀ ਨਾਲ ਆਏ ਹੋ?’ ”
18ਘੋੜ-ਸਵਾਰ ਯੇਹੂ ਨੂੰ ਮਿਲਣ ਲਈ ਨਿਕਲਿਆ ਅਤੇ ਕਿਹਾ, “ਰਾਜੇ ਇਹ ਆਖਦੇ ਹਨ, ‘ਕੀ ਤੂੰ ਸ਼ਾਂਤੀ ਨਾਲ ਆਇਆ ਹੈ?’ ”
ਯੇਹੂ ਨੇ ਜਵਾਬ ਦਿੱਤਾ, “ਤੇਰਾ ਸ਼ਾਂਤੀ ਨਾਲ ਕੀ ਲੈਣਾ-ਦੇਣਾ ਹੈ? ਤੂੰ ਮੇਰੇ ਪਿੱਛੇ ਚੱਲ।”
ਨਿਗਾਹਬਾਨ ਨੇ ਦੱਸਿਆ, “ਦੂਤ ਉਹਨਾਂ ਕੋਲ ਪਹੁੰਚ ਗਿਆ ਹੈ, ਪਰ ਉਹ ਵਾਪਸ ਨਹੀਂ ਆ ਰਿਹਾ ਹੈ।”
19ਇਸ ਲਈ ਉਹ ਨੇ ਦੂਜੇ ਘੋੜ-ਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, “ਰਾਜਾ ਪੁੱਛਦਾ ਹੈ, ‘ਸ਼ਾਂਤੀ ਵੀ ਹੈ?’ ”
ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲ।”
20ਨਿਗਾਹਬਾਨ ਨੇ ਦੱਸਿਆ, “ਉਹ ਉਹਨਾਂ ਤੱਕ ਪਹੁੰਚ ਗਿਆ ਹੈ, ਪਰ ਉਹ ਵਾਪਸ ਵੀ ਨਹੀਂ ਆ ਰਿਹਾ ਹੈ। ਘੋੜ-ਸਵਾਰ ਚਲਾਉਣਾ ਨਿਮਸ਼ੀ ਦੇ ਪੁੱਤਰ ਯੇਹੂ ਵਰਗਾ ਹੈ, ਉਹ ਇੱਕ ਪਾਗਲ ਵਾਂਗ ਚਲਾਉਂਦਾ ਹੈ।”
21ਯਹੋਰਾਮ ਨੇ ਹੁਕਮ ਦਿੱਤਾ, “ਮੇਰੇ ਰਥ ਨੂੰ ਰੋਕੋ।” ਅਤੇ ਜਦੋਂ ਇਹ ਰੋਕਿਆ ਗਿਆ ਤਾਂ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੇਹੂ ਨੂੰ ਮਿਲਣ ਲਈ ਆਪੋ-ਆਪਣੇ ਰਥ ਵਿੱਚ ਸਵਾਰ ਹੋਏ। ਉਹ ਉਸ ਨੂੰ ਉਸ ਜ਼ਮੀਨ ਤੇ ਮਿਲੇ ਜੋ ਯਿਜ਼ਰਏਲ ਨਾਬੋਥ ਦੀ ਸੀ। 22ਜਦੋਂ ਯਹੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਉਸਨੇ ਪੁੱਛਿਆ, “ਯੇਹੂ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?”
ਯੇਹੂ ਨੇ ਜਵਾਬ ਦਿੱਤਾ, “ਜਦ ਤੱਕ ਤੁਹਾਡੀ ਮਾਤਾ ਈਜ਼ੇਬੇਲ ਦੀ ਸਾਰੀ ਮੂਰਤੀ ਪੂਜਾ ਅਤੇ ਜਾਦੂ-ਟੂਣਾ ਬਹੁਤ ਹੁੰਦਾ ਹੈ, ਸ਼ਾਂਤੀ ਕਿਵੇਂ ਹੋ ਸਕਦੀ ਹੈ?”
23ਯਹੋਰਾਮ ਪਿੱਛੇ ਮੁੜ ਕੇ ਅਹਜ਼ਯਾਹ ਨੂੰ “ਧੋਖੇਬਾਜ਼, ਅਹਜ਼ਯਾਹ” ਪੁਕਾਰਦਾ ਹੋਇਆ, ਭੱਜ ਗਿਆ।
24ਤਦ ਯੇਹੂ ਨੇ ਆਪਣਾ ਧਣੁੱਖ ਖਿੱਚਿਆ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰ ਦਿੱਤਾ। ਤੀਰ ਉਸ ਦੇ ਦਿਲ ਨੂੰ ਵਿੰਨ੍ਹ ਗਿਆ ਅਤੇ ਉਹ ਆਪਣੇ ਰੱਥ ਵਿੱਚ ਡਿੱਗ ਪਿਆ। 25ਯੇਹੂ ਨੇ ਆਪਣੇ ਰੱਥ ਦੇ ਅਧਿਕਾਰੀ ਬਿਦਕਾਰ ਨੂੰ ਕਿਹਾ, “ਉਸ ਨੂੰ ਚੁੱਕ ਕੇ ਉਸ ਖੇਤ ਵਿੱਚ ਸੁੱਟ ਦਿਓ ਜੋ ਯਿਜ਼ਰਏਲ ਨਾਬੋਥ ਦਾ ਸੀ। ਯਾਦ ਕਰੋ ਕਿ ਤੁਸੀਂ ਅਤੇ ਮੈਂ ਕਿਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਰੱਥਾਂ ਵਿੱਚ ਸਵਾਰ ਸੀ ਜਦੋਂ ਯਾਹਵੇਹ ਨੇ ਉਸ ਦੇ ਵਿਰੁੱਧ ਇਹ ਭਵਿੱਖਬਾਣੀ ਕੀਤੀ ਸੀ। 26‘ਕੱਲ੍ਹ ਮੈਂ ਨਾਬੋਥ ਦਾ ਲਹੂ ਅਤੇ ਉਸ ਦੇ ਪੁੱਤਰਾਂ ਦਾ ਲਹੂ ਦੇਖਿਆ, ਯਾਹਵੇਹ ਦਾ ਵਾਕ ਹੈ, ਮੈਂ ਤੁਹਾਨੂੰ ਇਸ ਜ਼ਮੀਨ ਤੇ ਇਸਦੀ ਕੀਮਤ ਜ਼ਰੂਰ ਦਿਆਂਗਾ, ਯਾਹਵੇਹ ਦਾ ਵਾਕ ਹੈ।’ ਹੁਣ, ਉਸ ਨੂੰ ਚੁੱਕੋ ਅਤੇ ਯਾਹਵੇਹ ਦੇ ਬਚਨ ਦੇ ਅਨੁਸਾਰ, ਉਸ ਥਾਂ ਤੇ ਸੁੱਟ ਦਿਓ।”
27ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ। 28ਉਹ ਦੇ ਸੇਵਕ ਉਸ ਨੂੰ ਰੱਥ ਉੱਤੇ ਚੜ੍ਹਾ ਕੇ ਯੇਰੂਸ਼ਲੇਮ ਵਿੱਚ ਲੈ ਗਏ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਸ ਦੀ ਕਬਰ ਵਿੱਚ ਉਸ ਦੇ ਪੁਰਖਿਆਂ ਦੇ ਨਾਲ ਦੱਬ ਦਿੱਤਾ। 29(ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਵਿੱਚ, ਅਹਜ਼ਯਾਹ ਯਹੂਦਾਹ ਦਾ ਪਾਤਸ਼ਾਹ ਬਣਿਆ ਸੀ।)
ਈਜ਼ੇਬੇਲ ਨੂੰ ਯੇਹੂ ਦੁਆਰਾ ਮਾਰਿਆ ਗਿਆ
30ਫਿਰ ਯੇਹੂ ਯਿਜ਼ਰਏਲ ਨੂੰ ਗਿਆ। ਜਦੋਂ ਈਜ਼ੇਬੇਲ ਨੇ ਇਸ ਬਾਰੇ ਸੁਣਿਆ, ਤਾਂ ਉਸਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ, ਆਪਣੇ ਵਾਲਾਂ ਦੀ ਸਜਾਵਟ ਕੀਤੀ ਅਤੇ ਖਿੜਕੀ ਤੋਂ ਬਾਹਰ ਦੇਖਿਆ। 31ਜਦੋਂ ਯੇਹੂ ਫਾਟਕ ਵਿੱਚ ਵੜਿਆ ਤਾਂ ਉਸ ਨੇ ਪੁੱਛਿਆ, “ਹੇ ਜ਼ਿਮਰੀ, ਆਪਣੇ ਸੁਆਮੀ ਦੇ ਕਾਤਲ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?”
32ਉਸਨੇ ਖਿੜਕੀ ਵੱਲ ਦੇਖਿਆ ਅਤੇ ਆਵਾਜ਼ ਦਿੱਤੀ, “ਮੇਰੇ ਪਾਸੇ ਕੌਣ ਹੈ? ਕੌਣ?” ਦੋ ਤਿੰਨ ਖੁਸਰਿਆਂ ਦੇ ਅਧਿਕਾਰੀਆਂ ਨੇ ਉਸ ਵੱਲ ਦੇਖਿਆ। 33ਯੇਹੂ ਨੇ ਕਿਹਾ, “ਉਸ ਨੂੰ ਹੇਠਾਂ ਸੁੱਟ ਦਿਓ!” ਇਸ ਲਈ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਅਤੇ ਉਸ ਦਾ ਕੁਝ ਲਹੂ ਕੰਧ ਅਤੇ ਘੋੜਿਆਂ ਉੱਤੇ ਛਿੜਕਿਆ ਜਦੋਂ ਉਹਨਾਂ ਨੇ ਉਸ ਨੂੰ ਪੈਰਾਂ ਹੇਠ ਮਿੱਧਿਆ।
34ਯੇਹੂ ਅੰਦਰ ਗਿਆ ਅਤੇ ਖਾਧਾ ਪੀਤਾ। ਉਸ ਨੇ ਕਿਹਾ, “ਉਸ ਸਰਾਪੀ ਔਰਤ ਦਾ ਧਿਆਨ ਰੱਖੋ, ਅਤੇ ਉਸ ਨੂੰ ਦਫ਼ਨਾ ਦਿਓ ਕਿਉਂਕਿ ਉਹ ਇੱਕ ਰਾਜੇ ਦੀ ਧੀ ਸੀ।” 35ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ। 36ਉਹਨਾਂ ਨੇ ਵਾਪਸ ਜਾ ਕੇ ਯੇਹੂ ਨੂੰ ਦੱਸਿਆ, ਜਿਸ ਨੇ ਆਖਿਆ, “ਇਹ ਯਾਹਵੇਹ ਦਾ ਬਚਨ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਤਿਸ਼ਬੀ ਦੇ ਰਾਹੀਂ ਬੋਲਿਆ ਸੀ: ਯਿਜ਼ਰਏਲ ਦੀ ਜ਼ਮੀਨ ਉੱਤੇ ਕੁੱਤੇ ਈਜ਼ੇਬੇਲ ਦਾ ਮਾਸ ਖਾ ਜਾਣਗੇ। 37ਈਜ਼ੇਬੇਲ ਦੀ ਲਾਸ਼ ਯਿਜ਼ਰਏਲ ਵਿੱਚ ਜ਼ਮੀਨ ਉੱਤੇ ਗੋਹੇ ਵਰਗੀ ਹੋਵੇਗੀ, ਤਾਂ ਜੋ ਕੋਈ ਇਹ ਨਾ ਕਹਿ ਸਕੇ, ‘ਇਹ ਈਜ਼ੇਬੇਲ ਹੈ।’ ”
Currently Selected:
2 ਰਾਜਿਆਂ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.