1 ਸ਼ਮੂਏਲ 28
28
1ਉਹਨਾਂ ਦਿਨਾਂ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਨ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ। ਆਕੀਸ਼ ਨੇ ਦਾਵੀਦ ਨੂੰ ਕਿਹਾ, “ਤੈਨੂੰ ਸਮਝ ਲੈਣਾ ਚਾਹੀਦਾ ਹੈ ਤੈਨੂੰ ਅਤੇ ਤੇਰੇ ਲੋਕਾਂ ਨੂੰ ਮੇਰੇ ਨਾਲ ਲੜਾਈ ਵਿੱਚ ਮੇਰੇ ਨਾਲ ਜਾਣਾ ਪਵੇਗਾ।”
2ਦਾਵੀਦ ਨੇ ਆਖਿਆ, ਤਦ ਤੂੰ ਆਪ ਵੇਖੇਗਾ ਕਿ ਤੇਰਾ ਦਾਸ ਕੀ ਕਰ ਸਕਦਾ ਹੈ।
ਆਕੀਸ਼ ਨੇ ਜਵਾਬ ਦਿੱਤਾ, “ਬਹੁਤ ਵਧੀਆ, ਮੈਂ ਤੈਨੂੰ ਜੀਵਨ ਭਰ ਲਈ ਆਪਣਾ ਸੁਰੱਖਿਆ ਕਰਮੀ ਬਣਾਵਾਂਗਾ।”
ਸ਼ਾਊਲ ਅਤੇ ਜਾਦੂਗਰਨੀ
3ਹੁਣ ਸ਼ਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਅਤੇ ਉਸਨੂੰ ਉਸਦੇ ਆਪਣੇ ਨਗਰ ਰਾਮਾਹ ਵਿੱਚ ਦਫ਼ਨਾਇਆ। ਇਸ ਸਮੇਂ ਤੱਕ ਸ਼ਾਊਲ ਨੇ ਸਾਰੇ ਦੇਸ਼ ਵਿੱਚੋਂ ਸਾਰੇ ਜਾਦੂਗਰਾਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਕੱਢ ਦਿੱਤਾ ਸੀ।
4ਫ਼ਲਿਸਤੀ ਇਕੱਠੇ ਹੋਏ ਅਤੇ ਆ ਕੇ ਸ਼ੂਨੇਮ ਵਿੱਚ ਡੇਰਾ ਲਾਇਆ ਅਤੇ ਸ਼ਾਊਲ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਗਿਲਬੋਆ ਵਿੱਚ ਡੇਰਾ ਲਾਇਆ। 5ਜਦੋਂ ਸ਼ਾਊਲ ਨੇ ਫ਼ਲਿਸਤੀਆਂ ਦੀ ਫ਼ੌਜ ਨੂੰ ਵੇਖਿਆ ਤਾਂ ਉਹ ਡਰ ਗਿਆ। ਉਸਦਾ ਦਿਲ ਡਾਢਾ ਕੰਬਿਆ। 6ਉਸ ਨੇ ਯਾਹਵੇਹ ਤੋਂ ਪੁੱਛਿਆ, ਪਰ ਯਾਹਵੇਹ ਨੇ ਉਸ ਨੂੰ ਸੁਪਨਿਆਂ ਜਾਂ ਊਰੀਮ ਜਾਂ ਨਬੀਆਂ ਦੁਆਰਾ ਉੱਤਰ ਨਹੀਂ ਦਿੱਤਾ। 7ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਲਈ ਕੋਈ ਅਜਿਹੀ ਔਰਤ ਭਾਲੋ ਜਿਸ ਦੇ ਭੂਤ ਮਿੱਤਰ ਹੋਣ#28:7 ਭੂਤ ਮਿੱਤਰ ਹੋਣ ਅਰਥਾਤ: ਜਾਦੂ ਕਰਨ ਵਾਲੀ ਔਰਤ ਤਾਂ ਜੋ ਮੈਂ ਉਸ ਕੋਲੋ ਜਾ ਕੇ ਪੁੱਛ ਸਕਾ।”
ਉਹਨਾਂ ਨੇ ਕਿਹਾ, “ਏਨ-ਦੋਰ ਵਿੱਚ ਇੱਕ ਅਜਿਹੀ ਔਰਤ ਹੈ।”
8ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਲਏ ਅਤੇ ਰਾਤ ਨੂੰ ਉਹ ਅਤੇ ਦੋ ਮਨੁੱਖ ਉਸ ਔਰਤ ਕੋਲ ਗਏ ਅਤੇ ਉਸਨੂੰ ਕਿਹਾ “ਮੇਰੇ ਲਈ ਇੱਕ ਆਤਮਾ ਕੋਲੋ ਸਲਾਹ ਪੁੱਛ, ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆ।”
9ਪਰ ਔਰਤ ਨੇ ਉਸ ਨੂੰ ਕਿਹਾ, “ਤੂੰ ਸੱਚ-ਮੁੱਚ ਜਾਣਦਾ ਹੈ ਕਿ ਸ਼ਾਊਲ ਨੇ ਕੀ ਕੀਤਾ ਹੈ। ਕਿਵੇਂ ਉਸਨੇ ਉਹਨਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ਼ ਵਿੱਚੋਂ ਮੁਕਾ ਸੁੱਟਿਆ। ਫਿਰ ਤੂੰ ਮੇਰੀ ਜਾਨ ਨੂੰ ਕਿਉਂ ਫਸਾਉਂਦਾ ਹੈ ਜੋ ਮੈਨੂੰ ਮਰਵਾ ਸੁੱਟੇ?”
10ਸ਼ਾਊਲ ਨੇ ਉਸ ਨੂੰ ਯਾਹਵੇਹ ਦੀ ਸਹੁੰ ਚੁੱਕ ਕੇ ਆਖਿਆ, “ਜਿਉਂਦੇ ਯਾਹਵੇਹ ਦੀ ਸਹੁੰ, ਤੈਨੂੰ ਇਸ ਗੱਲ ਦੀ ਸਜ਼ਾ ਨਹੀਂ ਮਿਲੇਗੀ।”
11ਤਦ ਉਸ ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸ ਨੂੰ ਬੁਲਾਵਾਂ?”
ਉਸਨੇ ਕਿਹਾ, “ਸ਼ਮੂਏਲ ਨੂੰ ਲਿਆਓ।”
12ਜਦੋਂ ਉਸ ਔਰਤ ਨੇ ਸ਼ਮੂਏਲ ਨੂੰ ਵੇਖਿਆ ਤਾਂ ਉਹ ਉੱਚੀ ਆਵਾਜ਼ ਵਿੱਚ ਚਿੱਲਾਈ ਉਸਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਧੋਖਾ ਦਿੱਤਾ ਹੈ? ਤੂੰ ਸ਼ਾਊਲ ਹੈ!”
13ਰਾਜੇ ਨੇ ਉਸ ਨੂੰ ਆਖਿਆ, “ਡਰ ਨਾ, ਤੂੰ ਕੀ ਵੇਖਿਆ?”
ਔਰਤ ਨੇ ਕਿਹਾ, “ਮੈਂ ਧਰਤੀ ਵਿੱਚੋਂ ਇੱਕ ਦੇਵਤੇ ਨੂੰ ਨਿੱਕਲਦੇ ਵੇਖਦੀ ਹਾਂ।”
14ਉਸ ਨੇ ਪੁੱਛਿਆ, “ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ?”
ਉਸਨੇ ਕਿਹਾ, “ਇੱਕ ਬੁੱਢੇ ਨੇ ਚੋਗਾ ਪਾਇਆ ਹੋਇਆ ਆ ਰਿਹਾ ਹੈ।”
ਤਦ ਸ਼ਾਊਲ ਨੂੰ ਪਤਾ ਲੱਗਾ ਕਿ ਇਹ ਸ਼ਮੂਏਲ ਹੈ, ਅਤੇ ਉਸ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ।
15ਸ਼ਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਬੁਲਾ ਕੇ ਕਿਉਂ ਮੇਰੀ ਸ਼ਾਂਤੀ ਭੰਗ ਕਰ ਰਿਹਾ ਹੈ?”
ਸ਼ਾਊਲ ਨੇ ਕਿਹਾ, “ਮੈਂ ਬਹੁਤ ਦੁਖੀ ਹਾਂ, ਫ਼ਲਿਸਤੀ ਮੇਰੇ ਨਾਲ ਲੜਦੇ ਹਨ, ਅਤੇ ਪਰਮੇਸ਼ਵਰ ਨੇ ਮੈਨੂੰ ਤਿਆਗ ਦਿੱਤਾ ਹੈ। ਉਹ ਹੁਣ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਤਾਂ ਨਬੀਆਂ ਰਾਹੀ ਅਤੇ ਨਾ ਹੀ ਸੁਪਨਿਆਂ ਰਾਹੀ। ਇਸ ਲਈ ਮੈਂ ਤੁਹਾਨੂੰ ਮੇਰੇ ਲਈ ਬੁਲਾਇਆ ਹੈ ਤਾਂ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।”
16ਸ਼ਮੂਏਲ ਨੇ ਕਿਹਾ, “ਤੁਸੀਂ ਮੇਰੇ ਕੋਲੋ ਕਿਉਂ ਪੁੱਛਦੇ ਹੋ, ਜਦੋਂ ਕਿ ਯਾਹਵੇਹ ਨੇ ਤੈਨੂੰ ਤਿਆਗ ਦਿੱਤਾ ਹੈ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ? 17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਮੇਰੇ ਰਾਹੀਂ ਭਵਿੱਖਬਾਣੀ ਕੀਤੀ ਸੀ। ਯਾਹਵੇਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਹੈ ਅਤੇ ਤੇਰੇ ਗੁਆਂਢੀ ਦਾਵੀਦ ਨੂੰ ਦੇ ਦਿੱਤਾ ਹੈ। 18ਕਿਉਂਕਿ ਤੂੰ ਯਾਹਵੇਹ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਅਮਾਲੇਕੀਆਂ ਨਾਲ ਉਸ ਦੇ ਭਿਆਨਕ ਕ੍ਰੋਧ ਦੇ ਅਨੁਸਾਰ ਨਹੀਂ ਕੀਤਾ, ਇਸ ਲਈ ਯਾਹਵੇਹ ਨੇ ਅੱਜ ਤੇਰੇ ਨਾਲ ਅਜਿਹਾ ਕੀਤਾ ਹੈ। 19ਯਾਹਵੇਹ ਇਸਰਾਏਲ ਨੂੰ ਅਤੇ ਤੈਨੂੰ ਫ਼ਲਿਸਤੀਆਂ ਦੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਕੱਲ੍ਹ ਨੂੰ ਤੂੰ ਅਤੇ ਤੇਰੇ ਪੁੱਤਰ ਮੇਰੇ ਨਾਲ ਹੋਵੋਗੇ। ਯਾਹਵੇਹ ਇਸਰਾਏਲ ਦੀ ਫ਼ੌਜ ਨੂੰ ਵੀ ਫ਼ਲਿਸਤੀਆਂ ਦੇ ਹੱਥਾਂ ਵਿੱਚ ਦੇ ਦੇਵੇਗਾ।”
20ਸ਼ਮੂਏਲ ਦੀਆਂ ਗੱਲਾਂ ਤੋਂ ਡਰਦਾ ਹੋਇਆ ਸ਼ਾਊਲ ਝੱਟ ਜ਼ਮੀਨ ਉੱਤੇ ਡਿੱਗ ਪਿਆ। ਉਸਦੀ ਤਾਕਤ ਖਤਮ ਹੋ ਗਈ ਸੀ, ਕਿਉਂਕਿ ਉਸਨੇ ਸਾਰਾ ਦਿਨ ਅਤੇ ਸਾਰੀ ਰਾਤ ਕੁਝ ਨਹੀਂ ਖਾਧਾ ਸੀ।
21ਜਦੋਂ ਉਹ ਔਰਤ ਸ਼ਾਊਲ ਕੋਲ ਆਈ ਅਤੇ ਵੇਖਿਆ ਕਿ ਉਹ ਬਹੁਤ ਘਬਰਾ ਗਿਆ ਹੈ ਤਾਂ ਉਸ ਨੇ ਆਖਿਆ, “ਵੇਖ, ਤੇਰੀ ਦਾਸੀ ਨੇ ਤੇਰੀ ਗੱਲ ਮੰਨ ਲਈ ਹੈ। ਮੈਂ ਆਪਣੀ ਜਾਨ ਤਲੀ ਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ। 22ਹੁਣ ਕਿਰਪਾ ਕਰਕੇ ਆਪਣੇ ਸੇਵਕ ਦੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਕੁਝ ਭੋਜਨ ਦੇਣਾ ਚਾਉਂਦੀ ਤਾਂ ਜੋ ਤੁਸੀਂ ਖਾ ਸਕੋ ਅਤੇ ਆਪਣੇ ਰਾਹ ਉੱਤੇ ਚੱਲਣ ਦੀ ਤਾਕਤ ਪ੍ਰਾਪਤ ਕਰੋ।”
23ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੈਂ ਨਹੀਂ ਖਾਵਾਂਗਾ।”
ਪਰ ਉਸ ਦੇ ਆਦਮੀ ਉਸ ਔਰਤ ਨਾਲ ਮਿਲ ਕੇ ਉਸ ਨੂੰ ਬੇਨਤੀ ਕਰਨ ਲੱਗੇ, ਅਤੇ ਉਸ ਨੇ ਉਹਨਾਂ ਦੀ ਗੱਲ ਸੁਣੀ। ਉਹ ਜ਼ਮੀਨ ਤੋਂ ਉੱਠ ਕੇ ਮੰਜੇ ਤੇ ਬੈਠ ਗਿਆ।
24ਉਸ ਔਰਤ ਦੇ ਘਰ ਇੱਕ ਮੋਟਾ ਵੱਛਾ ਸੀ, ਜਿਸ ਨੂੰ ਉਸ ਨੇ ਉਸੇ ਵੇਲੇ ਕੱਟਿਆ। ਉਸਨੇ ਆਟਾ ਲਿਆ ਅਤੇ ਉਸ ਨੂੰ ਗੁੰਨ੍ਹਿਆ ਅਤੇ ਬਿਨਾਂ ਖਮੀਰ ਦੇ ਰੋਟੀ ਪਕਾਈ। 25ਤਦ ਉਸ ਨੇ ਉਹ ਨੂੰ ਸ਼ਾਊਲ ਅਤੇ ਉਸ ਦੇ ਮਨੁੱਖਾਂ ਦੇ ਅੱਗੇ ਰੱਖਿਆ ਅਤੇ ਉਹਨਾਂ ਨੇ ਖਾਧਾ। ਉਸੇ ਰਾਤ ਉਹ ਉੱਠ ਕੇ ਚਲੇ ਗਏ।
Currently Selected:
1 ਸ਼ਮੂਏਲ 28: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.