1 ਸ਼ਮੂਏਲ 19
19
ਸ਼ਾਊਲ ਨੇ ਦਾਵੀਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ
1ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਸਾਰੇ ਸੇਵਕਾਂ ਨੂੰ ਦਾਵੀਦ ਨੂੰ ਮਾਰਨ ਲਈ ਕਿਹਾ, ਪਰ ਯੋਨਾਥਾਨ ਦਾਵੀਦ ਨੂੰ ਬਹੁਤ ਪਸੰਦ ਕਰਦਾ ਸੀ। 2ਅਤੇ ਯੋਨਾਥਾਨ ਨੇ ਦਾਵੀਦ ਨੂੰ ਚੇਤਾਵਨੀ ਦਿੱਤੀ, “ਮੇਰਾ ਪਿਤਾ ਸ਼ਾਊਲ ਤੈਨੂੰ ਮਾਰਨ ਦਾ ਮੌਕਾ ਲੱਭ ਰਿਹਾ ਹੈ। ਕੱਲ੍ਹ ਸਵੇਰੇ ਤੱਕ ਤੂੰ ਚੌਕਸ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ। 3ਮੈਂ ਬਾਹਰ ਜਾਵਾਂਗਾ ਅਤੇ ਆਪਣੇ ਪਿਤਾ ਦੇ ਨਾਲ ਉਸ ਖੇਤ ਵਿੱਚ ਖੜ੍ਹਾ ਹੋਵਾਂਗਾ ਜਿੱਥੇ ਤੁਸੀਂ ਹੋ। ਮੈਂ ਉਸ ਨਾਲ ਤੁਹਾਡੇ ਬਾਰੇ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਮੈਨੂੰ ਕੀ ਪਤਾ ਲੱਗਾ।”
4ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਦਾਵੀਦ ਬਾਰੇ ਚੰਗੀ ਗੱਲ ਆਖੀ ਅਤੇ ਉਸ ਨੂੰ ਕਿਹਾ, “ਪਾਤਸ਼ਾਹ ਆਪਣੇ ਸੇਵਕ ਦਾਵੀਦ ਨਾਲ ਬੁਰਾ ਨਾ ਕਰੇ। ਉਸ ਨੇ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ ਹੈ, ਅਤੇ ਜੋ ਕੁਝ ਉਸ ਨੇ ਕੀਤਾ ਹੈ ਉਸ ਦਾ ਤੁਹਾਨੂੰ ਬਹੁਤ ਲਾਭ ਹੋਇਆ ਹੈ। 5ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਾਹਵੇਹ ਨੇ ਸਾਰੇ ਇਸਰਾਏਲ ਨੂੰ ਇੱਕ ਮਹਾਨ ਜਿੱਤ ਦਿੱਤੀ ਅਤੇ ਤੂੰ ਇਸਨੂੰ ਦੇਖਿਆ ਅਤੇ ਖੁਸ਼ ਹੋਇਆ ਸੀ। ਫਿਰ ਤੂੰ ਦਾਵੀਦ ਵਰਗੇ ਨਿਰਦੋਸ਼ ਆਦਮੀ ਨੂੰ ਬਿਨਾਂ ਕਿਸੇ ਕਾਰਨ ਮਾਰ ਕੇ ਉਸ ਨਾਲ ਬੁਰਾ ਕਿਉਂ ਕਰੇਗਾ?”
6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਇਹ ਸਹੁੰ ਖਾ ਕੇ ਆਖਿਆ, “ਕਿ ਜਿਉਂਦੇ ਯਾਹਵੇਹ ਦੀ ਸਹੁੰ, ਦਾਵੀਦ ਨਾ ਮਾਰਿਆ ਜਾਵੇਗਾ।”
7ਤਾਂ ਯੋਨਾਥਾਨ ਨੇ ਦਾਵੀਦ ਨੂੰ ਸੱਦ ਕੇ ਸਾਰੀ ਗੱਲ ਦੱਸੀ। ਉਹ ਉਸਨੂੰ ਸ਼ਾਊਲ ਕੋਲ ਲੈ ਆਇਆ ਅਤੇ ਦਾਵੀਦ ਪਹਿਲਾਂ ਵਾਂਗ ਸ਼ਾਊਲ ਦੇ ਨਾਲ ਸੀ।
8ਇੱਕ ਵਾਰ ਫੇਰ ਲੜਾਈ ਹੋਈ ਅਤੇ ਦਾਵੀਦ ਬਾਹਰ ਗਿਆ ਅਤੇ ਫ਼ਲਿਸਤੀਆਂ ਨਾਲ ਲੜਿਆ। ਉਸ ਨੇ ਉਹਨਾਂ ਨੂੰ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਹ ਉਸ ਦੇ ਅੱਗੇ ਭੱਜ ਗਏ।
9ਪਰ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ ਜਦੋਂ ਉਹ ਆਪਣੇ ਘਰ ਵਿੱਚ ਬਰਛੀ ਹੱਥ ਵਿੱਚ ਫੜੀ ਬੈਠਾ ਸੀ। ਜਦੋਂ ਦਾਵੀਦ ਬਰਬਤ ਵਜਾ ਰਿਹਾ ਸੀ, 10ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।
11ਸ਼ਾਊਲ ਨੇ ਸੇਵਕਾਂ ਨੂੰ ਦਾਵੀਦ ਦੇ ਘਰ ਘੱਲਿਆ ਤਾਂ ਜੋ ਉਹ ਦਾਵੀਦ ਦੇ ਘਰ ਨੂੰ ਵੇਖ ਸਕਣ ਅਤੇ ਸਵੇਰ ਨੂੰ ਉਹ ਨੂੰ ਮਾਰ ਦੇਣ, ਪਰ ਦਾਵੀਦ ਦੀ ਪਤਨੀ ਮੀਕਲ ਨੇ ਉਸਨੂੰ ਚੇਤਾਵਨੀ ਦਿੱਤੀ, “ਜੇ ਤੂੰ ਅੱਜ ਰਾਤ ਆਪਣੀ ਜਾਨ ਲਈ ਨਹੀਂ ਭੱਜਿਆ।” 12ਤਾਂ ਮੀਕਲ ਨੇ ਦਾਵੀਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਅਤੇ ਉਹ ਭੱਜ ਕੇ ਬਚ ਗਿਆ। 13ਤਦ ਮੀਕਲ ਨੇ ਇੱਕ ਮੂਰਤੀ ਲੈ ਕੇ ਮੰਜੇ ਉੱਤੇ ਰੱਖੀ ਅਤੇ ਉਸ ਨੂੰ ਕੱਪੜੇ ਨਾਲ ਢੱਕਿਆ ਅਤੇ ਕੁਝ ਬੱਕਰੀਆਂ ਦੇ ਵਾਲ ਸਿਰ ਉੱਤੇ ਰੱਖੇ।
14ਜਦੋਂ ਸ਼ਾਊਲ ਨੇ ਦਾਵੀਦ ਨੂੰ ਫੜਨ ਲਈ ਸੇਵਕਾਂ ਨੂੰ ਭੇਜਿਆ ਤਾਂ ਮੀਕਲ ਨੇ ਕਿਹਾ, “ਉਹ ਬਿਮਾਰ ਹੈ।”
15ਤਦ ਸ਼ਾਊਲ ਨੇ ਦਾਵੀਦ ਨੂੰ ਮਿਲਣ ਲਈ ਸੇਵਕਾਂ ਨੂੰ ਵਾਪਸ ਭੇਜਿਆ ਅਤੇ ਉਹਨਾਂ ਨੂੰ ਕਿਹਾ, “ਉਸ ਨੂੰ ਮੇਰੇ ਕੋਲ ਬਿਸਤਰੇ ਸਮੇਤ ਲਿਆਓ ਤਾਂ ਜੋ ਮੈਂ ਉਸਨੂੰ ਮਾਰ ਦਿਆਂ।” 16ਪਰ ਜਦੋਂ ਉਹ ਮਨੁੱਖ ਅੰਦਰ ਗਏ ਤਾਂ ਮੰਜੇ ਉੱਤੇ ਮੂਰਤੀ ਸੀ ਅਤੇ ਸਿਰ ਉੱਤੇ ਬੱਕਰੀਆਂ ਦੇ ਵਾਲ ਸਨ।
17ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੈਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੱਤਾ ਅਤੇ ਮੇਰੇ ਵੈਰੀ ਨੂੰ ਕਿਉਂ ਭਜਾ ਦਿੱਤਾ ਹੈ, ਹੁਣ ਉਹ ਬਚ ਗਿਆ ਹੈ?
ਮੀਕਲ ਨੇ ਉਸਨੂੰ ਕਿਹਾ, “ਉਸ ਨੇ ਮੈਨੂੰ ਕਿਹਾ, ‘ਮੈਨੂੰ ਦੂਰ ਜਾਣ ਦੇ। ਮੈਂ ਤੈਨੂੰ ਕਿਉਂ ਮਾਰਾਂ?’ ”
18ਜਦੋਂ ਦਾਵੀਦ ਭੱਜ ਕੇ ਬਚ ਗਿਆ ਤਾਂ ਉਹ ਰਾਮਾਹ ਵਿੱਚ ਸ਼ਮੂਏਲ ਕੋਲ ਗਿਆ ਅਤੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਤਦ ਉਹ ਅਤੇ ਸ਼ਮੂਏਲ ਨਾਯੋਥ ਨੂੰ ਗਏ ਅਤੇ ਉੱਥੇ ਠਹਿਰੇ। 19ਸ਼ਾਊਲ ਨੂੰ ਬਚਨ ਆਇਆ, “ਦਾਵੀਦ ਰਾਮਾਹ ਦੇ ਨਾਯੋਥ ਵਿੱਚ ਹੈ” 20ਤਾਂ ਉਸ ਨੇ ਉਸ ਨੂੰ ਫੜਨ ਲਈ ਸੇਵਕ ਭੇਜੇ। ਪਰ ਜਦੋਂ ਉਹਨਾਂ ਨੇ ਨਬੀਆਂ ਦੇ ਇੱਕ ਸਮੂਹ ਨੂੰ ਅਗੰਮਵਾਕ ਕਰਦੇ ਦੇਖਿਆ, ਸ਼ਮੂਏਲ ਉਹਨਾਂ ਦੇ ਆਗੂ ਵਜੋਂ ਉੱਥੇ ਖੜ੍ਹਾ ਸੀ, ਤਾਂ ਪਰਮੇਸ਼ਵਰ ਦਾ ਆਤਮਾ ਸ਼ਾਊਲ ਦੇ ਮਨੁੱਖਾਂ ਉੱਤੇ ਆਇਆ ਅਤੇ ਉਹਨਾਂ ਨੇ ਵੀ ਅਗੰਮਵਾਕ ਕੀਤਾ। 21ਸ਼ਾਊਲ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਉਸ ਨੇ ਹੋਰ ਸੇਵਕ ਭੇਜੇ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। ਸ਼ਾਊਲ ਨੇ ਤੀਜੀ ਵਾਰ ਆਦਮੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। 22ਅੰਤ ਵਿੱਚ ਉਹ ਆਪ ਰਾਮਾਹ ਨੂੰ ਚੱਲਿਆ ਅਤੇ ਸੇਕੂ ਦੇ ਵੱਡੇ ਖੂਹ ਕੋਲ ਗਿਆ ਅਤੇ ਉਸ ਨੇ ਪੁੱਛਿਆ, “ਸ਼ਮੂਏਲ ਅਤੇ ਦਾਵੀਦ ਕਿੱਥੇ ਹਨ?”
ਉਹਨਾਂ ਨੇ ਕਿਹਾ, “ਰਾਮਾਹ ਦੇ ਨਾਯੋਥ ਵਿੱਚ ਹਨ।”
23ਸੋ ਸ਼ਾਊਲ ਰਾਮਾਹ ਵਿੱਚ ਨਾਯੋਥ ਨੂੰ ਗਿਆ। ਪਰ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਵੀ ਆਇਆ ਅਤੇ ਉਹ ਅਗੰਮਵਾਕ ਕਰਦਾ ਹੋਇਆ ਨਾਯੋਥ ਵਿੱਚ ਆਉਣ ਤੱਕ ਚੱਲਦਾ ਰਿਹਾ। 24ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਸ਼ਮੂਏਲ ਦੀ ਹਜ਼ੂਰੀ ਵਿੱਚ ਭਵਿੱਖਬਾਣੀ ਕੀਤੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਨੰਗਾ ਪਿਆ ਰਿਹਾ। ਇਸ ਲਈ ਲੋਕ ਆਖਦੇ ਹਨ, “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”
Currently Selected:
1 ਸ਼ਮੂਏਲ 19: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.