2 ਰਾਜਿਆਂ 13
13
ਇਸਰਾਏਲ ਦਾ ਰਾਜਾ ਯਹੋਆਹਾਜ਼
1ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ ਤੇਈਵੇਂ ਵਰ੍ਹੇ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਸਤਾਰਾਂ ਸਾਲ ਰਾਜ ਕੀਤਾ। 2ਉਸਨੇ ਉਹ ਕੰਮ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਸਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਹਨਾਂ ਨੂੰ ਨਾ ਛੱਡਿਆ। 3ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਹਨਾਂ ਨੂੰ ਲੰਬੇ ਸਮੇਂ ਤੱਕ ਅਰਾਮ ਦੇ ਰਾਜਾ ਹਜ਼ਾਏਲ ਅਤੇ ਉਸ ਦੇ ਪੁੱਤਰ ਬਨ-ਹਦਦ ਦੇ ਅਧੀਨ ਕਰ ਦਿੱਤਾ।
4ਤਦ ਯਹੋਆਹਾਜ਼ ਨੇ ਯਾਹਵੇਹ ਦੇ ਅੱਗੇ ਪ੍ਰਾਰਥਨਾਂ ਕੀਤੀ ਅਤੇ ਯਾਹਵੇਹ ਨੇ ਉਸ ਦੀ ਸੁਣੀ ਕਿਉਂ ਜੋ ਉਸ ਨੇ ਦੇਖਿਆ ਕਿ ਅਰਾਮ ਦਾ ਰਾਜਾ ਇਸਰਾਏਲ ਉੱਤੇ ਕਿੰਨੀ ਸਖ਼ਤੀ ਨਾਲ ਜ਼ੁਲਮ ਕਰਦਾ ਸੀ। 5ਯਾਹਵੇਹ ਨੇ ਇਸਰਾਏਲ ਲਈ ਇੱਕ ਛੁਡਾਉਣ ਵਾਲਾ ਦਿੱਤਾ, ਅਤੇ ਉਹ ਅਰਾਮ ਦੇ ਹੱਥੋਂ ਬਚ ਗਏ। ਇਸ ਲਈ ਇਸਰਾਏਲੀ ਪਹਿਲਾਂ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ। 6ਪਰ ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਹਨਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਪਰ ਉਹ ਉਹਨਾਂ ਵਿੱਚ ਲਗਾਤਾਰ ਚਲਦੇ ਰਹੇ। ਨਾਲੇ ਅਸ਼ੇਰਾਹ ਦੀ ਮੂਰਤ ਸਾਮਰਿਯਾ ਵਿੱਚ ਅਜੇ ਤੱਕ ਖੜ੍ਹੀ ਸੀ।
7ਯਹੋਆਹਾਜ਼ ਦੀ ਫ਼ੌਜ ਵਿੱਚੋਂ ਪੰਜਾਹ ਘੋੜ-ਸਵਾਰਾਂ, ਦਸ ਰਥਾਂ ਅਤੇ ਦਸ ਹਜ਼ਾਰ ਪੈਦਲ ਸਿਪਾਹੀਆਂ ਦੇ ਸਿਵਾਏ ਹੋਰ ਕੁਝ ਨਹੀਂ ਬਚਿਆ ਸੀ, ਕਿਉਂ ਜੋ ਅਰਾਮ ਦੇ ਰਾਜੇ ਨੇ ਬਾਕੀਆਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਮਿੱਧ-ਮਿੱਧ ਕੇ ਮਿੱਟੀ ਵਾਂਗੂੰ ਕਰ ਦਿੱਤਾ ਸੀ।
8ਯਹੋਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ 9ਤਦ ਯਹੋਆਹਾਜ਼ ਮਰ ਗਿਆ ਅਤੇ ਆਪਣਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਉਸ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਯੋਆਸ਼ ਉਸ ਤੋਂ ਬਾਅਦ ਰਾਜਾ ਬਣਿਆ।
ਇਸਰਾਏਲ ਦਾ ਰਾਜਾ ਯੇਹੋਆਸ਼
10ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਸੈਂਤੀਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯੋਆਸ਼ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਸੋਲਾਂ ਸਾਲ ਰਾਜ ਕੀਤਾ। 11ਉਸਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਕਿਸੇ ਵੀ ਪਾਪ ਤੋਂ ਪਿੱਛੇ ਨਹੀਂ ਹਟਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ। ਉਹ ਉਹਨਾਂ ਵਿੱਚ ਲਗਾਤਾਰ ਚੱਲਦਾ ਰਿਹਾ।
12ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ, ਯਹੂਦਾਹ ਦੇ ਰਾਜੇ ਅਮਾਜ਼ਯਾਹ ਦੇ ਵਿਰੁੱਧ ਲੜਿਆ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ 13ਤਦ ਯੋਆਸ਼ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ, ਅਤੇ ਯਾਰਾਬੁਆਮ ਉਸ ਤੋਂ ਬਾਅਦ ਗੱਦੀ ਉੱਤੇ ਬੈਠਾ। ਯਹੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦਫ਼ਨਾਇਆ ਗਿਆ।
14ਹੁਣ ਅਲੀਸ਼ਾ ਉਸ ਬਿਮਾਰੀ ਤੋਂ ਪੀੜਤ ਸੀ ਜਿਸ ਤੋਂ ਉਸ ਦੀ ਮੌਤ ਹੋ ਗਈ ਸੀ। ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਤੁਸੀਂ ਇਸਰਾਏਲ ਦੇ ਸ਼ਕਤੀਸ਼ਾਲੀ ਰਾਖੇ ਹੋ!”
15ਅਲੀਸ਼ਾ ਨੇ ਕਿਹਾ, “ਇੱਕ ਧਣੁੱਖ ਅਤੇ ਕੁਝ ਤੀਰ ਲਿਆਓ” ਅਤੇ ਉਸ ਨੇ ਅਜਿਹਾ ਹੀ ਕੀਤਾ। 16ਉਸ ਨੇ ਇਸਰਾਏਲ ਦੇ ਰਾਜੇ ਨੂੰ ਕਿਹਾ, “ਧਣੁੱਖ ਉੱਤੇ ਆਪਣੇ ਹੱਥ ਰੱਖ।” ਉਸ ਨੇ ਆਪਣਾ ਹੱਥ ਉਸ ਤੇ ਰੱਖਿਆ ਫਿਰ ਅਲੀਸ਼ਾ ਨੇ ਆਪਣੇ ਹੱਥ ਰਾਜੇ ਦੇ ਹੱਥਾਂ ਉੱਤੇ ਰੱਖੇ।
17ਉਸਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ,” ਅਤੇ ਉਸ ਨੇ ਇਸਨੂੰ ਖੋਲ੍ਹਿਆ। ਅਲੀਸ਼ਾ ਨੇ ਕਿਹਾ, “ਤੀਰ ਚਲਾ!” ਅਤੇ ਉਸ ਨੇ ਤੀਰ ਚਲਾ ਦਿੱਤਾ। ਤਦ ਅਲੀਸ਼ਾ ਨੇ ਆਖਿਆ, “ਇਹ ਯਾਹਵੇਹ ਵੱਲੋਂ ਜਿੱਤ ਦਾ ਤੀਰ, ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ! ਤੂੰ ਅਫ਼ੇਕ ਵਿੱਚ ਅਰਾਮੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਂਗੇ।”
18ਫਿਰ ਉਸਨੇ ਆਖਿਆ, “ਤੀਰਾ ਨੂੰ ਲੈ ਲਵੋ” ਅਤੇ ਰਾਜੇ ਨੇ ਉਹਨਾਂ ਨੂੰ ਲੈ ਲਿਆ। ਅਲੀਸ਼ਾ ਨੇ ਉਸਨੂੰ ਕਿਹਾ, “ਜ਼ਮੀਨ ਉੱਤੇ ਮਾਰੋ।” ਉਸਨੇ ਇਸਨੂੰ ਤਿੰਨ ਵਾਰ ਮਾਰਿਆ ਅਤੇ ਰੁਕ ਗਿਆ। 19ਪਰਮੇਸ਼ਵਰ ਦਾ ਬੰਦਾ ਉਸ ਉੱਤੇ ਗੁੱਸੇ ਵਿੱਚ ਹੋ ਕੇ ਬੋਲਿਆ ਅਤੇ ਆਖਿਆ, “ਤੈਨੂੰ ਜ਼ਮੀਨ ਉੱਤੇ ਪੰਜ ਜਾਂ ਛੇ ਵਾਰ ਮਾਰਨਾ ਚਾਹੀਦਾ ਸੀ ਤਾਂ ਤੂੰ ਅਰਾਮ ਨੂੰ ਅਜਿਹਾ ਮਾਰਦਾ ਕਿ ਉਸ ਨੂੰ ਨਾਸ ਕਰ ਦਿੰਦਾ, ਪਰ ਹੁਣ ਤੂੰ ਉਸ ਨੂੰ ਸਿਰਫ ਤਿੰਨ ਵਾਰ ਹੀ ਹਰਾ ਸਕੇਗਾ।”
20ਫਿਰ ਅਲੀਸ਼ਾ ਮਰ ਗਿਆ ਅਤੇ ਦਫ਼ਨਾਇਆ ਗਿਆ।
ਹੁਣ ਮੋਆਬੀ ਹਮਲਾਵਰ ਹਰ ਬਸੰਤ ਦੀ ਰੁੱਤ ਵਿੱਚ ਦੇਸ਼ ਵਿੱਚ ਦਾਖਲ ਹੁੰਦੇ ਸਨ। 21ਇੱਕ ਵਾਰ ਜਦੋਂ ਕੁਝ ਇਸਰਾਏਲੀ ਇੱਕ ਮਨੁੱਖ ਨੂੰ ਦਫ਼ਨ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਨੇ ਹਮਲਾਵਰਾਂ ਦੇ ਇੱਕ ਦਲ ਨੂੰ ਵੇਖਿਆ। ਇਸ ਲਈ ਉਹਨਾਂ ਨੇ ਉਸ ਆਦਮੀ ਦੀ ਲਾਸ਼ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ। ਜਦੋਂ ਉਸਦਾ ਸਰੀਰ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ, ਤਾਂ ਉਹ ਆਦਮੀ ਜਿਉਂਦਾ ਹੋ ਗਿਆ ਅਤੇ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ।
22ਅਰਾਮ ਦੇ ਰਾਜਾ ਹਜ਼ਾਏਲ ਯਹੋਆਹਾਜ਼ ਦੇ ਪੂਰੇ ਰਾਜ ਦੌਰਾਨ ਇਸਰਾਏਲ ਉੱਤੇ ਜ਼ੁਲਮ ਕਰਦਾ ਰਿਹਾ। 23ਪਰ ਯਾਹਵੇਹ ਨੇ ਉਹਨਾਂ ਉੱਤੇ ਮਿਹਰ ਕੀਤੀ ਅਤੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਬੰਨ੍ਹੇ ਹੋਏ ਆਪਣੇ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਅਤੇ ਨਾ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚੋਂ ਪਰੇ ਹਟਾਉਣਾ ਚਾਹੁੰਦਾ ਸੀ।
24ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਦਾ ਪੁੱਤਰ ਬਨ-ਹਦਦ ਉਸ ਤੋਂ ਬਾਅਦ ਰਾਜਾ ਬਣਿਆ। 25ਤਦ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਜਿਹੜੇ ਨਗਰ ਉਸ ਨੇ ਆਪਣੇ ਪਿਤਾ ਯਹੋਆਹਾਜ਼ ਤੋਂ ਲੜਾਈ ਵਿੱਚ ਖੋਹ ਲਏ ਸਨ, ਵਾਪਸ ਲੈ ਲਏ। ਤਿੰਨ ਵਾਰ ਯੋਆਸ਼ ਨੇ ਉਸ ਨੂੰ ਹਰਾਇਆ ਅਤੇ ਇਸ ਤਰ੍ਹਾਂ ਉਸ ਨੇ ਇਸਰਾਏਲ ਦੇ ਕਸਬਿਆਂ ਨੂੰ ਵਾਪਸ ਲੈ ਲਿਆ।
Currently Selected:
2 ਰਾਜਿਆਂ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.