1 ਸ਼ਮੂਏਲ 22
22
ਦਾਵੀਦ ਅਦੁੱਲਾਮ ਅਤੇ ਮਿਸਫ਼ਾਹ ਵਿੱਚ
1ਦਾਵੀਦ ਗਾਥ ਛੱਡ ਕੇ ਅਦੁੱਲਾਮ ਦੀ ਗੁਫਾ ਵਿੱਚ ਭੱਜ ਗਿਆ। ਜਦੋਂ ਉਸ ਦੇ ਭਰਾਵਾਂ ਅਤੇ ਉਸ ਦੇ ਪਿਤਾ ਦੇ ਘਰ ਵਾਲਿਆਂ ਨੇ ਇਸ ਬਾਰੇ ਸੁਣਿਆ, ਤਾਂ ਉਹ ਹੇਠਾਂ ਉਸ ਕੋਲ ਗਏ। 2ਉਹ ਸਾਰੇ ਜਿਹੜੇ ਬਿਪਤਾ ਵਿੱਚ ਸਨ ਜਾਂ ਕਰਜ਼ੇ ਵਿੱਚ ਸਨ ਜਾਂ ਮੁਸ਼ਕਿਲ ਵਿੱਚ ਸਨ ਉਹ ਦੇ ਦੁਆਲੇ ਇਕੱਠੇ ਹੋਏ ਅਤੇ ਉਹ ਉਹਨਾਂ ਦਾ ਪ੍ਰਧਾਨ ਬਣ ਗਿਆ। ਤਕਰੀਬਨ ਚਾਰ ਸੌ ਆਦਮੀ ਉਸਦੇ ਨਾਲ ਸਨ।
3ਉੱਥੋਂ ਦਾਵੀਦ ਮੋਆਬ ਵਿੱਚ ਮਿਸਫ਼ਾਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, “ਕੀ ਤੁਸੀਂ ਮੇਰੇ ਮਾਤਾ-ਪਿਤਾ ਨੂੰ ਆਗਿਆ ਦਿਉ ਜੋ ਉਹ ਤੇਰੇ ਕੋਲ ਆ ਕੇ ਰਹਿਣ, ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਪਰਮੇਸ਼ਵਰ ਮੇਰੇ ਲਈ ਕੀ ਕਰੇਗਾ?” 4ਸੋ ਉਸ ਨੇ ਉਹਨਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਦਿੱਤਾ ਜਦ ਤੱਕ ਦਾਵੀਦ ਗੜ੍ਹ ਵਿੱਚ ਸੀ ਉਹ ਉਸ ਦੇ ਨਾਲ ਰਹੇ।
5ਪਰ ਗਾਦ ਨਬੀ ਨੇ ਦਾਵੀਦ ਨੂੰ ਆਖਿਆ, “ਗੜ੍ਹ ਵਿੱਚ ਨਾ ਠਹਿਰ। ਯਹੂਦਾਹ ਦੇ ਦੇਸ਼ ਵਿੱਚ ਜਾਓ।” ਇਸ ਲਈ ਦਾਵੀਦ ਉੱਥੋਂ ਹਾਰਥ ਦੇ ਜੰਗਲ ਵਿੱਚ ਚਲਾ ਗਿਆ।
ਸ਼ਾਊਲ ਨੇ ਨੋਬ ਦੇ ਜਾਜਕਾਂ ਨੂੰ ਮਾਰ ਦਿੱਤਾ
6ਹੁਣ ਸ਼ਾਊਲ ਨੇ ਸੁਣਿਆ ਕਿ ਦਾਵੀਦ ਅਤੇ ਉਸਦੇ ਆਦਮੀਆਂ ਦਾ ਪਤਾ ਲੱਗ ਗਿਆ ਹੈ ਅਤੇ ਸ਼ਾਊਲ ਹੱਥ ਵਿੱਚ ਬਰਛੀ, ਗਿਬਆਹ ਦੀ ਪਹਾੜੀ ਉੱਤੇ ਝਾਊ ਦੇ ਰੁੱਖ ਦੇ ਹੇਠਾਂ ਬੈਠਾ ਹੋਇਆ ਸੀ ਅਤੇ ਉਸਦੇ ਸਾਰੇ ਸੇਵਕ ਉਸਦੇ ਕੋਲ ਖੜ੍ਹੇ ਸਨ। 7ਸ਼ਾਊਲ ਨੇ ਉਹਨਾਂ ਨੂੰ ਆਖਿਆ, “ਸੁਣੋ, ਬਿਨਯਾਮੀਨ ਦੇ ਲੋਕੋ! ਕੀ ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਖੇਤ ਅਤੇ ਅੰਗੂਰੀ ਬਾਗ ਦੇਵੇਗਾ? ਕੀ ਉਹ ਤੁਹਾਨੂੰ ਸਾਰਿਆਂ ਨੂੰ ਹਜ਼ਾਰਾਂ ਦਾ ਸੈਨਾਪਤੀ ਅਤੇ ਸੈਂਕੜੇ ਦਾ ਸੈਨਾਪਤੀ ਬਣਾਵੇਗਾ? 8ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਿਆ ਹੈ? ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ। ਤੁਹਾਡੇ ਵਿੱਚੋਂ ਕੋਈ ਵੀ ਮੇਰੀ ਚਿੰਤਾ ਨਹੀਂ ਕਰਦਾ ਜਾਂ ਮੈਨੂੰ ਇਹ ਨਹੀਂ ਦੱਸਦਾ ਕਿ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਮੇਰੀ ਉਡੀਕ ਕਰਨ ਲਈ ਉਕਸਾਇਆ ਹੈ, ਜਿਵੇਂ ਕਿ ਉਹ ਅੱਜ ਕਰਦਾ ਹੈ।”
9ਪਰ ਦੋਏਗ ਅਦੋਮੀ ਨੇ ਜਿਹੜਾ ਸ਼ਾਊਲ ਦੇ ਅਧਿਕਾਰੀਆਂ ਨਾਲ ਖੜ੍ਹਾ ਸੀ ਆਖਿਆ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲੇਕ ਕੋਲ ਆਉਂਦਾ ਵੇਖਿਆ। 10ਅਹੀਮਲੇਕ ਨੇ ਉਸ ਦੇ ਲਈ ਯਾਹਵੇਹ ਤੋਂ ਪੁੱਛਿਆ, ਉਸਨੇ ਉਸਨੂੰ ਭੋਜਨ ਅਤੇ ਗੋਲਿਅਥ ਫ਼ਲਿਸਤੀ ਦੀ ਤਲਵਾਰ ਵੀ ਦਿੱਤੀ।”
11ਤਦ ਰਾਜੇ ਨੇ ਅਹੀਟੂਬ ਦੇ ਪੁੱਤਰ ਅਹੀਮਲੇਕ ਜਾਜਕ ਨੂੰ ਅਤੇ ਉਸ ਦੇ ਘਰਾਣੇ ਦੇ ਸਾਰੇ ਮਨੁੱਖਾਂ ਨੂੰ ਜਿਹੜੇ ਨੋਬ ਵਿੱਚ ਜਾਜਕ ਸਨ, ਸੱਦਿਆ ਅਤੇ ਉਹ ਸਾਰੇ ਪਾਤਸ਼ਾਹ ਕੋਲ ਆਏ। 12ਸ਼ਾਊਲ ਨੇ ਆਖਿਆ, ਅਹੀਟੂਬ ਦੇ ਪੁੱਤਰ ਹੁਣ ਸੁਣ!
ਉਸਨੇ ਜਵਾਬ ਦਿੱਤਾ, “ਹੇ ਮੇਰੇ ਮਾਲਕ ਮੈਂ ਹਾਜ਼ਰ ਹਾਂ।”
13ਸ਼ਾਊਲ ਨੇ ਉਹ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜਿਸ਼ ਕੀਤੀ, ਤੂੰ ਜੋ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਪਰਮੇਸ਼ਵਰ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਉਹ ਅੱਜ ਕਰਦਾ ਹੈ?”
14ਅਹੀਮਲੇਕ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਤੇਰੇ ਸਾਰੇ ਸੇਵਕਾਂ ਵਿੱਚੋਂ ਰਾਜੇ ਦੇ ਜਵਾਈ ਦਾਵੀਦ ਵਰਗਾ ਵਫ਼ਾਦਾਰ ਕੌਣ ਹੈ ਜੋ ਤੇਰੇ ਅੰਗ-ਰੱਖਿਅਕਾਂ ਦਾ ਸਰਦਾਰ ਅਤੇ ਤੇਰੇ ਘਰਾਣੇ ਵਿੱਚ ਬਹੁਤ ਇੱਜ਼ਤ ਵਾਲਾ ਹੈ? 15ਕੀ ਉਸ ਦਿਨ ਮੈਂ ਪਹਿਲੀ ਵਾਰ ਪਰਮੇਸ਼ਵਰ ਤੋਂ ਉਹ ਦੇ ਲਈ ਪੁੱਛਿਆ? ਬਿਲਕੁੱਲ ਨਹੀਂ! ਰਾਜਾ ਤੁਹਾਡੇ ਸੇਵਕ ਜਾਂ ਆਪਣੇ ਪਿਤਾ ਦੇ ਪਰਿਵਾਰ ਵਿੱਚੋਂ ਕਿਸੇ ਉੱਤੇ ਦੋਸ਼ ਨਾ ਲਾਵੇ ਕਿਉਂਕਿ ਤੁਹਾਡਾ ਸੇਵਕ ਇਸ ਸਾਰੇ ਮਾਮਲੇ ਬਾਰੇ ਕੁਝ ਵੀ ਨਹੀਂ ਜਾਣਦਾ।”
16ਪਰ ਪਾਤਸ਼ਾਹ ਨੇ ਆਖਿਆ, “ਅਹੀਮਲੇਕ, ਤੂੰ ਅਤੇ ਤੇਰਾ ਸਾਰਾ ਪਰਿਵਾਰ ਜ਼ਰੂਰ ਮਰ ਜਾਵੇਂਗਾ।”
17ਤਦ ਰਾਜੇ ਨੇ ਆਪਣੇ ਪਾਸੇ ਦੇ ਖੜ੍ਹੇ ਸਿਪਾਹੀਆਂ ਨੂੰ ਹੁਕਮ ਦਿੱਤਾ, “ਮੁੜੋ ਅਤੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿਓ ਕਿਉਂਕਿ ਇਹ ਵੀ ਦਾਵੀਦ ਨਾਲ ਮਿਲੇ ਹੋਏ ਹਨ। ਉਹ ਜਾਣਦੇ ਸਨ ਕਿ ਉਹ ਭੱਜ ਰਿਹਾ ਹੈ, ਪਰ ਉਹਨਾਂ ਨੇ ਮੈਨੂੰ ਨਹੀਂ ਦੱਸਿਆ।”
ਪਰ ਰਾਜੇ ਦੇ ਅਧਿਕਾਰੀ ਯਾਹਵੇਹ ਦੇ ਸੇਵਕਾਂ ਨੂੰ ਮਾਰਨ ਲਈ ਹੱਥ ਚੁੱਕਣ ਲਈ ਵੀ ਤਿਆਰ ਨਹੀਂ ਸਨ।
18ਤਦ ਰਾਜੇ ਨੇ ਦੋਏਗ ਨੂੰ ਹੁਕਮ ਦਿੱਤਾ, “ਤੂੰ ਮੁੜ ਕੇ ਜਾਜਕਾਂ ਨੂੰ ਮਾਰ ਸੁੱਟ।” ਇਸ ਲਈ ਅਦੋਮੀ ਦੋਏਗ ਨੇ ਮੁੜ ਕੇ ਉਹਨਾਂ ਨੂੰ ਮਾਰ ਦਿੱਤਾ। ਉਸੇ ਦਿਨ ਉਸ ਨੇ ਕਤਾਨ ਦੇ ਏਫ਼ੋਦ ਪਹਿਨੇ ਹੋਏ ਅੱਸੀ ਆਦਮੀਆਂ ਨੂੰ ਮਾਰ ਦਿੱਤਾ। 19ਉਸ ਨੇ ਜਾਜਕਾਂ ਦੇ ਸ਼ਹਿਰ ਨੋਬ ਨੂੰ ਵੀ ਤਲਵਾਰ ਨਾਲ ਵੱਢ ਦਿੱਤਾ ਉਸ ਦੇ ਆਦਮੀਆਂ ਅਤੇ ਔਰਤਾਂ, ਬਾਲਕਾਂ ਅਤੇ ਦੁੱਧ ਚੁੰਘਦੇ ਬੱਚਿਆ ਅਤੇ ਬਲਦਾਂ, ਗਧੇ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
20ਪਰ ਅਹੀਟੂਬ ਦੇ ਪੁੱਤਰ ਅਹੀਮਲੇਕ ਦਾ ਇੱਕ ਪੁੱਤਰ, ਜਿਸ ਦਾ ਨਾਮ ਅਬੀਯਾਥਰ ਸੀ, ਬਚ ਨਿਕਲਿਆ ਅਤੇ ਦਾਵੀਦ ਦੇ ਨਾਲ ਰਲਣ ਨੂੰ ਭੱਜ ਗਿਆ। 21ਅਬੀਯਾਥਰ ਨੇ ਦਾਵੀਦ ਨੂੰ ਖ਼ਬਰ ਦਿੱਤੀ ਕਿ ਸ਼ਾਊਲ ਨੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿੱਤਾ। 22ਦਾਵੀਦ ਨੇ ਅਬੀਯਾਥਰ ਨੂੰ ਆਖਿਆ, “ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ। ਤੇਰੇ ਸਾਰੇ ਪਰਿਵਾਰ ਦੇ ਮਾਰੇ ਜਾਣ ਦਾ ਕਾਰਨ ਮੈਂ ਹੀ ਹਾਂ। 23ਹੁਣ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੀ ਸੁਰੱਖਿਆ ਵਿੱਚ ਰਹੇਗਾ।”
Currently Selected:
1 ਸ਼ਮੂਏਲ 22: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.