Bible App logo
Search Icon

2 ਰਾਜਿਆਂ 12

12
ਯੋਆਸ਼ ਦੁਆਰਾ ਮੰਦਰ ਦੀ ਮੁਰੰਮਤ
1ਯੇਹੂ ਦੇ ਸੱਤਵੇਂ ਸਾਲ, ਯੋਆਸ਼ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਜ਼ਿਬਿਯਾਹ ਸੀ ਜੋ ਬੇਰਸ਼ੇਬਾ ਨਗਰ ਤੋਂ ਸੀ। 2ਯੋਆਸ਼ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਸਾਰੇ ਸਾਲ ਯਹੋਯਾਦਾ ਜਾਜਕ ਨੇ ਉਸਨੂੰ ਹਿਦਾਇਤ ਦਿੱਤੀ। 3ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ।
4ਯੋਆਸ਼ ਨੇ ਪੁਜਾਰੀਆਂ ਨੂੰ ਕਿਹਾ, “ਉਹ ਸਾਰਾ ਪੈਸਾ ਇਕੱਠਾ ਕਰੋ ਜੋ ਯਾਹਵੇਹ ਦੇ ਮੰਦਰ ਲਈ ਪਵਿੱਤਰ ਭੇਂਟਾ ਵਜੋਂ ਲਿਆਇਆ ਜਾਂਦਾ ਹੈ। ਅਰਥਾਤ ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਪੈਸਾ, ਨਿੱਜੀ ਸੁੱਖਣਾ ਤੋਂ ਪ੍ਰਾਪਤ ਕੀਤਾ ਪੈਸਾ ਅਤੇ ਆਪਣੀ ਮਰਜ਼ੀ ਨਾਲ ਮੰਦਰ ਵਿੱਚ ਲਿਆਇਆ ਗਿਆ ਪੈਸਾ। 5ਹਰੇਕ ਜਾਜਕ ਨੂੰ ਹਰ ਖਜ਼ਾਨਚੀਆਂ ਤੋਂ ਪੈਸੇ ਲੈਣ ਦਿਓ, ਫਿਰ ਮੰਦਰ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਮੁਰੰਮਤ ਲਈ ਇਸ ਦੀ ਵਰਤੋਂ ਕਰੋ।”
6ਪਰ ਰਾਜੇ ਯੋਆਸ਼ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਅਜੇ ਵੀ ਮੰਦਰ ਦੀ ਮੁਰੰਮਤ ਨਹੀਂ ਕੀਤੀ ਸੀ। 7ਇਸ ਲਈ ਰਾਜਾ ਯੋਆਸ਼ ਨੇ ਯਹੋਯਾਦਾ ਜਾਜਕ ਅਤੇ ਹੋਰ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਮੰਦਰ ਦੇ ਨੁਕਸਾਨ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ ਹੋ? ਇਸ ਲਈ ਹੁਣ ਆਪਣੇ ਜਾਣਨ ਵਾਲਿਆਂ ਕੋਲੋਂ ਪੈਸੇ ਨਾ ਲਓ, ਸਗੋਂ ਮੰਦਰ ਦੀ ਮੁਰੰਮਤ ਲਈ ਦੇ ਦਿਓ।” 8ਜਾਜਕਾਂ ਨੇ ਸਹਿਮਤੀ ਦਿੱਤੀ ਕਿ ਉਹ ਲੋਕਾਂ ਤੋਂ ਕੋਈ ਹੋਰ ਪੈਸਾ ਨਹੀਂ ਇਕੱਠਾ ਕਰਨਗੇ ਅਤੇ ਉਹ ਖੁਦ ਮੰਦਰ ਦੀ ਮੁਰੰਮਤ ਨਹੀਂ ਕਰਨਗੇ।
9ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ ਅਤੇ ਇਸ ਦੇ ਢੱਕਣ ਵਿੱਚ ਇੱਕ ਮੋਰੀ ਕਰ ਦਿੱਤੀ। ਉਸਨੇ ਇਸਨੂੰ ਜਗਵੇਦੀ ਦੇ ਕੋਲ ਸੱਜੇ ਪਾਸੇ ਰੱਖਿਆ ਜਦੋਂ ਕੋਈ ਵੀ ਯਾਹਵੇਹ ਦੇ ਮੰਦਰ ਵਿੱਚ ਦਾਖਲ ਹੁੰਦਾ ਤਾਂ ਦਰਵਾਜ਼ੇ ਦੀ ਰਾਖੀ ਕਰਨ ਵਾਲੇ ਜਾਜਕਾਂ ਨੇ ਉਹ ਸਾਰਾ ਪੈਸਾ ਸੰਦੂਕ ਵਿੱਚ ਪਾ ਦਿੱਤਾ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦਾ ਗਿਆ ਸੀ। 10ਜਦੋਂ ਵੀ ਉਹਨਾਂ ਨੇ ਦੇਖਿਆ ਕਿ ਸੰਦੂਕ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਸ਼ਾਹੀ ਸਕੱਤਰ ਅਤੇ ਮਹਾਂ ਜਾਜਕ ਆਉਂਦੇ ਹਨ, ਉਹ ਪੈਸੇ ਗਿਣਦੇ ਸਨ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦੇ ਗਏ ਸਨ ਅਤੇ ਇਸ ਨੂੰ ਬੋਰੀਆਂ ਵਿੱਚ ਪਾ ਦਿੰਦੇ ਸਨ। 11ਜਦੋਂ ਰਕਮ ਤੈਅ ਹੋ ਗਈ, ਤਾਂ ਉਹਨਾਂ ਨੇ ਮੰਦਰ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਆਦਮੀਆਂ ਨੂੰ ਪੈਸੇ ਦੇ ਦਿੱਤੇ। ਇਸ ਦੇ ਨਾਲ ਉਹਨਾਂ ਨੇ ਕੰਮ ਕਰਨ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ ਜਿਨ੍ਹਾਂ ਨੇ ਯਾਹਵੇਹ ਦੇ ਮੰਦਰ ਵਿੱਚ ਕੰਮ ਕੀਤਾ। 12ਉਸ ਪੈਸੇ ਵਿਚੋਂ ਉਹ ਤਰਖਾਣਾਂ ਨੂੰ ਤੇ ਉਸਾਰੀ ਕਰਨ ਵਾਲਿਆਂ ਮਿਸਤਰੀਆਂ ਨੂੰ ਅਤੇ ਪੱਥਰ ਕੱਟਣ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਲਈ ਲੱਕੜ ਅਤੇ ਪੱਥਰ ਦੇ ਬਲਾਕ ਖਰੀਦੇ, ਅਤੇ ਮੰਦਰ ਦੀ ਮੁਰੰਮਤ ਦੇ ਹੋਰ ਸਾਰੇ ਖਰਚੇ ਪੂਰੇ ਕੀਤੇ।
13ਯਾਹਵੇਹ ਦੇ ਮੰਦਰ ਵਿੱਚ ਲਿਆਂਦੇ ਗਏ ਪੈਸੇ ਨੂੰ ਮੰਦਰ ਦੇ ਲਈ ਚਾਂਦੀ ਦੇ ਭਾਂਡੇ, ਗੁਲਤਰਾਸ਼, ਛਿੜਕਣ ਵਾਲੇ ਕਟੋਰੇ, ਤੁਰ੍ਹੀਆਂ ਜਾਂ ਸੋਨੇ ਜਾਂ ਚਾਂਦੀ ਦਾ ਕੋਈ ਹੋਰ ਸਮਾਨ ਬਣਾਉਣ ਲਈ ਖਰਚ ਨਹੀਂ ਕੀਤਾ ਗਿਆ ਸੀ। 14ਉਸ ਪੈਸੇ ਵਿਚੋਂ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਦੀ ਸੀ, ਜੋ ਮੰਦਰ ਦੀ ਮੁਰੰਮਤ ਦਾ ਕੰਮ ਕਰ ਰਹੇ ਸੀ। 15ਇਸ ਤੋਂ ਇਲਾਵਾ ਉਸ ਨੇ ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਸਨ, ਉਹਨਾਂ ਦਾ ਕੋਈ ਹਿਸਾਬ ਨਹੀਂ ਲਿਆ ਕਿਉਂਕਿ ਉਹ ਸਾਰੇ ਇਮਾਨਦਾਰ ਸਨ। 16ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ#12:16 ਪਾਪ ਦੀਆਂ ਭੇਟਾਂ ਅਰਥਾਤ: ਸ਼ੁੱਧੀਕਰਨ ਦੀਆ ਭੇਟਾਂ ਦਾ ਪੈਸਾ ਯਾਹਵੇਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ; ਉਹ ਜਾਜਕਾਂ ਦਾ ਹੁੰਦਾ ਸੀ।
17ਇਸੇ ਸਮੇਂ ਦੇ ਕਰੀਬ ਅਰਾਮ ਦੇਸ਼ ਦਾ ਰਾਜਾ ਹਜ਼ਾਏਲ ਚੜ੍ਹ ਗਿਆ ਅਤੇ ਗਾਥ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ। ਫਿਰ ਉਹ ਯੇਰੂਸ਼ਲੇਮ ਉੱਤੇ ਹਮਲਾ ਕਰਨ ਲਈ ਮੁੜਿਆ। 18ਪਰ ਯਹੂਦਾਹ ਦੇ ਰਾਜੇ ਯੋਆਸ਼ ਨੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜੇ ਦੁਆਰਾ ਭੇਟ ਕੀਤੀਆਂ ਸਾਰੀਆਂ ਪਵਿੱਤਰ ਵਸਤੂਆਂ ਅਤੇ ਉਹ ਤੋਹਫ਼ੇ ਜੋ ਉਸਨੇ ਖੁਦ ਭੇਟ ਕੀਤੇ ਸਨ ਅਤੇ ਯਾਹਵੇਹ ਦੇ ਮੰਦਰ ਦੇ ਖ਼ਜ਼ਾਨਿਆਂ ਵਿੱਚੋਂ ਮਿਲਿਆ ਸਾਰਾ ਸੋਨਾ ਲੈ ਗਿਆ ਅਤੇ ਸ਼ਾਹੀ ਮਹਿਲ ਤੋਂ ਅਤੇ ਉਸ ਨੇ ਉਹਨਾਂ ਨੂੰ ਅਰਾਮ ਦੇ ਰਾਜੇ ਹਜ਼ਾਏਲ ਕੋਲ ਭੇਜਿਆ, ਜੋ ਫਿਰ ਯੇਰੂਸ਼ਲੇਮ ਤੋਂ ਵਾਪਸ ਚਲਾ ਗਿਆ।
19ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ। 20ਉਸਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਸਿਲਾ ਨੂੰ ਜਾਂਦੀ ਸੜਕ ਬੈਥ ਮਿਲੋ ਵਿਖੇ ਉਸਦਾ ਕਤਲ ਕਰ ਦਿੱਤਾ। 21ਜਿਨ੍ਹਾਂ ਅਧਿਕਾਰੀਆਂ ਨੇ ਉਸ ਦਾ ਕਤਲ ਕੀਤਾ ਉਹ ਇਹ ਸਨ ਸ਼ਿਮਿਯਥ ਦਾ ਪੁੱਤਰ ਯੋਜ਼ਾਬਾਦ ਅਤੇ ਸ਼ੋਮੇਰ ਦਾ ਪੁੱਤਰ ਯਹੋਜ਼ਾਬਾਦ। ਉਹ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਮਾਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

Currently Selected:

2 ਰਾਜਿਆਂ 12: PCB

Highlight

Copy

Compare

Share

None

Want to have your highlights saved across all your devices? Sign up or sign in

Videos for 2 ਰਾਜਿਆਂ 12