2 ਰਾਜਿਆਂ 18
18
ਯਹੂਦਾਹ ਦਾ ਰਾਜਾ ਹਿਜ਼ਕੀਯਾਹ
1ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤਰ ਹੋਸ਼ੇਆ ਦੇ ਤੀਜੇ ਸਾਲ ਵਿੱਚ, ਯਹੂਦਾਹ ਦੇ ਪਾਤਸ਼ਾਹ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਰਾਜ ਕਰਨ ਲੱਗਾ। 2ਜਦੋਂ ਉਹ ਪਾਤਸ਼ਾਹ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ। 3ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ। 4ਉਸਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ, ਪੱਥਰਾਂ ਨੂੰ ਤੋੜ ਦਿੱਤਾ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਢਾਹ ਦਿੱਤਾ। ਉਸ ਨੇ ਮੋਸ਼ੇਹ ਦੇ ਪਿੱਤਲ ਦੇ ਸੱਪ ਨੂੰ ਟੁਕੜੇ-ਟੁਕੜੇ ਕਰ ਦਿੱਤਾ, ਕਿਉਂਕਿ ਉਸ ਸਮੇਂ ਤੱਕ ਇਸਰਾਏਲੀ ਇਸ ਲਈ ਧੂਪ ਧੁਖਾਉਂਦੇ ਰਹੇ ਸਨ। (ਇਸ ਨੂੰ ਨੇਹੁਸ਼ਤਾਨ ਕਿਹਾ ਜਾਂਦਾ ਸੀ।)
5ਹਿਜ਼ਕੀਯਾਹ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਉੱਤੇ ਭਰੋਸਾ ਰੱਖਿਆ। ਯਹੂਦਾਹ ਦੇ ਸਾਰੇ ਰਾਜਿਆਂ ਵਿੱਚ ਉਸ ਵਰਗਾ ਕੋਈ ਨਹੀਂ ਸੀ, ਨਾ ਉਸ ਤੋਂ ਪਹਿਲਾਂ, ਨਾ ਉਸ ਤੋਂ ਬਾਅਦ। 6ਉਸ ਨੇ ਯਾਹਵੇਹ ਨੂੰ ਫੜੀ ਰੱਖਿਆ ਅਤੇ ਉਸ ਦੇ ਪਿੱਛੇ ਤੁਰਨਾ ਬੰਦ ਨਹੀਂ ਕੀਤਾ; ਉਸਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤੇ ਸਨ। 7ਅਤੇ ਯਾਹਵੇਹ ਉਸ ਦੇ ਨਾਲ ਸੀ; ਉਸ ਨੇ ਜੋ ਵੀ ਕੀਤਾ ਉਸ ਵਿੱਚ ਉਹ ਸਫ਼ਲ ਰਿਹਾ। ਉਸਨੇ ਅੱਸ਼ੂਰ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ ਅਤੇ ਉਸਦੀ ਸੇਵਾ ਨਹੀਂ ਕੀਤੀ। 8ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੱਕ ਉਸਨੇ ਗਾਜ਼ਾ ਅਤੇ ਇਸਦੇ ਖੇਤਰ ਤੱਕ ਫ਼ਲਿਸਤੀਆਂ ਨੂੰ ਹਰਾਇਆ।
9ਰਾਜਾ ਹਿਜ਼ਕੀਯਾਹ ਦੇ ਚੌਥੇ ਸਾਲ ਵਿੱਚ, ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਸਾਲ ਸੀ, ਅੱਸ਼ੂਰ ਦੇ ਰਾਜਾ ਸ਼ਾਲਮਨੇਸਰ ਨੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ। 10ਤਿੰਨ ਸਾਲਾਂ ਦੇ ਅੰਤ ਵਿੱਚ ਅੱਸ਼ੂਰੀਆਂ ਨੇ ਇਸਨੂੰ ਲੈ ਲਿਆ। ਇਵੇਂ ਸਾਮਰਿਯਾ ਉੱਤੇ ਹਿਜ਼ਕੀਯਾਹ ਦੇ ਛੇਵੇਂ ਸਾਲ ਵਿੱਚ ਜੋ ਇਸਰਾਏਲ ਦੇ ਪਾਤਸ਼ਾਹ ਹੋਸ਼ੇਆ ਦੇ ਰਾਜ ਦਾ ਨੌਵਾਂ ਸਾਲ ਸੀ, ਉੱਤੇ ਕਬਜ਼ਾ ਕਰ ਲਿਆ ਗਿਆ। 11ਅੱਸ਼ੂਰ ਦੇ ਰਾਜਾ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਗੁਲਾਮ ਬਣਾ ਕੇ ਲੈ ਗਿਆ ਅਤੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਕਸਬਿਆਂ ਵਿੱਚ ਵਸਾਇਆ। 12ਇਹ ਇਸ ਲਈ ਵਾਪਰਿਆ ਕਿਉਂਕਿ ਉਹਨਾਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ ਸੀ, ਪਰ ਉਹ ਸਭ ਜੋ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਹੁਕਮ ਦਿੱਤਾ ਸੀ, ਉਸਦੇ ਨੇਮ ਦੀ ਉਲੰਘਣਾ ਕੀਤੀ ਸੀ। ਉਹਨਾਂ ਨੇ ਨਾ ਤਾਂ ਹੁਕਮ ਸੁਣੇ ਅਤੇ ਨਾ ਹੀ ਉਹਨਾਂ ਦੀ ਪਾਲਣਾ ਕੀਤੀ।
13ਰਾਜਾ ਹਿਜ਼ਕੀਯਾਹ ਦੇ ਰਾਜ ਦੇ ਚੌਦਵੇਂ ਸਾਲ ਵਿੱਚ, ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। 14ਇਸ ਲਈ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਨੂੰ ਲਾਕੀਸ਼ ਵਿੱਚ ਇਹ ਸੰਦੇਸ਼ ਭੇਜਿਆ: “ਮੈਂ ਗਲਤ ਕੀਤਾ ਹੈ। ਮੇਰੇ ਕੋਲੋਂ ਹਟ ਜਾਓ, ਅਤੇ ਜੋ ਵੀ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ।” ਅੱਸ਼ੂਰ ਦੇ ਰਾਜੇ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਤੋਂ ਤਿੰਨ ਸੌ ਤੋੜੇ ਚਾਂਦੀ ਅਤੇ ਤੀਹ ਤੋੜੇ ਸੋਨਾ ਦਿੱਤਾ। 15ਇਸ ਲਈ ਹਿਜ਼ਕੀਯਾਹ ਨੇ ਉਸਨੂੰ ਉਹ ਸਾਰੀ ਚਾਂਦੀ ਦੇ ਦਿੱਤੀ ਜੋ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਾਈ ਗਈ ਸੀ।
16ਇਸ ਸਮੇਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਉਹ ਸੋਨਾ ਲਾਹ ਦਿੱਤਾ ਜਿਸ ਨਾਲ ਉਸਨੇ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਅਤੇ ਚੌਂਕਾਂ ਨੂੰ ਮੜ੍ਹਿਆਂ ਹੋਇਆ ਸੀ, ਅਤੇ ਇਸਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦਿੱਤਾ।
ਸੇਨਹੇਰੀਬ ਨੇ ਯੇਰੂਸ਼ਲੇਮ ਨੂੰ ਧਮਕੀ ਦਿੱਤੀ
17ਅੱਸ਼ੂਰ ਦੇ ਰਾਜੇ ਨੇ ਆਪਣੇ ਸਰਬਉੱਚ ਸੈਨਾਪਤੀ, ਆਪਣੇ ਮੁੱਖ ਅਫ਼ਸਰ ਅਤੇ ਆਪਣੇ ਖੇਤਰੀ ਸੈਨਾਪਤੀ ਨੂੰ ਵੱਡੀ ਫ਼ੌਜ ਦੇ ਨਾਲ ਲਾਕੀਸ਼ ਤੋਂ ਯੇਰੂਸ਼ਲੇਮ ਵਿੱਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਉਹ ਯੇਰੂਸ਼ਲੇਮ ਤੱਕ ਆਏ ਅਤੇ ਧੋਬੀਆਂ ਦੇ ਖੇਤ ਨੂੰ ਜਾਣ ਵਾਲੇ ਰਸਤੇ ਉੱਤੇ, ਉੱਪਰਲੇ ਤਲਾਬ ਦੇ ਪਾਣੀ ਦੇ ਕੋਲ ਰੁਕ ਗਏ। 18ਉਹਨਾਂ ਨੇ ਰਾਜੇ ਨੂੰ ਬੁਲਾਇਆ; ਅਤੇ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ, ਜੋ ਲਿਖਾਰੀ ਸੀ, ਉਹਨਾਂ ਕੋਲ ਬਾਹਰ ਆਏ।
19ਮੈਦਾਨ ਦੇ ਸੈਨਾਪਤੀ ਨੇ ਉਨ੍ਹਾਂ ਨੂੰ ਕਿਹਾ, “ਹਿਜ਼ਕੀਯਾਹ ਨੂੰ ਆਖੋ:
“ ‘ਅੱਸ਼ੂਰ ਦਾ ਰਾਜਾ ਇਹ ਆਖਦਾ ਹੈ ਕਿ ਤੂੰ ਕਿਸ ਗੱਲ ਉੱਤੇ ਭਰੋਸਾ ਰੱਖੀ ਬੈਠਾ ਹੈ? 20ਤੂੰ ਕਹਿੰਦਾ ਹੈ ਕਿ ਤੇਰੇ ਕੋਲ ਯੁੱਧ ਲਈ ਸਲਾਹ ਅਤੇ ਤਾਕਤ ਹੈ ਪਰ ਤੂੰ ਸਿਰਫ ਖਾਲੀ ਸ਼ਬਦ ਬੋਲਦਾ ਹੈ। ਤੂੰ ਕਿਸ ਉੱਤੇ ਨਿਰਭਰ ਹੈ, ਜੋ ਤੂੰ ਮੇਰੇ ਵਿਰੁੱਧ ਬਗਾਵਤ ਕਰ ਰਿਹਾ ਹੈ? 21ਵੇਖ, ਮੈਂ ਜਾਣਦਾ ਹਾਂ ਕਿ ਤੂੰ ਮਿਸਰ ਉੱਤੇ ਨਿਰਭਰ ਹੈ, ਮਿਸਰ ਦਾ ਰਾਜਾ ਫ਼ਿਰਾਊਨ ਉਹਨਾਂ ਸਾਰਿਆਂ ਲਈ ਜੋ ਉਸ ਉੱਤੇ ਨਿਰਭਰ ਹਨ, ਇੱਕ ਕਾਨੇ ਦੀ ਤਰ੍ਹਾਂ ਹੈ ਜੇ ਕੋਈ ਮਨੁੱਖ ਉਸਨੂੰ ਢਾਸਣਾ ਲਾਵੇ ਤਾਂ ਉਹ ਉਸਦੇ ਹੱਥ ਵਿੱਚ ਖੁੱਭ ਕੇ ਉਸਨੂੰ ਪਾੜ ਦੇਵੇ! 22ਪਰ ਜੇ ਤੁਸੀਂ ਮੈਨੂੰ ਆਖੋ, “ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਉੱਤੇ ਨਿਰਭਰ ਹਾਂ” ਕੀ ਉਹ ਉਹੀ ਨਹੀਂ ਹੈ ਜਿਸ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ, ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, “ਤੁਹਾਨੂੰ ਯੇਰੂਸ਼ਲੇਮ ਵਿੱਚ ਇਸ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ?”
23“ ‘ਹੁਣ ਆ, ਮੇਰੇ ਮਾਲਕ ਅੱਸ਼ੂਰ ਦੇ ਰਾਜੇ ਨਾਲ ਸਮਝੌਤਾ ਕਰ ਅਤੇ ਮੈਂ ਤੁਹਾਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੋ ਤੁਸੀਂ ਉਹਨਾਂ ਤੇ ਸਵਾਰ ਬਿਠਾ ਸਕੋ! 24ਤੂੰ ਮੇਰੇ ਸੁਆਮੀ ਦੇ ਸਭ ਤੋਂ ਛੋਟੇ ਹਾਕਮਾਂ ਵਿੱਚੋਂ ਇੱਕ ਅਧਿਕਾਰੀ ਨੂੰ ਕਿਵੇਂ ਦੂਰ ਕਰ ਸਕਦਾ ਹੈ, ਭਾਵੇਂ ਤੂੰ ਰਥਾਂ ਅਤੇ ਘੋੜ-ਸਵਾਰਾਂ ਲਈ ਮਿਸਰ ਉੱਤੇ ਨਿਰਭਰ ਹੈ? 25ਇਸ ਤੋਂ ਇਲਾਵਾ, ਕੀ ਮੈਂ ਯਾਹਵੇਹ ਤੋਂ ਬਿਨਾਂ ਇਸ ਜਗ੍ਹਾ ਤੇ ਹਮਲਾ ਕਰਨ ਅਤੇ ਤਬਾਹ ਕਰਨ ਆਇਆ ਹਾਂ? ਯਾਹਵੇਹ ਨੇ ਆਪ ਮੈਨੂੰ ਇਸ ਦੇਸ਼ ਦੇ ਵਿਰੁੱਧ ਚੜ੍ਹਾਈ ਕਰਨ ਅਤੇ ਇਸਨੂੰ ਤਬਾਹ ਕਰਨ ਲਈ ਕਿਹਾ ਹੈ।’ ”
26ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਅਤੇ ਸ਼ਬਨਾ ਅਤੇ ਯੋਆਹ ਨੇ ਸੈਨਾਪਤੀ ਨੂੰ ਆਖਿਆ, “ਕਿਰਪਾ ਕਰਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ ਅਸੀਂ ਇਸਨੂੰ ਸਮਝਦੇ ਹਾਂ। ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।”
27ਪਰ ਸੈਨਾਪਤੀ ਨੇ ਉੱਤਰ ਦਿੱਤਾ, “ਕੀ ਮੇਰੇ ਮਾਲਕ ਨੇ ਮੈਨੂੰ ਇਹ ਗੱਲਾਂ ਸਿਰਫ ਤੁਹਾਡੇ ਲਈ ਅਤੇ ਤੁਹਾਡੇ ਮਾਲਕ ਨੂੰ ਕਹਿਣ ਲਈ ਭੇਜਿਆ ਸੀ ਅਤੇ ਇਨ੍ਹਾਂ ਸ਼ਹਿਰਪਨਾਹ ਉੱਤੇ ਬੈਠੇ ਲੋਕਾਂ ਨੂੰ ਨਹੀਂ, ਜਿਨ੍ਹਾਂ ਨੂੰ ਤੁਹਾਡੇ ਨਾਲ, ਆਪਣਾ ਹੀ ਮਲ-ਮੂਤਰ ਖਾਣਾ ਅਤੇ ਪੀਣਾ ਪਵੇਗਾ?”
28ਤਦ ਸੈਨਾਪਤੀ ਨੇ ਖੜ੍ਹਾ ਹੋ ਕੇ ਇਬਰਾਨੀ ਭਾਸ਼ਾ ਵਿੱਚ ਪੁਕਾਰਿਆ, “ਅੱਸ਼ੂਰ ਦੇ ਮਹਾਨ ਰਾਜੇ ਦੀਆਂ ਗੱਲਾਂ ਸੁਣੋ! 29ਰਾਜਾ ਇਹ ਆਖਦਾ ਹੈ, ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ। ਉਹ ਤੁਹਾਨੂੰ ਮੇਰੇ ਹੱਥੋਂ ਬਚਾ ਨਹੀਂ ਸਕਦਾ। 30ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਾਹਵੇਹ ਉੱਤੇ ਤੁਹਾਡਾ ਭਰੋਸਾ ਕਰਾਵੇ, ‘ਕਿ ਯਾਹਵੇਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।’
31“ਹਿਜ਼ਕੀਯਾਹ ਦੀ ਗੱਲ ਨਾ ਸੁਣੋ। ਅੱਸ਼ੂਰ ਦਾ ਰਾਜਾ ਇਹ ਆਖਦਾ ਹੈ: ਮੇਰੇ ਨਾਲ ਸੁਲ੍ਹਾ ਕਰੋ ਅਤੇ ਮੇਰੇ ਕੋਲ ਬਾਹਰ ਆ ਜਾਓ। ਤਦ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਅੰਗੂਰੀ ਦੀ ਵੇਲ ਅਤੇ ਹੰਜੀਰ ਦੇ ਰੁੱਖ ਦਾ ਫਲ ਖਾਵੇਗਾ ਅਤੇ ਆਪਣੇ ਹੀ ਟੋਏ ਵਿੱਚੋਂ ਪਾਣੀ ਪੀਵੇਗਾ, 32ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ਼ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ਼ ਵਾਂਗੂੰ ਅਨਾਜ ਅਤੇ ਨਵੀਂ ਦਾਖ਼ਰਸ ਦਾ ਦੇਸ਼, ਰੋਟੀ ਦਾ ਦੇਸ਼ ਅਤੇ ਅੰਗੂਰੀ ਬਾਗ, ਜ਼ੈਤੂਨ ਦੇ ਰੁੱਖਾਂ ਅਤੇ ਸ਼ਹਿਦ ਦੀ ਧਰਤੀ ਦਾ ਦੇਸ਼। ਜ਼ਿੰਦਗੀ ਨੂੰ ਚੁਣੋ ਨਾ ਕਿ ਮੌਤ ਨੂੰ!
“ਹਿਜ਼ਕੀਯਾਹ ਦੀ ਗੱਲ ਨਾ ਸੁਣੋ, ਕਿਉਂਕਿ ਉਹ ਤੁਹਾਨੂੰ ਇਹ ਕਹਿ ਕੇ ਗੁਮਰਾਹ ਕਰ ਰਿਹਾ ਹੈ ਕਿ, ‘ਯਾਹਵੇਹ ਸਾਨੂੰ ਬਚਾਵੇਗਾ।’ 33ਕੀ ਕਿਸੇ ਕੌਮ ਦੇ ਦੇਵਤੇ ਨੇ ਕਦੇ ਆਪਣੀ ਧਰਤੀ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਈ ਹੈ? 34ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ, ਹੇਨਾ ਅਤੇ ਇੱਵਾਹ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ ਹੈ? 35ਇਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੀ ਧਰਤੀ ਨੂੰ ਮੇਰੇ ਤੋਂ ਬਚਾ ਸਕਿਆ ਹੈ? ਤਾਂ ਫਿਰ ਯਾਹਵੇਹ ਯੇਰੂਸ਼ਲੇਮ ਨੂੰ ਮੇਰੇ ਹੱਥੋਂ ਕਿਵੇਂ ਛੁਡਾ ਸਕਦਾ ਹੈ?”
36ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ, “ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ।”
37ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ, ਮਹਿਲ ਦੇ ਪ੍ਰਬੰਧਕ, ਸ਼ਬਨਾ ਸਕੱਤਰ ਅਤੇ ਆਸਾਫ਼ ਦਾ ਪੁੱਤਰ ਯੋਆਹ, ਆਪਣੇ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਗਿਆ ਅਤੇ ਉਸ ਨੂੰ ਉਹ ਗੱਲ ਦੱਸੀ ਜੋ ਸੈਨਾਪਤੀ ਨੇ ਆਖੀ ਸੀ।
Currently Selected:
2 ਰਾਜਿਆਂ 18: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.