2 ਰਾਜਿਆਂ 23
23
ਯੋਸ਼ਿਆਹ ਦਾ ਨੇਮ ਦਾ ਨਵੀਨੀਕਰਨ ਕਰਨਾ
1ਫਿਰ ਰਾਜਾ ਨੇ ਸੁਨੇਹਾ ਭੇਜ ਕੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ। 2ਉਹ ਯਹੂਦਾਹ ਦੇ ਲੋਕਾਂ, ਯੇਰੂਸ਼ਲੇਮ ਦੇ ਵਾਸੀਆਂ, ਜਾਜਕਾਂ ਅਤੇ ਨਬੀਆਂ, ਛੋਟੇ ਤੋਂ ਵੱਡੇ ਤੱਕ ਸਾਰੇ ਲੋਕਾਂ ਦੇ ਨਾਲ ਯਾਹਵੇਹ ਦੇ ਭਵਨ ਵਿੱਚ ਗਿਆ। ਉਸਨੇ ਉਹਨਾਂ ਨੂੰ ਇਕਰਾਰਨਾਮੇ ਦੀ ਪੋਥੀ ਦੇ ਸਾਰੇ ਸ਼ਬਦ ਪੜ੍ਹ ਕੇ ਸੁਣਾਏ, ਜੋ ਯਾਹਵੇਹ ਦੇ ਭਵਨ ਵਿੱਚ ਪਾਏ ਗਏ ਸਨ। 3ਰਾਜਾ ਥੰਮ੍ਹ ਦੇ ਉੱਤੇ ਖਲੋ ਗਿਆ ਅਤੇ ਉਸ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਾਹਵੇਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਾਂ, ਨਿਯਮਾਂ ਅਤੇ ਫ਼ਰਮਾਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਨਾਲੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾਂ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ।
4ਰਾਜੇ ਨੇ ਹਿਲਕੀਯਾਹ ਪ੍ਰਧਾਨ ਜਾਜਕ, ਅਗਲੇ ਦਰਜੇ ਤੇ ਜਾਜਕਾਂ ਅਤੇ ਦਰਬਾਨਾਂ ਨੂੰ ਹੁਕਮ ਦਿੱਤਾ ਕਿ ਉਹ ਬਆਲ ਅਤੇ ਅਸ਼ੇਰਾਹ ਲਈ ਬਣਾਈਆਂ ਸਾਰੀਆਂ ਵਸਤੂਆਂ ਅਤੇ ਸਾਰੇ ਤਾਰਿਆਂ ਵਾਲੀਆਂ ਤਸਵੀਰਾਂ ਨੂੰ ਯਾਹਵੇਹ ਦੇ ਭਵਨ ਵਿੱਚੋਂ ਹਟਾਉਣ। ਉਸ ਨੇ ਉਹਨਾਂ ਨੂੰ ਯੇਰੂਸ਼ਲੇਮ ਤੋਂ ਬਾਹਰ ਕਿਦਰੋਨ ਘਾਟੀ ਦੇ ਖੇਤਾਂ ਵਿੱਚ ਸਾੜ ਦਿੱਤਾ ਅਤੇ ਰਾਖ ਬੈਤਏਲ ਵਿੱਚ ਲੈ ਗਿਆ। 5ਉਸ ਨੇ ਯਹੂਦਾਹ ਦੇ ਕਸਬਿਆਂ ਦੇ ਉੱਚੇ ਸਥਾਨਾਂ ਉੱਤੇ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਲੋਕਾਂ ਉੱਤੇ ਧੂਪ ਧੁਖਾਉਣ ਲਈ ਯਹੂਦਾਹ ਦੇ ਰਾਜਿਆਂ ਦੁਆਰਾ ਨਿਯੁਕਤ ਕੀਤੇ ਗਏ ਮੂਰਤੀ-ਪੂਜਕ ਜਾਜਕਾਂ ਨੂੰ ਖਤਮ ਕਰ ਦਿੱਤਾ, ਜਿਹੜੇ ਬਆਲ, ਸੂਰਜ ਅਤੇ ਚੰਦ, ਤਾਰਾਮੰਡਲ ਅਤੇ ਸਾਰਿਆਂ ਤਾਰਿਆਂ ਲਈ ਧੂਪ ਧੁਖਾਉਂਦੇ ਸਨ। 6ਉਸ ਨੇ ਅਸ਼ੇਰਾਹ ਦੇ ਖੰਭੇ ਨੂੰ ਯਾਹਵੇਹ ਦੇ ਭਵਨ ਤੋਂ ਯੇਰੂਸ਼ਲੇਮ ਦੇ ਬਾਹਰ ਕਿਦਰੋਨ ਘਾਟੀ ਵਿੱਚ ਲਿਆਂਦਾ ਅਤੇ ਉੱਥੇ ਇਸ ਨੂੰ ਸਾੜ ਦਿੱਤਾ। ਉਸ ਨੇ ਇਸ ਦਾ ਚੂਰਾ ਬਣਾ ਦਿੱਤਾ ਅਤੇ ਆਮ ਲੋਕਾਂ ਦੀਆਂ ਕਬਰਾਂ ਉੱਤੇ ਉਹ ਧੂੜ ਖਿਲਾਰ ਦਿੱਤੀ। 7ਉਸ ਨੇ ਮਰਦ ਵੇਸਵਾ ਦੇ ਕਮਰਿਆਂ ਨੂੰ ਵੀ ਢਾਹ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ, ਉਹ ਕਮਰੇ ਜਿੱਥੇ ਔਰਤਾਂ ਅਸ਼ੇਰਾਹ ਲਈ ਬੁਣਾਈ ਕਰਦੀਆਂ ਸਨ।
8ਅਤੇ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗੇਬਾ ਤੋਂ ਲੈ ਕੇ ਬੇਰਸ਼ੇਬਾ ਤੱਕ ਉਹਨਾਂ ਸਾਰਿਆਂ ਉੱਚਿਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭ੍ਰਿਸ਼ਟ ਕਰ ਦਿੱਤਾ ਅਤੇ ਉਹ ਨੇ ਰਾਹ ਦੇ ਫਾਟਕਾਂ ਦੀਆਂ ਉਹਨਾਂ ਉੱਚਿਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਯਹੋਸ਼ੂਆ ਦੇ ਫਾਟਕ ਦੇ ਰਾਹ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾਹ ਦਿੱਤਾ। 9ਭਾਵੇਂ ਉੱਚੇ ਸਥਾਨਾਂ ਦੇ ਜਾਜਕਾਂ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੀ ਜਗਵੇਦੀ ਦੀ ਸੇਵਾ ਨਹੀਂ ਕੀਤੀ, ਪਰ ਉਹਨਾਂ ਨੇ ਆਪਣੇ ਸੰਗੀ ਜਾਜਕਾਂ ਨਾਲ ਪਤੀਰੀ ਰੋਟੀ ਖਾਧੀ।
10ਅਤੇ ਉਸ ਨੇ ਤੋਫੇਥ ਨੂੰ ਜੋ ਬੇਨ-ਹਿੰਨੋਮ ਦੀ ਵਾਦੀ ਵਿੱਚ ਹੈ ਭ੍ਰਿਸ਼ਟ ਕੀਤਾ ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲੋਕ ਦੇ ਲਈ ਅੱਗ ਵਿੱਚੋਂ ਦੀ ਨਾ ਲੰਘਾਵੇ। 11ਉਸ ਨੇ ਯਾਹਵੇਹ ਦੇ ਭਵਨ ਦੇ ਪ੍ਰਵੇਸ਼ ਦੁਆਰ ਤੋਂ ਉਹਨਾਂ ਘੋੜਿਆਂ ਨੂੰ ਹਟਾ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਸੂਰਜ ਨੂੰ ਸਮਰਪਿਤ ਕੀਤੇ ਸਨ। ਉਹ ਨਾਥਾਨ-ਮੇਲੇਕ ਨਾਮ ਦੇ ਇੱਕ ਅਧਿਕਾਰੀ ਦੇ ਕਮਰੇ ਦੇ ਕੋਲ ਕਚਹਿਰੀ ਵਿੱਚ ਸਨ। ਫਿਰ ਯੋਸ਼ੀਯਾਹ ਨੇ ਸੂਰਜ ਨੂੰ ਸਮਰਪਿਤ ਰਥਾਂ ਨੂੰ ਸਾੜ ਦਿੱਤਾ।
12ਉਸਨੇ ਉਹਨਾਂ ਜਗਵੇਦੀਆਂ ਨੂੰ ਢਾਹ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਆਹਾਜ਼ ਦੇ ਚੁਬਾਰੇ ਦੇ ਕੋਲ ਛੱਤ ਉੱਤੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਜਿਹੜੀਆਂ ਮਨੱਸ਼ੇਹ ਨੇ ਯਾਹਵੇਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ। ਉਸ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ, ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਮਲਬਾ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ। 13ਪਹਿਲਾਂ ਸ਼ਲੋਮੋਨ ਪਾਤਸ਼ਾਹ ਨੇ ਯੇਰੂਸ਼ਲੇਮ ਦੇ ਪਹਾੜੀ ਦੇ ਦੱਖਣ ਵਾਲੇ ਪਾਸੇ ਵੀ ਉੱਚੀਆਂ ਥਾਵਾਂ ਬਣਾਈਆਂ ਸਨ। ਇਹ ਇਸਰਾਏਲ ਦੇ ਰਾਜੇ ਸ਼ਲੋਮੋਨ ਦੁਆਰਾ ਸੀਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ, ਤਾਂ ਜੋ ਉਹ ਉਹਨਾਂ ਘਿਣਾਉਂਣੇ ਦੇਵਤਿਆਂ ਦੀ ਅਰਾਧਨਾ ਤੇ ਸਨਮਾਨ ਕਰ ਸਕਣ। ਪਰ ਯੋਸ਼ੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਅਰਾਧਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ। 14ਯੋਸ਼ੀਯਾਹ ਨੇ ਪਵਿੱਤਰ ਪੱਥਰਾਂ ਨੂੰ ਤੋੜ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਨੂੰ ਕੱਟ ਦਿੱਤਾ ਅਤੇ ਸਥਾਨਾਂ ਨੂੰ ਮਨੁੱਖੀ ਹੱਡੀਆਂ ਨਾਲ ਢੱਕ ਦਿੱਤਾ।
15ਇੱਥੋਂ ਤੱਕ ਕਿ ਬੈਤਏਲ ਦੀ ਜਗਵੇਦੀ, ਨੇਬਾਥ ਦੇ ਪੁੱਤਰ ਯਾਰਾਬੁਆਮ ਦੁਆਰਾ ਬਣਾਈ ਗਈ ਉੱਚੀ ਥਾਂ, ਜਿਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ, ਇੱਥੋਂ ਤੱਕ ਕਿ ਉਹ ਜਗਵੇਦੀ ਅਤੇ ਉੱਚੀ ਥਾਂ ਵੀ ਉਸ ਨੇ ਢਾਹ ਦਿੱਤੀ ਸੀ। ਉਸ ਨੇ ਉੱਚੀ ਥਾਂ ਨੂੰ ਸਾੜ ਦਿੱਤਾ ਅਤੇ ਉਸ ਨੂੰ ਪੀਹ ਨੂੰ ਚੂਰ-ਚੂਰ ਕਰ ਦਿੱਤਾ ਅਤੇ ਅਸ਼ੇਰਾਹ ਦੇ ਥੰਮ ਨੂੰ ਵੀ ਸਾੜ ਦਿੱਤਾ। 16ਅਤੇ ਜਦ ਯੋਸ਼ੀਯਾਹ ਮੁੜਿਆ ਅਰ ਉਹ ਕਬਰਾਂ ਜੋ ਪਹਾੜ ਵਿੱਚ ਸਨ ਦੇਖੀਆਂ ਤਾਂ ਉਸ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਹਨਾਂ ਨੂੰ ਸਾੜ ਕੇ ਉਸ ਨੂੰ ਭ੍ਰਿਸ਼ਟ ਕੀਤਾ। ਇਹ ਯਾਹਵੇਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ਵਰ ਦੇ ਜਨ ਨੇ ਪ੍ਰਚਾਰ ਕੀਤਾ ਜਿਸ ਨੇ ਇਸ ਵਾਰਤਾਂ ਦਾ ਵੀ ਪ੍ਰਚਾਰ ਕੀਤਾ ਸੀ।
17ਪਾਤਸ਼ਾਹ ਨੇ ਪੁੱਛਿਆ, “ਮੈਂ ਦੇਖ ਰਿਹਾ ਹਾਂ ਕਿ ਉਹ ਮਕਬਰੇ ਦਾ ਪੱਥਰ ਕੀ ਹੈ?”
ਸ਼ਹਿਰ ਦੇ ਲੋਕਾਂ ਨੇ ਆਖਿਆ, “ਇਹ ਉਸ ਪਰਮੇਸ਼ਵਰ ਦੇ ਬੰਦੇ ਦੀ ਕਬਰ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜਾ ਯਹੂਦਾਹ ਤੋਂ ਆਇਆ ਸੀ ਅਤੇ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਉਸ ਨਾਲ ਕੀਤੀਆਂ ਹਨ।”
18ਤਾਂ ਉਹ ਨੇ ਆਖਿਆ, “ਉਸ ਨੂੰ ਵਿਸ਼ਰਾਮ ਕਰਨ ਦਿਓ, ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ” ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਨਾਲ ਜੋ ਸਾਮਰਿਯਾ ਵਿੱਚ ਆਇਆ ਸੀ ਰਹਿਣ ਦਿੱਤੀਆਂ।
19ਜਿਵੇਂ ਕਿ ਉਸਨੇ ਬੈਤਏਲ ਵਿੱਚ ਕੀਤਾ ਸੀ, ਯੋਸ਼ੀਯਾਹ ਨੇ ਉਹਨਾਂ ਉੱਚੇ ਸਥਾਨਾਂ ਦੇ ਸਾਰੇ ਮੰਦਰਾਂ ਨੂੰ ਹਟਾ ਦਿੱਤਾ ਜੋ ਇਸਰਾਏਲ ਦੇ ਰਾਜਿਆਂ ਨੇ ਸਾਮਰਿਯਾ ਦੇ ਕਸਬਿਆਂ ਵਿੱਚ ਬਣਾਏ ਸਨ ਅਤੇ ਜਿਨ੍ਹਾਂ ਨੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ। 20ਯੋਸ਼ੀਯਾਹ ਨੇ ਉਹਨਾਂ ਉੱਚੀਆਂ ਥਾਵਾਂ ਦੇ ਸਾਰੇ ਜਾਜਕਾਂ ਨੂੰ ਜਗਵੇਦੀਆਂ ਉੱਤੇ ਵੱਢ ਸੁੱਟਿਆ ਅਤੇ ਉਹਨਾਂ ਉੱਤੇ ਮਨੁੱਖੀ ਹੱਡੀਆਂ ਨੂੰ ਸਾੜ ਦਿੱਤਾ। ਫਿਰ ਉਹ ਯੇਰੂਸ਼ਲੇਮ ਵਾਪਸ ਚਲਾ ਗਿਆ।
21ਰਾਜੇ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ, “ਆਪਣੇ ਯਾਹਵੇਹ ਪਰਮੇਸ਼ਵਰ ਦੇ ਲਈ ਪਸਾਹ ਦਾ ਤਿਉਹਾਰ ਮਨਾਓ, ਜਿਵੇਂ ਕਿ ਨੇਮ ਦੀ ਇਸ ਪੋਥੀ ਵਿੱਚ ਲਿਖਿਆ ਹੋਇਆ ਹੈ।” 22ਨਾ ਤਾਂ ਇਸਰਾਏਲ ਦੀ ਅਗਵਾਈ ਕਰਨ ਵਾਲੇ ਨਿਆਂਈਆਂ ਦੇ ਦਿਨਾਂ ਵਿੱਚ ਅਤੇ ਨਾ ਹੀ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹਾ ਪਸਾਹ ਮਨਾਇਆ ਗਿਆ ਸੀ। 23ਪਰ ਰਾਜਾ ਯੋਸ਼ੀਯਾਹ ਦੇ ਅਠਾਰਵੇਂ ਸਾਲ ਵਿੱਚ, ਇਹ ਪਸਾਹ ਯੇਰੂਸ਼ਲੇਮ ਵਿੱਚ ਯਾਹਵੇਹ ਲਈ ਮਨਾਇਆ ਗਿਆ ਸੀ।
24ਇਸ ਤੋਂ ਇਲਾਵਾ, ਯੋਸ਼ੀਯਾਹ ਨੇ ਮਾਧਿਅਮ ਅਤੇ ਜਾਦੂਗਰਾਂ, ਘਰੇਲੂ ਦੇਵਤਿਆਂ, ਮੂਰਤੀਆਂ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਦੇਖੇ ਗਏ ਹੋਰ ਸਾਰੀਆਂ ਘਿਣਾਉਣੀਆਂ ਚੀਜ਼ਾਂ ਨੂੰ ਹਟਾ ਦਿੱਤਾ। ਇਹ ਉਸਨੇ ਕਿਤਾਬ ਵਿੱਚ ਲਿਖੀ ਹੋਈ ਬਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਸੀ ਜੋ ਹਿਲਕੀਯਾਹ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਖੋਜਿਆ ਸੀ। 25ਨਾ ਤਾਂ ਯੋਸ਼ੀਯਾਹ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿੱਚ ਉਸ ਵਰਗਾ ਕੋਈ ਰਾਜਾ ਸੀ ਜਿਸ ਨੇ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਤਾਕਤ ਨਾਲ, ਮੋਸ਼ੇਹ ਦੇ ਸਾਰੇ ਕਾਨੂੰਨ ਦੇ ਅਨੁਸਾਰ ਯਾਹਵੇਹ ਵੱਲ ਮੁੜਿਆ ਸੀ।
26ਤਾਂ ਵੀ ਮਨੱਸ਼ੇਹ ਦੇ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਾਹਵੇਹ ਦੇ ਗੁੱਸੇ ਨੂੰ ਭੜਕਾਇਆ ਸੀ ਯਾਹਵੇਹ ਆਪਣੇ ਡਾਢੇ ਕ੍ਰੋਧ ਤੋਂ ਜਿਸ ਦੇ ਨਾਲ ਉਸ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ। 27ਇਸ ਲਈ ਯਾਹਵੇਹ ਨੇ ਕਿਹਾ, “ਮੈਂ ਯਹੂਦਾਹ ਨੂੰ ਵੀ ਆਪਣੀ ਮੌਜੂਦਗੀ ਤੋਂ ਹਟਾ ਦਿਆਂਗਾ ਜਿਵੇਂ ਮੈਂ ਇਸਰਾਏਲ ਨੂੰ ਹਟਾ ਦਿੱਤਾ ਸੀ, ਅਤੇ ਮੈਂ ਯੇਰੂਸ਼ਲੇਮ, ਜਿਸ ਸ਼ਹਿਰ ਨੂੰ ਮੈਂ ਚੁਣਿਆ ਸੀ, ਅਤੇ ਇਸ ਭਵਨ ਨੂੰ ਰੱਦ ਕਰ ਦਿਆਂਗਾ, ਜਿਸ ਬਾਰੇ ਮੈਂ ਕਿਹਾ ਸੀ, ‘ਮੇਰਾ ਨਾਮ ਉੱਥੇ ਹੋਵੇਗਾ।’ ”#23:27 1 ਰਾਜਾ 8:29
28ਯੋਸ਼ੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਨਹੀਂ ਹਨ?
29ਜਦੋਂ ਯੋਸ਼ੀਯਾਹ ਰਾਜਾ ਸੀ, ਮਿਸਰ ਦਾ ਰਾਜਾ ਫ਼ਿਰਾਊਨ ਨੇਕੋ ਅੱਸ਼ੂਰ ਦੇ ਰਾਜੇ ਦੀ ਮਦਦ ਕਰਨ ਲਈ ਫ਼ਰਾਤ ਦਰਿਆ ਉੱਤੇ ਚੜ੍ਹ ਗਿਆ। ਰਾਜਾ ਯੋਸ਼ੀਯਾਹ ਲੜਾਈ ਵਿੱਚ ਉਸ ਨੂੰ ਮਿਲਣ ਲਈ ਨਿਕਲਿਆ, ਪਰ ਨੇਕੋ ਨੇ ਉਸ ਦਾ ਸਾਹਮਣਾ ਕੀਤਾ ਅਤੇ ਮਗਿੱਦੋ ਵਿੱਚ ਉਸ ਨੂੰ ਮਾਰ ਦਿੱਤਾ। 30ਯੋਸ਼ੀਯਾਹ ਦੇ ਸੇਵਕਾਂ ਨੇ ਉਸ ਦੀ ਲਾਸ਼ ਨੂੰ ਰੱਥ ਵਿੱਚ ਮਗਿੱਦੋ ਤੋਂ ਯੇਰੂਸ਼ਲੇਮ ਲਿਆਂਦਾ ਅਤੇ ਉਸ ਨੂੰ ਉਸ ਦੀ ਕਬਰ ਵਿੱਚ ਦਫ਼ਨਾਇਆ ਅਤੇ ਦੇਸ਼ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੇ ਥਾਂ ਰਾਜਾ ਬਣਾਇਆ।
ਯਹੂਦਾਹ ਦਾ ਰਾਜਾ ਯਹੋਆਹਾਜ਼
31ਯਹੋਆਹਾਜ਼ ਤੇਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸਦਾ ਦਾ ਨਾਮ ਹਮੂਤਲ ਸੀ ਜੋ ਯਿਰਮਿਯਾਹ ਦੀ ਧੀ ਸੀ; ਉਹ ਲਿਬਨਾਹ ਨਗਰ ਤੋਂ ਸੀ। 32ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਜਿਵੇਂ ਕਿ ਉਸਦੇ ਪੁਰਖਿਆਂ ਨੇ ਕੀਤਾ ਸੀ। 33ਅਤੇ ਫ਼ਿਰਾਊਨ ਨੇਕੋ ਨੇ ਉਸ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ਼ ਵਿੱਚ ਹੈ ਕੈਦ ਕਰ ਦਿੱਤਾ ਕਿ ਉਹ ਯੇਰੂਸ਼ਲੇਮ ਵਿੱਚ ਰਾਜ ਨਾ ਕਰੇ ਅਤੇ ਉਸ ਦੇ ਦੇਸ਼ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨੇ ਦਾ ਹਰਜ਼ਾਨਾ ਲਾ ਦਿੱਤਾ। 34ਫ਼ਿਰਾਊਨ ਨੇਕੋ ਨੇ ਯੋਸ਼ੀਯਾਹ ਦੇ ਪੁੱਤਰ ਅਲਯਾਕੀਮ ਨੂੰ ਆਪਣੇ ਪਿਤਾ ਯੋਸ਼ੀਯਾਹ ਦੀ ਥਾਂ ਰਾਜਾ ਬਣਾਇਆ ਅਤੇ ਅਲਯਾਕੀਮ ਦਾ ਨਾਮ ਬਦਲ ਕੇ ਯਹੋਯਾਕੀਮ ਰੱਖ ਦਿੱਤਾ। ਪਰ ਉਹ ਯਹੋਆਹਾਜ਼ ਨੂੰ ਲੈ ਗਿਆ ਅਤੇ ਮਿਸਰ ਨੂੰ ਲੈ ਗਿਆ ਅਤੇ ਉੱਥੇ ਉਹ ਮਰ ਗਿਆ। 35ਅਤੇ ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਾਊਨ ਨੂੰ ਦੇ ਦਿੱਤਾ ਪਰ ਉਸ ਨੇ ਇਸ ਉੱਤੇ ਫ਼ਿਰਾਊਨ ਦੇ ਹੁਕਮ ਅਨੁਸਾਰ ਕਰ ਲਾ ਦਿੱਤਾ। ਉਸ ਨੇ ਦੇਸ਼ ਦੇ ਹਰ ਮਨੁੱਖ ਤੋਂ ਉਸ ਦੇ ਕਰ ਦੇ ਅਨੁਸਾਰ ਚਾਂਦੀ ਤੇ ਸੋਨਾ ਲਿਆ ਭਈ ਉਹ ਫ਼ਿਰਾਊਨ ਨੇਕੋ ਨੂੰ ਦੇਵੇ।
ਯਹੂਦਾਹ ਦਾ ਰਾਜਾ ਯਹੋਯਾਕੀਮ
36ਯਹੋਯਾਕੀਮ ਪੱਚੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਜ਼ਬੀਦਾਹ ਸੀ ਜੋ ਪਦਾਯਾਹ ਦੀ ਧੀ ਸੀ। ਉਹ ਰੁਮਾਹ ਨਗਰ ਤੋਂ ਸੀ। 37ਅਤੇ ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਜਿਵੇਂ ਕਿ ਉਸਦੇ ਪੁਰਖਿਆਂ ਨੇ ਕੀਤਾ ਸੀ।
Currently Selected:
2 ਰਾਜਿਆਂ 23: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.