1 ਸ਼ਮੂਏਲ 23
23
ਦਾਵੀਦ ਨੇ ਕੇਲਾਹ ਨਗਰ ਨੂੰ ਬਚਾਇਆ
1ਜਦੋਂ ਦਾਵੀਦ ਨੂੰ ਕਿਹਾ ਗਿਆ, “ਵੇਖੋ, ਫ਼ਲਿਸਤੀ ਕੇਲਾਹ ਦੇ ਵਿਰੁੱਧ ਲੜ ਰਹੇ ਹਨ ਅਤੇ ਫ਼ਸਲਾਂ ਨੂੰ ਲੁੱਟਦੇ ਹਨ।” 2ਤਦ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਜਾ ਕੇ ਇਨ੍ਹਾਂ ਫ਼ਲਿਸਤੀਆਂ ਉੱਤੇ ਹਮਲਾ ਕਰਾਂ?”
ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਫ਼ਲਿਸਤੀਆਂ ਉੱਤੇ ਹਮਲਾ ਕਰ ਅਤੇ ਕੇਲਾਹ ਨਗਰ ਨੂੰ ਬਚਾ।”
3ਪਰ ਦਾਵੀਦ ਦੇ ਲੋਕਾਂ ਨੇ ਉਸ ਨੂੰ ਆਖਿਆ, “ਅਸੀਂ ਇੱਥੇ ਯਹੂਦਾਹ ਦੇ ਵਿੱਚ ਡਰ ਦੇ ਮਾਰੇ ਰਹਿ ਰਹੇ ਹਾਂ। ਫਿਰ ਜੇ ਅਸੀਂ ਜਾ ਕੇ ਕੇਲਾਹ ਵਿੱਚ ਫ਼ਲਿਸਤੀਆਂ ਦੀ ਫ਼ੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ!”
4ਇੱਕ ਵਾਰ ਫਿਰ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, ਅਤੇ ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਕੇਲਾਹ ਨੂੰ ਜਾ, ਕਿਉਂਕਿ ਮੈਂ ਫ਼ਲਿਸਤੀਆਂ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ।” 5ਤਾਂ ਦਾਵੀਦ ਅਤੇ ਉਸ ਦੇ ਆਦਮੀ ਕੇਲਾਹ ਨੂੰ ਗਏ ਅਤੇ ਫ਼ਲਿਸਤੀਆਂ ਨਾਲ ਲੜੇ ਅਤੇ ਉਹਨਾਂ ਦੇ ਪਸ਼ੂਆਂ ਨੂੰ ਲੈ ਆਏ। ਉਸਨੇ ਫ਼ਲਿਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕੇਲਾਹ ਦੇ ਲੋਕਾਂ ਨੂੰ ਬਚਾਇਆ। 6(ਹੁਣ ਅਹੀਮਲੇਕ ਦਾ ਪੁੱਤਰ ਅਬੀਯਾਥਰ ਏਫ਼ੋਦ ਆਪਣੇ ਨਾਲ ਲਿਆਇਆ ਸੀ ਜਦੋਂ ਉਹ ਕੇਲਾਹ ਵਿੱਚ ਭੱਜ ਕੇ ਦਾਵੀਦ ਕੋਲ ਆਇਆ ਸੀ।)
ਸ਼ਾਊਲ ਨੇ ਦਾਵੀਦ ਦਾ ਪਿੱਛਾ ਕੀਤਾ
7ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਨੂੰ ਗਿਆ ਹੈ ਅਤੇ ਉਸ ਨੇ ਕਿਹਾ, “ਪਰਮੇਸ਼ਵਰ ਨੇ ਉਸਨੂੰ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਹੈ ਜਿਸਦੇ ਬੂਹੇ ਅਤੇ ਚਾਰ-ਦੀਵਾਰੀ ਉੱਚੀ ਹੈ ਉਹ ਉਸ ਵਿੱਚ ਦਾਖਲ ਹੋ ਕੇ ਫਸ ਗਿਆ ਹੈ।” 8ਅਤੇ ਸ਼ਾਊਲ ਨੇ ਆਪਣੀਆਂ ਸਾਰੀਆਂ ਫ਼ੌਜਾਂ ਨੂੰ ਲੜਾਈ ਲਈ ਬੁਲਾਇਆ ਤਾਂ ਜੋ ਉਹ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਘੇਰਨ ਲਈ ਕੇਲਾਹ ਨੂੰ ਜਾਣ।
9ਜਦੋਂ ਦਾਵੀਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਸਾਜ਼ਿਸ਼ ਬਣਾ ਰਿਹਾ ਹੈ ਤਾਂ ਉਸ ਨੇ ਅਬੀਯਾਥਰ ਜਾਜਕ ਨੂੰ ਕਿਹਾ, “ਏਫ਼ੋਦ ਲਿਆਓ।” 10ਦਾਵੀਦ ਨੇ ਆਖਿਆ, “ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਦਾਸ ਨੇ ਨਿਸ਼ਚਿਤ ਤੌਰ ਤੇ ਸੁਣਿਆ ਹੈ ਕਿ ਸ਼ਾਊਲ ਕੇਲਾਹ ਵਿੱਚ ਆਉਣ ਅਤੇ ਮੇਰੇ ਕਾਰਨ ਨਗਰ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ। 11ਕੀ ਕੇਲਾਹ ਦੇ ਵਾਸੀ ਮੈਨੂੰ ਉਹ ਦੇ ਹਵਾਲੇ ਕਰ ਦੇਣਗੇ? ਕੀ ਸ਼ਾਊਲ ਹੇਠਾਂ ਆਵੇਗਾ, ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਆਪਣੇ ਸੇਵਕ ਨੂੰ ਦੱਸ।”
ਅਤੇ ਯਾਹਵੇਹ ਨੇ ਕਿਹਾ, “ਉਹ ਆਵੇਗਾ।”
12ਦਾਵੀਦ ਨੇ ਫੇਰ ਪੁੱਛਿਆ, ਕੀ ਕੇਲਾਹ ਦੇ ਵਾਸੀ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ?
ਅਤੇ ਯਾਹਵੇਹ ਨੇ ਕਿਹਾ, “ਉਹ ਕਰਨਗੇ।”
13ਤਾਂ ਦਾਵੀਦ ਅਤੇ ਉਸ ਦੇ ਆਦਮੀਆਂ ਦੀ ਗਿਣਤੀ ਲਗਭਗ ਛੇ ਸੌ ਸੀ, ਕੇਲਾਹ ਛੱਡ ਕੇ ਜਿੱਥੇ ਕਿਤੇ ਉਹਨਾਂ ਰਾਹ ਲੱਭਾ ਉੱਧਰ ਹੀ ਤੁਰ ਪਏ। ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਤੋਂ ਨਿੱਕਲ ਗਿਆ ਹੈ, ਤਾਂ ਉਹ ਉੱਥੇ ਨਹੀਂ ਗਿਆ।
14ਦਾਵੀਦ ਜੰਗਲ ਦੇ ਵਿੱਚ ਪੱਕਿਆਂ ਥਾਵਾਂ ਵਿੱਚ ਰਹਿਣ ਲੱਗਾ ਅਤੇ ਪਹਾੜੀ ਦੇਸ਼ ਦੇ ਜ਼ੀਫ਼ ਵਿੱਚ ਜਾ ਟਿਕਿਆਂ। ਦਿਨੋਂ-ਦਿਨ ਸ਼ਾਊਲ ਉਸਦੀ ਭਾਲ ਵਿੱਚ ਲੱਗਾ ਰਿਹਾ, ਪਰ ਪਰਮੇਸ਼ਵਰ ਨੇ ਦਾਵੀਦ ਨੂੰ ਉਸ ਦੇ ਹੱਥਾਂ ਵਿੱਚ ਨਾ ਦਿੱਤਾ।
15ਜਦੋਂ ਦਾਵੀਦ ਜ਼ੀਫ਼ ਦੇ ਜੰਗਲ ਵਿੱਚ ਹੋਰੇਸ਼ ਵਿੱਚ ਸੀ ਤਾਂ ਉਸਨੂੰ ਪਤਾ ਲੱਗਾ ਕਿ ਸ਼ਾਊਲ ਉਸਦੀ ਜਾਨ ਲੈਣ ਲਈ ਬਾਹਰ ਆਇਆ ਹੈ। 16ਅਤੇ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਵੀਦ ਕੋਲ ਗਿਆ ਅਤੇ ਪਰਮੇਸ਼ਵਰ ਵਿੱਚ ਉਸ ਨੂੰ ਤਸੱਲੀ ਦਿੱਤੀ। 17ਉਸ ਨੇ ਆਖਿਆ, “ਨਾ ਡਰ, ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਹੀਂ ਪਹੁੰਚੇਗਾ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਤੇਰੇ ਤੋਂ ਬਾਅਦ ਮੇਰਾ ਦੂਸਰਾ ਦਰਜਾ ਹੋਵੇਗਾ। ਇੱਥੋਂ ਤੱਕ ਕਿ ਮੇਰਾ ਪਿਤਾ ਸ਼ਾਊਲ ਵੀ ਇਹ ਜਾਣਦਾ ਹੈ।” 18ਉਹਨਾਂ ਦੋਹਾਂ ਨੇ ਯਾਹਵੇਹ ਦੇ ਅੱਗੇ ਇੱਕ ਨੇਮ ਬੰਨ੍ਹਿਆ। ਫਿਰ ਯੋਨਾਥਾਨ ਘਰ ਚਲਾ ਗਿਆ ਪਰ ਦਾਵੀਦ ਹੋਰੇਸ਼ ਦੇ ਜੰਗਲ ਵਿੱਚ ਹੀ ਰਿਹਾ।
19ਜ਼ੀਫ਼ੀ ਗਿਬਆਹ ਵਿੱਚ ਸ਼ਾਊਲ ਕੋਲ ਗਏ ਅਤੇ ਬੋਲੇ, “ਕੀ ਦਾਵੀਦ ਯਸ਼ੀਮੋਨ ਦੇ ਦੱਖਣ ਵਿੱਚ ਹਕੀਲਾਹ ਦੀ ਪਹਾੜੀ ਉੱਤੇ ਹੋਰੇਸ਼ ਦੇ ਗੜ੍ਹਾਂ ਵਿੱਚ ਸਾਡੇ ਵਿਚਕਾਰ ਛੁਪਿਆ ਹੋਇਆ ਨਹੀਂ ਹੈ? 20ਹੁਣ ਮਹਾਰਾਜ, ਜਦੋਂ ਵੀ ਤੁਹਾਨੂੰ ਚੰਗਾ ਲੱਗੇ ਤਾਂ ਹੇਠਾਂ ਆ ਜਾਓ ਅਤੇ ਅਸੀਂ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਣ ਲਈ ਜ਼ਿੰਮੇਵਾਰ ਹੋਵਾਂਗੇ।”
21ਸ਼ਾਊਲ ਨੇ ਉੱਤਰ ਦਿੱਤਾ, “ਯਾਹਵੇਹ ਤੁਹਾਨੂੰ ਮੇਰੇ ਲਈ ਚਿੰਤਾ ਕਰਨ ਲਈ ਅਸੀਸ ਦੇਵੇ। 22ਜਾਓ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ। ਪਤਾ ਕਰੋ ਕਿ ਦਾਵੀਦ ਆਮ ਤੌਰ ਉੱਤੇ ਕਿੱਥੇ ਜਾਂਦਾ ਹੈ ਅਤੇ ਉਸ ਨੂੰ ਉੱਥੇ ਕਿਸ ਨੇ ਦੇਖਿਆ ਹੈ। ਉਹ ਮੈਨੂੰ ਦੱਸਦੇ ਹਨ ਕਿ ਉਹ ਬਹੁਤ ਚਤਰਾਈ ਨਾਲ ਚੱਲਦਾ ਹੈ। 23ਉਹਨਾਂ ਸਾਰੀਆਂ ਲੁਕਣ ਵਾਲੀਆਂ ਥਾਵਾਂ ਬਾਰੇ ਪਤਾ ਲਗਾਓ ਜੋ ਉਹ ਵਰਤਦਾ ਹੈ ਅਤੇ ਨਿਸ਼ਚਿਤ ਜਾਣਕਾਰੀ ਨਾਲ ਮੇਰੇ ਕੋਲ ਵਾਪਸ ਆਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ; ਜੇਕਰ ਉਹ ਇਲਾਕੇ ਵਿੱਚ ਹੈ, ਤਾਂ ਮੈਂ ਉਸਨੂੰ ਯਹੂਦਾਹ ਦੇ ਸਾਰੇ ਗੋਤਾਂ ਵਿੱਚ ਲੱਭ ਲਵਾਂਗਾ।”
24ਸੋ ਉਹ ਚੱਲੇ ਅਤੇ ਸ਼ਾਊਲ ਦੇ ਅੱਗੇ ਜ਼ੀਫ਼ ਨੂੰ ਗਏ। ਉਸ ਸਮੇਂ ਦਾਵੀਦ ਅਤੇ ਉਸਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ ਵਿੱਚ ਮਾਓਨ ਦੇ ਮਾਰੂਥਲ ਵਿੱਚ ਸਨ। 25ਸ਼ਾਊਲ ਅਤੇ ਉਹ ਦੇ ਬੰਦਿਆਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ ਅਤੇ ਦਾਵੀਦ ਨੂੰ ਇਸ ਦੀ ਖ਼ਬਰ ਹੋਈ ਤਾਂ ਉਹ ਚੱਟਾਨ ਉੱਤੋਂ ਉੱਤਰਿਆ ਅਤੇ ਮਾਓਨ ਦੇ ਉਜਾੜ ਵਿੱਚ ਠਹਿਰਿਆ। ਜਦੋਂ ਸ਼ਾਊਲ ਨੇ ਇਹ ਸੁਣਿਆ, ਤਾਂ ਉਹ ਦਾਵੀਦ ਦਾ ਪਿੱਛਾ ਕਰਨ ਲਈ ਮਾਓਨ ਦੇ ਉਜਾੜ ਵਿੱਚ ਚਲਾ ਗਿਆ।
26ਸ਼ਾਊਲ ਪਹਾੜ ਦੇ ਇੱਕ ਪਾਸੇ ਵੱਲ ਜਾ ਰਿਹਾ ਸੀ ਅਤੇ ਦਾਵੀਦ ਅਤੇ ਉਸ ਦੇ ਆਦਮੀ ਦੂਜੇ ਪਾਸੇ ਵੱਲ ਅਤੇ ਦਾਵੀਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ। ਜਦੋਂ ਸ਼ਾਊਲ ਅਤੇ ਉਸ ਦੀਆਂ ਫ਼ੌਜਾਂ ਦਾਵੀਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਹਨਾਂ ਨੂੰ ਘੇਰ ਲਿਆ ਸੀ, 27ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਆਖਿਆ, “ਜਲਦੀ ਨਾਲ ਆ ਜਾਓ! ਫ਼ਲਿਸਤੀਆਂ ਨੇ ਦੇਸ਼ ਉੱਤੇ ਹਮਲਾ ਕਰ ਦਿੱਤਾ ਹੈ।” 28ਤਦ ਸ਼ਾਊਲ ਨੇ ਦਾਵੀਦ ਦਾ ਪਿੱਛਾ ਛੱਡ ਦਿੱਤਾ ਅਤੇ ਫ਼ਲਿਸਤੀਆਂ ਦੇ ਵਿਰੁੱਧ ਹੋ ਤੁਰਿਆ। ਇਸ ਲਈ ਉਹਨਾਂ ਨੇ ਉਸ ਥਾਂ ਦਾ ਨਾਮ “ਰਿਹਾਈ ਦੀ ਚੱਟਾਨ” ਰੱਖਿਆ। 29ਅਤੇ ਦਾਵੀਦ ਉੱਥੋਂ ਨਿੱਕਲ ਕੇ ਏਨ ਗੇਦੀ ਦੇ ਗੜ੍ਹਾਂ ਵਿੱਚ ਰਹਿਣ ਲੱਗਾ।
Currently Selected:
1 ਸ਼ਮੂਏਲ 23: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.