Bible App logo
Search Icon

1 ਸ਼ਮੂਏਲ 6

6
ਸੰਦੂਕ ਇਸਰਾਏਲ ਨੂੰ ਮੁੜਿਆ
1ਜਦੋਂ ਯਾਹਵੇਹ ਦਾ ਸੰਦੂਕ ਫ਼ਲਿਸਤੀਆਂ ਦੇ ਦੇਸ਼ ਵਿੱਚ ਸੱਤ ਮਹੀਨੇ ਰਿਹਾ, 2ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਕਿਹਾ, “ਅਸੀਂ ਯਾਹਵੇਹ ਦੇ ਸੰਦੂਕ ਨਾਲ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਇਸ ਨੂੰ ਇਸ ਦੀ ਥਾਂ ਤੇ ਕਿਵੇਂ ਵਾਪਸ ਭੇਜੀਏ।”
3ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਮੋੜਦੇ ਹੋ, ਤਾਂ ਉਸ ਨੂੰ ਬਿਨਾਂ ਤੋਹਫ਼ੇ ਦੇ ਵਾਪਸ ਨਾ ਭੇਜੋ। ਸਗੋਂ ਇੱਕ ਦੋਸ਼ ਦੀ ਭੇਟ ਉਸ ਨਾਲ ਜ਼ਰੂਰ ਭੇਜ ਦਿਓ। ਫੇਰ ਤੁਸੀਂ ਚੰਗੇ ਹੋ ਜਾਵੋਂਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਉਸਦਾ ਹੱਥ ਤੁਹਾਡੇ ਤੋਂ ਕਿਉਂ ਨਹੀਂ ਚੁੱਕਿਆ ਗਿਆ।”
4ਫ਼ਲਿਸਤੀਆਂ ਨੇ ਪੁੱਛਿਆ, ਅਸੀਂ ਉਸ ਨੂੰ ਕਿਹੜੀ ਦੋਸ਼ ਦੀ ਭੇਟ ਚੜ੍ਹਾਈਏ?
ਉਹਨਾਂ ਨੇ ਉੱਤਰ ਦਿੱਤਾ, “ਪੰਜ ਸੋਨੇ ਦੀਆਂ ਰਸੋਲੀਆਂ ਅਤੇ ਪੰਜ ਸੋਨੇ ਦੇ ਚੂਹੇ, ਫ਼ਲਿਸਤੀ ਹਾਕਮਾਂ ਦੀ ਗਿਣਤੀ ਦੇ ਅਨੁਸਾਰ, ਕਿਉਂਕਿ ਇੱਕੋ ਬਵਾ ਤੁਹਾਡੇ ਅਤੇ ਤੁਹਾਡੇ ਹਾਕਮਾਂ ਉੱਤੇ ਆਈ ਹੈ। 5ਸੋ ਤੁਸੀਂ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਅਤੇ ਉਹਨਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ਼ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਕਰੋ। ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ਼ ਉੱਤੋਂ ਆਪਣਾ ਹੱਥ ਚੁੱਕ ਲਵੇ। 6ਤੁਸੀਂ ਆਪਣੇ ਮਨ ਕਿਉਂ ਕਠੋਰ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫ਼ਿਰਾਊਨ ਨੇ ਕੀਤਾ? ਜਦੋਂ ਇਸਰਾਏਲ ਦਾ ਪਰਮੇਸ਼ਵਰ ਉਹਨਾਂ ਨਾਲ ਕਠੋਰਤਾ ਨਾਲ ਪੇਸ਼ ਆਇਆ, ਤਾਂ ਕੀ ਉਹਨਾਂ ਨੇ ਇਸਰਾਏਲੀਆਂ ਨੂੰ ਬਾਹਰ ਨਹੀਂ ਭੇਜਿਆ ਤਾਂ ਜੋ ਉਹ ਆਪਣੇ ਰਾਹ ਤੁਰ ਸਕਣ?
7“ਹੁਣ ਇੱਕ ਨਵੀਂ ਗੱਡੀ ਤਿਆਰ ਕਰੋ, ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ। 8ਯਾਹਵੇਹ ਦਾ ਸੰਦੂਕ ਲੈ ਕੇ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਰੱਖ ਦਿਓ ਅਤੇ ਉਸਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ, 9ਪਰ ਇਸ ਨੂੰ ਦੇਖਦੇ ਰਹੋ। ਜੇਕਰ ਇਹ ਆਪਣੇ ਇਲਾਕੇ ਵਿੱਚ, ਬੈਥ-ਸ਼ੇਮੇਸ਼ ਵੱਲ ਵਧਦਾ ਹੈ, ਤਾਂ ਯਾਹਵੇਹ ਨੇ ਸਾਡੇ ਉੱਤੇ ਇਹ ਵੱਡੀ ਤਬਾਹੀ ਲਿਆਂਦੀ ਹੈ। ਪਰ ਜੇ ਅਜਿਹਾ ਨਹੀਂ ਹੁੰਦਾ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਉਸਦਾ ਹੱਥ ਨਹੀਂ ਸੀ ਜਿਸ ਨੇ ਸਾਨੂੰ ਮਾਰਿਆ ਸੀ, ਪਰ ਇਹ ਜੋ ਨਾਲ ਸਾਡੇ ਨਾਲ ਹੋਇਆ ਸੀ ਐਂਵੇਂ ਹੀ ਹੋਇਆਂ ਹੈ।”
10ਇਸ ਲਈ ਉਹਨਾਂ ਨੇ ਅਜਿਹਾ ਕੀਤਾ। ਉਹਨਾਂ ਨੇ ਅਜਿਹੀਆਂ ਦੋ ਲਵੇਰੀਆਂ ਗਾਊਆਂ ਲੈ ਕੇ ਉਹਨਾਂ ਨੂੰ ਗੱਡੇ ਅੱਗੇ ਜੋਤਿਆ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ। 11ਉਹਨਾਂ ਨੇ ਯਾਹਵੇਹ ਦੇ ਸੰਦੂਕ ਨੂੰ ਗੱਡੇ ਉੱਤੇ ਰੱਖਿਆ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲ੍ਹਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ। 12ਤਦ ਗਾਵਾਂ ਸਿੱਧੀਆਂ ਬੈਥ-ਸ਼ੇਮੇਸ਼ ਵੱਲ ਵਧੀਆ ਅਤੇ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ, ਉਹ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜੀਆ। ਫ਼ਲਿਸਤੀਆਂ ਦੇ ਹਾਕਮ ਬੈਥ-ਸ਼ੇਮੇਸ਼ ਦੀ ਹੱਦ ਤੱਕ ਉਹਨਾਂ ਦਾ ਪਿੱਛਾ ਕਰਦੇ ਰਹੇ।
13ਹੁਣ ਬੈਥ-ਸ਼ੇਮੇਸ਼ ਦੇ ਲੋਕ ਵਾਦੀ ਵਿੱਚ ਕਣਕ ਦੀ ਵਾਢੀ ਕਰਦੇ ਸਨ ਅਤੇ ਜਦੋਂ ਉਹਨਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਉਹ ਵੇਖਦੇ ਸਾਰ ਹੀ ਖੁਸ਼ ਹੋ ਗਏ। 14ਗੱਡੀ ਬੈਥ-ਸ਼ਮੇਸ਼ ਯਹੋਸ਼ੂਆ ਦੇ ਖੇਤ ਵਿੱਚ ਆਈ ਅਤੇ ਉੱਥੇ ਇੱਕ ਵੱਡੇ ਕੋਲ ਆ ਕੇ ਰੁਕ ਗਈ। ਲੋਕਾਂ ਨੇ ਗੱਡੇ ਦੀਆਂ ਲੱਕੜਾਂ ਕੱਟੀਆਂ ਅਤੇ ਗਊਆਂ ਨੂੰ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਇਆ। 15ਲੇਵੀਆਂ ਨੇ ਯਾਹਵੇਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ, ਜਿਸ ਵਿੱਚ ਸੋਨੇ ਦੀਆਂ ਵਸਤੂਆਂ ਸਨ, ਹੇਠਾਂ ਉਤਾਰਿਆ ਅਤੇ ਉਸਨੂੰ ਵੱਡੇ ਪੱਥਰ ਉੱਤੇ ਰੱਖਿਆ। ਉਸ ਦਿਨ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਬਲੀਆਂ ਚੜ੍ਹਾਈਆਂ। 16ਫ਼ਲਿਸਤੀਆਂ ਦੇ ਪੰਜਾਂ ਹਾਕਮਾਂ ਨੇ ਇਹ ਸਭ ਵੇਖਿਆ ਅਤੇ ਉਸੇ ਦਿਨ ਏਕਰੋਨ ਨੂੰ ਮੁੜੇ।
17ਇਹ ਸੋਨੇ ਦੀਆਂ ਗਿਲ੍ਹਟੀਆਂ ਹਨ, ਜੋ ਫ਼ਲਿਸਤੀਆਂ ਨੇ ਯਾਹਵੇਹ ਦੇ ਅੱਗੇ ਦੋਸ਼ ਦੀ ਭੇਟ ਵਜੋਂ ਭੇਜੀਆਂ ਸਨ, ਉਹਨਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅੱਜ਼ਾਹ#6:17 ਅੱਜ਼ਾਹ ਅਰਥਾਤ: ਗਾਜ਼ਾ ਦੀ, ਇੱਕ ਅਸ਼ਕਲੋਨ ਦੀ, ਇੱਕ ਗਾਥ ਦੀ ਅਤੇ ਇੱਕ ਏਕਰੋਨ ਦੀ। 18ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਦੇ ਅਨੁਸਾਰ ਸਨ ਅਰਥਾਤ ਗੜ੍ਹ ਵਾਲੇ ਕਸਬੇ ਉਹਨਾਂ ਦੇ ਪਿੰਡਾਂ ਸਮੇਤ। ਉਹ ਵੱਡੀ ਚੱਟਾਨ ਜਿਸ ਉੱਤੇ ਲੇਵੀਆਂ ਨੇ ਯਾਹਵੇਹ ਦਾ ਸੰਦੂਕ ਰੱਖਿਆ ਸੀ, ਅੱਜ ਵੀ ਬੈਥ-ਸ਼ਮੇਸ਼ ਦੇ ਯਹੋਸ਼ੂਆ ਦੇ ਖੇਤ ਵਿੱਚ ਗਵਾਹ ਹੈ।
19ਪਰਮੇਸ਼ਵਰ ਨੇ ਬੈਥ-ਸ਼ੇਮੇਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਹਨਾਂ ਨੇ ਯਾਹਵੇਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ#6:19 ਕੁਝ ਲਿਖਤਾਂ ਵਿੱਚ ਸਿਰਫ ਸੱਤਰ ਲੋਕ ਉਹਨਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਾਹਵੇਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ। 20ਅਤੇ ਬੈਥ-ਸ਼ੇਮੇਸ਼ ਦੇ ਲੋਕਾਂ ਨੇ ਪੁੱਛਿਆ, “ਇਸ ਪਵਿੱਤਰ ਯਾਹਵੇਹ ਪਰਮੇਸ਼ਵਰ ਦੇ ਸਾਮ੍ਹਣੇ ਕੌਣ ਖੜ੍ਹਾ ਹੋ ਸਕਦਾ ਹੈ? ਇਹ ਸੰਦੂਕ ਇੱਥੋਂ ਕਿਸ ਜਗ੍ਹਾਂ ਤੇ ਰੱਖਿਆ ਜਾਵੇ?”
21ਤਦ ਉਹਨਾਂ ਨੇ ਕਿਰਯਥ-ਯਾਰੀਮ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ ਅਤੇ ਆਖਿਆ, “ਫ਼ਲਿਸਤੀਆਂ ਨੇ ਯਾਹਵੇਹ ਦਾ ਸੰਦੂਕ ਵਾਪਸ ਕਰ ਦਿੱਤਾ ਹੈ ਇਸ ਲਈ ਹੇਠਾਂ ਆਓ ਅਤੇ ਇਸਨੂੰ ਆਪਣੇ ਸ਼ਹਿਰ ਤੱਕ ਲੈ ਜਾਓ।”

Currently Selected:

1 ਸ਼ਮੂਏਲ 6: PCB

Highlight

Copy

Compare

Share

None

Want to have your highlights saved across all your devices? Sign up or sign in

Video for 1 ਸ਼ਮੂਏਲ 6