Bible App logo
Search Icon

2 ਰਾਜਿਆਂ 14

14
ਯਹੂਦਾਹ ਦਾ ਰਾਜਾ ਅਮਾਜ਼ਯਾਹ
1ਇਸਰਾਏਲ ਦੇ ਪਾਤਸ਼ਾਹ ਯੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਦੂਸਰੇ ਸਾਲ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਾਜ਼ਯਾਹ ਰਾਜ ਕਰਨ ਲੱਗਾ। 2ਜਦੋਂ ਉਹ ਪਾਤਸ਼ਾਹ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਹੋਅਦਾਨ ਸੀ। ਉਹ ਯੇਰੂਸ਼ਲੇਮ ਦੀ ਸੀ। 3ਉਸਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਪਰ ਫਿਰ ਵੀ ਆਪਣੇ ਪਿਤਾ ਦਾਵੀਦ ਵਾਂਗ ਨਹੀਂ। ਹਰ ਗੱਲ ਵਿੱਚ ਉਹ ਆਪਣੇ ਪਿਤਾ ਯੋਆਸ਼ ਦੀ ਮਿਸਾਲ ਉੱਤੇ ਚੱਲਿਆ। 4ਪਰ ਉੱਚੀਆਂ ਥਾਵਾਂ ਨੂੰ ਨਾ ਢਾਹਿਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ, ਅਤੇ ਧੂਪ ਧੁਖਾਉਂਦੇ ਰਹੇ।
5ਅਜਿਹਾ ਹੋਇਆ ਕਿ ਜਿਵੇਂ ਹੀ ਰਾਜ ਉਸਦੇ ਹੱਥ ਵਿੱਚ ਮਜ਼ਬੂਤ ਹੋ ਗਿਆ, ਉਸਨੇ ਉਹਨਾਂ ਅਧਿਕਾਰੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਸਦੇ ਪਿਤਾ ਰਾਜੇ ਦਾ ਕਤਲ ਕੀਤਾ ਸੀ। 6ਫਿਰ ਵੀ ਉਸਨੇ ਕਾਤਲਾਂ ਦੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ, ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਜਿੱਥੇ ਯਾਹਵੇਹ ਨੇ ਹੁਕਮ ਦਿੱਤਾ ਸੀ, “ਮਾਤਾ-ਪਿਤਾ ਆਪਣੇ ਬੱਚਿਆਂ ਦੀ ਥਾਂ ਨਾ ਮਾਰੇ ਜਾਣ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।”#14:6 ਬਿਵ 24:16
7ਉਹੀ ਸੀ ਜਿਸਨੇ ਲੂਣ ਦੀ ਘਾਟੀ ਵਿੱਚ ਦਸ ਹਜ਼ਾਰ ਅਦੋਮੀਆਂ ਨੂੰ ਹਰਾਇਆ ਅਤੇ ਲੜਾਈ ਵਿੱਚ ਸੇਲਾ ਉੱਤੇ ਕਬਜ਼ਾ ਕਰ ਲਿਆ, ਇਸ ਨੂੰ ਯਾਕਥਏਲ ਕਿਹਾ ਜਾਂਦਾ ਹੈ, ਇਹ ਨਾਮ ਅੱਜ ਤੱਕ ਹੈ।
8ਤਦ ਅਮਾਜ਼ਯਾਹ ਨੇ ਇਸਰਾਏਲ ਦੇ ਰਾਜੇ ਯੇਹੂ ਦੇ ਪੁੱਤਰ ਯਹੋਆਹਾਜ਼ ਦੇ ਪੁੱਤਰ ਯੋਆਸ਼ ਕੋਲ ਸੰਦੇਸ਼ਵਾਹਕ ਭੇਜੇ, “ਆਓ, ਅਸੀਂ ਇੱਕ ਦੂਸਰੇ ਨਾਲ ਆਹਮੋ-ਸਾਮ੍ਹਣੇ ਵੇਖੀਏ।”
9ਪਰ ਇਸਰਾਏਲ ਦੇ ਰਾਜੇ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ ਜਵਾਬ ਦਿੱਤਾ, “ਲਬਾਨੋਨ ਦੀ ਇੱਕ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਇੱਕ ਦਿਆਰ ਨੂੰ ਸੁਨੇਹਾ ਭੇਜਿਆ, ‘ਆਪਣੀ ਧੀ ਦਾ ਮੇਰੇ ਪੁੱਤਰ ਨਾਲ ਵਿਆਹ ਕਰ ਦੇ।’ ਤਦ ਲਬਾਨੋਨ ਵਿੱਚ ਇੱਕ ਜੰਗਲੀ ਜਾਨਵਰ ਉਸ ਦੇ ਕੋਲ ਦੀ ਲੰਘਿਆ ਅਤੇ ਉਸ ਨੇ ਉਸ ਕੰਡਿਆਲੇ ਨੂੰ ਪੈਰਾਂ ਹੇਠ ਮਿੱਧ ਦਿੱਤਾ। 10ਤੂੰ ਸੱਚਮੁੱਚ ਅਦੋਮ ਨੂੰ ਹਰਾਇਆ ਹੈ ਅਤੇ ਹੁਣ ਤੂੰ ਹੰਕਾਰੀ ਹੋ ਰਿਹਾ ਹੈ। ਤੇਰੀ ਜਿੱਤ ਵਿੱਚ ਸ਼ਾਨ ਹੈ, ਪਰ ਘਰ ਵਿੱਚ ਬੈਠ! ਤੂੰ ਕਿਉਂ ਆਪਣੇ ਲਈ ਅਤੇ ਯਹੂਦਾਹ ਵੀ ਲਈ ਮੁਸੀਬਤ ਨੂੰ ਛੇੜਦਾ ਅਤੇ ਡਿੱਗਦਾ ਹੈ?”
11ਪਰ ਅਮਾਜ਼ਯਾਹ ਨੇ ਨਾ ਸੁਣੀ, ਇਸ ਲਈ ਇਸਰਾਏਲ ਦੇ ਰਾਜਾ ਯੋਆਸ਼ ਨੇ ਹਮਲਾ ਕਰ ਦਿੱਤਾ। ਉਹ ਅਤੇ ਯਹੂਦਾਹ ਦਾ ਰਾਜਾ ਅਮਾਜ਼ਯਾਹ ਯਹੂਦਾਹ ਵਿੱਚ ਬੈਥ-ਸ਼ੇਮੇਸ਼ ਵਿੱਚ ਇੱਕ ਦੂਸਰੇ ਦੇ ਆਹਮੋ-ਸਾਮ੍ਹਣੇ ਹੋਏ। 12ਤਦ ਯਹੂਦਾਹ ਇਸਰਾਏਲ ਦੁਆਰਾ ਹਾਰ ਗਿਆ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ। 13ਇਸਰਾਏਲ ਦੇ ਪਾਤਸ਼ਾਹ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ, ਜੋ ਯੋਆਸ਼ ਦਾ ਪੁੱਤਰ, ਅਹਜ਼ਯਾਹ ਦਾ ਪੋਤਰਾ ਸੀ, ਬੈਥ-ਸ਼ੇਮੇਸ਼ ਵਿੱਚ ਫੜ ਲਿਆ। ਫਿਰ ਯੋਆਸ਼ ਯੇਰੂਸ਼ਲੇਮ ਨੂੰ ਗਿਆ ਅਤੇ ਯੇਰੂਸ਼ਲੇਮ ਦੀ ਕੰਧ ਨੂੰ ਇਫ਼ਰਾਈਮ ਦੇ ਫਾਟਕ ਤੋਂ ਲੈ ਕੇ ਕੋਨੇ ਦੇ ਫਾਟਕ ਤੱਕ ਢਾਹ ਦਿੱਤਾ, ਜੋ ਲਗਭਗ ਚਾਰ ਸੌ ਹੱਥ#14:13 ਲਗਭਗ 600 ਫੁੱਟ ਲੰਮੀ ਸੀ। 14ਉਸ ਨੇ ਸਾਰਾ ਸੋਨਾ ਅਤੇ ਚਾਂਦੀ ਜੋ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਿਆ ਸੀ ਸਾਰਾ ਲੈ ਲਿਆ। ਉਸ ਨੇ ਪੁਰਸ਼ਾਂ ਨੂੰ ਬੰਦੀ ਬਣਾ ਲਿਆ ਅਤੇ ਸਾਮਰਿਯਾ ਵਾਪਸ ਆ ਗਿਆ।
15ਜਿੱਥੋਂ ਤੱਕ ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਬਾਰੇ, ਉਸ ਨੇ ਜੋ ਕੁਝ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ, ਯਹੂਦਾਹ ਦੇ ਰਾਜੇ ਅਮਾਜ਼ਯਾਹ ਦੇ ਵਿਰੁੱਧ ਲੜਾਈ ਸਮੇਤ ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 16ਯੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਯਾਰਾਬੁਆਮ ਉਸ ਤੋਂ ਬਾਅਦ ਰਾਜਾ ਬਣਿਆ।
17ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਾਜ਼ਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੀ ਮੌਤ ਤੋਂ ਬਾਅਦ ਪੰਦਰਾਂ ਸਾਲ ਤੱਕ ਜੀਉਂਦਾ ਰਿਹਾ। 18ਅਮਾਜ਼ਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਉਹ ਸਭ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।
19ਉਹਨਾਂ ਨੇ ਯੇਰੂਸ਼ਲੇਮ ਵਿੱਚ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਹਨਾਂ ਨੇ ਉਸਦੇ ਮਗਰ ਲਾਕੀਸ਼ ਵਿੱਚ ਆਦਮੀ ਭੇਜੇ ਅਤੇ ਉੱਥੇ ਉਸਨੂੰ ਮਾਰ ਦਿੱਤਾ। 20ਉਸਨੂੰ ਘੋੜੇ ਉੱਤੇ ਵਾਪਸ ਲਿਆਂਦਾ ਗਿਆ ਅਤੇ ਯੇਰੂਸ਼ਲੇਮ ਵਿੱਚ ਦਾਵੀਦ ਦੇ ਸ਼ਹਿਰ ਵਿੱਚ ਉਸਦੇ ਪੁਰਖਿਆਂ ਦੇ ਨਾਲ ਦਫ਼ਨਾਇਆ ਗਿਆ।
21ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ ਨੂੰ ਜਿਹੜਾ ਸੋਲਾਂ ਸਾਲਾਂ ਦਾ ਸੀ, ਲੈ ਲਿਆ ਅਤੇ ਉਸ ਨੂੰ ਉਹ ਦੇ ਪਿਤਾ ਅਮਾਜ਼ਯਾਹ ਦੀ ਥਾਂ ਰਾਜਾ ਬਣਾਇਆ। 22ਇਹ ਉਹੀ ਸੀ ਜਿਸਨੇ ਅਮਸਯਾਹ ਦੇ ਮਰਨ ਅਤੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਣ ਤੋਂ ਬਾਅਦ ਏਲਾਥ ਨੂੰ ਦੁਬਾਰਾ ਬਣਾਇਆ ਅਤੇ ਇਸਨੂੰ ਯਹੂਦਾਹ ਵਿੱਚ ਮੁੜ ਸਥਾਪਿਤ ਕੀਤਾ।
ਇਸਰਾਏਲ ਦਾ ਰਾਜਾ ਦੂਸਰਾ ਯਾਰਾਬੁਆਮ
23ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਾਜ਼ਯਾਹ ਦੇ ਪੰਦਰਵੇਂ ਸਾਲ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ। 24ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਕਿਸੇ ਵੀ ਪਾਪ ਤੋਂ ਪਿੱਛੇ ਨਹੀਂ ਹਟਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ। 25ਇਹ ਉਹੀ ਸੀ ਜਿਸ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਬਚਨ ਦੇ ਅਨੁਸਾਰ ਲੇਬੋ ਹਮਾਥ ਤੋਂ ਲੈ ਕੇ ਮ੍ਰਿਤ ਸਾਗਰ ਤੱਕ ਇਸਰਾਏਲ ਦੀਆਂ ਹੱਦਾਂ ਨੂੰ ਬਹਾਲ ਕੀਤਾ ਸੀ ਜੋ ਆਪਣੇ ਸੇਵਕ ਅਮਿੱਤਾਈ ਦੇ ਪੁੱਤਰ, ਗਾਥ-ਹੇਫ਼ਰ ਦੇ ਨਬੀ, ਯੋਨਾਹ ਦੇ ਰਾਹੀਂ ਬੋਲਿਆ ਗਿਆ ਸੀ।
26ਯਾਹਵੇਹ ਨੇ ਦੇਖਿਆ ਸੀ ਕਿ ਇਸਰਾਏਲ ਵਿੱਚ ਹਰ ਕੋਈ, ਭਾਵੇਂ ਉਹ ਗੁਲਾਮ ਹੋਵੇ ਜਾਂ ਅਜ਼ਾਦ, ਦੁੱਖ ਝੱਲ ਰਿਹਾ ਸੀ; ਪਰ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।#14:26 ਇਸਰਾਏਲ ਦੁੱਖ ਝੱਲ ਰਿਹਾ ਸੀ। ਉਹ ਬਿਨਾਂ ਕਿਸੇ ਹਾਕਮ ਜਾਂ ਆਗੂ ਦੇ ਸਨ 27ਕਿਉਂਕਿ ਯਾਹਵੇਹ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਅਕਾਸ਼ ਦੇ ਹੇਠਾਂ ਤੋਂ ਇਸਰਾਏਲ ਦਾ ਨਾਮ ਮਿਟਾ ਦੇਵੇਗਾ, ਇਸ ਲਈ ਉਸਨੇ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੋਂ ਉਹਨਾਂ ਨੂੰ ਬਚਾਇਆ।
28ਜਿੱਥੋਂ ਤੱਕ ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ ਬਾਰੇ, ਉਸ ਨੇ ਜੋ ਕੁਝ ਕੀਤਾ ਅਤੇ ਉਸ ਦੇ ਯੁੱਧ ਦੀਆਂ ਪ੍ਰਾਪਤੀਆਂ, ਜਿਸ ਵਿੱਚ ਉਸ ਨੇ ਦੰਮਿਸ਼ਕ ਅਤੇ ਹਮਾਥ, ਜੋ ਯਹੂਦਾਹ ਦੇ ਸਨ, ਇਸਰਾਏਲ ਲਈ ਕਿਵੇਂ ਮੁੜ ਪ੍ਰਾਪਤ ਕੀਤਾ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ? 29ਯਾਰਾਬੁਆਮ ਮਰ ਕੇ ਆਪਣੇ ਪੁਰਖਿਆਂ ਅਰਥਾਤ ਇਸਰਾਏਲ ਦੇ ਰਾਜਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਜ਼ਕਰਯਾਹ ਉਸ ਤੋਂ ਬਾਅਦ ਰਾਜਾ ਬਣਿਆ।

Currently Selected:

2 ਰਾਜਿਆਂ 14: PCB

Highlight

Copy

Compare

Share

None

Want to have your highlights saved across all your devices? Sign up or sign in

Videos for 2 ਰਾਜਿਆਂ 14