2 ਰਾਜਿਆਂ 21
21
ਯਹੂਦਾਹ ਦਾ ਰਾਜਾ ਮਨੱਸ਼ੇਹ
1ਮਨੱਸ਼ੇਹ ਬਾਰਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਪਚਵੰਜਾ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਫ਼ਜ਼ੀਬਾਹ ਸੀ। 2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਉਹਨਾਂ ਮੂਰਤੀ-ਪੂਜਕ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਦੇਸ਼ ਵਿੱਚੋਂ ਕੱਢ ਦਿੱਤਾ ਸੀ। 3ਉਸਨੇ ਉੱਚੇ ਸਥਾਨਾਂ ਨੂੰ ਦੁਬਾਰਾ ਬਣਾਇਆ ਜੋ ਉਸਦੇ ਪਿਤਾ ਹਿਜ਼ਕੀਯਾਹ ਨੇ ਤਬਾਹ ਕਰ ਦਿੱਤੇ ਸਨ। ਉਸਨੇ ਬਆਲ ਲਈ ਜਗਵੇਦੀਆਂ ਬਣਾਈਆਂ ਅਤੇ ਅਸ਼ੇਰਾਹ ਦਾ ਇੱਕ ਥੰਮ ਬਣਾਇਆ, ਜਿਵੇਂ ਕਿ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਕੀਤਾ ਸੀ। ਉਸਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ। 4ਉਸਨੇ ਯਾਹਵੇਹ ਦੇ ਭਵਨ ਵਿੱਚ ਜਗਵੇਦੀਆਂ ਬਣਾਈਆਂ, ਜਿਨ੍ਹਾਂ ਬਾਰੇ ਯਾਹਵੇਹ ਨੇ ਕਿਹਾ ਸੀ, “ਮੈਂ ਆਪਣਾ ਨਾਮ ਯੇਰੂਸ਼ਲੇਮ ਵਿੱਚ ਰੱਖਾਂਗਾ।” 5ਯਾਹਵੇਹ ਦੇ ਭਵਨ ਦੇ ਦੋ ਵਿਹੜਿਆਂ ਵਿੱਚ, ਉਸਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਲਈ ਜਗਵੇਦੀਆਂ ਬਣਾਈਆਂ। 6ਉਸਨੇ ਆਪਣੇ ਪੁੱਤਰ ਨੂੰ ਅੱਗ ਵਿੱਚ ਬਲੀ ਚੜ੍ਹਾਇਆ, ਭਵਿੱਖ ਨੂੰ ਪਤਾ ਕਰਨ ਲਈ ਉਹ ਜਾਦੂ-ਟੂਣੇ ਕਰਦਾ ਅਤੇ ਪੁੱਛਣ ਵਾਲੇ ਆਤਮਿਆਂ ਅਤੇ ਜਾਦੂਗਰਾਂ ਨਾਲ ਵਾਸਤਾ ਰੱਖਦਾ ਸੀ। ਮਨੱਸ਼ੇਹ ਨੇ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਬੁਰਾਈ ਕੀਤੀ। ਇਸ ਕਰਕੇ ਯਾਹਵੇਹ ਦਾ ਗੁੱਸੇ ਉਸ ਉੱਤੇ ਭੜਕਿਆ।
7ਉਸਨੇ ਅਸ਼ੇਰਾਹ ਦੀ ਉੱਕਰੀ ਹੋਈ ਮੂਰਤ ਨੂੰ ਲੈ ਕੇ ਉਸ ਭਵਨ ਵਿੱਚ ਰੱਖ ਦਿੱਤਾ, ਜਿਸ ਬਾਰੇ ਯਾਹਵੇਹ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਨੂੰ ਕਿਹਾ ਸੀ, “ਇਸ ਭਵਨ ਵਿੱਚ ਅਤੇ ਯੇਰੂਸ਼ਲੇਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੀਆਂ ਸਾਰਿਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਮੈਂ ਆਪਣਾ ਨਾਮ ਸਦਾ ਲਈ ਰੱਖਾਂਗਾ। 8ਮੈਂ ਇਸਰਾਏਲੀਆਂ ਦੇ ਪੈਰਾਂ ਨੂੰ ਉਸ ਧਰਤੀ ਤੋਂ ਭਟਕਣ ਨਹੀਂ ਦਿਆਂਗਾ, ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਜੇਕਰ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਅਤੇ ਉਸ ਸਾਰੀ ਬਿਵਸਥਾ ਦੀ ਪਾਲਣਾ ਕਰਨ ਜੋ ਮੇਰੇ ਸੇਵਕ ਮੋਸ਼ੇਹ ਨੇ ਉਹਨਾਂ ਨੂੰ ਦਿੱਤੀ ਸੀ।” 9ਪਰ ਲੋਕਾਂ ਨੇ ਨਾ ਸੁਣੀ। ਮਨੱਸ਼ੇਹ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਇਸ ਲਈ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਮ੍ਹਣੇ ਤਬਾਹ ਕੀਤਾ ਸੀ।
10ਯਾਹਵੇਹ ਨੇ ਆਪਣੇ ਸੇਵਕਾਂ ਨਬੀਆਂ ਰਾਹੀਂ ਕਿਹਾ: 11“ਯਹੂਦਾਹ ਦੇ ਰਾਜੇ ਮਨੱਸ਼ੇਹ ਨੇ ਇਹ ਘਿਣਾਉਣੇ ਪਾਪ ਕੀਤੇ ਹਨ। ਉਸ ਨੇ ਅਮੋਰੀਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ ਹੈ ਜੋ ਉਸ ਤੋਂ ਪਹਿਲਾਂ ਸਨ ਅਤੇ ਯਹੂਦਾਹ ਨੂੰ ਆਪਣੀਆਂ ਮੂਰਤੀਆਂ ਨਾਲ ਪਾਪ ਵੱਲ ਲੈ ਗਿਆ। 12ਇਸ ਲਈ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਉੱਤੇ ਅਜਿਹੀ ਬਿਪਤਾ ਲਿਆਉਣ ਵਾਲਾ ਹਾਂ ਕਿ ਹਰ ਕੋਈ ਸੁਣਨ ਵਾਲੇ ਦੇ ਕੰਨ ਕੰਬ ਜਾਣਗੇ। 13ਮੈਂ ਯੇਰੂਸ਼ਲੇਮ ਉੱਪਰ ਉਹ ਮਾਪਕ ਲਕੀਰ ਖਿੱਚਾਗਾ ਜੋ ਸਾਮਰਿਯਾ ਦੇ ਖ਼ਿਲਾਫ਼ ਵਰਤੀ ਸੀ ਅਤੇ ਉਹ ਸਾਹਲ ਜੋ ਮੈਂ ਅਹਾਬ ਦੇ ਘਰ ਦੇ ਵਿਰੁੱਧ ਵਰਤੀ ਸੀ। ਮੈਂ ਯੇਰੂਸ਼ਲੇਮ ਨੂੰ ਪਲਟ ਦੇਵਾਂਗਾ ਜਿਵੇਂ ਕੋਈ ਵਿਅਕਤੀ ਭਾਂਡਾ ਪੁੰਝਕੇ ਇਸਨੂੰ ਮੂਧਾ ਮਾਰ ਦਿੰਦਾ ਹੈ। 14ਮੈਂ ਆਪਣੀ ਵਿਰਾਸਤ ਦੇ ਬਚਿਆਂ ਖੁਚਿਆਂ ਛੱਡ ਦਿਆਂਗਾ ਅਤੇ ਉਹਨਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਆਪਣੇ ਸਾਰੇ ਦੁਸ਼ਮਣਾਂ ਦੁਆਰਾ ਲੁੱਟੇ ਅਤੇ ਖਦੇੜੇ ਜਾਣਗੇ; 15ਉਹਨਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਹੈ ਅਤੇ ਉਹਨਾਂ ਦੇ ਪੁਰਖਿਆਂ ਦੇ ਮਿਸਰ ਵਿੱਚੋਂ ਨਿੱਕਲਣ ਦੇ ਦਿਨ ਤੋਂ ਅੱਜ ਦੇ ਦਿਨ ਤੱਕ ਮੇਰਾ ਕ੍ਰੋਧ ਭੜਕਾਉਣ ਵਾਲੇ ਬਣੇ।”
16ਇਸ ਤੋਂ ਇਲਾਵਾ, ਮਨੱਸ਼ੇਹ ਨੇ ਵੀ ਇੰਨਾ ਨਿਰਦੋਸ਼ ਖੂਨ ਵਹਾਇਆ ਕਿ ਉਸਨੇ ਯੇਰੂਸ਼ਲੇਮ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਭਰ ਦਿੱਤਾ। ਉਸ ਪਾਪ ਤੋਂ ਇਲਾਵਾ ਜੋ ਉਸਨੇ ਯਹੂਦਾਹ ਨੂੰ ਕਰਾਇਆ ਸੀ, ਤਾਂ ਜੋ ਉਹਨਾਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।
17ਜਿੱਥੋਂ ਤੱਕ ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਸ ਦੇ ਪਾਪ ਸਮੇਤ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ। 18ਮਨੱਸ਼ੇਹ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਨੂੰ ਉਸਦੇ ਮਹਿਲ ਦੇ ਬਾਗ, ਉਜ਼ਾ ਦੇ ਬਾਗ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।
ਯਹੂਦਾਹ ਦਾ ਰਾਜਾ ਆਮੋਨ
19ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੇਸ਼ੂਲੇਮੇਥ ਸੀ ਜੋ ਹਰੂਜ਼ ਦੀ ਧੀ ਸੀ। ਉਹ ਜੋਤਬਾਹ ਤੋਂ ਸੀ। 20ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ। 21ਉਸਨੇ ਆਪਣੇ ਪਿਤਾ ਦੇ ਤਰੀਕਿਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ, ਉਹਨਾਂ ਮੂਰਤੀਆਂ ਦੀ ਪੂਜਾ ਕੀਤੀ ਜਿਨ੍ਹਾਂ ਦੀ ਉਸਦੇ ਪਿਤਾ ਨੇ ਪੂਜਾ ਕੀਤੀ ਸੀ, ਅਤੇ ਉਹਨਾਂ ਨੂੰ ਮੱਥਾ ਟੇਕਿਆ। 22ਉਸਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਛੱਡ ਦਿੱਤਾ ਅਤੇ ਉਸਦੀ ਆਗਿਆਕਾਰੀ ਵਿੱਚ ਨਹੀਂ ਰਿਹਾ।
23ਆਮੋਨ ਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਰਾਜੇ ਦਾ ਉਸਦੇ ਮਹਿਲ ਵਿੱਚ ਕਤਲ ਕਰਵਾ ਦਿੱਤਾ। 24ਤਦ ਦੇਸ਼ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜੇ ਆਮੋਨ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਅਤੇ ਉਹਨਾਂ ਨੇ ਉਸਦੇ ਪੁੱਤਰ ਯੋਸ਼ੀਯਾਹ ਨੂੰ ਉਸਦੀ ਥਾਂ ਤੇ ਰਾਜਾ ਬਣਾਇਆ।
25ਆਮੋਨ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ। 26ਉਸਨੂੰ ਉਜ਼ਾ ਦੇ ਬਾਗ ਵਿੱਚ ਉਸਦੀ ਕਬਰ ਵਿੱਚ ਦਫ਼ਨਾਇਆ ਗਿਆ ਸੀ ਅਤੇ ਉਸ ਦਾ ਪੁੱਤਰ ਯੋਸ਼ੀਯਾਹ ਉਸ ਤੋਂ ਬਾਅਦ ਰਾਜਾ ਬਣਿਆ।
Currently Selected:
2 ਰਾਜਿਆਂ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.