Bible App logo
Search Icon

2 ਰਾਜਿਆਂ 17

17
ਹੋਸ਼ੇਆ ਇਸਰਾਏਲ ਦਾ ਆਖਰੀ ਰਾਜਾ
1ਯਹੂਦਾਹ ਦੇ ਪਾਤਸ਼ਾਹ ਆਹਾਜ਼ ਦੇ ਬਾਰ੍ਹਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਨੌਂ ਸਾਲ ਰਾਜ ਕੀਤਾ। 2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ, ਪਰ ਇਸਰਾਏਲ ਦੇ ਰਾਜਿਆਂ ਵਾਂਗ ਨਹੀਂ ਜੋ ਉਸ ਤੋਂ ਪਹਿਲਾਂ ਸਨ।
3ਅੱਸ਼ੂਰ ਦਾ ਰਾਜਾ ਸ਼ਾਲਮਨੇਸਰ ਹੋਸ਼ੇਆ ਉੱਤੇ ਹਮਲਾ ਕਰਨ ਲਈ ਆਇਆ, ਜੋ ਸ਼ਾਲਮਨੇਸਰ ਦਾ ਦਾਸ ਸੀ ਅਤੇ ਉਸ ਨੇ ਉਸ ਨੂੰ ਟੈਕਸ ਵੀ ਦਿੱਤਾ ਸੀ। 4ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗਾ ਕਿ ਹੋਸ਼ੇਆ ਇੱਕ ਗੱਦਾਰ ਸੀ, ਕਿਉਂਕਿ ਉਸਨੇ ਮਿਸਰ ਦੇ ਰਾਜੇ ਸੋਆ ਕੋਲ ਦੂਤ ਭੇਜੇ ਸਨ ਅਤੇ ਉਸਨੇ ਹੁਣ ਅੱਸ਼ੂਰ ਦੇ ਰਾਜੇ ਨੂੰ ਟੈਕਸ ਨਹੀਂ ਚੁਕਾਇਆ, ਜਿਵੇਂ ਉਹ ਹਰ ਸਾਲ ਕਰਦਾ ਸੀ। ਇਸ ਲਈ ਸ਼ਾਲਮਨੇਸਰ ਨੇ ਉਸਨੂੰ ਫੜ ਲਿਆ ਅਤੇ ਕੈਦ ਵਿੱਚ ਪਾ ਦਿੱਤਾ। 5ਅੱਸ਼ੂਰ ਦੇ ਰਾਜਾ ਨੇ ਸਾਮਰਿਯਾ ਦੇ ਵਿਰੁੱਧ ਕੂਚ ਕੀਤਾ ਅਤੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ, ਅਤੇ ਤਿੰਨ ਸਾਲਾਂ ਤੱਕ ਉਸਨੂੰ ਘੇਰਾ ਪਾ ਰੱਖਿਆ। 6ਹੋਸ਼ੇਆ ਦੇ ਨੌਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਇਸਰਾਏਲੀਆਂ ਨੂੰ ਅੱਸ਼ੂਰ ਵਿੱਚ ਭੇਜ ਦਿੱਤਾ। ਉਸ ਨੇ ਉਹਨਾਂ ਨੂੰ ਹਲਾਹ ਵਿੱਚ, ਹਾਬੋਰ ਨਦੀ ਦੇ ਕੰਢੇ ਗੋਜ਼ਾਨ ਵਿੱਚ ਅਤੇ ਮਾਦੀਆਂ ਦੇ ਨਗਰਾਂ ਵਿੱਚ ਵਸਾਇਆ।
ਪਾਪ ਦੇ ਕਾਰਨ ਇਸਰਾਏਲ ਦੀ ਗੁਲਾਮੀ
7ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਇਸਰਾਏਲੀਆਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ, ਜਿਸ ਨੇ ਉਹਨਾਂ ਨੂੰ ਮਿਸਰ ਦੇ ਰਾਜੇ ਫ਼ਿਰਾਊਨ ਦੇ ਰਾਜ ਵਿੱਚੋਂ ਬਾਹਰ ਕੱਢਿਆ ਸੀ। ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ 8ਅਤੇ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੀ ਪਾਲਣਾ ਕਰਦੇ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਤੋਂ ਪਹਿਲਾਂ ਕੱਢ ਦਿੱਤਾ ਸੀ, ਅਤੇ ਨਾਲ ਹੀ ਉਹਨਾਂ ਰੀਤਾਂ ਦੀ ਪਾਲਣਾ ਕੀਤੀ ਜੋ ਇਸਰਾਏਲ ਦੇ ਰਾਜਿਆਂ ਨੇ ਸ਼ੁਰੂ ਕੀਤੀਆਂ ਸਨ। 9ਇਸਰਾਏਲੀਆਂ ਨੇ ਗੁਪਤ ਰੂਪ ਵਿੱਚ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਸਹੀ ਨਹੀਂ ਸਨ। ਪਹਿਰੇਦਾਰਾਂ ਤੋਂ ਲੈ ਕੇ ਕਿਲਾਬੰਦ ਸ਼ਹਿਰ ਥੱਕ ਕੇ ਉਹਨਾਂ ਨੇ ਆਪਣੇ ਸਾਰੇ ਕਸਬਿਆਂ ਵਿੱਚ ਉੱਚੇ ਸਥਾਨ ਬਣਾਏ। 10ਉਹਨਾਂ ਨੇ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਪਵਿੱਤਰ ਪੱਥਰ ਅਤੇ ਅਸ਼ੇਰਾਹ ਦੇ ਥੰਮ੍ਹ ਖੜੇ ਕੀਤੇ। 11ਉਹਨਾਂ ਨੇ ਹਰ ਉੱਚੇ ਸਥਾਨ ਤੇ ਧੂਪ ਧੁਖਾਈ, ਜਿਵੇਂ ਕਿ ਉਹਨਾਂ ਕੌਮਾਂ ਨੂੰ ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਤੋਂ ਪਹਿਲਾਂ ਕੱਢ ਦਿੱਤਾ ਸੀ। ਉਹਨਾਂ ਨੇ ਭੈੜੇ ਕੰਮ ਕੀਤੇ ਜਿਨ੍ਹਾਂ ਨੇ ਯਾਹਵੇਹ ਦਾ ਕ੍ਰੋਧ ਭੜਕਾਇਆ। 12ਉਹ ਮੂਰਤੀਆਂ ਦੀ ਪੂਜਾ ਕਰਦੇ ਸਨ, ਹਾਲਾਂਕਿ ਯਾਹਵੇਹ ਨੇ ਕਿਹਾ ਸੀ, “ਤੁਸੀਂ ਅਜਿਹਾ ਨਾ ਕਰਨ।”#17:12 ਕੂਚ 20:4 13ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਆਪਣੇ ਸਾਰੇ ਨਬੀਆਂ ਅਤੇ ਪੈਗੰਬਰਾਂ ਰਾਹੀਂ ਚੇਤਾਵਨੀ ਦਿੱਤੀ, “ਆਪਣੇ ਬੁਰੇ ਰਾਹਾਂ ਤੋਂ ਮੁੜੋ ਨਾਲੇ ਮੇਰੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰੋ, ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦਾ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ ਅਤੇ ਜੋ ਮੈਂ ਆਪਣੇ ਸੇਵਕਾਂ ਨਬੀਆਂ ਰਾਹੀਂ ਤੁਹਾਨੂੰ ਸੌਂਪਿਆ ਸੀ।”
14ਤਾਂ ਵੀ ਉਹਨਾਂ ਨੇ ਕੰਨ ਨਾ ਲਾਇਆ ਸਗੋਂ ਆਪਣੇ ਪਿਉ-ਦਾਦਿਆਂ ਵਾਂਗ ਜਿਨ੍ਹਾਂ ਯਾਹਵੇਹ ਆਪਣੇ ਪਰਮੇਸ਼ਵਰ ਤੇ ਨਿਹਚਾ ਨਾ ਕੀਤੀ ਸਗੋਂ ਢੀਠ ਹੋ ਗਏ। 15ਉਹਨਾਂ ਨੇ ਉਸ ਦੇ ਹੁਕਮਾਂ ਨੂੰ ਅਤੇ ਉਸ ਨੇਮ ਨੂੰ ਜੋ ਉਸ ਨੇ ਆਪਣੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਉਹਨਾਂ ਬਿਧੀਆਂ ਨੂੰ ਜਿਨ੍ਹਾਂ ਦੀ ਪਾਲਣਾ ਕਰਨ ਲਈ ਉਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਰੱਦ ਕਰ ਦਿੱਤਾ। ਉਹ ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ ਅਤੇ ਆਪਣੇ ਆਪ ਨਿਕੰਮੇ ਹੋ ਗਏ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ ਹਾਲਾਂਕਿ ਯਾਹਵੇਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, “ਉਸ ਤਰ੍ਹਾਂ ਨਾ ਕਰਨਾ ਜਿਵੇਂ ਉਹ ਕਰਦੇ ਹਨ।”
16ਉਹਨਾਂ ਨੇ ਆਪਣੇ ਯਾਹਵੇਹ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਤਿਆਗ ਦਿੱਤਾ ਅਤੇ ਆਪਣੇ ਲਈ ਵੱਛਿਆਂ ਦੇ ਆਕਾਰ ਦੀਆਂ ਦੋ ਮੂਰਤੀਆਂ ਅਤੇ ਇੱਕ ਅਸ਼ੇਰਾਹ ਦਾ ਖੰਭਾ ਬਣਾਏ। ਉਹਨਾਂ ਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੇ ਬਆਲ ਦੀ ਉਪਾਸਨਾ ਕੀਤੀ। 17ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਬਲੀਦਾਨ ਕੀਤਾ। ਉਹਨਾਂ ਨੇ ਪੁੱਛਣਾ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆ ਅਤੇ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾਈ ਕਰਨ ਲਈ ਆਪਣੇ ਆਪ ਨੂੰ ਵੇਚ ਦਿੱਤਾ।
18ਇਸ ਲਈ ਯਾਹਵੇਹ ਇਸਰਾਏਲ ਉੱਤੇ ਬਹੁਤ ਨਾਰਾਜ਼ ਹੋਇਆ ਅਤੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਦੂਰ ਕਰ ਦਿੱਤਾ। ਸਿਰਫ ਯਹੂਦਾਹ ਦਾ ਗੋਤ ਹੀ ਬਚੀ ਸੀ, 19ਅਤੇ ਯਹੂਦਾਹ ਨੇ ਵੀ ਆਪਣੇ ਯਾਹਵੇਹ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਨੇ ਇਸਰਾਏਲ ਦੁਆਰਾ ਸ਼ੁਰੂ ਕੀਤੇ ਅਭਿਆਸਾਂ ਦੀ ਪਾਲਣਾ ਕੀਤੀ। 20ਇਸ ਲਈ ਯਾਹਵੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ; ਉਸਨੇ ਉਹਨਾਂ ਨੂੰ ਦੁਖੀ ਕੀਤਾ ਅਤੇ ਉਹਨਾਂ ਨੂੰ ਲੁੱਟਣ ਵਾਲਿਆਂ ਦੇ ਹੱਥਾਂ ਵਿੱਚ ਦੇ ਦਿੱਤਾ, ਜਦੋਂ ਤੱਕ ਉਸਨੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਬਾਹਰ ਨਾ ਕੱਢ ਦਿੱਤਾ।
21ਜਦੋਂ ਉਸ ਨੇ ਇਸਰਾਏਲ ਨੂੰ ਦਾਵੀਦ ਦੇ ਘਰਾਣੇ ਵਿੱਚੋਂ ਕੱਢ ਦਿੱਤਾ, ਤਾਂ ਉਹਨਾਂ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਆਪਣਾ ਰਾਜਾ ਬਣਾਇਆ। ਯਾਰਾਬੁਆਮ ਨੇ ਇਸਰਾਏਲ ਨੂੰ ਯਾਹਵੇਹ ਦੇ ਪਿੱਛੇ ਚੱਲਣ ਤੋਂ ਭਟਕਾਇਆ ਅਤੇ ਉਹਨਾਂ ਕੋਲੋ ਵੱਡਾ ਪਾਪ ਕਰਵਾਇਆ। 22ਇਸਰਾਏਲੀ ਉਹਨਾਂ ਸਾਰੇ ਪਾਪਾਂ ਵਿੱਚ ਚੱਲਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਨਾ ਛੱਡਿਆ 23ਇੱਥੋਂ ਤੱਕ ਕਿ ਯਾਹਵੇਹ ਨੇ ਇਸਰਾਏਲ ਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਕਰ ਦਿੱਤਾ, ਜਿਵੇਂ ਉਸਨੇ ਆਪਣੇ ਸਾਰੇ ਸੇਵਕਾਂ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਇਸ ਲਈ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਦੇਸ਼ ਤੋਂ ਅੱਸ਼ੂਰ ਵਿੱਚ ਗੁਲਾਮੀ ਵਿੱਚ ਲਿਆਂਦਾ ਗਿਆ ਸੀ, ਅਤੇ ਜਿੱਥੇ ਉਹ ਅਜੇ ਦੇ ਦਿਨ ਤੱਕ ਹੈ।
ਸਾਮਰਿਯਾ ਦਾ ਮੁੜ ਵੱਸਣ
24ਅੱਸ਼ੂਰ ਦੇ ਰਾਜੇ ਨੇ ਬਾਬੇਲ, ਕੁਤਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ ਸਾਮਰਿਯਾ ਦੇ ਕਸਬਿਆਂ ਵਿੱਚ ਇਸਰਾਏਲੀਆਂ ਦੀ ਥਾਂ ਵਸਾਇਆ। ਉਹਨਾਂ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਉਸਦੇ ਨਗਰਾਂ ਵਿੱਚ ਰਹਿਣ ਲੱਗੇ। 25ਜਦੋਂ ਉਹ ਪਹਿਲੀ ਵਾਰ ਉੱਥੇ ਰਹਿੰਦੇ ਸਨ, ਉਹਨਾਂ ਨੇ ਯਾਹਵੇਹ ਦੀ ਉਪਾਸਨਾ ਨਹੀਂ ਕੀਤੀ ਇਸ ਲਈ ਯਾਹਵੇਹ ਨੇ ਉਹਨਾਂ ਵਿੱਚ ਸ਼ੇਰ ਭੇਜੇ ਅਤੇ ਉਹਨਾਂ ਨੇ ਕੁਝ ਲੋਕਾਂ ਨੂੰ ਮਾਰ ਦਿੱਤਾ। 26ਅੱਸ਼ੂਰ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ, “ਜਿਨ੍ਹਾਂ ਲੋਕਾਂ ਨੂੰ ਤੁਸੀਂ ਸਾਮਰਿਯਾ ਦੇਸ਼ ਦੇ ਨਗਰਾਂ ਵਿੱਚ ਵਸਾਇਆ, ਉਹ ਉਸ ਦੇਸ਼ ਦੇ ਪਰਮੇਸ਼ਵਰ ਦੀ ਰੀਤ ਨੂੰ ਨਹੀਂ ਜਾਣਦੇ ਇਸ ਲਈ ਪਰਮੇਸ਼ਵਰ ਨੇ ਉਹਨਾਂ ਵਿੱਚ ਸ਼ੇਰ ਭੇਜੇ ਹਨ, ਅਤੇ ਉਹ ਮਾਰ ਰਹੇ ਹਨ, ਕਿਉਂਕਿ ਲੋਕ ਨਹੀਂ ਜਾਣਦੇ ਕੀ ਉਹ ਉਸ ਦੇਸ਼ ਪਰਮੇਸ਼ਵਰ ਦੀ ਰੀਤ ਕੀ ਹੈ।”
27ਤਦ ਅੱਸ਼ੂਰ ਦੇ ਰਾਜੇ ਨੇ ਇਹ ਹੁਕਮ ਦਿੱਤਾ, “ਸਾਮਰਿਯਾ ਵਿੱਚੋਂ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਰਹਿਣ ਲਈ ਲੈ ਜਾਓ ਅਤੇ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ।” 28ਇਸ ਲਈ ਇੱਕ ਜਾਜਕ ਜੋ ਸਾਮਰਿਯਾ ਵਿੱਚੋਂ ਗੁਲਾਮ ਬਣਾ ਕੇ ਲਿਆਏ ਸਨ ਬੈਤਏਲ ਵਿੱਚ ਰਹਿਣ ਲਈ ਆਇਆ ਅਤੇ ਉਹਨਾਂ ਨੂੰ ਸਿਖਾਉਣ ਲੱਗ ਪਿਆ ਕਿ ਉਹਨਾਂ ਨੂੰ ਕਿਵੇਂ ਯਾਹਵੇਹ ਦੀ ਉਪਾਸਨਾ ਕਰਨੀ ਚਾਹੀਦੀ ਹੈ।
29ਤਦ ਵੀ, ਹਰੇਕ ਕੌਮ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ, ਅਤੇ ਉਹਨਾਂ ਕਈ ਨਗਰਾਂ ਵਿੱਚ ਜਿੱਥੇ ਉਹ ਵੱਸਦੇ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਹਨਾਂ ਨੂੰ ਰੱਖ ਦਿੱਤਾ। 30ਬਾਬੇਲ ਦੇ ਲੋਕਾਂ ਨੇ ਸੁੱਕੋਥ ਬੇਨੋਥ ਨੂੰ ਬਣਾਇਆ, ਕੂਥ ਦੇ ਲੋਕਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਲੋਕਾਂ ਨੇ ਅਸ਼ੀਮਾ ਨੂੰ ਬਣਾਇਆ। 31ਅਵੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਬਾਲਕਾਂ ਨੂੰ ਅਦਰਮਲੇਕ ਅਤੇ ਅਨਾਮਲੇਕ ਦੇ ਲਈ ਜੋ ਸਫ਼ਰਵਇਮ ਦੇ ਦੇਵਤੇ ਸਨ ਅੱਗ ਵਿੱਚ ਸਾੜਦੇ ਹੁੰਦੇ ਸਨ। 32ਇਸ ਤਰ੍ਹਾਂ ਉਹ ਯਾਹਵੇਹ ਦੀ ਉਪਾਸਨਾ ਕਰਨ ਵਾਲੇ ਤਾਂ ਬਣ ਗਏ, ਪਰ ਨਾਲ ਹੀ ਆਪਣੇ ਲਈ ਉੱਚੀਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਹਨਾਂ ਦੇ ਲਈ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਭੇਟਾਂ ਚੜ੍ਹਾਉਂਦੇ ਹੁੰਦੇ ਸਨ। 33ਉਹਨਾਂ ਨੇ ਯਾਹਵੇਹ ਦੀ ਉਪਾਸਨਾ ਕੀਤੀ, ਪਰ ਉਹਨਾਂ ਕੌਮਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ ਹੁੰਦੇ ਸਨ।
34ਅੱਜ ਦੇ ਦਿਨ ਤੱਕ ਉਹ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਹਨ। ਉਹ ਨਾ ਤਾਂ ਯਾਹਵੇਹ ਦੀ ਉਪਾਸਨਾ ਕਰਦੇ ਹਨ ਅਤੇ ਨਾ ਹੀ ਫ਼ਰਮਾਨਾਂ ਅਤੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਦੇ ਹਨ ਜੋ ਯਾਹਵੇਹ ਨੇ ਯਾਕੋਬ ਦੀ ਸੰਤਾਨ ਨੂੰ ਦਿੱਤੇ ਸਨ, ਜਿਸਦਾ ਉਸਨੇ ਇਸਰਾਏਲ ਦਾ ਨਾਮ ਦਿੱਤਾ ਸੀ। 35ਜਦੋਂ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਤਾਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ, “ਦੂਜੇ ਦੇਵਤਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ, ਨਾ ਹੀ ਉਨ੍ਹਾਂ ਅੱਗੇ ਮੱਥਾ ਟੇਕਣ ਦੀ, ਨਾ ਉਨ੍ਹਾਂ ਨੂੰ ਬਲੀਆਂ ਚੜ੍ਹਾਉਣ ਦੀ, ਨਾ ਹੀ ਉਨ੍ਹਾਂ ਦੀ ਸੇਵਾ ਜਾਂ ਪੂਜਾ ਕਰਨ ਦੀ ਕੋਈ ਲੋੜ ਹੈ। 36ਪਰ ਯਾਹਵੇਹ, ਜੋ ਤੁਹਾਨੂੰ ਮਹਾਨ ਤਾਕਤ ਅਤੇ ਸ਼ਕਤੀਸ਼ਾਲੀ ਬਾਂਹ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਉਹੀ ਹੈ ਜਿਸਦੀ ਤੁਹਾਨੂੰ ਉਪਾਸਨਾ ਕਰਨੀ ਚਾਹੀਦੀ ਹੈ। ਉਸ ਨੂੰ ਮੱਥਾ ਟੇਕਣਾ ਅਤੇ ਉਸ ਨੂੰ ਬਲੀਆਂ ਚੜ੍ਹਾਉਣਾ। 37ਤੁਹਾਨੂੰ ਉਹਨਾਂ ਫ਼ਰਮਾਨਾਂ ਅਤੇ ਬਿਧੀਆਂ, ਹੁਕਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਜੋ ਉਸ ਨੇ ਤੁਹਾਡੇ ਲਈ ਲਿਖੇ ਹਨ। ਨਾਲੇ, ਇਹ ਜ਼ਰੂਰੀ ਨਹੀਂ ਕਿ ਤੁਸੀਂ ਹੋਰ ਦੇਵਤਿਆਂ ਤੋਂ ਡਰੋ। 38ਉਸ ਨੇਮ ਨੂੰ ਨਾ ਭੁੱਲੋ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਹੈ, ਅਤੇ ਹੋਰ ਦੇਵਤਿਆਂ ਦੀ ਉਪਾਸਨਾ ਨਾ ਕਰੋ। 39ਇਸ ਦੀ ਬਜਾਏ, ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ ਇਹ ਉਹੀ ਹੈ ਜੋ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਦੇ ਹੱਥੋਂ ਬਚਾਵੇਗਾ।”
40ਪਰ ਉਹਨਾਂ ਨਾ ਸੁਣਿਆ, ਸਗੋਂ ਆਪਣੀਆਂ ਪੁਰਾਣੀਆਂ ਰੀਤਾਂ ਦੇ ਅਨੁਸਾਰ ਚੱਲਦੇ ਰਹੇ। 41ਇਸ ਤਰ੍ਹਾਂ ਉਹ ਲੋਕ ਯਾਹਵੇਹ ਦਾ ਡਰ ਵੀ ਮੰਨਦੇ ਸਨ ਤੇ ਨਾਲੇ ਆਪਣੀਆਂ ਘੜ੍ਹੀਆਂ ਹੋਈਆਂ ਮੂਰਤਾਂ ਦੀ ਪੂਜਾ ਵੀ ਕਰਦੇ ਸਨ ਅਤੇ ਜਿਵੇਂ ਪੁਰਖੇ ਭੇਟਾਂ ਚੜ੍ਹਾਉਂਦੇ ਸਨ, ਉਸੇ ਤਰ੍ਹਾਂ ਉਹਨਾਂ ਦੇ ਪੁੱਤਰ ਪੋਤਰੇ ਵੀ ਅੱਜ ਦੇ ਦਿਨ ਤੱਕ ਚੜ੍ਹਾਉਂਦੇ ਹਨ।

Currently Selected:

2 ਰਾਜਿਆਂ 17: PCB

Highlight

Copy

Compare

Share

None

Want to have your highlights saved across all your devices? Sign up or sign in