2 ਰਾਜਿਆਂ 19
19
ਯੇਰੂਸ਼ਲੇਮ ਦੇ ਛੁਟਕਾਰੇ ਦੀ ਭਵਿੱਖਬਾਣੀ
1ਜਦੋਂ ਰਾਜਾ ਹਿਜ਼ਕੀਯਾਹ ਨੇ ਇਹ ਸੁਣਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਆਲੇ-ਦੁਆਲੇ ਤੱਪੜ ਲਪੇਟ ਲਿਆ ਅਤੇ ਯਾਹਵੇਹ ਦੇ ਭਵਨ ਵਿੱਚ ਗਿਆ। 2ਉਸ ਨੇ ਮਹਿਲ ਦੇ ਪ੍ਰਬੰਧਕ ਅਲਯਾਕੀਮ ਨੂੰ, ਸ਼ਬਨਾ ਸਕੱਤਰ ਨੂੰ ਅਤੇ ਪ੍ਰਧਾਨ ਜਾਜਕਾਂ ਨੂੰ, ਜੋ ਤੱਪੜ ਪਹਿਨੇ ਹੋਏ ਸਨ, ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਕੋਲ ਭੇਜਿਆ। 3ਉਨ੍ਹਾਂ ਨੇ ਉਸਨੂੰ ਕਿਹਾ, “ਹਿਜ਼ਕੀਯਾਹ ਇਹ ਆਖਦਾ ਹੈ, ਇਹ ਦਿਨ ਦੁੱਖ, ਝਿੜਕ ਅਤੇ ਸ਼ਰਮਿੰਦਗੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ। 4ਹੋ ਸਕਦਾ ਹੈ ਕਿ ਯਾਹਵੇਹ ਤੇਰਾ ਪਰਮੇਸ਼ਵਰ ਸੈਨਾਪਤੀ ਦੀਆਂ ਸਾਰੀਆਂ ਗੱਲਾਂ ਸੁਣ ਲਵੇ, ਜਿਸ ਨੂੰ ਉਸ ਦੇ ਮਾਲਕ, ਅੱਸ਼ੂਰ ਦੇ ਰਾਜੇ ਨੇ ਜਿਉਂਦੇ ਪਰਮੇਸ਼ਵਰ ਦਾ ਮਜ਼ਾਕ ਉਡਾਉਣ ਲਈ ਭੇਜਿਆ ਹੈ, ਅਤੇ ਉਹ ਉਸ ਨੂੰ ਇਨ੍ਹਾਂ ਸ਼ਬਦਾਂ ਲਈ ਝਿੜਕੇਗਾ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸੁਣੀਆਂ ਹਨ। ਇਸ ਲਈ ਬਚੇ ਹੋਏ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਅਜੇ ਵੀ ਬਚੇ ਹਨ।”
5ਜਦੋਂ ਰਾਜਾ ਹਿਜ਼ਕੀਯਾਹ ਦੇ ਅਧਿਕਾਰੀ ਯਸ਼ਾਯਾਹ ਕੋਲ ਆਏ, 6ਯਸ਼ਾਯਾਹ ਨੇ ਉਨ੍ਹਾਂ ਨੂੰ ਕਿਹਾ, “ਆਪਣੇ ਸੁਆਮੀ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬੋਲਿਆ ਹੈ, ਨਾ ਡਰੀਂ। 7ਸੁਣੋ! ਜਦੋਂ ਉਹ ਇੱਕ ਖਾਸ ਖ਼ਬਰ ਸੁਣੇਗਾ, ਮੈਂ ਉਸਨੂੰ ਉਸਦੇ ਆਪਣੇ ਦੇਸ਼ ਵਾਪਸ ਜਾਣ ਲਈ ਤਿਆਰ ਕਰਾਂਗਾ, ਅਤੇ ਉੱਥੇ ਮੈਂ ਉਸਨੂੰ ਤਲਵਾਰ ਨਾਲ ਵੱਢ ਸੁੱਟਾਂਗਾ।’ ”
8ਜਦੋਂ ਸੈਨਾਪਤੀ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼ ਛੱਡ ਗਿਆ ਹੈ, ਤਾਂ ਉਹ ਪਿੱਛੇ ਹਟ ਗਿਆ ਅਤੇ ਉਸਨੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਲੜਦਿਆਂ ਦੇਖਿਆ।
9ਹੁਣ ਸਨਹੇਰੀਬ ਨੂੰ ਖ਼ਬਰ ਮਿਲੀ ਕਿ ਕੂਸ਼#19:9 ਕੂਸ਼ ਅਰਥਾਤ: ਨੀਲ ਨਦੀ ਦਾ ਉੱਪਰਲਾ ਖੇਤਰ ਦਾ ਰਾਜਾ ਤਿਰਹਾਕਾਹ ਉਸ ਨਾਲ ਲੜਨ ਲਈ ਕੂਚ ਕਰ ਰਿਹਾ ਹੈ। ਇਸ ਲਈ ਉਸਨੇ ਦੁਬਾਰਾ ਹਿਜ਼ਕੀਯਾਹ ਕੋਲ ਇਹ ਸ਼ਬਦ ਲੈ ਕੇ ਸੰਦੇਸ਼ਵਾਹਕ ਭੇਜੇ। 10“ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ਵਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ‘ਯੇਰੂਸ਼ਲੇਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।’ 11ਤੂੰ ਜ਼ਰੂਰ ਸੁਣਿਆ ਹੋਵੇਗਾ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰੇ ਦੇਸ਼ਾਂ ਨਾਲ ਕੀ ਕੀਤਾ, ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਕੀ ਤੂੰ ਬਚ ਜਾਵੇਗਾ? 12ਕੀ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੇ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਨਾਸ ਕੀਤਾ ਸੀ, ਅਰਥਾਤ ਗੋਜ਼ਾਨ, ਹਾਰਾਨ, ਰੇਜ਼ਫ਼ ਅਤੇ ਅਦਨ ਦੇ ਲੋਕਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ, ਉਨ੍ਹਾਂ ਨੂੰ ਛੁਡਾਇਆ ਸੀ 13ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ ਰਾਜਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ?”
ਹਿਜ਼ਕੀਯਾਹ ਦੀ ਪ੍ਰਾਰਥਨਾ
14ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਤੋਂ ਚਿੱਠੀ ਪ੍ਰਾਪਤ ਕੀਤੀ ਅਤੇ ਉਸਨੂੰ ਪੜ੍ਹਿਆ। ਫਿਰ ਉਹ ਯਾਹਵੇਹ ਦੇ ਭਵਨ ਵਿੱਚ ਗਿਆ ਅਤੇ ਇਸਨੂੰ ਯਾਹਵੇਹ ਦੇ ਅੱਗੇ ਖੋਲ ਕੇ ਰੱਖ ਦਿੱਤਾ। 15ਅਤੇ ਹਿਜ਼ਕੀਯਾਹ ਨੇ ਯਾਹਵੇਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਤੂੰ ਹੀ ਧਰਤੀ ਦੇ ਸਾਰੇ ਰਾਜਾਂ ਉੱਤੇ ਪਰਮੇਸ਼ਵਰ ਹੈ। ਤੂੰ ਅਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। 16ਹੇ ਯਾਹਵੇਹ, ਆਪਣਾ ਕੰਨ ਲਾ ਅਤੇ ਸੁਣ, ਹੇ ਯਾਹਵੇਹ, ਆਪਣੀਆਂ ਅੱਖਾਂ ਖੋਲ੍ਹ, ਅਤੇ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ਵਰ ਨੂੰ ਬੋਲੀਆਂ ਮਾਰਨ ਲਈ ਆਖ ਕੇ ਘੱਲੀਆਂ ਹਨ।
17“ਹੇ ਯਾਹਵੇਹ, ਇਹ ਸੱਚ ਹੈ, ਅੱਸ਼ੂਰ ਦੇ ਰਾਜਿਆਂ ਨੇ ਇਨ੍ਹਾਂ ਕੌਮਾਂ ਅਤੇ ਉਨ੍ਹਾਂ ਦੀਆਂ ਧਰਤੀਆਂ ਨੂੰ ਬਰਬਾਦ ਕਰ ਦਿੱਤਾ ਹੈ। 18ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਸੁੱਟ ਦਿੱਤਾ ਹੈ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ, ਕਿਉਂਕਿ ਉਹ ਦੇਵਤੇ ਨਹੀਂ ਸਨ, ਸਿਰਫ ਲੱਕੜ ਅਤੇ ਪੱਥਰ ਸਨ, ਜੋ ਮਨੁੱਖਾਂ ਦੇ ਹੱਥਾਂ ਦੁਆਰਾ ਬਣਾਏ ਗਏ ਸਨ। 19ਹੁਣ ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਨੂੰ ਉਸ ਦੇ ਹੱਥੋਂ ਛੁਡਾ ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ।”
ਯਸ਼ਾਯਾਹ ਨੇ ਸਨਹੇਰੀਬ ਦੇ ਪਤਨ ਦੀ ਭਵਿੱਖਬਾਣੀ ਕੀਤੀ
20ਤਦ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਸੁਨੇਹਾ ਭੇਜਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ ਕਿ ਮੈਂ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਤੇਰੀ ਪ੍ਰਾਰਥਨਾ ਸੁਣ ਲਈ ਹੈ। 21ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਉਸ ਦੇ ਵਿਰੁੱਧ ਬੋਲਿਆ ਹੈ:
“ ‘ਸੀਯੋਨ ਦੀ ਕੁਆਰੀ ਧੀ
ਤੈਨੂੰ ਤੁੱਛ ਜਾਣਦੀ ਹੈ ਅਤੇ ਤੇਰਾ ਮਜ਼ਾਕ ਉਡਾਉਂਦੀ ਹੈ।
ਯੇਰੂਸ਼ਲੇਮ ਦੀ ਧੀ
ਆਪਣਾ ਸਿਰ ਹਿਲਾਉਂਦੀ ਹੈ ਜਦੋਂ ਤੂੰ ਭੱਜਦਾ ਹੈ।
22ਇਹ ਕੌਣ ਹੈ ਜਿਸਦਾ ਤੂੰ ਮਜ਼ਾਕ ਉਡਾਇਆ ਹੈ ਅਤੇ ਨਿੰਦਿਆ ਕੀਤੀ ਹੈ?
ਤੂੰ ਕਿਸ ਦੇ ਵਿਰੁੱਧ ਆਵਾਜ਼ ਉਠਾਈ ਹੈ
ਅਤੇ ਆਪਣੀਆਂ ਅੱਖਾਂ ਹੰਕਾਰ ਨਾਲ ਉੱਚੀਆਂ ਕੀਤੀਆਂ ਹਨ?
ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦੇ ਵਿਰੁੱਧ!
23ਆਪਣੇ ਸੰਦੇਸ਼ਵਾਹਕਾਂ ਦੁਆਰਾ
ਤੂੰ ਯਾਹਵੇਹ ਦਾ ਮਜ਼ਾਕ ਉਡਾਇਆ ਹੈ।
ਅਤੇ ਤੂੰ ਆਖਿਆ ਹੈ,
“ਆਪਣੇ ਬਹੁਤ ਸਾਰੇ ਰਥਾਂ ਨਾਲ
ਮੈਂ ਪਹਾੜਾਂ ਦੀਆਂ ਉਚਾਈਆਂ,
ਲਬਾਨੋਨ ਦੀਆਂ ਸਭ ਤੋਂ ਉਚਾਈਆਂ ਉੱਤੇ ਚੜ੍ਹਿਆ ਹਾਂ।
ਮੈਂ ਇਸ ਦੇ ਸਭ ਤੋਂ ਉੱਚੇ ਦਿਆਰ,
ਇਸ ਦੇ ਸਭ ਤੋਂ ਚੰਗੇ ਦਿਆਰ ਨੂੰ ਕੱਟ ਦਿੱਤਾ ਹੈ।
ਮੈਂ ਇਸ ਦੇ ਉੱਚੇ-ਉੱਚੇ ਹਿੱਸਿਆਂ ਅਤੇ ਟਿਕਾਣਿਆ ਤੱਕ,
ਇਸ ਦੇ ਜੰਗਲਾਂ ਵਿੱਚੋਂ ਸਭ ਤੋਂ ਵਧੀਆ ਫਲਦਾਰ ਵਾੜੀ ਵਿੱਚ ਜਾ ਪਹੁੰਚਿਆ ਹਾਂ।
24ਮੈਂ ਪਰਦੇਸਾਂ ਵਿੱਚ ਖੂਹ ਪੁੱਟੇ ਹਨ
ਅਤੇ ਉਥੋਂ ਦਾ ਪਾਣੀ ਪੀਤਾ ਹੈ।
ਆਪਣੇ ਪੈਰਾਂ ਦੀਆਂ ਤਲੀਆਂ ਨਾਲ
ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ ਹੈ।”
25“ ‘ਕੀ ਤੂੰ ਨਹੀਂ ਸੁਣਿਆ?
ਬਹੁਤ ਸਮਾਂ ਪਹਿਲਾਂ ਮੈਂ ਇਸਨੂੰ ਠਾਣ ਲਿਆ ਸੀ।
ਪੁਰਾਣੇ ਦਿਨਾਂ ਵਿੱਚ ਮੈਂ ਇਸ ਦੀ ਯੋਜਨਾ ਬਣਾਈ ਸੀ;
ਹੁਣ ਮੈਂ ਇਸ ਨੂੰ ਪੂਰਾ ਕੀਤਾ ਹੈ,
ਕਿ ਤੂੰ ਗੜ੍ਹ ਵਾਲੇ ਸ਼ਹਿਰਾਂ ਨੂੰ
ਪੱਥਰਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ।
26ਉਨ੍ਹਾਂ ਦੇ ਲੋਕ ਨਿਰਬਲ,
ਘਬਰਾ ਗਏ ਅਤੇ ਸ਼ਰਮਿੰਦਾ ਹੋਏ।
ਉਹ ਖੇਤ ਦੇ ਪੌਦਿਆਂ ਵਰਗੇ ਹਨ,
ਕੋਮਲ ਹਰੇ ਬੂਟਿਆਂ ਵਰਗੇ ਹਨ,
ਛੱਤ ਤੇ ਉੱਗਦੇ ਘਾਹ ਵਰਗੇ ਹਨ,
ਵਧਣ ਤੋਂ ਪਹਿਲਾਂ ਹੀ ਝੁਲਸ ਜਾਂਦੇ ਹਨ।
27“ ‘ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਹੋ
ਅਤੇ ਕਦੋਂ ਆਉਂਦੇ ਅਤੇ ਜਾਂਦੇ ਹੋ ਅਤੇ ਤੁਸੀਂ ਮੇਰੇ ਵਿਰੁੱਧ ਕਿਵੇਂ ਗੁੱਸੇ ਹੋ।
28ਕਿਉਂ ਜੋ ਤੇਰਾ ਮੇਰੇ ਉੱਤੇ ਗੁੱਸਾ
ਅਤੇ ਕਿਉਂਕਿ ਤੇਰੀ ਬੇਇੱਜ਼ਤੀ ਮੇਰੇ ਕੰਨਾਂ ਤੱਕ ਪਹੁੰਚ ਗਈ ਹੈ,
ਇਸ ਲਈ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ,
ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ,
ਅਤੇ ਮੈਂ ਤੁਹਾਨੂੰ ਉਸੇ ਰਾਸਤੇ ਵਾਪਸ ਕਰ ਦਿਆਂਗਾ
ਜਿਸ ਰਾਸਤੇ ਤੁਸੀਂ ਆਏ ਹੋ।’
29“ਤਦ ਹਿਜ਼ਕੀਯਾਹ ਇਹ ਤੇਰੇ ਲਈ ਨਿਸ਼ਾਨ ਹੋਵੇਗਾ:
“ਇਸ ਸਾਲ ਤੁਸੀਂ ਉਹ ਖਾਓਗੇ ਜੋ ਆਪਣੇ ਆਪ ਉੱਗਦਾ ਹੈ,
ਅਤੇ ਦੂਸਰੇ ਸਾਲ ਜੋ ਉਸ ਤੋਂ ਉੱਗਦਾ ਹੈ।
ਪਰ ਤੀਸਰੇ ਸਾਲ ਬੀਜੋ ਅਤੇ ਵੱਢੋ,
ਅੰਗੂਰੀ ਬਾਗ ਲਗਾਓ ਅਤੇ ਉਹਨਾਂ ਦਾ ਫਲ ਖਾਓ।
30ਤਦ ਉਹ ਲੋਕ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚੇ ਹੋਏ ਹਨ,
ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ।
31ਕਿਉਂ ਜੋ ਯੇਰੂਸ਼ਲੇਮ ਵਿੱਚੋਂ ਇੱਕ ਬਕੀਆ ਆਵੇਗਾ,
ਅਤੇ ਸੀਯੋਨ ਪਰਬਤ ਤੋਂ ਬਚਣ ਵਾਲਿਆਂ ਦਾ ਇੱਕ ਸਮੂਹ।
ਯਾਹਵੇਹ ਸਰਬਸ਼ਕਤੀਮਾਨ ਅਣਖ ਨਾਲ ਇਸ ਨੂੰ ਪੂਰਾ ਕਰੇਗਾ।
32“ਇਸ ਲਈ ਯਾਹਵੇਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ:
“ ‘ਉਹ ਨਾ ਇਸ ਸ਼ਹਿਰ ਵਿੱਚ ਵੜੇਗਾ
ਅਤੇ ਨਾ ਹੀ ਇੱਥੇ ਤੀਰ ਚਲਾਵੇਗਾ।
ਉਹ ਉਸ ਦੇ ਅੱਗੇ ਢਾਲ ਲੈ ਕੇ ਨਹੀਂ ਆਵੇਗਾ
ਨਾ ਉਸ ਦੇ ਵਿਰੁੱਧ ਘੇਰਾਬੰਦੀ ਕਰੇਗਾ।
33ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ;
ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ,
ਯਾਹਵੇਹ ਦਾ ਵਾਕ ਹੈ।
34ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਅਤੇ ਇਸ ਨੂੰ ਬਚਾਵਾਂਗਾ,
ਆਪਣੇ ਲਈ ਅਤੇ ਮੇਰੇ ਸੇਵਕ ਦਾਵੀਦ ਦੀ ਖਾਤਰ।’ ”
35ਉਸ ਰਾਤ ਯਾਹਵੇਹ ਦਾ ਦੂਤ ਬਾਹਰ ਨਿੱਕਲ ਕੇ ਅੱਸ਼ੂਰੀਆਂ ਡੇਰੇ ਵਿੱਚ ਗਿਆ ਅਤੇ ਇੱਕ ਲੱਖ ਪਚਾਸੀ ਹਜ਼ਾਰ ਮਨੁੱਖ ਮਾਰ ਦਿੱਤੇ। ਜਦੋਂ ਲੋਕ ਅਗਲੀ ਸਵੇਰੇ ਨੂੰ ਉੱਠੇ ਤਾਂ ਉੱਥੇ ਸਾਰੀਆਂ ਲਾਸ਼ਾਂ ਹੀ ਸਨ! 36ਇਸ ਲਈ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਡੇਰੇ ਨੂੰ ਤੋੜ ਦਿੱਤਾ ਅਤੇ ਪਿੱਛੇ ਹਟ ਗਿਆ। ਉਹ ਨੀਨਵਾਹ ਵਾਪਸ ਆਇਆ ਅਤੇ ਉੱਥੇ ਹੀ ਰਿਹਾ।
37ਇੱਕ ਦਿਨ, ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਉਸ ਦੇ ਪੁੱਤਰ ਅਦਰਾਮਮਲੇਕ ਅਤੇ ਸ਼ਰੇਜ਼ਰ ਨੇ ਉਸਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਉਹ ਅਰਾਰਾਤ ਦੇਸ਼ ਨੂੰ ਭੱਜ ਗਏ ਅਤੇ ਉਸਦਾ ਪੁੱਤਰ ਏਸਰਹਦੋਨ ਉਸ ਤੋਂ ਬਾਅਦ ਰਾਜਾ ਬਣਿਆ।
Currently Selected:
2 ਰਾਜਿਆਂ 19: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.