Bible App logo
Search Icon

2 ਰਾਜਿਆਂ 22

22
ਬਿਵਸਥਾ ਦੀ ਪੁਸਤਕ ਦਾ ਮਿਲਣਾ
1ਯੋਸ਼ੀਯਾਹ ਅੱਠ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਇਕੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਦਿਦਾਹ ਸੀ ਜੋ ਅਦਾਯਾਹ ਦੀ ਧੀ ਸੀ। ਉਹ ਬੋਜ਼ਕਾਥ ਨਗਰ ਤੋਂ ਸੀ। 2ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਅਤੇ ਪੂਰੀ ਤਰ੍ਹਾਂ ਆਪਣੇ ਪਿਤਾ ਦਾਵੀਦ ਦੇ ਸਾਰੇ ਰਾਹਾਂ ਉੱਤੇ ਚੱਲਦਾ ਰਿਹਾ, ਨਾ ਸੱਜੇ ਅਤੇ ਨਾ ਖੱਬੇ ਪਾਸੇ ਮੁੜਿਆ।
3ਯੋਸ਼ੀਯਾਹ ਪਾਤਸ਼ਾਹ ਦੇ ਅਠਾਰਵੇਂ ਵਰ੍ਹੇ ਐਉਂ ਹੋਇਆ ਭਈ ਪਾਤਸ਼ਾਹ ਨੇ ਮਸ਼ੁੱਲਾਮ ਦੇ ਪੋਤਰੇ ਅਸਲਯਾਹ ਦੇ ਪੁੱਤਰ ਸ਼ਾਫਾਨ ਮੁਨੀਮ ਨੂੰ ਯਾਹਵੇਹ ਦੇ ਭਵਨ ਨੂੰ ਇਹ ਆਖ ਕੇ ਘੱਲਿਆ: 4“ਹਿਲਕੀਯਾਹ ਪ੍ਰਧਾਨ ਜਾਜਕ ਕੋਲ ਜਾਹ ਕਿ ਉਹ ਉਸ ਰੁਪਏ ਨੂੰ ਜੋ ਯਾਹਵੇਹ ਦੇ ਭਵਨ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ ਗਿਣੇ। 5ਕਿ ਉਹ ਉਹਨਾਂ ਨੇ ਯਾਹਵੇਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਆਦਮੀਆਂ ਨੂੰ ਸੌਂਪ ਦਿੱਤਾ ਤਾਂ ਜੋ ਉਹ ਉਹਨਾਂ ਮਜ਼ਦੂਰਾਂ ਨੂੰ ਵੀ ਦੇਣ ਜੋ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਕਰਨ ਲਈ ਯਾਹਵੇਹ ਦੇ ਭਵਨ ਵਿੱਚ ਹਨ। 6ਅਰਥਾਤ ਤਰਖਾਣ ਅਤੇ ਪੱਥਰ ਦੀ ਕੁਟਾਈ ਕਰਨ ਵਾਲਿਆਂ ਨੂੰ ਤੇ ਮਿਸਤਰੀਆਂ ਨੂੰ ਨਾਲੇ ਭਵਨ ਦੀ ਮੁਰੰਮਤ ਦੇ ਲਈ ਲੱਕੜ ਅਤੇ ਕੱਟੇ ਹੋਏ ਪੱਥਰ ਮੁੱਲ ਲੈਣ। 7ਪਰ ਉਹਨਾਂ ਨੂੰ ਉਸ ਧਨ ਦਾ ਲੇਖਾ ਦੇਣ ਦੀ ਲੋੜ ਨਹੀਂ ਹੈ ਜੋ ਉਹਨਾਂ ਨੂੰ ਸੌਂਪਿਆ ਗਿਆ ਹੈ, ਕਿਉਂਕਿ ਉਹ ਆਪਣੇ ਲੈਣ-ਦੇਣ ਵਿੱਚ ਇਮਾਨਦਾਰ ਹਨ।”
8ਪ੍ਰਧਾਨ ਜਾਜਕ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ, “ਮੈਨੂੰ ਯਾਹਵੇਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਮਿਲੀ ਹੈ।” ਉਸ ਨੇ ਉਹ ਪੋਥੀ ਸ਼ਾਫਾਨ ਨੂੰ ਦਿੱਤੀ, ਜਿਸਨੇ ਇਸਨੂੰ ਪੜ੍ਹਿਆ। 9ਤਦ ਸ਼ਾਫਾਨ ਲਿਖਾਰੀ ਰਾਜਾ ਕੋਲ ਗਿਆ ਅਤੇ ਰਾਜਾ ਨੂੰ ਇਹ ਖ਼ਬਰ ਦਿੱਤੀ ਅਤੇ ਆਖਿਆ, “ਤੁਹਾਡੇ ਦਾਸਾਂ ਨੇ ਉਹ ਪੈਸਾ ਜਿਹੜਾ ਯਾਹਵੇਹ ਦੇ ਭਵਨ ਵਿੱਚੋਂ ਇਕੱਠਾ ਕੀਤਾ ਉਹਨਾਂ ਮਜ਼ਦੂਰਾਂ ਦੇ ਹੱਥ ਵਿੱਚ ਦੇ ਦਿੱਤੀ ਜੋ ਯਾਹਵੇਹ ਦੇ ਭਵਨ ਦੀ ਦੇਖਭਾਲ ਕਰਦੇ ਹਨ।” 10ਤਦ ਸ਼ਾਫਾਨ ਮੁਨੀਮ ਨੇ ਪਾਤਸ਼ਾਹ ਨੂੰ ਦੱਸਿਆ, “ਕਿ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫੜਾਈ ਹੈ” ਅਰ ਸ਼ਾਫਾਨ ਨੇ ਉਹ ਨੂੰ ਪਾਤਸ਼ਾਹ ਦੇ ਸਾਮ੍ਹਣੇ ਪੜ੍ਹਿਆ।
11ਜਦੋਂ ਰਾਜੇ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ, ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। 12ਉਸ ਨੇ ਹਿਲਕੀਯਾਹ ਜਾਜਕ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ, ਮੀਕਾਯਾਹ ਦੇ ਪੁੱਤਰ ਅਕਬੋਰ, ਸ਼ਾਫਾਨ ਲਿਖਾਰੀ ਅਤੇ ਰਾਜਾ ਦੇ ਸੇਵਾਦਾਰ ਅਸ਼ਾਯਾਹ ਨੂੰ ਇਹ ਹੁਕਮ ਦਿੱਤਾ: 13“ਜਾਓ ਅਤੇ ਇਸ ਪੋਥੀ ਦੀਆਂ ਗੱਲਾਂ ਦੇ ਬਾਰੇ ਜੋ ਲੱਭੀ ਹੈ ਮੇਰੇ ਅਤੇ ਲੋਕਾਂ ਦੀ ਵੱਲੋਂ ਅਤੇ ਸਾਰੇ ਯਹੂਦਾਹ ਵੱਲੋਂ ਯਾਹਵੇਹ ਤੋਂ ਪੁੱਛੋ ਕਿਉਂ ਜੋ ਯਾਹਵੇਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿਉਂਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਮੰਨਿਆ ਅਤੇ ਉਨ੍ਹਾਂ ਨੇ ਉਸ ਸਭ ਦੇ ਅਨੁਸਾਰ ਨਹੀਂ ਕੀਤਾ ਜੋ ਇਸ ਵਿੱਚ ਸਾਡੇ ਬਾਰੇ ਲਿਖਿਆ ਗਿਆ ਹੈ।”
14ਸੋ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸ਼ਾਯਾਹ ਹੁਲਦਾਹ ਨਬੀਆਂ ਦੇ ਕੋਲ ਗਏ ਜੋ ਉਸ ਸ਼ੱਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਰਾ ਸੀ, ਜੋ ਬਸਤਰਾਂ ਦਾ ਰੱਖਵਾਲਾ ਸੀ। ਉਹ ਯੇਰੂਸ਼ਲੇਮ ਵਿੱਚ ਮਿਸ਼ਨਹ ਨਾਮੀ ਮੁਹੱਲੇ ਵਿੱਚ ਵੱਸਦੀ ਸੀ ਅਤੇ ਉਹਨਾਂ ਨੇ ਉਹ ਦੇ ਨਾਲ ਗੱਲਬਾਤ ਕੀਤੀ।
15ਉਸਨੇ ਉਹਨਾਂ ਨੂੰ ਕਿਹਾ, “ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਇਹ ਆਖਦਾ ਹੈ, ਉਸ ਆਦਮੀ ਨੂੰ ਦੱਸੋ ਜਿਸਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, 16‘ਯਾਹਵੇਹ ਇਹ ਆਖਦਾ ਹੈ ਕਿ ਮੈਂ ਇਸ ਸਥਾਨ ਅਤੇ ਇਸਦੇ ਲੋਕਾਂ ਉੱਤੇ ਤਬਾਹੀ ਲਿਆਵਾਂਗਾ, ਜਿਵੇਂ ਕਿ ਯਹੂਦਾਹ ਦੇ ਰਾਜੇ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 17ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਈ ਹੈ ਅਤੇ ਆਪਣੇ ਹੱਥਾਂ ਦੁਆਰਾ ਬਣਾਈਆਂ ਸਾਰੀਆਂ ਮੂਰਤੀਆਂ ਦੁਆਰਾ ਮੇਰਾ ਕ੍ਰੋਧ ਭੜਕਾਇਆ ਹੈ, ਇਸ ਲਈ ਮੇਰਾ ਕ੍ਰੋਧ ਇਸ ਸਥਾਨ ਉੱਤੇ ਭੜਕੇਗਾ ਅਤੇ ਬੁਝੇਗਾ ਨਹੀਂ।’ 18ਯਹੂਦਾਹ ਦੇ ਰਾਜੇ ਨੂੰ ਦੱਸੋ, ਜਿਸ ਨੇ ਤੁਹਾਨੂੰ ਯਾਹਵੇਹ ਤੋਂ ਪੁੱਛਣ ਲਈ ਭੇਜਿਆ ਸੀ, ‘ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਗੱਲਾਂ ਬਾਰੇ ਜਿਹੜੀਆਂ ਤੂੰ ਸੁਣੀਆਂ ਹਨ ਇਹ ਆਖਦਾ ਹੈ: 19ਕਿਉਂਕਿ ਤੁਹਾਡਾ ਦਿਲ ਜਵਾਬਦੇਹ ਸੀ ਅਤੇ ਤੁਸੀਂ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਨਿਮਰ ਕੀਤਾ ਸੀ ਜਦੋਂ ਤੁਸੀਂ ਸੁਣਿਆ ਕਿ ਮੈਂ ਇਸ ਸਥਾਨ ਅਤੇ ਇਸਦੇ ਲੋਕਾਂ ਦੇ ਵਿਰੁੱਧ ਕੀ ਬੋਲਿਆ ਹੈ। ਕਿ ਉਹ ਸਰਾਪ ਬਣ ਜਾਣਗੇ ਅਤੇ ਬਰਬਾਦ ਹੋ ਜਾਣਗੇ ਅਤੇ ਕਿਉਂਕਿ ਤੁਸੀਂ ਆਪਣੇ ਬਸਤਰ ਪਾੜ ਦਿੱਤੇ ਅਤੇ ਮੇਰੀ ਹਜ਼ੂਰੀ ਵਿੱਚ ਰੋਏ, ਯਾਹਵੇਹ ਦਾ ਵਾਕ ਹੈ, ਮੈਂ ਵੀ ਤੁਹਾਨੂੰ ਸੁਣਿਆ ਹੈ।#22:19 ਯਿਰ 29:22 20ਇਸ ਲਈ ਮੈਂ ਤੁਹਾਨੂੰ ਤੁਹਾਡੇ ਪੁਰਖਿਆਂ ਕੋਲ ਇਕੱਠਾ ਕਰਾਂਗਾ ਅਤੇ ਤੁਹਾਨੂੰ ਸ਼ਾਂਤੀ ਨਾਲ ਦਫ਼ਨਾਇਆ ਜਾਵੇਗਾ। ਤੁਹਾਡੀਆਂ ਅੱਖਾਂ ਉਸ ਸਾਰੀ ਤਬਾਹੀ ਨੂੰ ਨਹੀਂ ਦੇਖ ਸਕਣਗੀਆਂ ਜੋ ਮੈਂ ਇਸ ਸਥਾਨ ਉੱਤੇ ਲਿਆਉਣ ਜਾ ਰਿਹਾ ਹਾਂ।’ ”
ਇਸ ਲਈ ਉਹ ਉਸਦਾ ਜਵਾਬ ਰਾਜੇ ਕੋਲ ਵਾਪਸ ਲੈ ਗਏ।

Currently Selected:

2 ਰਾਜਿਆਂ 22: PCB

Highlight

Copy

Compare

Share

None

Want to have your highlights saved across all your devices? Sign up or sign in