1 ਸ਼ਮੂਏਲ 1
1
ਸ਼ਮੂਏਲ ਦਾ ਜਨਮ
1ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਇੱਕ ਰਾਮਾਤੈਮ ਸੋਫੀਮ ਤੋਂ ਇੱਕ ਮਨੁੱਖ ਸੀ, ਜਿਸ ਦਾ ਨਾਮ ਅਲਕਾਨਾਹ ਸੀ ਜੋ ਯਰੋਹਾਮ ਦਾ ਪੁੱਤਰ ਸੀ, ਉਹ ਅਲੀਹੂ ਦਾ ਪੁੱਤਰ ਸੀ, ਉਹ ਤੋਹੂ ਦਾ ਪੁੱਤਰ ਸੀ, ਉਹ ਸੂਫ਼ ਦਾ ਪੁੱਤਰ ਸੀ, ਜੋ ਸੂਫ਼ ਇਫਰਾਥੀ ਦਾ ਪੁੱਤਰ ਸੀ। 2ਉਸ ਦੀਆਂ ਦੋ ਪਤਨੀਆਂ ਸਨ; ਇੱਕ ਦਾ ਨਾਮ ਹੰਨਾਹ ਅਤੇ ਦੂਸਰੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਬੱਚੇ ਸਨ, ਪਰ ਹੰਨਾਹ ਦੇ ਕੋਈ ਨਹੀਂ ਸੀ।
3ਹਰੇਕ ਸਾਲ ਇਹ ਮਨੁੱਖ ਆਪਣੇ ਨਗਰ ਤੋਂ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਭੇਟ ਚੜ੍ਹਾਉਣ ਲਈ ਜਾਂਦਾ ਹੁੰਦਾ ਸੀ, ਜਿੱਥੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਯਾਹਵੇਹ ਦੇ ਜਾਜਕ ਸਨ। 4ਜਦੋਂ ਵੀ ਅਲਕਾਨਾਹ ਭੇਟ ਚੜ੍ਹਾਉਂਦਾ ਹੁੰਦਾ ਸੀ, ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਸ ਦੇ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਾਸ ਦਾ ਹਿੱਸਾ ਦਿੰਦਾ ਹੁੰਦਾ ਸੀ। 5ਪਰ ਉਹ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ, ਕਿਉਂ ਜੋ ਉਹ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਯਾਹਵੇਹ ਨੇ ਉਸ ਦੀ ਕੁੱਖ ਨੂੰ ਬੰਦ ਕਰ ਦਿੱਤਾ ਸੀ। 6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਾਹਵੇਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ। 7ਹਰੇਕ ਸਾਲ ਜਦ ਉਹ ਯਾਹਵੇਹ ਦੇ ਘਰ ਜਾਂਦੀ ਸੀ ਤਾਂ ਉਸ ਦੀ ਸੌਂਕਣ ਉਸ ਨੂੰ ਇਸੇ ਤਰ੍ਹਾਂ ਬਹੁਤ ਛੇੜਦੀ ਸੀ ਅਤੇ ਉਹ ਰੋਂਦੀ ਰਹਿੰਦੀ ਸੀ ਅਤੇ ਖਾਣਾ ਵੀ ਨਹੀਂ ਖਾਧੀ ਸੀ। 8ਉਹ ਦੇ ਪਤੀ ਅਲਕਾਨਾਹ ਨੇ ਉਸਨੂੰ ਆਖਿਆ, “ਹੰਨਾਹ, ਤੂੰ ਕਿਉਂ ਰੋ ਰਹੀ ਹੈ? ਤੂੰ ਕਿਉਂ ਨਹੀਂ ਖਾਂਦੀ? ਤੇਰਾ ਮਨ ਨਿਰਾਸ਼ ਕਿਉਂ ਹੈ? ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ?”
9ਇੱਕ ਵਾਰ ਜਦੋਂ ਉਹ ਸ਼ੀਲੋਹ ਵਿੱਚ ਖਾ-ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸੇ ਵੇਲੇ ਏਲੀ ਜਾਜਕ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਆਪਣੀ ਗੱਦੀ ਉੱਤੇ ਬੈਠਾ ਹੋਇਆ ਸੀ। 10ਹੰਨਾਹ ਨੇ ਆਪਣੇ ਡੂੰਘੇ ਦੁੱਖ ਵਿੱਚ ਰੋਂਦੇ ਹੋਏ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 11ਅਤੇ ਉਸ ਨੇ ਸੁੱਖਣਾ ਸੁੱਖੀ ਅਤੇ ਆਖਿਆ, “ਹੇ ਸਰਬਸ਼ਕਤੀਮਾਨ ਯਾਹਵੇਹ, ਜੇਕਰ ਤੂੰ ਆਪਣੀ ਦਾਸੀ ਦੇ ਦੁੱਖ ਨੂੰ ਵੇਖੇ ਅਤੇ ਮੈਨੂੰ ਯਾਦ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇ ਤਾਂ ਮੈਂ ਉਸ ਨੂੰ ਜਿਨ੍ਹਾਂ ਚਿਰ ਉਹ ਜਿਉਂਦਾ ਰਹੇਗਾ ਯਾਹਵੇਹ ਨੂੰ ਦੇ ਦਿਆਂਗੀ ਅਤੇ ਉਸ ਦੇ ਜੀਵਨ ਦੇ ਸਾਰੇ ਦਿਨਾਂ ਵਿੱਚ, ਉਸ ਦੇ ਸਿਰ ਉੱਤੇ ਕਦੇ ਉਸਤਰਾ ਨਹੀਂ ਫਿਰੇਗਾ।”
12ਜਦੋਂ ਉਹ ਯਾਹਵੇਹ ਦੇ ਅੱਗੇ ਪ੍ਰਾਰਥਨਾ ਕਰਦੀ ਸੀ, ਏਲੀ ਨੇ ਉਸਦੇ ਚਿਹਰੇ ਨੂੰ ਦੇਖਿਆ। 13ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੇ ਬੁੱਲ ਹਿੱਲ ਰਹੇ ਸਨ, ਪਰ ਉਹ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ। 14ਅਤੇ ਉਸ ਨੂੰ ਆਖਿਆ, “ਕਿੰਨਾ ਚਿਰ ਤੂੰ ਨਸ਼ੇ ਵਿੱਚ ਰਹੇਂਗੀ? ਆਪਣੀ ਖੁਮਾਰੀ ਨੂੰ ਛੱਡ।”
15ਹੰਨਾਹ ਨੇ ਉੱਤਰ ਦਿੱਤਾ, “ਮੇਰੇ ਮਾਲਕ ਅਜਿਹਾ ਨਹੀਂ ਹੈ, ਮੇਰੇ ਮਾਲਕ, ਮੈਂ ਇੱਕ ਉਦਾਸ ਮਨ ਔਰਤ ਹਾਂ। ਮੈਂ ਕਿਸੇ ਵੀ ਤਰ੍ਹਾਂ ਦੀ ਦਾਖ਼ਰਸ#1:15 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਜਾ ਨਸ਼ਾ ਨਹੀਂ ਪੀਤਾ, ਪਰ ਅੱਜ ਮੈਂ ਯਾਹਵੇਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ। 16ਆਪਣੀ ਦਾਸੀ ਨੂੰ ਦੁਸ਼ਟ ਔਰਤ ਨਾ ਸਮਝ ਕਿਉਂ ਜੋ ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਪ੍ਰਾਰਥਨਾ ਕਰ ਰਹੀ ਹਾਂ।”
17ਏਲੀ ਨੇ ਉੱਤਰ ਦਿੱਤਾ, “ਸ਼ਾਂਤੀ ਨਾਲ ਜਾ ਅਤੇ ਇਸਰਾਏਲ ਦਾ ਪਰਮੇਸ਼ਵਰ ਤੈਨੂੰ ਉਹ ਦੇਵੇ ਜੋ ਤੂੰ ਉਸ ਤੋਂ ਮੰਗਿਆ ਹੈ।”
18ਉਸ ਨੇ ਆਖਿਆ, “ਤੇਰੀ ਦਯਾ ਤੇਰੀ ਦਾਸੀ ਉੱਤੇ ਬਣੀ ਰਹੇ,” ਤਦ ਉਸ ਨੇ ਜਾ ਕੇ ਕੁਝ ਖਾਧਾ ਅਤੇ ਫਿਰ ਉਸ ਦਾ ਚਿਹਰਾ ਉਦਾਸ ਨਹੀਂ ਰਿਹਾ।
19ਅਗਲੀ ਸਵੇਰ ਉਹ ਉੱਠੇ ਅਤੇ ਯਾਹਵੇਹ ਦੇ ਅੱਗੇ ਮੱਥਾ ਟੇਕਿਆ ਅਤੇ ਰਾਮਾਹ ਵਿੱਚ ਆਪਣੇ ਘਰ ਵਾਪਸ ਚਲੇ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਪਿਆਰ ਕੀਤਾ, ਅਤੇ ਯਾਹਵੇਹ ਨੇ ਉਸ ਨੂੰ ਯਾਦ ਕੀਤਾ। 20ਸੋ ਸਮੇਂ ਦੇ ਬੀਤਣ ਨਾਲ ਹੰਨਾਹ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਮ ਸ਼ਮੂਏਲ#1:20 ਸ਼ਮੂਏਲ ਅਰਥਾਤ: ਯਾਹਵੇਹ ਨੇ ਸੁਣੀ ਰੱਖਿਆ ਕਿਉਂਕਿ ਉਸ ਨੇ ਆਖਿਆ, “ਮੈਂ ਇਸ ਨੂੰ ਯਾਹਵੇਹ ਕੋਲੋਂ ਮੰਗਿਆ ਹੈ।”
ਹੰਨਾਹ ਨੇ ਸ਼ਮੂਏਲ ਨੂੰ ਸਮਰਪਿਤ ਕੀਤਾ
21ਜਦੋਂ ਉਸਦਾ ਪਤੀ ਅਲਕਾਨਾਹ ਆਪਣੇ ਸਾਰੇ ਪਰਿਵਾਰ ਸਮੇਤ ਯਾਹਵੇਹ ਨੂੰ ਸਾਲ ਦੀ ਭੇਟ ਚੜ੍ਹਾਉਣ ਅਤੇ ਆਪਣੀ ਸੁੱਖਣਾ ਪੂਰੀ ਕਰਨ ਲਈ ਗਿਆ। 22ਪਰ ਹੰਨਾਹ ਉਹਨਾਂ ਨਾਲ ਨਹੀਂ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, “ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਾਹਵੇਹ ਦੇ ਸਾਮ੍ਹਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ।”
23ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, “ਜੋ ਤੈਨੂੰ ਚੰਗਾ ਲੱਗੇ ਉਹੀ ਕਰ, ਇੱਥੇ ਠਹਿਰ, ਜਦੋਂ ਤੱਕ ਤੂੰ ਉਸਦਾ ਦੁੱਧ ਛੁਡਾ ਨਹੀਂ ਲੈਂਦੀ ਕੇਵਲ ਯਾਹਵੇਹ ਆਪਣਾ ਬਚਨ ਪੂਰਾ ਕਰੇ।” ਇਸ ਲਈ ਉਹ ਔਰਤ ਘਰ ਵਿੱਚ ਹੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਛੁਡਾਉਣ ਤੱਕ ਦੁੱਧ ਚੁੰਘਾਉਂਦੀ ਰਹੀ।
24ਜਦ ਉਸ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿੱਲੋ ਆਟਾ ਅਤੇ ਦਾਖ਼ਰਸ ਦੀ ਇੱਕ ਮੇਸ਼ੇਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ੀਲੋਹ ਵਿੱਚ ਯਾਹਵੇਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ। 25ਜਦੋਂ ਬਲਦ ਦੀ ਬਲੀ ਚੜ੍ਹਾਈ ਗਈ ਤਾਂ ਉਹ ਲੜਕੇ ਨੂੰ ਏਲੀ ਕੋਲ ਲੈ ਆਏ। 26ਅਤੇ ਉਸ ਨੇ ਉਸ ਨੂੰ ਕਿਹਾ, “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਤੇਰੇ ਜੀਵਨ ਦੀ ਸਹੁੰ, ਮੈਂ ਉਹ ਔਰਤ ਹਾਂ ਜੋ ਇੱਥੇ ਤੁਹਾਡੇ ਕੋਲ ਖੜ੍ਹੀ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਸੀ। 27ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ, ਅਤੇ ਯਾਹਵੇਹ ਨੇ ਮੈਨੂੰ ਉਹ ਦਿੱਤਾ ਜੋ ਮੈਂ ਇਸ ਤੋਂ ਮੰਗਿਆ ਸੀ। 28ਇਸ ਲਈ ਹੁਣ ਮੈਂ ਵੀ ਉਸਨੂੰ ਯਾਹਵੇਹ ਨੂੰ ਸੌਂਪ ਦਿੱਤਾ ਹੈ। ਜਦ ਤੱਕ ਇਹ ਜੀਉਂਦਾ ਰਹੇ, ਇਹ ਯਾਹਵੇਹ ਨੂੰ ਦਿੱਤਾ ਹੋਇਆ ਹੀ ਰਹੇ।” ਅਤੇ ਉਸ ਨੇ ਉੱਥੇ ਯਾਹਵੇਹ ਦੀ ਅਰਾਧਨਾ ਕੀਤੀ।
Currently Selected:
1 ਸ਼ਮੂਏਲ 1: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.