1 ਸ਼ਮੂਏਲ 2
2
ਹੰਨਾਹ ਦੀ ਪ੍ਰਾਰਥਨਾ
1ਤਦ ਹੰਨਾਹ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ:
“ਮੇਰਾ ਮਨ ਯਾਹਵੇਹ ਵਿੱਚ ਖੁਸ਼ ਹੈ;
ਯਾਹਵੇਹ ਨੇ ਮੇਰਾ ਸਿੰਗ#2:1 ਸਿੰਗ ਅਰਥਾਤ: ਤਾਕਤ ਉੱਚਾ ਕੀਤਾ ਹੈ।
ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਮ੍ਹਣੇ ਸ਼ੇਖੀ ਮਾਰਦਾ ਹੈ।
ਕਿਉਂ ਜੋ ਮੈਂ ਤੇਰੇ ਛੁਟਕਾਰੇ ਤੋਂ ਖੁਸ਼ ਹਾਂ।
2“ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ;
ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ;
ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।
3“ਹੰਕਾਰ ਦੀਆਂ ਗੱਲਾਂ ਹੋਰ ਨਾ ਆਖ
ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ,
ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ,
ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।
4“ਯੋਧਿਆਂ ਦੇ ਕਮਾਨ ਟੁੱਟ ਗਏ ਹਨ,
ਪਰ ਠੋਕਰ ਖਾਣ ਵਾਲਿਆ ਦੇ ਲੱਕ ਤਾਕਤ ਨਾਲ ਕੱਸੇ ਗਏ।
5ਜਿਹੜੇ ਰੱਜੇ ਹੋਏ ਸਨ, ਆਪ ਹੀ ਰੋਟੀ ਲਈ ਮਜ਼ਦੂਰ ਹੋ ਗਏ,
ਪਰ ਜਿਹੜੇ ਭੁੱਖੇ ਸਨ, ਉਹ ਹੁਣ ਭੁੱਖੇ ਨਹੀਂ ਹਨ।
ਉਹ ਜੋ ਬਾਂਝ ਸਨ ਉਹਨਾਂ ਨੇ ਸੱਤ ਬੱਚੇ ਜਣੇ,
ਪਰ ਜਿਸ ਦੇ ਬਹੁਤ ਸਾਰੇ ਪੁੱਤਰ ਸਨ ਉਹ ਕਮਜ਼ੋਰ ਪੈ ਗਈ।
6“ਯਾਹਵੇਹ ਹੀ ਜੋ ਮਾਰਦਾ ਵੀ ਹੈ ਅਤੇ ਜੀਵਨਦਾਨ ਵੀ ਦਿੰਦਾ ਹੈ;
ਉਹ ਪਤਾਲ ਵਿੱਚ ਉਤਾਰਦਾ ਹੈ ਅਤੇ ਉਹ ਹੀ ਉੱਪਰ ਚੁੱਕਦਾ ਹੈ।
7ਯਾਹਵੇਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ;
ਉਹ ਹੀ ਨੀਵਾ ਕਰਦਾ ਹੈ ਅਤੇ ਉੱਚਾ ਕਰਦਾ ਹੈ।
8ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ,
ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ,
ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ ਬਿਠਾਵੇ,
ਅਤੇ ਮਹਿਮਾ ਦੀ ਗੱਦੀ ਦਾ ਵਾਰਸ ਬਣਾਵੇ।
“ਧਰਤੀ ਦੇ ਥੰਮ੍ਹ ਯਾਹਵੇਹ ਦੇ ਹੀ ਹਨ;
ਉਹਨਾਂ ਉੱਤੇ ਉਸ ਨੇ ਸੰਸਾਰ ਨੂੰ ਸਥਾਪਿਤ ਕੀਤਾ ਹੈ।
9ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਪੈਰਾਂ ਦੀ ਰਾਖੀ ਕਰੇਗਾ,
ਪਰ ਦੁਸ਼ਟ ਹਨੇਰੇ ਵਿੱਚ ਚੁੱਪ-ਚੁਪੀਤੇ ਪਏ ਰਹਿਣਗੇ।
“ਕਿਉਂ ਜੋ ਕੋਈ ਵੀ ਮਨੁੱਖ ਆਪਣੀ ਤਾਕਤ ਨਾਲ ਨਹੀਂ ਜਿੱਤਦਾ;
10ਯਾਹਵੇਹ ਦੇ ਵਿਰੋਧੀ ਮਿਟਾਏ ਜਾਣਗੇ।
ਅੱਤ ਮਹਾਨ ਅਕਾਸ਼ ਤੋਂ ਉਹਨਾਂ ਉੱਤੇ ਗਰਜੇਗਾ।
ਯਾਹਵੇਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ।
“ਉਹ ਆਪਣੇ ਰਾਜੇ ਨੂੰ ਬਲ ਦੇਵੇਗਾ,
ਅਤੇ ਆਪਣੇ ਮਸਹ ਕੀਤੇ ਹੋਏ ਦੇ ਸਿੰਗ ਨੂੰ ਉੱਚਾ ਕਰੇਗਾ।”
11ਤਦ ਅਲਕਾਨਾਹ ਰਾਮਾਹ ਨੂੰ ਆਪਣੇ ਘਰ ਚਲਾ ਗਿਆ, ਪਰ ਮੁੰਡਾ ਏਲੀ ਜਾਜਕ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ।
ਏਲੀ ਦੇ ਦੁਸ਼ਟ ਪੁੱਤਰ
12ਏਲੀ ਦੇ ਪੁੱਤਰ ਦੁਸ਼ਟ ਸਨ। ਉਹਨਾਂ ਨੂੰ ਯਾਹਵੇਹ ਦੀ ਕੋਈ ਪਰਵਾਹ ਨਹੀਂ ਸੀ। 13ਹੁਣ ਜਾਜਕਾਂ ਦੀ ਇਹ ਰੀਤ ਸੀ ਕਿ ਜਦੋਂ ਵੀ ਲੋਕਾਂ ਵਿੱਚੋਂ ਕੋਈ ਬਲੀ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਨੂੰ ਉਬਾਲਦੇ ਸਮੇਂ ਆਪਣੇ ਹੱਥ ਵਿੱਚ ਇੱਕ ਤ੍ਰਿਸੂਲ ਲੈ ਆਉਂਦਾ ਸੀ। 14ਅਤੇ ਉਹ ਨੂੰ ਮਾਸ ਵਿੱਚੋਂ ਜੋ ਕੜਾਹੇ, ਦੇਕਚੇ, ਵਲਟੋਹੇ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿੰਨਾ ਵੀ ਤ੍ਰਿਸੂਲ ਨਾਲ ਨਿਕਲਦਾ ਸੀ ਉਹ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ। 15ਪਰ ਚਰਬੀ ਦੇ ਸਾੜਨ ਤੋਂ ਪਹਿਲਾਂ ਹੀ, ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆ ਕੇ ਆਖਦਾ ਸੀ, “ਜਾਜਕ ਨੂੰ ਭੁੰਨਣ ਲਈ ਕੁਝ ਮਾਸ ਦਿਓ ਕਿਉਂ ਜੋ ਉਹ ਤੁਹਾਡੇ ਤੋਂ ਉਬਲੇ ਹੋਏ ਮਾਸ ਨੂੰ ਸਵੀਕਾਰ ਨਹੀਂ ਕਰੇਗਾ, ਪਰ ਸਿਰਫ ਕੱਚਾ ਹੀ ਲਵੇਗਾ।”
16ਜੇ ਉਹ ਮਨੁੱਖ ਉਸ ਨੂੰ ਕਹੇ, “ਪਹਿਲਾਂ ਚਰਬੀ ਨੂੰ ਸਾੜ ਲੈਣ ਦੇ ਅਤੇ ਫਿਰ ਜਿੰਨਾ ਚਾਹੇ ਲੈ ਜਾਵੀ,” ਤਾਂ ਸੇਵਕ ਅੱਗੋਂ ਆਖਦਾ ਸੀ, “ਨਹੀਂ, ਹੁਣ ਇਸਨੂੰ ਦੇਹ ਅਤੇ ਜੇ ਤੂੰ ਨਹੀਂ ਦਿੰਦਾ, ਤਾਂ ਮੈਂ ਇਸਨੂੰ ਖੋਹ ਲਵਾਂਗਾ।”
17ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।
18ਪਰ ਸ਼ਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ। 19ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ। 20ਏਲੀ ਨੇ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਅਸੀਸ ਦਿੰਦੇ ਹੋਏ ਕਿਹਾ, “ਯਾਹਵੇਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਾਹਵੇਹ ਤੋਂ ਮੰਗੀ ਸੀ ਅੰਸ ਦੇਵੇ।” ਸੋ ਉਹ ਆਪਣੇ ਘਰ ਗਏ। 21ਅਤੇ ਯਾਹਵੇਹ ਨੇ ਹੰਨਾਹ ਉੱਤੇ ਕਿਰਪਾ ਕੀਤੀ ਅਤੇ ਉਸਨੇ ਤਿੰਨ ਪੁੱਤਰਾਂ ਅਤੇ ਦੋ ਧੀਆਂ ਨੂੰ ਜਨਮ ਦਿੱਤਾ। ਇਸ ਦੌਰਾਨ, ਲੜਕਾ ਸ਼ਮੂਏਲ ਯਾਹਵੇਹ ਦੀ ਮੌਜੂਦਗੀ ਵਿੱਚ ਵੱਡਾ ਹੁੰਦਾ ਗਿਆ।
22ਹੁਣ ਏਲੀ ਜੋ ਬਹੁਤ ਬੁੱਢਾ ਸੀ, ਉਸ ਨੇ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਸਾਰੇ ਇਸਰਾਏਲ ਨਾਲ ਕਰਦੇ ਸਨ ਅਤੇ ਕਿਵੇਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਸੇਵਾ ਕਰਨ ਵਾਲੀਆਂ ਔਰਤਾਂ ਨਾਲ ਸੌਂਦੇ ਸਨ। 23ਤਾਂ ਉਸ ਨੇ ਉਹਨਾਂ ਨੂੰ ਆਖਿਆ, “ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰਦੇ ਹੋ? ਮੈਂ ਸਾਰੇ ਲੋਕਾਂ ਕੋਲੋਂ ਤੁਹਾਡੀ ਇਸ ਬਦੀ ਨੂੰ ਸੁਣਦਾ ਹਾਂ। 24ਮੇਰੇ ਪੁੱਤਰੋ, ਇਹ ਗਲਤ ਹੈ ਕਿਉਂ ਜੋ ਇਹ ਖ਼ਬਰ ਚੰਗੀ ਨਹੀਂ ਹੈ, ਜੋ ਮੈਂ ਸੁਣਦਾ ਹਾਂ ਕਿ ਤੁਸੀਂ ਯਾਹਵੇਹ ਦੀ ਪਰਜਾ ਦੇ ਪਾਪ ਦਾ ਕਾਰਨ ਬਣਦੇ ਹੋ। 25ਜੇ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਵਿਰੁੱਧ ਪਾਪ ਕਰੇ ਤਾਂ ਪਰਮੇਸ਼ਵਰ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਾਹਵੇਹ ਦਾ ਪਾਪ ਕਰੇ ਤਾਂ ਉਹ ਦੀ ਸਿਫ਼ਾਰਸ਼ ਕੌਣ ਕਰੇਗਾ?” ਫਿਰ ਵੀ ਉਹਨਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਾਹਵੇਹ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ।
26ਅਤੇ ਉਹ ਮੁੰਡਾ ਸ਼ਮੂਏਲ ਵਧਦਾ ਗਿਆ ਅਤੇ ਯਾਹਵੇਹ ਅਤੇ ਲੋਕਾਂ ਦੇ ਅੱਗੇ ਉਸਦੀ ਚੰਗੀ ਪਹਿਚਾਣ ਸੀ।
ਏਲੀ ਦੇ ਘਰਾਣੇ ਦੇ ਵਿਰੁੱਧ ਭਵਿੱਖਬਾਣੀ
27ਹੁਣ ਪਰਮੇਸ਼ਵਰ ਦਾ ਇੱਕ ਮਨੁੱਖ ਏਲੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਕੀ ਮੈਂ ਤੁਹਾਡੇ ਪੁਰਖੇ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਸਪਸ਼ਟ ਤੌਰ ਉੱਤੇ ਪ੍ਰਗਟ ਨਹੀਂ ਕੀਤਾ? ਜਦੋਂ ਉਹ ਫ਼ਿਰਾਊਨ ਦੇ ਅਧੀਨ ਮਿਸਰ ਵਿੱਚ ਸਨ? 28ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਤੇਰੇ ਪੂਰਵਜ ਨੂੰ ਚੁਣਿਆ ਕਿ ਉਹ ਮੇਰਾ ਜਾਜਕ ਹੋਵੇ, ਮੇਰੀ ਜਗਵੇਦੀ ਉੱਤੇ ਭੇਟ ਚੜ੍ਹਾਵੇ, ਧੂਪ ਧੁਖਾਵੇ ਅਤੇ ਮੇਰੀ ਹਜ਼ੂਰੀ ਵਿੱਚ ਏਫ਼ੋਦ ਪਾਵੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ। 29ਫਿਰ ਤੁਸੀਂ ਕਿਉਂ ਮੇਰੇ ਬਲੀਦਾਨ ਅਤੇ ਚੜ੍ਹਾਵੇ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਲਾਲਚ ਕਰਦੇ ਹੋ? ਅਤੇ ਤੂੰ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਿਉਂ ਕਰਦਾ ਹੈ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਹੁੰਦੇ ਜਾ ਰਿਹੇ ਹੋ?’
30“ਇਸ ਲਈ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਘੋਸ਼ਣਾ ਕਰਦਾ ਹੈ ਕਿ ਮੈਂ ਆਖਿਆ ਸੀ, ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਾਹਵੇਹ ਦਾ ਵਾਕ ਹੈ ਇਹ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਹਨਾਂ ਦਾ ਆਦਰ ਕਰਾਂਗਾ ਪਰ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ। 31ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੀ ਤਾਕਤ ਅਤੇ ਤੇਰੇ ਜਾਜਕ ਘਰਾਣੇ ਦੀ ਤਾਕਤ ਘਟਾ ਦਿਆਂਗਾ ਤਾਂ ਜੋ ਕੋਈ ਵੀ ਤੇਰੇ ਘਰਾਣੇ ਵਿੱਚੋਂ ਬੁਢਾਪੇ ਤੱਕ ਨਹੀਂ ਪਹੁੰਚੇਗਾ। 32ਅਤੇ ਉਸ ਸਾਰੀ ਭਲਿਆਈ ਦੇ ਵਿੱਚ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਗਾ ਪਰ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਬੁਢਾਪੇ ਤੱਕ ਨਹੀਂ ਪਹੁੰਚੇਗਾ। 33ਵੇਖ, ਮੈਂ ਤੇਰੇ ਘਰਾਣੇ ਵਿੱਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਜਾਵੇਗਾ।
34“ ‘ਅਤੇ ਤੇਰੇ ਦੋ ਪੁੱਤਰਾਂ, ਹਾਫ਼ਨੀ ਅਤੇ ਫੀਨਹਾਸ ਨਾਲ ਕੀ ਵਾਪਰੇਗਾ, ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗਾ, ਕਿ ਉਹ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ। 35ਮੈਂ ਆਪਣੇ ਲਈ ਇੱਕ ਵਫ਼ਾਦਾਰ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਦਿਲ ਅਤੇ ਦਿਮਾਗ ਦੇ ਅਨੁਸਾਰ ਕਰੇਗਾ। ਮੈਂ ਉਸਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਵੇ ਦੇ ਅੱਗੇ-ਅੱਗੇ ਤੁਰੇਗਾ। 36ਤਦ ਤੁਹਾਡੇ ਘਰਾਣੇ ਵਿੱਚ ਬਚੇ ਹੋਏ ਸਾਰੇ ਲੋਕ ਆ ਕੇ ਇੱਕ ਚਾਂਦੀ ਦੇ ਟੁਕੜੇ ਅਤੇ ਇੱਕ ਰੋਟੀ ਲਈ ਉਸ ਦੇ ਅੱਗੇ ਮੱਥਾ ਟੇਕਣਗੇ ਅਤੇ ਬੇਨਤੀ ਕਰਨਗੇ, “ਮੈਨੂੰ ਕਿਸੇ ਜਾਜਕਾਈ ਦੇ ਅਹੁਦੇ ਉੱਤੇ ਨਿਯੁਕਤ ਕਰੋ ਤਾਂ ਜੋ ਮੇਰੇ ਕੋਲ ਖਾਣ ਲਈ ਭੋਜਨ ਹੋਵੇ।” ’ ”
Currently Selected:
1 ਸ਼ਮੂਏਲ 2: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.