1 ਸ਼ਮੂਏਲ 13
13
ਸ਼ਮੂਏਲ ਨੇ ਸ਼ਾਊਲ ਨੂੰ ਝਿੜਕਿਆ
1ਸ਼ਾਊਲ ਤੀਹ ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਇਸਰਾਏਲ ਉੱਤੇ ਬਤਾਲੀ ਸਾਲ ਰਾਜ ਕੀਤਾ।
2ਸ਼ਾਊਲ ਨੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਮਨੁੱਖ ਚੁਣੇ। ਦੋ ਹਜ਼ਾਰ ਮਿਕਮਾਸ਼ ਅਤੇ ਬੈਤਏਲ ਦੇ ਪਹਾੜੀ ਪ੍ਰਦੇਸ਼ ਵਿੱਚ ਉਸਦੇ ਨਾਲ ਸਨ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਵਿੱਚ ਯੋਨਾਥਾਨ ਦੇ ਨਾਲ ਸਨ। ਬਾਕੀ ਦੇ ਆਦਮੀਆਂ ਨੂੰ ਉਸਨੇ ਆਪਣੇ ਘਰਾਂ ਨੂੰ ਵਾਪਸ ਭੇਜ ਦਿੱਤਾ।
3ਯੋਨਾਥਾਨ ਨੇ ਗੇਬਾ ਵਿੱਚ ਫ਼ਲਿਸਤੀਆਂ ਦੀ ਚੌਂਕੀ ਉੱਤੇ ਹਮਲਾ ਕੀਤਾ ਅਤੇ ਫ਼ਲਿਸਤੀਆਂ ਨੇ ਇਸ ਬਾਰੇ ਸੁਣਿਆ। ਤਦ ਸ਼ਾਊਲ ਨੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਕਿਹਾ, “ਕਿ ਇਬਰਾਨੀ ਸੁਣ ਲੈਣ!” 4ਤਾਂ ਇਹ ਖ਼ਬਰ ਸਾਰੇ ਇਸਰਾਏਲ ਨੇ ਸੁਣੀ, “ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਚੌਕੀ ਉੱਤੇ ਹਮਲਾ ਕੀਤਾ ਹੈ ਅਤੇ ਹੁਣ ਇਸਰਾਏਲੀ ਵੀ ਫ਼ਲਿਸਤੀਆਂ ਦੀ ਨਜ਼ਰ ਵਿੱਚ ਘਿਣਾਉਣੇ ਹੋ ਗਏ।” ਅਤੇ ਲੋਕਾਂ ਨੂੰ ਗਿਲਗਾਲ ਵਿੱਚ ਸ਼ਾਊਲ ਕੋਲ ਬੁਲਾਇਆ ਗਿਆ।
5ਫ਼ਲਿਸਤੀ ਤਿੰਨ ਹਜ਼ਾਰ ਰੱਥਾਂ, ਛੇ ਹਜ਼ਾਰ ਸਵਾਰ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਿਆਂ ਸਿਪਾਹੀਆਂ ਨਾਲ ਇਸਰਾਏਲ ਨਾਲ ਲੜਨ ਲਈ ਇਕੱਠੇ ਹੋਏ। ਉਹਨਾਂ ਨੇ ਚੜ੍ਹ ਕੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿਖੇ ਡੇਰਾ ਲਾਇਆ। 6ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ। 7ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ।
ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ। 8ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸ਼ਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸ਼ਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ। 9ਤਾਂ ਉਸ ਨੇ ਆਖਿਆ, “ਮੇਰੇ ਕੋਲ ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਓ।” ਅਤੇ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ। 10ਜਦੋਂ ਉਹ ਚੜ੍ਹਾਵਾ ਚੜ੍ਹਾ ਚੁੱਕਾ ਤਾਂ ਸ਼ਮੂਏਲ ਆ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ।
11ਸ਼ਮੂਏਲ ਨੇ ਆਖਿਆ “ਤੂੰ ਕੀ ਕੀਤਾ ਹੈ?”
ਸ਼ਾਊਲ ਨੇ ਉੱਤਰ ਦਿੱਤਾ, “ਜਦੋਂ ਮੈਂ ਦੇਖਿਆ ਕਿ ਮਨੁੱਖ ਮੇਰੇ ਕੋਲੋ ਇੱਧਰ-ਉੱਧਰ ਹੋ ਰਹੇ ਸਨ ਅਤੇ ਤੂੰ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋ ਰਹੇ ਸਨ, 12ਮੈਂ ਸੋਚਿਆ, ‘ਹੁਣ ਫ਼ਲਿਸਤੀ ਗਿਲਗਾਲ ਵਿੱਚ ਮੇਰੇ ਵਿਰੁੱਧ ਉਤਰਨਗੇ, ਅਤੇ ਮੈਂ ਯਾਹਵੇਹ ਦੀ ਕਿਰਪਾ ਨਹੀਂ ਮੰਗੀ ਹੈ।’ ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਹੋਮ ਦੀ ਭੇਟ ਚੜ੍ਹਾਈ।”
13ਸ਼ਮੂਏਲ ਨੇ ਕਿਹਾ, “ਤੂੰ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਗੱਲ ਨਹੀਂ ਮੰਨੀ; ਜੇਕਰ ਤੂੰ ਮੰਨੀ ਹੁੰਦੀ, ਤਾਂ ਉਹ ਸਦਾ ਲਈ ਇਸਰਾਏਲ ਉੱਤੇ ਤੇਰਾ ਰਾਜ ਕਾਇਮ ਕਰ ਦਿੰਦਾ। 14ਪਰ ਹੁਣ ਤੇਰਾ ਰਾਜ ਕਾਇਮ ਨਹੀਂ ਰਹੇਗਾ; ਕਿਉਂਕਿ ਯਾਹਵੇਹ ਨੇ ਇੱਕ ਮਨੁੱਖ ਨੂੰ ਲੱਭ ਲਿਆ ਹੈ ਜੋ ਉਸ ਦੇ ਮਨ ਨੂੰ ਭਾਉਂਦਾ ਹੈ ਅਤੇ ਯਾਹਵੇਹ ਨੇ ਆਪਣੇ ਲੋਕਾਂ ਦਾ ਪ੍ਰਧਾਨ ਬਣਨ ਲਈ ਉਸ ਨੂੰ ਆਗਿਆ ਦਿੱਤੀ ਹੈ ਕਿਉਂ ਜੋ ਤੂੰ ਯਾਹਵੇਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ।”
15ਸ਼ਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ। ਤਦ ਸ਼ਾਊਲ ਨੇ ਉਹਨਾਂ ਲੋਕਾਂ ਨੂੰ ਗਿਣਿਆ ਜੋ ਉਸ ਦੇ ਕੋਲ ਸਨ, ਅਤੇ ਉਹ ਮਨੁੱਖ ਲਗਭਗ ਛੇ ਸੌ ਸਨ।
ਇਸਰਾਏਲ ਬਿਨਾਂ ਹਥਿਆਰਾਂ ਦੇ
16ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਹਨਾਂ ਦੇ ਨਾਲ ਦੇ ਲੋਕ ਬਿਨਯਾਮੀਨ ਗੇਬਾ ਵਿੱਚ ਠਹਿਰੇ ਹੋਏ ਸਨ ਅਤੇ ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ। 17ਫ਼ਲਿਸਤੀਆਂ ਦੇ ਡੇਰੇ ਵਿੱਚੋਂ ਲੁਟੇਰੇ ਤਿੰਨ ਟੋਲੀਆਂ ਬਣਾ ਨਿੱਕਲੇ। ਇੱਕ ਟੋਲੀ ਸ਼ੂਆਲ ਦੇ ਦੇਸ਼ ਨੂੰ ਆਫ਼ਰਾਹ ਦੇ ਰਾਹ ਵੱਲ ਗਈ, 18ਦੂਸਰੀ ਟੋਲੀ ਬੈਥ-ਹੋਰੋਨ ਵੱਲ, ਅਤੇ ਤੀਸਰੀ ਟੋਲੀ ਉਸ ਬੰਨ੍ਹੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਵਾਦੀ ਦੇ ਉੱਤੇ ਉਜਾੜ ਦੇ ਪਾਸੇ ਸੀ।
19ਉਸ ਸਮੇਂ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਲੁਹਾਰ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, “ਅਜਿਹਾ ਨਾ ਹੋਵੇ ਜੋ ਇਬਰਾਨੀ ਤਲਵਾਰਾਂ ਜਾਂ ਬਰਛੇ ਬਣਾਉਣ!” 20ਸੋ ਸਾਰਾ ਇਸਰਾਏਲ ਫ਼ਲਿਸਤੀਆਂ ਕੋਲ ਆਪਣੇ ਹਲ, ਕਹੀ, ਕੁਹਾੜਾ ਅਤੇ ਦਾਤਰੀਆਂ ਨੂੰ ਤਿੱਖਾ ਕਰਾਉਣ ਲਈ ਜਾਂਦੇ ਸਨ। 21ਪਰ ਦਾਤੀਆਂ, ਹਲ ਦੀ ਕਹੀ, ਤ੍ਰਿਸੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਹਨਾਂ ਕੋਲ ਰੇਤੀਆਂ ਸਨ।
22ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਹਨਾਂ ਲੋਕਾਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਤਲਵਾਰ ਜਾਂ ਬਰਛੀ ਨਹੀਂ ਸੀ। ਸਿਰਫ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਕੋਲ ਹੀ ਸਨ।
ਯੋਨਾਥਾਨ ਦਾ ਫ਼ਲਿਸਤੀਆਂ ਉੱਤੇ ਹਮਲਾ
23ਹੁਣ ਫ਼ਲਿਸਤੀਆਂ ਦੀ ਇੱਕ ਟੁਕੜੀ ਮਿਕਮਾਸ਼ ਦੇ ਦਰੇ ਕੋਲ ਗਈ ਹੋਈ ਸੀ।
Currently Selected:
1 ਸ਼ਮੂਏਲ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.