2 ਰਾਜਿਆਂ 10
10
ਅਹਾਬ ਦਾ ਪਰਿਵਾਰ ਮਰਨਾ
1ਹੁਣ ਸਾਮਰਿਯਾ ਵਿੱਚ ਅਹਾਬ ਦੇ ਘਰਾਣੇ ਦੇ ਸੱਤਰ ਪੁੱਤਰ ਸਨ। ਇਸ ਲਈ ਯੇਹੂ ਨੇ ਚਿੱਠੀਆਂ ਲਿਖੀਆਂ ਅਤੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਅਧਿਕਾਰੀਆਂ ਨੂੰ, ਬਜ਼ੁਰਗਾਂ ਅਤੇ ਅਹਾਬ ਦੇ ਬੱਚਿਆਂ ਦੇ ਸਰਪ੍ਰਸਤਾਂ ਨੂੰ ਭੇਜੀਆਂ ਅਤੇ ਉਸ ਨੇ ਕਿਹਾ, 2“ਤੁਹਾਡੇ ਕੋਲ ਤੁਹਾਡੇ ਮਾਲਕ ਦੇ ਪੁੱਤਰ ਹਨ ਅਤੇ ਤੁਹਾਡੇ ਕੋਲ ਰਥ ਅਤੇ ਘੋੜੇ ਹਨ, ਇੱਕ ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਹਨ। ਹੁਣ ਜਿਵੇਂ ਹੀ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ, 3ਆਪਣੇ ਮਾਲਕ ਦੇ ਪੁੱਤਰਾਂ ਵਿੱਚੋਂ ਸਭ ਤੋਂ ਵਧੀਆ, ਸਭ ਤੋਂ ਯੋਗ ਚੁਣੋ ਅਤੇ ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ। ਫਿਰ ਆਪਣੇ ਮਾਲਕ ਦੇ ਘਰ ਲਈ ਯੁੱਧ ਕਰੋ।”
4ਪਰ ਉਹ ਘਬਰਾ ਗਏ ਅਤੇ ਬੋਲੇ, “ਜੇ ਦੋ ਰਾਜੇ ਉਸਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ?”
5ਇਸ ਲਈ ਮਹਿਲ ਦੇ ਪ੍ਰਬੰਧਕ, ਸ਼ਹਿਰ ਦੇ ਅਧਿਕਾਰੀਆਂ, ਬਜ਼ੁਰਗਾਂ ਅਤੇ ਸ਼ਹਿਰ ਦੇ ਪ੍ਰਧਾਨਾਂ ਨੇ ਯੇਹੂ ਨੂੰ ਇਹ ਸੰਦੇਸ਼ ਭੇਜਿਆ, “ਅਸੀਂ ਤੁਹਾਡੇ ਸੇਵਕ ਹਾਂ ਅਤੇ ਜੋ ਵੀ ਤੁਸੀਂ ਕਹੋਗੇ ਅਸੀਂ ਕਰਾਂਗੇ। ਅਸੀਂ ਕਿਸੇ ਨੂੰ ਰਾਜਾ ਨਹੀਂ ਨਿਯੁਕਤ ਕਰਾਂਗੇ, ਤੁਸੀਂ ਉਹੀ ਕਰਦੇ ਹੋ ਜੋ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੈ।”
6ਤਦ ਯੇਹੂ ਨੇ ਉਹਨਾਂ ਨੂੰ ਇੱਕ ਦੂਸਰੀ ਚਿੱਠੀ ਲਿਖੀ, “ਜੇਕਰ ਤੁਸੀਂ ਮੇਰੇ ਵੱਲ ਹੋ ਅਤੇ ਮੇਰੀ ਗੱਲ ਮੰਨੋਗੇ, ਤਾਂ ਆਪਣੇ ਸੁਆਮੀ ਦੇ ਪੁੱਤਰਾਂ ਦੇ ਸਿਰ ਲੈ ਕੇ ਕੱਲ੍ਹ ਇਸ ਸਮੇਂ ਤੱਕ ਯਿਜ਼ਰਏਲ ਵਿੱਚ ਮੇਰੇ ਕੋਲ ਆ ਜਾਓ।”
ਹੁਣ ਸ਼ਾਹੀ ਸਰਦਾਰ, ਉਹਨਾਂ ਵਿੱਚੋਂ ਸੱਤਰ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਦੇ ਨਾਲ ਸਨ, ਜੋ ਉਹਨਾਂ ਨੂੰ ਪਾਲਦੇ ਸਨ। 7ਜਦੋਂ ਚਿੱਠੀ ਪਹੁੰਚੀ, ਤਾਂ ਇਨ੍ਹਾਂ ਆਦਮੀਆਂ ਨੇ ਰਾਜਕੁਮਾਰਾਂ ਨੂੰ ਫੜ ਲਿਆ ਅਤੇ ਉਹਨਾਂ ਦੇ ਸਾਰੇ ਸੱਤਰ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਆਪਣੇ ਸਿਰਾਂ ਨੂੰ ਟੋਕਰੀਆਂ ਵਿੱਚ ਪਾ ਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ। 8ਜਦੋਂ ਦੂਤ ਆਇਆ, ਉਸ ਨੇ ਯੇਹੂ ਨੂੰ ਕਿਹਾ, “ਉਹ ਸਰਦਾਰਾਂ ਦੇ ਸਿਰ ਲਿਆਏ ਹਨ।”
ਤਦ ਯੇਹੂ ਨੇ ਹੁਕਮ ਦਿੱਤਾ, “ਉਹਨਾਂ ਨੂੰ ਸਵੇਰ ਤੱਕ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਦੋ ਢੇਰਾਂ ਵਿੱਚ ਰੱਖ ਦਿਓ।”
9ਅਗਲੀ ਸਵੇਰ ਯੇਹੂ ਬਾਹਰ ਗਿਆ। ਉਹ ਸਾਰੇ ਲੋਕਾਂ ਦੇ ਸਾਮ੍ਹਣੇ ਖੜ੍ਹਾ ਹੋਇਆ ਅਤੇ ਕਿਹਾ, “ਤੁਸੀਂ ਬੇਕਸੂਰ ਹੋ। ਇਹ ਮੈਂ ਹੀ ਸੀ ਜਿਸਨੇ ਆਪਣੇ ਮਾਲਕ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਨੂੰ ਮਾਰਿਆ, ਪਰ ਇਹ ਸਭ ਨੂੰ ਕਿਸਨੇ ਮਾਰਿਆ? 10ਤਾਂ ਜਾਣ ਲਵੋ ਕਿ ਅਹਾਬ ਦੇ ਘਰਾਣੇ ਦੇ ਵਿਰੁੱਧ ਇੱਕ ਵੀ ਸ਼ਬਦ ਜੋ ਯਾਹਵੇਹ ਨੇ ਬੋਲਿਆ ਹੈ ਅਸਫ਼ਲ ਨਹੀਂ ਹੋਵੇਗਾ। ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਆਪਣੇ ਸੇਵਕ ਏਲੀਯਾਹ ਦੁਆਰਾ ਘੋਸ਼ਿਤ ਕੀਤਾ ਹੈ।” 11ਇਸ ਲਈ ਯੇਹੂ ਨੇ ਯਿਜ਼ਰਏਲ ਵਿੱਚ ਅਹਾਬ ਦੇ ਘਰਾਣੇ ਦੇ ਬਾਕੀ ਸਾਰੇ ਲੋਕਾਂ ਨੂੰ ਅਤੇ ਉਸਦੇ ਸਾਰੇ ਸਰਦਾਰਾਂ, ਉਸਦੇ ਨਜ਼ਦੀਕੀ ਮਿੱਤਰਾਂ ਅਤੇ ਉਸਦੇ ਜਾਜਕਾਂ ਨੂੰ ਮਾਰ ਦਿੱਤਾ ਅਤੇ ਉਸਦੇ ਕੋਲ ਕੋਈ ਵੀ ਨਹੀਂ ਬਚਿਆ।
12ਤਦ ਯੇਹੂ ਤੁਰ ਪਿਆ ਅਤੇ ਸਾਮਰਿਯਾ ਵੱਲ ਚਲਾ ਗਿਆ। ਜਦੋਂ ਚਰਵਾਹਿਆਂ ਦੇ ਬੈਥ-ਏਕੇਦ ਸਾਥਨ ਤੇ ਆਇਆ 13ਉਹ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਪੁੱਛਿਆ, “ਤੁਸੀਂ ਕੌਣ ਹੋ?”
ਉਹਨਾਂ ਆਖਿਆ, “ਅਸੀਂ ਅਹਜ਼ਯਾਹ ਦੇ ਰਿਸ਼ਤੇਦਾਰ ਹਾਂ ਅਤੇ ਅਸੀਂ ਰਾਜੇ ਅਤੇ ਰਾਣੀ ਮਾਤਾ ਦੇ ਘਰਾਣਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਹੇਠਾਂ ਆਏ ਹਾਂ।”
14ਉਸ ਨੇ ਹੁਕਮ ਦਿੱਤਾ, “ਉਹਨਾਂ ਨੂੰ ਜ਼ਿੰਦਾ ਫੜ ਲਵੋ!” ਇਸ ਲਈ ਉਹਨਾਂ ਨੇ ਉਹਨਾਂ ਨੂੰ ਜਿਉਂਦਾ ਫੜ ਲਿਆ ਅਤੇ ਉਹਨਾਂ ਨੂੰ ਬੈਥ-ਏਕੇਦ ਦੇ ਖੂਹ ਕੋਲ ਲਗਭਗ ਬਿਆਲੀ ਮਨੁੱਖਾਂ ਨੂੰ ਵੱਢ ਸੁੱਟਿਆ, ਉਸ ਨੇ ਕਿਸੇ ਨੂੰ ਨਹੀਂ ਛੱਡਿਆ ਸੀ।
15ਉੱਥੋਂ ਚਲੇ ਜਾਣ ਤੋਂ ਬਾਅਦ, ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਉੱਤੇ ਆਇਆ, ਜੋ ਉਸਨੂੰ ਮਿਲਣ ਲਈ ਜਾ ਰਿਹਾ ਸੀ। ਯੇਹੂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਕੀ ਤੂੰ ਮੇਰੇ ਅਨੁਸਾਰ ਹੈ ਜਿਵੇਂ ਮੈਂ ਤੇਰੇ ਨਾਲ ਹਾਂ?”
ਯਹੋਨਾਦਾਬ ਨੇ ਉੱਤਰ ਦਿੱਤਾ, “ਮੈਂ ਹਾਂ।”
ਯੇਹੂ ਨੇ ਕਿਹਾ, “ਜੇ ਅਜਿਹਾ ਹੈ, ਮੈਨੂੰ ਆਪਣਾ ਹੱਥ ਦਿਓ।” ਇਸ ਤਰ੍ਹਾਂ ਉਸ ਨੇ ਕੀਤਾ ਅਤੇ ਯੇਹੂ ਨੇ ਉਸਨੂੰ ਰੱਥ ਤੇ ਚੜ੍ਹਨ ਵਿੱਚ ਸਹਾਇਤਾ ਕੀਤੀ। 16ਯੇਹੂ ਨੇ ਉਹ ਨੂੰ ਆਖਿਆ, “ਹੁਣ ਮੇਰੇ ਨਾਲ ਚੱਲ ਅਤੇ ਯਾਹਵੇਹ ਲਈ ਮੇਰਾ ਜੋਸ਼ ਵੇਖ।” ਫਿਰ ਉਹ ਯੋਨਾਦਾਬ ਨੂੰ ਆਪਣੇ ਨਾਲ ਰੱਥ ਵਿੱਚ ਲੈ ਗਿਆ।
17ਜਦੋਂ ਉਹ ਸਾਮਰਿਯਾ ਵਿੱਚ ਪਹੁੰਚਿਆ ਤਾਂ ਉਸ ਨੇ ਸਾਮਰਿਯਾ ਵਿੱਚ ਅਹਾਬ ਦੇ ਬਾਕੀ ਰਹਿੰਦੇ ਸਾਰੇ ਰਿਸ਼ਤੇਦਾਰਾਂ ਨੂੰ ਮਾਰ ਦਿੱਤਾ। ਉਹ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਇਹ ਯਾਹਵੇਹ ਦੇ ਹੁਕਮ ਦੇ ਅਨੁਸਾਰ ਜੋ ਉਸ ਨੇ ਏਲੀਯਾਹ ਦੁਆਰਾ ਬੋਲੇ ਸੀ।
ਯੇਹੂ ਵੱਲੋਂ ਬਆਲ ਦੇ ਜਾਜਕਾਂ ਨੂੰ ਮਾਰਿਆ ਜਾਣਾ
18ਤਦ ਯੇਹੂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਅਹਾਬ ਨੇ ਬਆਲ ਦੀ ਥੋੜੀ ਸੇਵਾ ਕੀਤੀ, ਯੇਹੂ ਉਸਦੀ ਜ਼ਿਆਦਾ ਸੇਵਾ ਕਰੇਗਾ। 19ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ।” ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।
20ਤਦ ਯੇਹੂ ਨੇ ਹੁਕਮ ਘੱਲਿਆ, “ਬਆਲ ਲਈ ਇੱਕ ਪਵਿੱਤਰ ਤਿਉਹਾਰ ਮਨਾਉ!” ਹਰ ਪਾਸੇ ਐਲਾਨ ਕੀਤਾ ਗਿਆ। 21ਯੇਹੂ ਨੇ ਸਾਰੇ ਇਸਰਾਏਲ ਵਿੱਚੋਂ ਬਆਲ ਦੇ ਸੇਵਕਾਂ ਨੂੰ ਬੁਲਾਇਆ। ਕੋਈ ਵੀ ਗੈਰ ਹਾਜ਼ਰ ਨਹੀਂ ਸੀ। ਉਹ ਸਾਰੇ ਬਆਲ ਦੇ ਮੰਦਰ ਵਿੱਚ ਦਾਖਲ ਹੋਏ ਅਤੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਮੰਦਰ ਪੂਰੀ ਤਰ੍ਹਾਂ ਪੁਜਾਰੀਆਂ ਨਾਲ ਭਰ ਗਿਆ। 22ਤਦ ਯੇਹੂ ਨੇ ਭੰਡਾਰ ਦਾ ਮੁਖੀਏ ਨੂੰ ਹੁਕਮ ਦਿੱਤਾ, “ਬਆਲ ਦੇ ਸੇਵਕਾਂ ਲਈ ਤਜਵੀਜ਼ ਕੀਤੇ ਕੱਪੜੇ ਲਿਆਏ ਜਾਣ।” ਫਿਰ ਉਹਨਾਂ ਦੇ ਲਈ ਕੱਪੜੇ ਲਿਆਂਦੇ ਗਏ।
23ਇਸ ਤੋਂ ਬਾਅਦ ਯੇਹੂ ਬਾਲ ਦੇ ਮੰਦਰ ਵਿੱਚ ਗਿਆ। ਰੇਕਾਬ ਦਾ ਪੁੱਤਰ ਯਹੋਨਾਦਾਬ ਵੀ ਉਸਦੇ ਨਾਲ ਸੀ। ਯੇਹੂ ਨੇ ਬਆਲ ਦੇ ਸੇਵਕਾਂ ਨੂੰ ਕਿਹਾ, “ਪੜਤਾਲ ਕਰੋ ਅਤੇ ਪਤਾ ਲਗਾਓ ਕਿ ਇੱਥੇ ਕੋਈ ਯਾਹਵੇਹ ਦੇ ਸੇਵਕ ਨਹੀਂ ਹਨ, ਪਰ ਸਿਰਫ ਬਾਲ ਦੇ ਸੇਵਕ ਹਨ।” 24ਫਿਰ ਉਹਨਾਂ ਨੇ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਯੇਹੂ ਨੇ ਇਸ ਸਮੇਂ ਲਈ ਘਰ ਦੇ ਬਾਹਰ ਅੱਸੀ ਆਦਮੀਆਂ ਨੂੰ ਚੁਣਿਆ ਸੀ ਜਿਨ੍ਹਾਂ ਨੂੰ ਇਹ ਹਿਦਾਇਤ ਦਿੱਤੀ ਗਈ ਸੀ, “ਤੁਹਾਡੇ ਵਿੱਚੋਂ ਜੋ ਕੋਈ ਇਨ੍ਹਾਂ ਆਦਮੀਆਂ ਵਿੱਚੋਂ ਕਿਸੇ ਨੂੰ, ਜਿਸ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦੇ ਰਿਹਾ ਹਾਂ, ਬਚਣ ਦਿੰਦਾ ਹੈ, ਤਾਂ ਉਹ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਅਦਾ ਕਰੇਗਾ।”
25ਤਦ ਜਿਵੇਂ ਹੀ ਯੇਹੂ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਉਸ ਨੇ ਪਹਿਰੇਦਾਰਾਂ ਅਤੇ ਸ਼ਾਹੀ ਅਧਿਕਾਰੀਆਂ ਨੂੰ ਹੁਕਮ ਦਿੱਤਾ, “ਜਾਓ ਅਤੇ ਸਾਰਿਆਂ ਨੂੰ ਮਾਰ ਦਿਓ। ਇੱਕ ਵੀ ਬਚ ਨਹੀਂ ਸਕਿਆ।” ਫਿਰ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਫਿਰ ਉਹ ਬਆਲ ਦੇਵਤਾ ਦੇ ਮੰਦਰ ਦੇ ਅੰਦਰਲੇ ਕਮਰੇ ਵਿੱਚ ਗਏ। 26ਉੱਥੋਂ ਉਹਨਾਂ ਨੇ ਬਆਲ ਦੇ ਮੰਦਰ ਦੇ ਪਵਿੱਤਰ ਥੰਮ੍ਹ ਨੂੰ ਉਖਾੜ ਸੁੱਟਿਆ, ਬਾਹਰ ਲਿਆਂਦਾ ਅਤੇ ਸਾੜ ਦਿੱਤਾ। 27ਉਹਨਾਂ ਨੇ ਬਆਲ ਦੇ ਥੰਮ੍ਹ ਦੇ ਨਾਲ-ਨਾਲ ਬਆਲ ਦੇ ਮੰਦਰ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜੋ ਅੱਜ ਤੱਕ ਪਖ਼ਾਨੇ ਵਜੋਂ ਵਰਤਿਆ ਜਾ ਰਿਹਾ ਹੈ।
28ਇਸ ਲਈ ਯੇਹੂ ਨੇ ਇਸਰਾਏਲ ਵਿੱਚ ਬਆਲ ਦੀ ਉਪਾਸਨਾ ਨੂੰ ਨਸ਼ਟ ਕਰ ਦਿੱਤਾ। 29ਪਰ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਾਏ ਸਨ, ਬੈਤਏਲ ਅਤੇ ਦਾਨ ਵਿੱਚ ਸੋਨੇ ਦੀ ਵੱਛਿਆਂ ਦੀ ਪੂਜਾ ਤੋਂ ਮੂੰਹ ਨਾ ਮੋੜਿਆ।
30ਯਾਹਵੇਹ ਨੇ ਯੇਹੂ ਨੂੰ ਕਿਹਾ, “ਕਿਉਂਕਿ ਤੂੰ ਜੋ ਕੁਝ ਮੇਰੀ ਨਿਗਾਹ ਵਿੱਚ ਠੀਕ ਹੈ, ਉਸ ਨੂੰ ਪੂਰਾ ਕਰਨ ਵਿੱਚ ਚੰਗਾ ਕੀਤਾ ਅਤੇ ਅਹਾਬ ਦੇ ਘਰਾਣੇ ਲਈ ਉਹ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਚਾਹੁੰਦਾ ਸੀ, ਇਸ ਲਈ ਤੇਰੀ ਸੰਤਾਨ ਇਸਰਾਏਲ ਦੇ ਸਿੰਘਾਸਣ ਉੱਤੇ ਚੌਥੀ ਪੀੜ੍ਹੀ ਤੱਕ ਬੈਠੇਗੀ।” 31ਤਾਂ ਵੀ ਯੇਹੂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਬਿਵਸਥਾ ਨੂੰ ਪੂਰੇ ਦਿਲ ਨਾਲ ਮੰਨਣ ਵਿੱਚ ਧਿਆਨ ਨਹੀਂ ਦਿੱਤਾ। ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
32ਉਹਨਾਂ ਦਿਨਾਂ ਵਿੱਚ ਯਾਹਵੇਹ ਨੇ ਇਸਰਾਏਲ ਦਾ ਆਕਾਰ ਘਟਾਉਣਾ ਸ਼ੁਰੂ ਕੀਤਾ। ਹਜ਼ਾਏਲ ਨੇ ਯਰਦਨ ਦੇ 33ਪੂਰਬ ਵਿੱਚ ਸਾਰੇ ਗਿਲਆਦ (ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਇਲਾਕੇ) ਵਿੱਚ, ਅਰਨੋਨ ਅਰੋਏਰ ਦੀ ਘਾਟੀ ਨੇੜੇ ਤੋਂ ਅਰੋਏਰ ਤੋਂ ਗਿਲਆਦ ਤੋਂ ਬਾਸ਼ਾਨ ਤੱਕ, ਯਰਦਨ ਦੇ ਪੂਰਬ ਵਿੱਚ ਉਹਨਾਂ ਦੇ ਸਾਰੇ ਇਲਾਕੇ ਵਿੱਚ ਇਸਰਾਏਲੀਆਂ ਨੂੰ ਜਿੱਤ ਲਿਆ।
34ਯੇਹੂ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਸਾਰੀਆਂ ਪ੍ਰਾਪਤੀਆਂ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ?
35ਯੇਹੂ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਸਾਮਰਿਯਾ ਵਿੱਚ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਯਹੋਆਹਾਜ਼ ਰਾਜਾ ਬਣਿਆ। 36ਯੇਹੂ ਨੇ ਸਾਮਰਿਯਾ ਵਿੱਚ ਇਸਰਾਏਲ ਉੱਤੇ ਅਠਾਈ ਸਾਲ ਰਾਜ ਕੀਤਾ।
Currently Selected:
2 ਰਾਜਿਆਂ 10: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.