Bible App logo
Search Icon

2 ਰਾਜਿਆਂ 16

16
ਯਹੂਦਾਹ ਦਾ ਰਾਜਾ ਆਹਾਜ਼
1ਰਮਲਯਾਹ ਦੇ ਪੁੱਤਰ ਪੇਕਾਹ ਦੇ ਸਤਾਰਵੇਂ ਸਾਲ ਯਹੂਦਾਹ ਦੇ ਪਾਤਸ਼ਾਹ ਯੋਥਾਮ ਦਾ ਪੁੱਤਰ ਆਹਾਜ਼ ਰਾਜ ਕਰਨ ਲੱਗਾ। 2ਆਹਾਜ਼ ਵੀਹ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸਨੇ ਉਹ ਕੰਮ ਨਾ ਕੀਤੇ ਜੋ ਯਾਹਵੇਹ ਉਸਦੇ ਪਰਮੇਸ਼ਵਰ ਦੀ ਨਿਗਾਹ ਵਿੱਚ ਠੀਕ ਸਨ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤੇ ਸਨ। 3ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ ਅਤੇ ਆਪਣੇ ਪੁੱਤਰ ਨੂੰ ਅੱਗ ਵਿੱਚ ਬਲੀ ਚੜ੍ਹਾ ਦਿੱਤਾ ਅਤੇ ਉਹਨਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਮ੍ਹਣੇ ਬਾਹਰ ਕੱਢ ਦਿੱਤਾ ਸੀ। 4ਉਹ ਉੱਚੀਆਂ ਥਾਵਾਂ ਉੱਤੇ ਅਤੇ ਪਹਾੜੀਆਂ ਦੀਆਂ ਚੋਟੀਆਂ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਹੁੰਦਾ ਸੀ।
5ਤਦ ਅਰਾਮ ਦੇ ਰਾਜਾ ਰੇਜ਼ੀਨ ਅਤੇ ਇਸਰਾਏਲ ਦੇ ਰਾਜਾ ਰਮਲਯਾਹ ਦੇ ਪੁੱਤਰ ਪੇਕਾਹ ਨੇ ਯੇਰੂਸ਼ਲੇਮ ਦੇ ਵਿਰੁੱਧ ਲੜਨ ਲਈ ਚੜ੍ਹਾਈ ਕੀਤੀ ਅਤੇ ਆਹਾਜ਼ ਨੂੰ ਘੇਰ ਲਿਆ ਪਰ ਉਹ ਉਸ ਉੱਤੇ ਜਿੱਤ ਨਾ ਪਾ ਸਕੇ। 6ਉਸ ਸਮੇਂ ਅਰਾਮ ਦੇ ਰਾਜੇ ਰੇਜ਼ੀਨ ਨੇ ਯਹੂਦਾਹ ਦੇ ਲੋਕਾਂ ਨੂੰ ਬਾਹਰ ਕੱਢ ਕੇ ਅਰਾਮ ਲਈ ਏਲਾਥ ਮੁੜ ਪ੍ਰਾਪਤ ਕੀਤਾ। ਫਿਰ ਅਦੋਮੀ ਏਲਾਥ ਵਿੱਚ ਚਲੇ ਗਏ ਅਤੇ ਅੱਜ ਤੱਕ ਉੱਥੇ ਰਹਿੰਦੇ ਹਨ।
7ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ, “ਮੈਂ ਤੁਹਾਡਾ ਸੇਵਕ ਅਤੇ ਪੁੱਤਰ ਹਾਂ, ਉੱਪਰ ਆ ਅਤੇ ਮੈਨੂੰ ਅਰਾਮ ਦੇ ਰਾਜੇ ਅਤੇ ਇਸਰਾਏਲ ਦੇ ਰਾਜੇ ਦੇ ਹੱਥੋਂ ਬਚਾ ਲੈ ਜੋ ਮੇਰੇ ਉੱਤੇ ਹਮਲਾ ਕਰ ਰਹੇ ਹਨ।” 8ਅਤੇ ਆਹਾਜ਼ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਈ ਚਾਂਦੀ ਅਤੇ ਸੋਨਾ ਲੈ ਕੇ ਅੱਸ਼ੂਰ ਦੇ ਰਾਜੇ ਨੂੰ ਤੋਹਫ਼ੇ ਵਜੋਂ ਭੇਜਿਆ। 9ਅੱਸ਼ੂਰ ਦੇ ਰਾਜੇ ਨੇ ਦੰਮਿਸ਼ਕ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਅਰਾਮ ਦੇ ਰਾਜਾ ਰੇਜ਼ੀਨ ਨੂੰ ਮਾਰ ਦਿੱਤਾ।
10ਤਦ ਰਾਜਾ ਆਹਾਜ਼ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਲਈ ਦਮਿਸ਼ਕ ਗਿਆ। ਉਸਨੇ ਦੰਮਿਸ਼ਕ ਵਿੱਚ ਇੱਕ ਜਗਵੇਦੀ ਦੇਖੀ ਅਤੇ ਊਰੀਯਾਹ ਜਾਜਕ ਨੂੰ ਨਿਰਮਾਣ ਲਈ ਵਿਸਤ੍ਰਿਤ ਯੋਜਨਾਵਾਂ ਦੇ ਨਾਲ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਭੇਜਿਆ। 11ਇਸ ਲਈ ਊਰੀਯਾਹ ਜਾਜਕ ਨੇ ਉਹਨਾਂ ਸਾਰੀਆਂ ਯੋਜਨਾਵਾਂ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਜੋ ਰਾਜਾ ਆਹਾਜ਼ ਨੇ ਦੰਮਿਸ਼ਕ ਤੋਂ ਭੇਜੀ ਸੀ ਅਤੇ ਰਾਜਾ ਆਹਾਜ਼ ਦੇ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਦਿੱਤਾ। 12ਜਦੋਂ ਰਾਜਾ ਦੰਮਿਸ਼ਕ ਤੋਂ ਵਾਪਸ ਆਇਆ ਅਤੇ ਜਗਵੇਦੀ ਦੇਖੀ ਤਾਂ ਉਹ ਦੇ ਨੇੜੇ ਜਾ ਕੇ ਉਸ ਉੱਤੇ ਚੜ੍ਹਾਵਾ ਚੜ੍ਹਾਇਆ। 13ਉਸ ਨੇ ਆਪਣੀ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਚੜ੍ਹਾਈ, ਆਪਣੀ ਪੀਣ ਦੀ ਭੇਟ ਡੋਲ੍ਹ ਕੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ। 14ਅਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਾਹਵੇਹ ਦੇ ਅੱਗੇ ਸੀ ਉਹ ਨੇ ਹੈਕਲ ਦੇ ਸਾਹਮਣਿਓਂ ਯਾਹਵੇਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ।
15ਆਹਾਜ਼ ਪਾਤਸ਼ਾਹ ਨੇ ਊਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, “ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ਼ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ਼ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਹਨਾਂ ਦੀ ਅਨਾਜ਼ ਦੀ ਭੇਟ ਅਤੇ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਾਹਵੇਹ ਨੂੰ ਸਵਾਲ ਪੁੱਛਣ ਲਈ ਵਰਤਾਂ।” 16ਅਤੇ ਊਰੀਯਾਹ ਜਾਜਕ ਨੇ ਉਵੇਂ ਹੀ ਕੀਤਾ ਜਿਵੇਂ ਰਾਜਾ ਆਹਾਜ਼ ਨੇ ਹੁਕਮ ਦਿੱਤਾ ਸੀ।
17ਰਾਜਾ ਆਹਾਜ਼ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ। ਉਸਨੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਤੋਂ ਹਟਾ ਦਿੱਤਾ ਜੋ ਇਸਨੂੰ ਸਹਾਰਾ ਦਿੰਦੇ ਸਨ ਅਤੇ ਇਸਨੂੰ ਇੱਕ ਪੱਥਰ ਦੀ ਨੀਂਹ ਉੱਤੇ ਰੱਖ ਦਿੱਤਾ। 18ਉਸ ਨੇ ਸਬਤ#16:18 ਸਬਤ: ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਦਿਨ ਦੀ ਛੱਤ ਜੋ ਹੈਕਲ ਵਿੱਚ ਬਣਾਈ ਗਈ ਸੀ, ਅਤੇ ਅੱਸ਼ੂਰ ਦੇ ਰਾਜੇ ਦੇ ਸਨਮਾਨ ਵਿੱਚ ਯਾਹਵੇਹ ਦੇ ਭਵਨ ਦੇ ਬਾਹਰ ਸ਼ਾਹੀ ਪ੍ਰਵੇਸ਼ ਮਾਰਗ ਨੂੰ ਹਟਾ ਦਿੱਤਾ।
19ਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। 20ਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਤੋਂ ਬਾਅਦ ਰਾਜਾ ਬਣਿਆ।

Currently Selected:

2 ਰਾਜਿਆਂ 16: PCB

Highlight

Copy

Compare

Share

None

Want to have your highlights saved across all your devices? Sign up or sign in