1 ਸ਼ਮੂਏਲ 27
27
ਦਾਵੀਦ ਦਾ ਫ਼ਲਿਸਤੀਆਂ ਵਿੱਚ ਪਨਾਹ ਲੈਣਾ
1ਪਰ ਦਾਵੀਦ ਨੇ ਆਪਣੇ ਮਨ ਵਿੱਚ ਸੋਚਿਆ, “ਇਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਮੈਂ ਸ਼ਾਊਲ ਦੇ ਹੱਥੋਂ ਤਬਾਹ ਹੋ ਜਾਵਾਂਗਾ। ਸਭ ਤੋਂ ਵਧੀਆ ਕੰਮ ਜੋ ਮੈਂ ਕਰ ਸਕਦਾ ਹਾਂ ਉਹ ਇਹੋ ਹੀ ਹੋਵੇਗਾ ਕਿ ਮੈਂ ਫ਼ਲਿਸਤੀਆਂ ਦੇ ਦੇਸ਼ ਵਿੱਚ ਵੱਸ ਜਾਂਵਾ। ਤਦ ਸ਼ਾਊਲ ਇਸਰਾਏਲ ਵਿੱਚੋਂ ਮੈਨੂੰ ਲੱਭਣਾ ਛੱਡ ਦੇਵੇਗਾ ਅਤੇ ਮੈਂ ਉਸਦੇ ਹੱਥੋਂ ਛੁੱਟ ਜਾਵਾਂਗਾ।”
2ਤਾਂ ਦਾਵੀਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਤੁਰ ਗਏ ਅਤੇ ਗਾਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਕੋਲ ਗਏ। 3ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਗਾਥ ਵਿੱਚ ਰਹਿਣ ਲੱਗੇ। ਹਰੇਕ ਆਦਮੀ ਦਾ ਪਰਿਵਾਰ ਉਸਦੇ ਨਾਲ ਸੀ ਅਤੇ ਦਾਵੀਦ ਦੀਆਂ ਦੋ ਪਤਨੀਆਂ ਸਨ: ਅਹੀਨੋਅਮ ਯਿਜ਼ਰਏਲ ਅਤੇ ਕਰਮਲ ਦੀ ਅਬੀਗੈਲ, ਜੋ ਨਾਬਾਲ ਦੀ ਪਤਨੀ ਸੀ। 4ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਗਾਥ ਨੂੰ ਭੱਜ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਨਾ ਨਿੱਕਲਿਆ।
5ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, “ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?”
6ਸੋ ਉਸ ਦਿਨ ਆਕੀਸ਼ ਨੇ ਉਸ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਅਤੇ ਸਿਕਲਗ ਉਦੋਂ ਤੋਂ ਯਹੂਦਾਹ ਦੇ ਰਾਜਿਆਂ ਦਾ ਸ਼ਹਿਰ ਹੈ। 7ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।
8ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।) 9ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।
10ਜਦੋਂ ਆਕੀਸ਼ ਨੇ ਪੁੱਛਿਆ, “ਅੱਜ ਤੁਹਾਡਾ ਰਾਹ ਕਿੱਥੇ ਸੀ?” ਦਾਵੀਦ ਨੇ ਆਖਿਆ, “ਯਹੂਦਾਹ ਦੇ ਨੇਗੇਵ ਦੇ ਵਿਰੁੱਧ ਜਾਂ ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ ਜਾਂ ਕੇਨੀਆਂ ਦੇ ਨੇਗੇਵ ਦੇ ਵਿਰੁੱਧ।” 11ਉਸ ਨੇ ਗਾਥ ਵਿੱਚ ਲਿਆਉਣ ਲਈ ਕਿਸੇ ਮਰਦ ਜਾਂ ਔਰਤ ਨੂੰ ਜੀਉਂਦਾ ਨਾ ਛੱਡਿਆ ਕਿਉਂ ਜੋ ਉਸ ਨੇ ਸੋਚਿਆ, “ਇਹ ਕਿਤੇ ਸਾਡੇ ਵਿਰੁੱਧ ਖ਼ਬਰ ਨਾ ਦੇਣ, ‘ਕਿ ਦਾਵੀਦ ਨੇ ਇਹ ਕੰਮ ਕੀਤਾ ਹੈ।’ ” ਜਦੋਂ ਤੱਕ ਉਹ ਫ਼ਲਿਸਤੀਆਂ ਦੇ ਖੇਤਰ ਵਿੱਚ ਰਿਹਾ ਉਸਦੀ ਇਹੋ ਹੀ ਰੀਤ ਸੀ। 12ਆਕੀਸ਼ ਨੇ ਦਾਵੀਦ ਉੱਤੇ ਭਰੋਸਾ ਕੀਤਾ ਅਤੇ ਆਪਣੇ ਮਨ ਵਿੱਚ ਕਿਹਾ, “ਉਹ ਆਪਣੇ ਲੋਕਾਂ ਅਰਥਾਤ ਇਸਰਾਏਲੀਆਂ ਲਈ ਕਿੰਨਾ ਘਿਣਾਉਣਾ ਹੈ ਉਹ ਉਸ ਤੋਂ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਜੀਵਨ ਭਰ ਮੇਰਾ ਸੇਵਕ ਬਣੇਗਾ।”
Currently Selected:
1 ਸ਼ਮੂਏਲ 27: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.