2 ਰਾਜਿਆਂ 8
8
ਸ਼ੂਨਾਮੀ ਦੀ ਧਰਤੀ ਨੂੰ ਬਹਾਲ ਕੀਤਾ ਜਾਣਾ
1ਹੁਣ ਅਲੀਸ਼ਾ ਨੇ ਉਸ ਔਰਤ ਨੂੰ ਕਿਹਾ ਸੀ ਜਿਸ ਦੇ ਪੁੱਤਰ ਨੂੰ ਉਸਨੇ ਦੁਬਾਰਾ ਜੀਉਂਦਾ ਕੀਤਾ ਸੀ, “ਆਪਣੇ ਪਰਿਵਾਰ ਸਮੇਤ ਚਲੇ ਜਾ ਅਤੇ ਜਿੱਥੇ ਵੀ ਹੋ ਸਕੇ ਕੁਝ ਦੇਰ ਠਹਿਰ ਜਾ, ਕਿਉਂਕਿ ਯਾਹਵੇਹ ਨੇ ਦੇਸ਼ ਵਿੱਚ ਇੱਕ ਕਾਲ ਦਾ ਹੁਕਮ ਦਿੱਤਾ ਹੈ ਜੋ ਸੱਤ ਸਾਲਾਂ ਤੱਕ ਰਹੇਗਾ।” 2ਔਰਤ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਜਿਵੇਂ ਪਰਮੇਸ਼ਵਰ ਦੇ ਜਨ ਨੇ ਕਿਹਾ ਸੀ। ਉਹ ਅਤੇ ਉਸ ਦਾ ਪਰਿਵਾਰ ਚਲੇ ਗਏ ਅਤੇ ਸੱਤ ਸਾਲ ਫ਼ਲਿਸਤੀਆਂ ਦੇ ਦੇਸ਼ ਵਿੱਚ ਰਹੇ।
3ਸੱਤਾਂ ਸਾਲਾਂ ਦੇ ਅੰਤ ਵਿੱਚ ਉਹ ਫ਼ਲਿਸਤੀਆਂ ਦੇ ਦੇਸ਼ ਤੋਂ ਵਾਪਸ ਆਈ ਅਤੇ ਆਪਣੇ ਘਰ ਅਤੇ ਜ਼ਮੀਨ ਲਈ ਰਾਜੇ ਕੋਲ ਬੇਨਤੀ ਕਰਨ ਗਈ। 4ਰਾਜਾ ਪਰਮੇਸ਼ਵਰ ਦੇ ਬੰਦੇ ਦੇ ਸੇਵਕ ਗੇਹਜ਼ੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਸੀ, “ਮੈਨੂੰ ਅਲੀਸ਼ਾ ਦੇ ਸਾਰੇ ਮਹਾਨ ਕੰਮਾਂ ਬਾਰੇ ਦੱਸੋ।” 5ਜਿਵੇਂ ਕਿ ਗੇਹਜ਼ੀ ਰਾਜੇ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਮੁਰਦਿਆਂ ਨੂੰ ਕਿਵੇਂ ਦੁਬਾਰਾ ਜ਼ਿੰਦਾ ਕੀਤਾ ਸੀ, ਉਹ ਔਰਤ ਜਿਸਦਾ ਪੁੱਤਰ ਅਲੀਸ਼ਾ ਨੇ ਦੁਬਾਰਾ ਜੀਉਂਦਾ ਕੀਤਾ ਸੀ, ਰਾਜੇ ਨੂੰ ਆਪਣੇ ਘਰ ਅਤੇ ਜ਼ਮੀਨ ਲਈ ਬੇਨਤੀ ਕਰਨ ਆਈ।
ਗੇਹਜ਼ੀ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਇਹ ਉਹ ਔਰਤ ਹੈ ਅਤੇ ਇਹ ਉਸ ਦਾ ਪੁੱਤਰ ਹੈ ਜਿਸਨੂੰ ਅਲੀਸ਼ਾ ਨੇ ਜਿਉਂਦਾ ਕੀਤਾ ਸੀ।” 6ਰਾਜੇ ਨੇ ਔਰਤ ਨੂੰ ਇਸ ਬਾਰੇ ਪੁੱਛਿਆ ਅਤੇ ਉਸਨੇ ਉਸਨੂੰ ਦੱਸਿਆ।
ਤਦ ਉਸ ਨੇ ਇੱਕ ਅਧਿਕਾਰੀ ਨੂੰ ਉਸ ਦੇ ਮੁਕੱਦਮੇ ਦਾ ਕੰਮ ਸੌਂਪਿਆ ਅਤੇ ਉਸ ਨੂੰ ਕਿਹਾ, “ਉਸ ਦਾ ਸਭ ਕੁਝ ਵਾਪਸ ਕਰ ਦਿਓ, ਜਿਸ ਵਿੱਚ ਉਸ ਦੇ ਦੇਸ਼ ਛੱਡਣ ਦੇ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੀ ਜ਼ਮੀਨ ਦੀ ਸਾਰੀ ਆਮਦਨ ਵੀ ਸ਼ਾਮਲ ਹੋਵੇ।”
ਹਜ਼ਾਏਲ ਦੁਆਰਾ ਬਨ-ਹਦਦ ਦਾ ਕਤਲ
7ਅਲੀਸ਼ਾ ਦੰਮਿਸ਼ਕ ਗਿਆ ਅਤੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ। ਜਦੋਂ ਰਾਜੇ ਨੂੰ ਦੱਸਿਆ ਗਿਆ, “ਪਰਮੇਸ਼ਵਰ ਦਾ ਜਨ ਇੱਥੇ ਆ ਗਿਆ ਹੈ,” 8ਰਾਜੇ ਹਜ਼ਾਏਲ ਨੂੰ ਆਖਿਆ, “ਆਪਣੇ ਨਾਲ ਇੱਕ ਤੋਹਫ਼ਾ ਲੈ ਕੇ ਪਰਮੇਸ਼ਵਰ ਦੇ ਬੰਦੇ ਨੂੰ ਮਿਲਣ ਜਾ। ਉਸ ਦੁਆਰਾ ਯਾਹਵੇਹ ਨਾਲ ਸਲਾਹ ਕਰੋ ਅਤੇ ਉਸ ਨੂੰ ਪੁੱਛੋ, ‘ਕੀ ਮੈਂ ਇਸ ਬਿਮਾਰੀ ਤੋਂ ਠੀਕ ਹੋ ਜਾਵਾਂਗਾ?’ ”
9ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੇ ਸਭ ਤੋਂ ਵਧੀਆ ਮਾਲ ਦੇ ਚਾਲੀ ਊਠ ਆਪਣੇ ਨਾਲ ਤੋਹਫ਼ੇ ਵਜੋਂ ਲੈ ਕੇ ਗਿਆ। ਜਦੋਂ ਉਹ ਉੱਥੇ ਪਹੁੰਚਿਆ ਅਤੇ ਅਲੀਸ਼ਾ ਦੇ ਸਾਮ੍ਹਣੇ ਖਲੋ ਗਿਆ, ਉਸਨੇ ਪਰਮੇਸ਼ਵਰ ਦੇ ਬੰਦੇ ਨੂੰ ਬੇਨਤੀ ਕੀਤੀ, “ਤੇਰੇ ਪੁੱਤਰ ਬਨ-ਹਦਦ, ਅਰਾਮ ਦੇ ਰਾਜੇ ਨੇ ਮੈਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕੀ ਮੈਂ ਇਸ ਬਿਮਾਰੀ ਤੋਂ ਛੁਟਕਾਰਾ ਪਾਵਾਂਗਾ?’ ”
10ਅਲੀਸ਼ਾ ਨੇ ਜਵਾਬ ਦਿੱਤਾ, “ਜਾਓ ਅਤੇ ਉਸਨੂੰ ਆਖੋ, ‘ਤੂੰ ਜ਼ਰੂਰ ਠੀਕ ਹੋ ਜਾਵੇਗਾ।’ ਫਿਰ ਵੀ, ਯਾਹਵੇਹ ਨੇ ਮੈਨੂੰ ਪ੍ਰਗਟ ਕੀਤਾ ਹੈ ਕਿ ਉਹ ਮਰ ਜਾਵੇਗਾ।” 11ਉਸ ਨੇ ਉਸ ਨੂੰ ਸਥਿਰ ਨਜ਼ਰਾਂ ਨਾਲ ਦੇਖਿਆ ਜਦੋਂ ਤੱਕ ਹਜ਼ਾਏਲ ਸ਼ਰਮਿੰਦਾ ਨਾ ਹੋ ਗਿਆ। ਤਦ ਪਰਮੇਸ਼ਵਰ ਦਾ ਜਨ ਰੋਣ ਲੱਗਾ।
12ਹਜ਼ਾਏਲ ਨੇ ਪੁੱਛਿਆ, “ਮੇਰਾ ਮਾਲਕ ਕਿਉਂ ਰੋ ਰਿਹਾ ਹੈ?”
ਉਸ ਨੇ ਉੱਤਰ ਦਿੱਤਾ, “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸਰਾਏਲੀਆਂ ਦਾ ਕੀ ਨੁਕਸਾਨ ਕਰੋਗੇ। ਤੁਸੀਂ ਉਹਨਾਂ ਦੇ ਗੜ੍ਹ ਵਾਲੇ ਸਥਾਨਾਂ ਨੂੰ ਅੱਗ ਲਾ ਦੇਵੋਂਗੇ, ਉਹਨਾਂ ਦੇ ਜਵਾਨਾਂ ਨੂੰ ਤਲਵਾਰ ਨਾਲ ਮਾਰ ਸੁੱਟੋਗੇ, ਉਹਨਾਂ ਦੇ ਛੋਟੇ ਬੱਚਿਆਂ ਨੂੰ ਜ਼ਮੀਨ ਤੇ ਸੁੱਟ ਦਿਓਗੇ ਅਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਪਾੜ ਦਿਓਗੇ।”
13ਹਜ਼ਾਏਲ ਨੇ ਕਿਹਾ, “ਤੇਰਾ ਨੌਕਰ ਇੱਕ ਮਾਮੂਲੀ ਕੁੱਤਾ, ਅਜਿਹਾ ਕਾਰਨਾਮਾ ਕਿਵੇਂ ਕਰ ਸਕਦਾ ਹੈ?”
ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਨੇ ਮੈਨੂੰ ਦਿਖਾਇਆ ਹੈ ਕਿ ਤੂੰ ਅਰਾਮ ਦਾ ਰਾਜਾ ਬਣੇਂਗਾ।”
14ਤਦ ਹਾਜ਼ਾਏਲ ਅਲੀਸ਼ਾ ਨੂੰ ਛੱਡ ਕੇ ਆਪਣੇ ਸੁਆਮੀ ਕੋਲ ਵਾਪਸ ਚਲਾ ਗਿਆ। ਜਦੋਂ ਬੇਨ-ਹਾਦਦ ਨੇ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਕਿਹਾ?” ਹਜ਼ਾਏਲ ਨੇ ਜਵਾਬ ਦਿੱਤਾ, “ਉਸ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜ਼ਰੂਰ ਠੀਕ ਹੋ ਜਾਵੋਗੇ।” 15ਪਰ ਅਗਲੇ ਦਿਨ ਉਸ ਨੇ ਇੱਕ ਮੋਟਾ ਕੱਪੜਾ ਲੈ ਕੇ ਉਸ ਨੂੰ ਪਾਣੀ ਵਿੱਚ ਭਿੱਗੋਇਆ ਅਤੇ ਰਾਜੇ ਦੇ ਮੂੰਹ ਉੱਤੇ ਵਿਛਾ ਦਿੱਤਾ ਤਾਂ ਕਿ ਉਹ ਮਰ ਗਿਆ। ਫਿਰ ਹਜ਼ਾਏਲ ਉਸ ਤੋਂ ਬਾਅਦ ਰਾਜਾ ਬਣਿਆ।
ਯਹੂਦਾਹ ਦਾ ਰਾਜਾ ਯਹੋਰਾਮ
16ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਵਿੱਚ, ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਰਾਜਾ ਸੀ, ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਨੇ ਯਹੂਦਾਹ ਦੇ ਰਾਜੇ ਵਜੋਂ ਆਪਣਾ ਰਾਜ ਸ਼ੁਰੂ ਕੀਤਾ। 17ਜਦੋਂ ਉਹ ਰਾਜਾ ਬਣਿਆ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ। 18ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ, ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਕਿਉਂਕਿ ਉਸਨੇ ਅਹਾਬ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ। ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ। 19ਫਿਰ ਵੀ ਆਪਣੇ ਸੇਵਕ ਦਾਵੀਦ ਦੀ ਖਾਤਰ, ਯਾਹਵੇਹ ਨੇ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ। ਉਸ ਨੇ ਦਾਵੀਦ ਅਤੇ ਉਸ ਦੀ ਵੰਸ਼ ਨਾਲ ਸਦਾ ਲਈ ਇੱਕ ਚਰਾਗ ਜਗਾਈ ਰੱਖਣ ਦਾ ਵਾਅਦਾ ਕੀਤਾ ਸੀ।
20ਯਹੋਰਾਮ ਦੇ ਸਮੇਂ ਵਿੱਚ, ਅਦੋਮ ਨੇ ਯਹੂਦਾਹ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣਾ ਰਾਜਾ ਸਥਾਪਿਤ ਕੀਤਾ। 21ਇਸ ਲਈ ਯੋਰਾਮ ਆਪਣੇ ਸਾਰੇ ਰਥਾਂ ਨਾਲ ਜ਼ਇਰ ਨੂੰ ਗਿਆ। ਅਜਿਹਾ ਹੋਇਆਂ ਕਿ ਉਸ ਨੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਸ ਨੂੰ ਘੇਰਿਆ ਹੋਇਆ ਸੀ, ਰਥਾਂ ਦੇ ਸਰਦਾਰਾਂ ਨੂੰ ਮਾਰਿਆ ਅਤੇ ਲੋਕ ਤੰਬੂਆਂ ਨੂੰ ਭੱਜ ਗਏ। 22ਅੱਜ ਤੱਕ ਅਦੋਮ ਯਹੂਦਾਹ ਦੇ ਵਿਰੁੱਧ ਬਗਾਵਤ ਕਰਦਾ ਰਿਹਾ ਹੈ। ਲਿਬਨਾਹ ਨੇ ਉਸੇ ਸਮੇਂ ਬਗਾਵਤ ਕੀਤੀ।
23ਯੋਰਾਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ? 24ਯੋਰਾਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਹਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।
ਯਹੂਦਾਹ ਦਾ ਰਾਜਾ ਅਹਜ਼ਯਾਹ
25ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯੋਰਾਮ ਦੇ ਬਾਰ੍ਹਵੇਂ ਵਰ੍ਹੇ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ। 26ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਇੱਕ ਸਾਲ ਯੇਰੂਸ਼ਲੇਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਥਲਯਾਹ ਸੀ, ਜੋ ਇਸਰਾਏਲ ਦੇ ਰਾਜੇ ਆਮਰੀ ਦੀ ਪੋਤੀ ਸੀ। 27ਉਸਨੇ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਚੱਲਿਆ ਅਤੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ, ਕਿਉਂਕਿ ਉਹ ਅਹਾਬ ਦੇ ਪਰਿਵਾਰ ਨਾਲ ਵਿਆਹ ਕਰਕੇ ਸੰਬੰਧਿਤ ਸੀ।
28ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜੇ ਹਜ਼ਾਏਲ ਨਾਲ ਯੁੱਧ ਕਰਨ ਲਈ ਗਿਆ। ਅਰਾਮੀਆਂ ਨੇ ਯੋਰਾਮ ਨੂੰ ਜ਼ਖਮੀ ਕਰ ਦਿੱਤਾ; 29ਇਸ ਲਈ ਰਾਜਾ ਯੋਰਾਮ ਯਿਜ਼ਰਏਲ ਨੂੰ ਵਾਪਸ ਆਇਆ ਤਾਂ ਜੋ ਅਰਾਮੀਆਂ ਨੇ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਰਾਮਾਹ ਵਿੱਚ ਉਸ ਨੂੰ ਜੋ ਜ਼ਖਮ ਦਿੱਤੇ ਸਨ, ਉਹਨਾਂ ਜ਼ਖਮਾਂ ਤੋਂ ਠੀਕ ਹੋ ਸਕੇ।
ਤਦ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਦੇਖਣ ਲਈ ਯਿਜ਼ਰਏਲ ਨੂੰ ਗਿਆ ਕਿਉਂਕਿ ਉਹ ਜ਼ਖਮੀ ਹੋ ਗਿਆ ਸੀ।
Currently Selected:
2 ਰਾਜਿਆਂ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.