1 ਸ਼ਮੂਏਲ 26
26
ਦਾਵੀਦ ਨੇ ਫੇਰ ਸ਼ਾਊਲ ਦੀ ਜਾਨ ਬਚਾਈ
1ਜ਼ੀਫ਼ੀਆਂ ਨੇ ਗਿਬਆਹ ਵਿੱਚ ਸ਼ਾਊਲ ਕੋਲ ਜਾ ਕੇ ਆਖਿਆ, “ਕੀ ਦਾਵੀਦ ਹਕੀਲਾਹ ਦੀ ਪਹਾੜੀ ਉੱਤੇ ਜਿਹੜਾ ਯਸ਼ੀਮੋਨ ਦੇ ਸਾਮ੍ਹਣੇ ਹੈ ਲੁਕਿਆ ਨਹੀਂ ਹੈ?”
2ਤਾਂ ਸ਼ਾਊਲ ਆਪਣੀ ਤਿੰਨ ਹਜ਼ਾਰ ਚੁਣੀ ਹੋਈ ਇਸਰਾਏਲੀ ਫ਼ੌਜ ਨਾਲ ਜ਼ੀਫ਼ ਦੇ ਉਜਾੜ ਵਿੱਚ ਦਾਵੀਦ ਨੂੰ ਲੱਭਣ ਲਈ ਹੇਠਾਂ ਗਿਆ। 3ਸ਼ਾਊਲ ਨੇ ਆਪਣਾ ਡੇਰਾ ਯਸ਼ੀਮੋਨ ਦੇ ਸਾਮ੍ਹਣੇ ਹਕੀਲਾਹ ਦੀ ਪਹਾੜੀ ਉੱਤੇ ਸੜਕ ਦੇ ਕੋਲ ਬਣਾਇਆ ਪਰ ਦਾਵੀਦ ਉਜਾੜ ਵਿੱਚ ਹੀ ਰਿਹਾ। ਜਦੋਂ ਉਸਨੇ ਵੇਖਿਆ ਕਿ ਸ਼ਾਊਲ ਉੱਥੇ ਉਸਦੇ ਮਗਰ ਤੁਰਿਆ ਆਉਂਦਾ ਹੈ। 4ਤਦ ਦਾਵੀਦ ਨੇ ਭੇਤੀਆਂ ਨੂੰ ਘੱਲਿਆ ਅਤੇ ਜਾਣਿਆ ਕਿ ਸ਼ਾਊਲ ਸੱਚ-ਮੁੱਚ ਆਇਆ ਹੈ।
5ਤਦ ਦਾਵੀਦ ਚੱਲਿਆ ਅਤੇ ਉਸ ਥਾਂ ਨੂੰ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ। ਦਾਵੀਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮੇ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਸਦਾ ਸੈਨਾਪਤੀ ਸੀ ਵੇਖਿਆ। ਸ਼ਾਊਲ ਡੇਰੇ ਦੇ ਅੰਦਰ ਲੇਟਿਆ ਹੋਇਆ ਸੀ ਅਤੇ ਫ਼ੌਜਾਂ ਨੇ ਉਸ ਦੇ ਆਲੇ-ਦੁਆਲੇ ਡੇਰਾ ਲਾਇਆ ਹੋਇਆ ਸੀ।
6ਤਦ ਦਾਵੀਦ ਨੇ ਹਿੱਤੀ ਅਹੀਮਲੇਕ ਅਤੇ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੂੰ ਆਖਿਆ, “ਮੇਰੇ ਨਾਲ ਸ਼ਾਊਲ ਦੇ ਡੇਰਿਆਂ ਵੱਲ ਕੌਣ ਉਤਰੇਗਾ?”
“ਮੈਂ ਤੇਰੇ ਨਾਲ ਜਾਵਾਂਗਾ,” ਅਬੀਸ਼ਾਈ ਨੇ ਕਿਹਾ।
7ਤਾਂ ਦਾਵੀਦ ਅਤੇ ਅਬੀਸ਼ਾਈ ਰਾਤ ਨੂੰ ਫ਼ੌਜ ਵਿੱਚ ਗਏ ਅਤੇ ਉੱਥੇ ਸ਼ਾਊਲ ਡੇਰੇ ਵਿੱਚ ਸੌਂ ਰਿਹਾ ਸੀ ਅਤੇ ਉਸਦੀ ਬਰਛੀ ਉਸਦੇ ਸਿਰ ਦੇ ਕੋਲ ਜ਼ਮੀਨ ਵਿੱਚ ਗੱਡੀ ਹੋਈ ਸੀ। ਅਬਨੇਰ ਅਤੇ ਸਿਪਾਹੀ ਉਸਦੇ ਆਲੇ-ਦੁਆਲੇ ਪਏ ਹੋਏ ਸਨ।
8ਅਬੀਸ਼ਾਈ ਨੇ ਦਾਵੀਦ ਨੂੰ ਆਖਿਆ, “ਅੱਜ ਪਰਮੇਸ਼ਵਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਹੁਣ ਮੈਨੂੰ ਆਗਿਆ ਦੇ ਤਾਂ ਮੈਂ ਉਸਨੂੰ ਬਰਛੀ ਦੇ ਇੱਕੋ ਵਾਰ ਨਾਲ ਮਾਰ ਕੇ ਧਰਤੀ ਉੱਤੇ ਵਿੰਨ੍ਹ ਸੁੱਟਾਂ ਅਤੇ ਦੂਸਰੀ ਵਾਰ ਉਸਨੂੰ ਨਾ ਮਾਰਾਂਗਾ।”
9ਪਰ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਉਸ ਨੂੰ ਨਾਸ ਨਾ ਕਰ! ਕੌਣ ਹੈ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚੁੱਕੇ ਅਤੇ ਨਿਰਦੋਸ਼ ਠਹਿਰ ਸਕਦਾ ਹੈ?” 10ਦਾਵੀਦ ਨੇ ਅੱਗੇ ਕਿਹਾ, “ਜੀਉਂਦੇ ਯਾਹਵੇਹ ਦੀ ਸਹੁੰ, ਯਾਹਵੇਹ ਆਪ ਹੀ ਉਸਨੂੰ ਮਾਰ ਦੇਵੇਗਾ, ਜਾਂ ਉਸਦਾ ਸਮਾਂ ਆਵੇਗਾ ਅਤੇ ਉਹ ਮਰ ਜਾਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਰ ਜਾਵੇਗਾ। 11ਪਰ ਯਾਹਵੇਹ ਨਾ ਕਰੇ ਕਿ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚਲਾਵਾਂ। ਹੁਣ ਉਹ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਸਦੇ ਸਿਰ ਦੇ ਨੇੜੇ ਹੈ, ਚੁੱਕ ਲੈ ਅਤੇ ਅਸੀਂ ਤੁਰ ਪਈਏ।”
12ਤਦ ਦਾਵੀਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਸ਼ਾਊਲ ਦੇ ਸਿਰ ਦੇ ਕੋਲ ਲਿਆਇਆ ਅਤੇ ਉਹ ਉੱਥੋਂ ਚਲੇ ਗਏ। ਇਸ ਬਾਰੇ ਨਾ ਕਿਸੇ ਨੇ ਦੇਖਿਆ ਅਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੌਂ ਰਹੇ ਸਨ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਗੂੜ੍ਹੀ ਨੀਂਦ ਵਿੱਚ ਪਾ ਦਿੱਤਾ ਸੀ।
13ਤਦ ਦਾਵੀਦ ਪਾਰ ਲੰਘ ਕੇ ਥੋੜੀ ਦੂਰ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਉਹਨਾਂ ਵਿਚਕਾਰ ਇੱਕ ਵੱਡੀ ਵਿੱਥ ਸੀ। 14ਦਾਵੀਦ ਨੇ ਫ਼ੌਜ ਅਤੇ ਨੇਰ ਦੇ ਪੁੱਤਰ ਅਬਨੇਰ ਨੂੰ ਪੁਕਾਰ ਕੇ ਆਖਿਆ, ਹੇ ਅਬਨੇਰ ਕੀ ਤੂੰ ਮੈਨੂੰ ਉੱਤਰ ਨਹੀਂ ਦੇਵੇਗਾ?
ਅਬਨੇਰ ਨੇ ਉੱਤਰ ਦਿੱਤਾ, “ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਪੁਕਾਰਦਾ ਹੈ?”
15ਦਾਵੀਦ ਨੇ ਅਬਨੇਰ ਨੂੰ ਆਖਿਆ, “ਕੀ ਤੂੰ ਸੂਰਮਾ ਮਨੁੱਖ ਨਹੀਂ? ਅਤੇ ਇਸਰਾਏਲ ਵਿੱਚ ਤੇਰੇ ਵਰਗਾ ਕੌਣ ਹੈ? ਤੂੰ ਆਪਣੇ ਸੁਆਮੀ ਪਾਤਸ਼ਾਹ ਦੀ ਰਾਖੀ ਕਿਉਂ ਨਹੀਂ ਕੀਤੀ? ਕੋਈ ਤੁਹਾਡੇ ਸੁਆਮੀ ਪਾਤਸ਼ਾਹ ਨੂੰ ਮਾਰਨ ਲਈ ਵੜ ਗਿਆ ਸੀ। 16ਜੋ ਤੁਸੀਂ ਕੀਤਾ ਹੈ ਉਹ ਚੰਗਾ ਨਹੀਂ ਹੈ। ਜੀਉਂਦੇ ਯਾਹਵੇਹ ਦੀ ਸਹੁੰ, ਤੁਸੀਂ ਵੱਢੇ ਜਾਣ ਦੇ ਯੋਗ ਹੋ, ਕਿਉਂਕਿ ਤੁਸੀਂ ਆਪਣੇ ਮਾਲਕ ਦੀ ਰਾਖੀ ਨਹੀਂ ਕੀਤੀ, ਯਾਹਵੇਹ ਦੇ ਮਸਹ ਕੀਤੇ ਹੋਏ ਦੀ। ਆਪਣੇ ਆਲੇ-ਦੁਆਲੇ ਦੇਖੋ। ਰਾਜੇ ਦੇ ਬਰਛੇ ਅਤੇ ਪਾਣੀ ਦੀ ਗੜਵੀ ਕਿੱਥੇ ਹੈ ਜੋ ਉਸਦੇ ਸਿਰ ਦੇ ਕੋਲ ਸੀ?”
17ਸ਼ਾਊਲ ਨੇ ਦਾਵੀਦ ਦੀ ਆਵਾਜ਼ ਪਛਾਣ ਲਈ ਅਤੇ ਆਖਿਆ, ਹੇ ਮੇਰੇ ਪੁੱਤਰ ਦਾਵੀਦ ਕੀ ਇਹ ਤੇਰੀ ਆਵਾਜ਼ ਹੈ?
ਦਾਵੀਦ ਨੇ ਉੱਤਰ ਦਿੱਤਾ, “ਹਾਂ, ਮੇਰੇ ਮਹਾਰਾਜ ਪਾਤਸ਼ਾਹ।” 18ਅਤੇ ਉਸ ਨੇ ਕਿਹਾ, “ਹੇ ਮੇਰਾ ਮਾਲਕ ਆਪਣੇ ਸੇਵਕ ਦਾ ਪਿੱਛਾ ਕਿਉਂ ਕਰਦਾ ਹੈ? ਮੈਂ ਕੀ ਕੀਤਾ ਹੈ, ਅਤੇ ਮੈਂ ਕਿਸ ਬੁਰਿਆਈ ਦਾ ਦੋਸ਼ੀ ਹਾਂ? 19ਹੁਣ ਮੇਰੇ ਮਾਲਕ ਪਾਤਸ਼ਾਹ ਆਪਣੇ ਸੇਵਕ ਦੀਆਂ ਗੱਲਾਂ ਸੁਣ। ਜੇਕਰ ਯਾਹਵੇਹ ਨੇ ਤੁਹਾਨੂੰ ਮੇਰੇ ਵਿਰੁੱਧ ਉਕਸਾਇਆ ਹੈ, ਤਾਂ ਉਹ ਇੱਕ ਭੇਟ ਸਵੀਕਾਰ ਕਰੇ। ਜੇਕਰ, ਫਿਰ ਵੀ, ਲੋਕਾਂ ਨੇ ਅਜਿਹਾ ਕੀਤਾ ਹੈ, ਤਾਂ ਕੀ ਉਹ ਯਾਹਵੇਹ ਅੱਗੇ ਸਰਾਪ ਦੇ ਸਕਦੇ ਹਨ! ਉਹਨਾਂ ਨੇ ਅੱਜ ਮੈਨੂੰ ਯਾਹਵੇਹ ਦੀ ਵਿਰਾਸਤ ਵਿੱਚ ਮੇਰੇ ਹਿੱਸੇ ਤੋਂ ਭਜਾ ਦਿੱਤਾ ਹੈ ਅਤੇ ਕਿਹਾ ਹੈ, ‘ਜਾ, ਹੋਰ ਦੇਵਤਿਆਂ ਦੀ ਸੇਵਾ ਕਰ।’ 20ਸੋ ਹੁਣ ਯਾਹਵੇਹ ਦੇ ਸਾਮ੍ਹਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ। ਇਸਰਾਏਲ ਦਾ ਰਾਜਾ ਪਿੱਸੂ ਦੀ ਭਾਲ ਕਰਨ ਲਈ ਬਾਹਰ ਆਇਆ ਹੈ, ਜਿਵੇਂ ਕੋਈ ਪਹਾੜਾਂ ਵਿੱਚ ਤਿੱਤਰ ਦਾ ਸ਼ਿਕਾਰ ਕਰਦਾ ਹੈ।”
21ਤਦ ਸ਼ਾਊਲ ਨੇ ਆਖਿਆ, “ਮੈਂ ਪਾਪ ਕੀਤਾ ਹੈ। ਵਾਪਸ ਆ ਜਾ, ਦਾਵੀਦ ਮੇਰੇ ਪੁੱਤਰ। ਕਿਉਂਕਿ ਤੂੰ ਅੱਜ ਮੇਰੀ ਜ਼ਿੰਦਗੀ ਨੂੰ ਕੀਮਤੀ ਸਮਝਿਆ, ਮੈਂ ਤੈਨੂੰ ਦੁਬਾਰਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਯਕੀਨਨ ਮੈਂ ਇੱਕ ਮੂਰਖ ਵਾਂਗ ਕੰਮ ਕੀਤਾ ਹੈ ਅਤੇ ਬਹੁਤ ਗਲਤ ਕੀਤਾ ਹੈ।”
22ਦਾਵੀਦ ਨੇ ਉੱਤਰ ਦਿੱਤਾ, “ਇਹ ਰਾਜੇ ਦੀ ਬਰਛੀ ਹੈ, ਤੁਹਾਡੇ ਨੌਜਵਾਨਾਂ ਵਿੱਚੋਂ ਇੱਕ ਆਦਮੀ ਆਣ ਕੇ ਇਸ ਨੂੰ ਲੈ ਜਾਵੇ। 23ਯਾਹਵੇਹ ਹਰ ਇੱਕ ਨੂੰ ਉਸ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। ਯਾਹਵੇਹ ਨੇ ਤੁਹਾਨੂੰ ਅੱਜ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਪਰ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਨਹੀਂ ਚਲਾਵਾਂਗਾ। 24ਜਿਵੇਂ ਮੈਂ ਅੱਜ ਤੁਹਾਡੇ ਜੀਵਨ ਦੀ ਕਦਰ ਕੀਤੀ, ਉਸੇ ਤਰ੍ਹਾਂ ਯਾਹਵੇਹ ਮੇਰੀ ਜਾਨ ਦੀ ਕਦਰ ਕਰੇ ਅਤੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਵੇ।”
25ਤਦ ਸ਼ਾਊਲ ਨੇ ਦਾਵੀਦ ਨੂੰ ਆਖਿਆ, “ਹੇ ਮੇਰੇ ਪੁੱਤਰ ਦਾਵੀਦ, ਮੁਬਾਰਕ ਹੈ ਤੂੰ। ਹੇ ਮੇਰੇ ਪੁੱਤਰ ਤੂੰ ਵੱਡੇ ਕੰਮ ਕਰੇਂਗਾ ਅਤੇ ਤੂੰ ਬਾਗਵਾਨ ਵੀ ਹੋਵੇਗਾ।”
ਇਸ ਲਈ ਦਾਵੀਦ ਆਪਣੇ ਰਾਹ ਤੁਰ ਪਿਆ ਅਤੇ ਸ਼ਾਊਲ ਘਰ ਨੂੰ ਮੁੜਿਆ।
Currently Selected:
1 ਸ਼ਮੂਏਲ 26: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.