2 ਰਾਜਿਆਂ 20
20
ਹਿਜ਼ਕੀਯਾਹ ਦੇ ਰੋਗ
1ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ, ਤਾਂ ਆਮੋਸ ਦਾ ਪੁੱਤਰ ਯਸ਼ਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ: ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈ ਅਤੇ ਬਚੇਂਗਾ ਨਹੀਂ।”
2ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਮੋੜਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, 3“ਅਤੇ ਆਖਿਆ, ਹੇ ਯਾਹਵੇਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ।” ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।
4ਇਸ ਤੋਂ ਪਹਿਲਾਂ ਕਿ ਯਸ਼ਾਯਾਹ ਵਿਚਕਾਰਲੇ ਦਰਬਾਰ ਤੋਂ ਬਾਹਰ ਨਿਕਲਦਾ, ਯਾਹਵੇਹ ਦਾ ਬਚਨ ਉਸ ਕੋਲ ਆਇਆ। 5“ਵਾਪਸ ਜਾ ਅਤੇ ਮੇਰੇ ਲੋਕਾਂ ਦੇ ਹਾਕਮ ਹਿਜ਼ਕੀਯਾਹ ਨੂੰ ਆਖ, ‘ਯਾਹਵੇਹ, ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੇਖੇ ਹਨ। ਮੈਂ ਤੈਨੂੰ ਚੰਗਾ ਕਰਾਂਗਾ। ਹੁਣ ਤੋਂ ਤੀਜੇ ਦਿਨ ਤੂੰ ਯਾਹਵੇਹ ਦੇ ਭਵਨ ਵਿੱਚ ਜਾਏਗਾ। 6ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ। ਮੈਂ ਆਪਣੇ ਅਤੇ ਆਪਣੇ ਸੇਵਕ ਦਾਵੀਦ ਦੀ ਖਾਤਰ ਇਸ ਸ਼ਹਿਰ ਦੀ ਰੱਖਿਆ ਕਰਾਂਗਾ।’ ”
7ਤਦ ਯਸ਼ਾਯਾਹ ਨੇ ਕਿਹਾ, “ਤੁਸੀਂ ਹੰਜੀਰਾਂ ਦੀ ਇੱਕ ਲੁਪਰੀ ਲਓ।” ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਲੇਪ ਲਗਾਇਆ ਅਤੇ ਉਹ ਠੀਕ ਹੋ ਗਿਆ।
8ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਪੁੱਛਿਆ ਸੀ, “ਇਸ ਗੱਲ ਦਾ ਕੀ ਚਿੰਨ੍ਹ ਹੋਵੇਗਾ ਕਿ ਯਾਹਵੇਹ ਮੈਨੂੰ ਠੀਕ ਕਰੇਗਾ ਅਤੇ ਮੈਂ ਹੁਣ ਤੋਂ ਤੀਜੇ ਦਿਨ ਯਾਹਵੇਹ ਦੇ ਭਵਨ ਵਿੱਚ ਜਾਵਾਂਗਾ?”
9ਯਸ਼ਾਯਾਹ ਨੇ ਜਵਾਬ ਦਿੱਤਾ, “ਇਹ ਤੇਰੇ ਲਈ ਯਾਹਵੇਹ ਦਾ ਚਿੰਨ੍ਹ ਹੈ ਕਿ ਯਾਹਵੇਹ ਉਹੀ ਕਰੇਗਾ ਜੋ ਉਸਨੇ ਵਾਅਦਾ ਕੀਤਾ ਹੈ, ਕੀ ਪਰਛਾਵਾਂ ਦਸ ਕਦਮ ਅੱਗੇ ਜਾਵੇ, ਜਾਂ ਦਸ ਕਦਮ ਪਿੱਛੇ ਮੁੜੇ?”
10ਹਿਜ਼ਕੀਯਾਹ ਨੇ ਕਿਹਾ, “ਪਰਛਾਵੇਂ ਦਾ ਦਸ ਕਦਮ ਅੱਗੇ ਜਾਣਾ ਇੱਕ ਸਧਾਰਨ ਗੱਲ ਹੈ। ਇਸ ਦੀ ਬਜਾਏ ਇਹ ਦਸ ਕਦਮ ਪਿੱਛੇ ਨੂੰ ਮੁੜੇ।”
11ਤਦ ਯਸ਼ਾਯਾਹ ਨਬੀ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਯਾਹਵੇਹ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਕਦਮ ਅਰਥਾਤ ਜਿੰਨਾਂ ਉਹ ਢੱਲ ਚੁੱਕਿਆ ਸੀ, ਉਹਨਾਂ ਪਿੱਛੇ ਮੋੜ ਦਿੱਤਾ।
ਬਾਬੇਲ ਤੋਂ ਰਾਜਦੂਤ
12ਉਸ ਸਮੇਂ ਬਾਬੇਲ ਦੇ ਰਾਜੇ ਬਲਦਾਨ ਦੇ ਪੁੱਤਰ ਮਾਰਦੁਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਤੋਹਫ਼ਾ ਭੇਜਿਆ ਕਿਉਂਕਿ ਉਸਨੇ ਹਿਜ਼ਕੀਯਾਹ ਦੀ ਬਿਮਾਰੀ ਬਾਰੇ ਸੁਣਿਆ ਸੀ। 13ਹਿਜ਼ਕੀਯਾਹ ਨੇ ਉਹਨਾਂ ਦੀ ਸੁਣੀ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਵਿਖਾਇਆ ਜੋ ਕੁਝ ਉਸਨੇ ਭੰਡਾਰਾਂ ਵਿੱਚ ਜਮਾਂ ਕੀਤਾ ਸੀ। ਚਾਂਦੀ, ਸੋਨਾ, ਮਸਾਲੇ ਅਤੇ ਜ਼ੈਤੂਨ ਦਾ ਵਧੀਆ ਤੇਲ, ਉਸਦਾ ਸਾਰਾ ਅਸਲਾ ਅਤੇ ਉਸ ਦੇ ਖ਼ਜ਼ਾਨਿਆਂ ਵਿੱਚੋਂ ਸਭ ਕੁਝ ਵਿਖਾਇਆ। ਉਸ ਦੇ ਮਹਿਲ ਵਿੱਚ ਜਾਂ ਉਸਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਹਨਾਂ ਨੂੰ ਨਾ ਦਿਖਾਇਆ ਹੋਵੇ।
14ਤਦ ਯਸ਼ਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਗਿਆ ਅਤੇ ਪੁੱਛਿਆ, “ਉਨ੍ਹਾਂ ਮਨੁੱਖਾਂ ਨੇ ਕੀ ਕਿਹਾ ਅਤੇ ਉਹ ਕਿੱਥੋਂ ਆਏ ਹਨ?”
ਹਿਜ਼ਕੀਯਾਹ ਨੇ ਜਵਾਬ ਦਿੱਤਾ, “ਉਹ ਇੱਕ ਦੂਰ ਦੇਸ਼ ਬਾਬੇਲ ਤੋਂ ਆਏ ਸਨ।”
15ਨਬੀ ਨੇ ਪੁੱਛਿਆ, “ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਦੇਖਿਆ?”
ਹਿਜ਼ਕੀਯਾਹ ਨੇ ਕਿਹਾ, “ਉਨ੍ਹਾਂ ਨੇ ਮੇਰੇ ਮਹਿਲ ਵਿੱਚ ਸਭ ਕੁਝ ਦੇਖਿਆ। ਮੇਰੇ ਖ਼ਜ਼ਾਨਿਆਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਨਹੀਂ ਦਿਖਾਇਆ।”
16ਤਦ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਯਾਹਵੇਹ ਦਾ ਬਚਨ ਸੁਣ: 17ਯਾਹਵੇਹ ਆਖਦਾ ਹੈ, ਉਹ ਸਮਾਂ ਜ਼ਰੂਰ ਆਵੇਗਾ ਜਦੋਂ ਤੇਰੇ ਮਹਿਲ ਵਿੱਚ ਹੈ ਸਭ ਕੁਝ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੋਇਆ ਹੈ, ਸਭ ਕੁਝ ਬਾਬੇਲ ਨੂੰ ਲੈ ਜਾਇਆ ਜਾਵੇਗਾ। ਕੁਝ ਵੀ ਛੱਡਿਆ ਨਹੀਂ ਜਾਵੇਗਾ। 18ਅਤੇ ਤੇਰੀ ਔਲਾਦ ਵਿੱਚੋਂ, ਤੇਰਾ ਆਪਣਾ ਮਾਸ ਅਤੇ ਲਹੂ ਜੋ ਤੇਰੇ ਲਈ ਜੰਮੇਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬੇਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ।”
19ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਆਖਿਆ, “ਯਾਹਵੇਹ ਦਾ ਬਚਨ ਜੋ ਤੂੰ ਬੋਲਿਆ ਉਹ ਚੰਗਾ ਹੈ।” ਕਿਉਂਕਿ ਉਸਨੇ ਸੋਚਿਆ, “ਕੀ ਮੇਰੇ ਜੀਵਨ ਕਾਲ ਵਿੱਚ ਸ਼ਾਂਤੀ ਅਤੇ ਸੁਰੱਖਿਆ ਨਹੀਂ ਹੋਵੇਗੀ?”
20ਹਿਜ਼ਕੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਬਾਰੇ ਅਤੇ ਉਸ ਦੀਆਂ ਸਾਰੀਆਂ ਪ੍ਰਾਪਤੀਆਂ ਅਤੇ ਉਸ ਨੇ ਤਲਾਬ ਅਤੇ ਸੁਰੰਗ ਜਿਸ ਰਾਹੀਂ ਉਹ ਸ਼ਹਿਰ ਵਿੱਚ ਪਾਣੀ ਲਿਆਇਆ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਕਿਤਾਬ ਵਿੱਚ ਲਿਖੇ ਹੋਏ ਹਨ। 21ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਮਨੱਸ਼ੇਹ ਉਸ ਤੋਂ ਬਾਅਦ ਰਾਜਾ ਬਣਿਆ।
Currently Selected:
2 ਰਾਜਿਆਂ 20: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.