1 ਸ਼ਮੂਏਲ 14
14
1ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਕਿਹਾ, “ਆਓ, ਦੂਜੇ ਪਾਸੇ ਫ਼ਲਿਸਤੀ ਚੌਕੀ ਵੱਲ ਚੱਲੀਏ।” ਪਰ ਉਸਨੇ ਆਪਣੇ ਪਿਤਾ ਨੂੰ ਨਾ ਦੱਸਿਆ।
2ਸ਼ਾਊਲ ਗਿਬਆਹ ਦੇ ਬਾਹਰ ਮਿਗਰੋਨ ਵਿੱਚ ਇੱਕ ਅਨਾਰ ਦੇ ਰੁੱਖ ਹੇਠ ਠਹਿਰਿਆ ਹੋਇਆ ਸੀ ਅਤੇ ਉਸ ਦੇ ਨਾਲ ਤਕਰੀਬਨ ਛੇ ਸੌ ਆਦਮੀ ਸਨ। 3ਉਹਨਾਂ ਵਿੱਚੋਂ ਅਹੀਯਾਹ ਸੀ ਜਿਸ ਨੇ ਏਫ਼ੋਦ ਪਾਇਆ ਹੋਇਆ ਸੀ। ਉਹ ਈਕਾਬੋਦ ਦੇ ਭਰਾ ਅਹੀਟੂਬ ਦਾ ਪੁੱਤਰ ਸੀ ਜੋ ਫੀਨਹਾਸ ਦਾ ਪੋਤਰਾ ਸੀ, ਅਤੇ ਏਲੀ ਦਾ ਪੜਪੋਤਾ ਸੀ, ਜੋ ਸ਼ੀਲੋਹ ਵਿੱਚ ਯਾਹਵੇਹ ਦਾ ਜਾਜਕ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਯੋਨਾਥਾਨ ਚਲਾ ਗਿਆ ਸੀ।
4ਉਸ ਦੱਰੇ ਦੇ ਹਰ ਪਾਸੇ ਜਿਸ ਨੂੰ ਯੋਨਾਥਾਨ ਨੇ ਪਾਰ ਕਰਕੇ ਫ਼ਲਿਸਤੀ ਚੌਂਕੀ ਤੱਕ ਪਹੁੰਚਣ ਦਾ ਇਰਾਦਾ ਕੀਤਾ ਸੀ, ਇੱਕ ਵੱਡੀ ਤਿੱਖੀ ਚੱਟਾਨ ਸੀ ਅਤੇ ਇੱਕ ਚੱਟਾਨ ਦਾ ਨਾਮ ਬੋਜ਼ੇਜ਼ ਅਤੇ ਦੂਜੇ ਦਾ ਸਨੇਹ ਸੀ। 5ਇੱਕ ਚੱਟਾਨ ਉੱਤਰ ਦੇ ਮਿਕਮਾਸ਼ ਵੱਲ ਅਤੇ ਦੂਜੀ ਦੱਖਣ ਦੇ ਗੇਬਾ ਵੱਲ ਖੜ੍ਹੀ ਸੀ।
6ਯੋਨਾਥਾਨ ਨੇ ਆਪਣੇ ਜੁਆਨ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਓ, ਉਹਨਾਂ ਅਸੁੰਨਤ ਮਨੁੱਖਾਂ ਦੀ ਚੌਕੀ ਵੱਲ ਚੱਲੀਏ, ਸ਼ਾਇਦ ਯਾਹਵੇਹ ਸਾਡੀ ਮਦਦ ਕਰੇ ਕਿਉਂਕਿ ਕੋਈ ਵੀ ਚੀਜ਼ ਯਾਹਵੇਹ ਲਈ ਔਖੀ ਨਹੀਂ ਜੋ ਬਹੁਤਿਆਂ ਨਾਲ ਜਾ ਥੋੜ੍ਹੇ ਲੋਕਾਂ ਦੇ ਰਾਹੀ ਛੁਟਕਾਰਾ ਦੇਵੇ।”
7ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕਿਹਾ, “ਉਹ ਸਭ ਕੁਝ ਕਰੋ ਜੋ ਤੇਰੇ ਮਨ ਵਿੱਚ ਹੈ। ਤੁਰੋ ਅਤੇ ਵੇਖੋ; ਮੈਂ ਦਿਲ ਅਤੇ ਰੂਹ ਨਾਲ ਤੁਹਾਡੇ ਨਾਲ ਹਾਂ।”
8ਯੋਨਾਥਾਨ ਨੇ ਕਿਹਾ, “ਚੱਲ ਫਿਰ ਅਸੀਂ ਉਹਨਾਂ ਵੱਲ ਪਾਰ ਲੰਘ ਕੇ ਆਪਣੇ ਆਪ ਨੂੰ ਉਹਨਾਂ ਕੋਲ ਪ੍ਰਗਟ ਕਰਾਂਗੇ। 9ਜੇਕਰ ਉਹ ਸਾਨੂੰ ਆਖਣ, ‘ਉੱਥੇ ਉਡੀਕ ਕਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ,’ ਤਾਂ ਅਸੀਂ ਉੱਥੇ ਹੀ ਰਹਾਂਗੇ ਅਤੇ ਉਹਨਾਂ ਉੱਤੇ ਚੜਾਈ ਨਹੀਂ ਕਰਾਂਗੇ। 10ਪਰ ਜੇ ਉਹ ਆਖਣ, ‘ਸਾਡੇ ਕੋਲ ਚੜ੍ਹ ਆਓ,’ ਤਾਂ ਅਸੀਂ ਚੜ੍ਹ ਜਾਵਾਂਗੇ, ਕਿਉਂਕਿ ਇਹ ਸਾਡੀ ਨਿਸ਼ਾਨੀ ਹੋਵੇਗੀ ਕਿ ਯਾਹਵੇਹ ਨੇ ਉਹਨਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ।”
11ਤਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਵਿਖਾਇਆ। ਫ਼ਲਿਸਤੀ ਬੋਲੇ “ਦੇਖੋ! ਇਬਰਾਨੀ ਉਹਨਾਂ ਖੁੱਡਾਂ ਵਿੱਚੋਂ ਬਾਹਰ ਨਿੱਕਲ ਆਉਂਦੇ ਹਨ ਜਿਨ੍ਹਾਂ ਵਿੱਚ ਉਹ ਛੁਪੇ ਹੋਏ ਸਨ।” 12ਚੌਂਕੀ ਦੇ ਆਦਮੀਆਂ ਨੇ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੂੰ ਉੱਚੀ-ਉੱਚੀ ਕਿਹਾ, “ਸਾਡੇ ਕੋਲ ਚੜ੍ਹ ਆਓ ਅਤੇ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ।”
ਇਸ ਲਈ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਮੇਰੇ ਪਿੱਛੇ ਚੜ੍ਹ ਆ ਕਿਉਂ ਜੋ ਯਾਹਵੇਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪ ਦਿੱਤਾ ਹੈ।”
13ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ, ਅਤੇ ਉਸਦੇ ਸ਼ਸਤਰ ਚੁੱਕਣ ਵਾਲਾ ਉਸਦੇ ਮਗਰ ਹੋਇਆ ਤਾਂ ਫ਼ਲਿਸਤੀ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਸਦਾ ਸ਼ਸਤਰ ਚੁੱਕਣ ਵਾਲਾ ਉਸਦੇ ਪਿੱਛੇ-ਪਿੱਛੇ ਮਾਰੀ ਜਾਂਦਾ ਸੀ। 14ਇਹ ਪਹਿਲੀ ਮਾਰ ਜੋ ਯੋਨਾਥਾਨ ਅਤੇ ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਲਗਭਗ ਅੱਧਾ ਏਕੜ ਦੇ ਖੇਤਰ ਵਿੱਚ ਵੀਹ ਮਨੁੱਖ ਮਾਰੇ।
ਇਸਰਾਏਲ ਨੇ ਫ਼ਲਿਸਤੀਆਂ ਨੂੰ ਹਰਾਇਆ
15ਤਦ ਸਾਰੀ ਫ਼ੌਜ, ਜਿਹੜੇ ਡੇਰੇ ਅਤੇ ਮੈਦਾਨ ਵਿੱਚ ਸਨ ਅਤੇ ਜਿਹੜੇ ਚੌਂਕੀਆਂ ਅਤੇ ਛਾਪਾਮਾਰ ਦਲਾਂ ਵਿੱਚ ਸਨ, ਘਬਰਾ ਗਏ ਅਤੇ ਜ਼ਮੀਨ ਹਿੱਲ ਗਈ। ਇਹ ਪਰਮੇਸ਼ਵਰ ਵੱਲੋਂ ਭੇਜੀ ਦਹਿਸ਼ਤ ਸੀ।
16ਸ਼ਾਊਲ ਦੇ ਪਹਿਰੇਦਾਰਾਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਵੇਖਿਆ ਕਿ ਭੀੜ ਘੱਟਦੀ ਜਾਂਦੀ ਹੈ ਅਤੇ ਉਹ ਇੱਧਰ-ਉੱਧਰ ਤੁਰੇ ਜਾਂਦੇ ਸਨ। 17ਤਦ ਸ਼ਾਊਲ ਨੇ ਉਹਨਾਂ ਮਨੁੱਖਾਂ ਨੂੰ ਜਿਹੜੇ ਉਹ ਦੇ ਨਾਲ ਸਨ ਆਖਿਆ, “ਫ਼ੌਜਾਂ ਨੂੰ ਇਕੱਠਾ ਕਰੋ ਅਤੇ ਵੇਖੋ ਕਿ ਸਾਡੇ ਵਿੱਚੋਂ ਕੌਣ ਸਾਨੂੰ ਛੱਡ ਕੇ ਗਿਆ ਹੈ।” ਜਦੋਂ ਉਹਨਾਂ ਨੇ ਗਿਣਿਆ ਤਾਂ ਵੇਖੋ ਯੋਨਾਥਾਨ ਅਤੇ ਉਸਦਾ ਸ਼ਸਤਰ ਚੁੱਕਣ ਵਾਲਾ ਉੱਥੇ ਨਹੀਂ ਸੀ।
18ਸ਼ਾਊਲ ਨੇ ਅਹੀਯਾਹ ਨੂੰ ਆਖਿਆ, “ਪਰਮੇਸ਼ਵਰ ਦੇ ਸੰਦੂਕ ਨੂੰ ਲੈ ਆ।” (ਉਸ ਵੇਲੇ ਇਹ ਇਸਰਾਏਲੀਆਂ ਦੇ ਵਿਚਕਾਰ ਸੀ।) 19ਜਦੋਂ ਸ਼ਾਊਲ ਜਾਜਕ ਨਾਲ ਗੱਲ ਕਰ ਰਿਹਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਹੰਗਾਮਾ ਹੋਰ ਵੱਧ ਗਿਆ। ਇਸ ਲਈ ਸ਼ਾਊਲ ਨੇ ਜਾਜਕ ਨੂੰ ਕਿਹਾ, “ਆਪਣਾ ਹੱਥ ਹਟਾ ਲੈ।”
20ਤਦ ਸ਼ਾਊਲ ਅਤੇ ਉਹ ਦੇ ਸਾਰੇ ਮਨੁੱਖ ਇਕੱਠੇ ਹੋਏ ਅਤੇ ਲੜਾਈ ਵਿੱਚ ਗਏ ਅਤੇ ਫ਼ਲਿਸਤੀਆਂ ਨੂੰ ਪੂਰੀ ਤਰ੍ਹਾਂ ਉਲਝਣ ਵਿੱਚ ਪਏ ਹੋਵੇ ਵੇਖਿਆ, ਅਤੇ ਇੱਕ-ਦੂਜੇ ਦੀ ਤਲਵਾਰ ਆਪਣੇ ਹੀ ਨਾਲ ਦੇ ਹੀ ਸਾਥੀ ਉੱਤੇ ਹੀ ਚੱਲੀ ਅਤੇ ਵੱਡੀ ਹਲਚਲ ਪੈ ਗਈ। 21ਉਹ ਇਬਰਾਨੀ ਜਿਹੜੇ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਡੇਰੇ ਵਿੱਚ ਗਏ ਸਨ ਉਹਨਾਂ ਇਸਰਾਏਲੀਆਂ ਕੋਲ ਜਿਹੜੇ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਹਨਾਂ ਨਾਲ ਰਲ ਗਏ। 22ਜਦੋਂ ਸਾਰੇ ਇਸਰਾਏਲੀਆਂ ਨੇ ਜਿਹੜੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਛੁਪੇ ਹੋਏ ਸਨ ਸੁਣਿਆ ਕਿ ਫ਼ਲਿਸਤੀ ਭੱਜ ਰਹੇ ਹਨ, ਤਾਂ ਉਹ ਲੜਾਈ ਵਿੱਚ ਸ਼ਾਮਲ ਹੋ ਗਏ। 23ਸੋ ਉਸ ਦਿਨ ਯਾਹਵੇਹ ਨੇ ਇਸਰਾਏਲ ਨੂੰ ਬਚਾਇਆ ਅਤੇ ਲੜਾਈ ਬੈਤ-ਆਵਨ ਤੋਂ ਅੱਗੇ ਚੱਲੀ ਗਈ।
ਯੋਨਾਥਾਨ ਨੇ ਸ਼ਹਿਦ ਖਾਧਾ
24ਉਸ ਦਿਨ ਇਸਰਾਏਲੀ ਬਹੁਤ ਦੁਖੀ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਇਹ ਕਹਿ ਕੇ ਸਹੁੰ ਦਿੱਤੀ ਸੀ, “ਕਿ ਸਰਾਪਿਆ ਹੋਵੇ ਹਰ ਕੋਈ ਜਿਹੜਾ ਸ਼ਾਮ ਹੋਣ ਤੋਂ ਪਹਿਲਾਂ ਭੋਜਨ ਖਾਵੇ, ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ!” ਇਸ ਲਈ ਫ਼ੌਜਾਂ ਵਿੱਚੋਂ ਕਿਸੇ ਨੇ ਵੀ ਭੋਜਨ ਨਹੀਂ ਚੱਖਿਆ।
25ਸਾਰੀ ਫ਼ੌਜ ਜੰਗਲ ਵਿੱਚ ਵੜ ਗਈ ਅਤੇ ਜ਼ਮੀਨ ਉੱਤੇ ਸ਼ਹਿਦ ਸੀ। 26ਜਦੋਂ ਉਹ ਜੰਗਲ ਵਿੱਚ ਗਏ ਤਾਂ ਉਹਨਾਂ ਨੇ ਸ਼ਹਿਦ ਨੂੰ ਚੌਂਦਾ ਹੋਇਆ ਵੇਖਿਆ। ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ, ਕਿਉਂਕਿ ਉਹ ਸਹੁੰ ਤੋਂ ਡਰਦੇ ਸਨ। 27ਪਰ ਯੋਨਾਥਾਨ ਨੇ ਇਹ ਨਾ ਸੁਣਿਆ ਸੀ ਕਿ ਉਸ ਦੇ ਪਿਤਾ ਨੇ ਲੋਕਾਂ ਨੂੰ ਸਹੁੰ ਚੁਕਾਈ ਸੀ, ਇਸ ਲਈ ਉਸ ਨੇ ਉਸ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਸਦੀ ਦੀਆਂ ਅੱਖਾਂ ਵਿੱਚ ਰੌਸ਼ਨੀ ਆਈ। 28ਤਦ ਸਿਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਤੇਰੇ ਪਿਤਾ ਨੇ ਫ਼ੌਜ ਨੂੰ ਇਹ ਕਹਿ ਕੇ ਪੱਕੀ ਸਹੁੰ ਚੁਕਾਈ ਸੀ, ‘ਸਰਾਪੀ ਹੋਵੇ ਜਿਹੜਾ ਅੱਜ ਭੋਜਨ ਖਾਵੇ!’ ਉਸ ਵੇਲੇ ਲੋਕ ਥੱਕੇ ਹੋਏ ਸਨ।”
29ਯੋਨਾਥਾਨ ਨੇ ਆਖਿਆ, “ਮੇਰੇ ਪਿਤਾ ਨੇ ਦੇਸ਼ ਨੂੰ ਦੁੱਖ ਦਿੱਤਾ। ਵੇਖੋ ਜਦੋਂ ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਕਿਵੇਂ ਚਮਕ ਗਈਆਂ। 30ਕਿੰਨਾ ਚੰਗਾ ਹੁੰਦਾ ਜੇ ਅੱਜ ਮਨੁੱਖ ਆਪਣੇ ਵੈਰੀਆਂ ਤੋਂ ਲੁੱਟੀ ਹੋਈ ਲੁੱਟ ਵਿੱਚੋਂ ਕੁਝ ਖਾ ਲੈਂਦੇ। ਕੀ ਫ਼ਲਿਸਤੀਆਂ ਦਾ ਨਾਸ ਇਸ ਤੋਂ ਵੀ ਵੱਧ ਨਾ ਹੁੰਦਾ?”
31ਉਸ ਦਿਨ ਜਦੋਂ ਇਸਰਾਏਲੀਆਂ ਨੇ ਮਿਕਮਾਸ਼ ਤੋਂ ਅੱਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਤਾਂ ਉਹ ਬਹੁਤ ਥੱਕ ਗਏ। 32ਉਹਨਾਂ ਨੇ ਲੁੱਟ ਉੱਤੇ ਝਪਟ ਮਾਰੀ ਅਤੇ ਭੇਡਾਂ, ਡੰਗਰ ਅਤੇ ਵੱਛੇ ਲੈ ਕੇ ਉਹਨਾਂ ਨੂੰ ਜ਼ਮੀਨ ਉੱਤੇ ਵੱਢ ਸੁੱਟਿਆ ਅਤੇ ਲਹੂ ਸਮੇਤ ਖਾਧਾ। 33ਤਦ ਕਿਸੇ ਨੇ ਸ਼ਾਊਲ ਨੂੰ ਕਿਹਾ, “ਵੇਖੋ, ਉਹ ਮਾਸ ਖਾ ਕੇ ਜਿਸ ਵਿੱਚ ਲਹੂ ਹੈ, ਮਨੁੱਖ ਯਾਹਵੇਹ ਦੇ ਵਿਰੁੱਧ ਪਾਪ ਕਰ ਰਹੇ ਹਨ।”
ਉਸਨੇ ਕਿਹਾ, “ਤੁਸੀਂ ਵਿਸ਼ਵਾਸ ਤੋੜਿਆ ਹੈ, ਸੋ ਮੇਰੇ ਸਾਮ੍ਹਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ।” 34ਤਦ ਉਸ ਨੇ ਆਖਿਆ, “ਮਨੁੱਖਾਂ ਵਿੱਚ ਜਾ ਕੇ ਉਹਨਾਂ ਨੂੰ ਆਖੋ, ‘ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਪਸ਼ੂ ਅਤੇ ਭੇਡਾਂ ਮੇਰੇ ਕੋਲ ਲਿਆਵੇ ਅਤੇ ਉਹਨਾਂ ਨੂੰ ਇੱਥੇ ਵੱਢ ਕੇ ਖਾਓ। ਪਰ ਲਹੂ ਸਮੇਤ ਖਾ ਕੇ ਯਾਹਵੇਹ ਅੱਗੇ ਪਾਪ ਨਾ ਕਰੋ।’ ”
ਇਸ ਲਈ ਹਰ ਕੋਈ ਉਸ ਰਾਤ ਆਪਣੇ ਬਲਦ ਨੂੰ ਲਿਆਇਆ ਅਤੇ ਉਸ ਨੂੰ ਉੱਥੇ ਵੱਢ ਦਿੱਤਾ। 35ਤਦ ਸ਼ਾਊਲ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਇਹ ਪਹਿਲੀ ਜਗਵੇਦੀ ਸੀ ਜੋ ਉਸਨੇ ਯਾਹਵੇਹ ਲਈ ਬਣਾਈ।
36ਸ਼ਾਊਲ ਨੇ ਆਖਿਆ, ਆਓ ਅਸੀਂ ਹੇਠਾਂ ਚੱਲੀਏ ਅਤੇ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਤੱਕ ਉਹਨਾਂ ਨੂੰ ਲੁੱਟੀਏ ਅਤੇ ਉਹਨਾਂ ਵਿੱਚੋਂ ਇੱਕ ਨੂੰ ਵੀ ਜੀਉਂਦਾ ਨਾ ਛੱਡੀਏ।
“ਤਾਂ ਉਹ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹ ਕਰੋ।”
ਪਰ ਜਾਜਕ ਨੇ ਕਿਹਾ, “ਆਓ ਅਸੀਂ ਇੱਥੇ ਪਰਮੇਸ਼ਵਰ ਦੇ ਨੇੜੇ ਹੋਈਏ।”
37ਤਦ ਸ਼ਾਊਲ ਨੇ ਪਰਮੇਸ਼ਵਰ ਨੂੰ ਆਖਿਆ, “ਕੀ ਮੈਂ ਹੇਠਾਂ ਜਾ ਕੇ ਫ਼ਲਿਸਤੀਆਂ ਦਾ ਪਿੱਛਾ ਕਰਾਂ? ਕੀ ਤੂੰ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇਵੇਂਗਾ?” ਪਰ ਉਸ ਦਿਨ ਪਰਮੇਸ਼ਵਰ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ।
38ਇਸ ਲਈ ਸ਼ਾਊਲ ਨੇ ਆਖਿਆ, “ਹੇ ਸਾਰੇ ਫ਼ੌਜ ਦੇ ਆਗੂਓ, ਇੱਥੇ ਆਓ ਅਤੇ ਪਤਾ ਕਰੀਏ ਕਿ ਅੱਜ ਕੀ ਪਾਪ ਹੋਇਆ ਹੈ। 39ਜਿਵੇਂ ਯਾਹਵੇਹ ਇਸਰਾਏਲ ਨੂੰ ਬਚਾਉਂਦਾ ਅਤੇ ਜੋ ਜਿਉਂਦਾ ਹੈ, ਭਾਵੇਂ ਇਹ ਦੋਸ਼ ਮੇਰੇ ਪੁੱਤਰ ਯੋਨਾਥਾਨ ਦਾ ਹੀ ਕਿਉਂ ਨਾ ਹੋਵੇ, ਉਹ ਜ਼ਰੂਰ ਮਰ ਜਾਵੇਗਾ।” ਪਰ ਉਹਨਾਂ ਵਿੱਚੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।
40ਤਦ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਉੱਥੇ ਖੜ੍ਹੇ ਰਹੋ। ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਇੱਥੇ ਖੜ੍ਹੇ ਹੋਵਾਂਗੇ।”
ਤਦ ਲੋਕ ਸ਼ਾਊਲ ਨੂੰ ਬੋਲੇ, “ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗੇ।”
41ਤਦ ਸ਼ਾਊਲ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਤੂੰ ਅੱਜ ਆਪਣੇ ਸੇਵਕ ਨੂੰ ਉੱਤਰ ਕਿਉਂ ਨਹੀਂ ਦਿੱਤਾ? ਜੇ ਕਸੂਰ ਮੇਰੇ ਜਾਂ ਮੇਰੇ ਪੁੱਤਰ ਯੋਨਾਥਾਨ ਵਿੱਚ ਹੈ, ਤਾਂ ਊਰੀਮ ਨਾਲ ਜਵਾਬ ਦਿਓ, ਪਰ ਜੇ ਇਸਰਾਏਲ ਦੇ ਲੋਕ ਗਲਤ ਹਨ, ਤਾਂ ਥੰਮੀਮ ਨਾਲ ਜਵਾਬ ਦਿਓ।” ਯੋਨਾਥਾਨ ਅਤੇ ਸ਼ਾਊਲ ਬਦੀ ਵਿੱਚ ਫੜੇ ਗਏ, ਪਰ ਲੋਕ ਬਚ ਗਏ। 42ਸ਼ਾਊਲ ਨੇ ਆਖਿਆ, “ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ।” ਅਤੇ ਯੋਨਾਥਾਨ ਦੇ ਨਾਮ ਦੀ ਪਰਚੀ ਨਿਕਲੀ।
43ਤਦ ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, “ਮੈਨੂੰ ਦੱਸ ਤੂੰ ਕੀ ਕੀਤਾ ਹੈ।”
ਇਸ ਲਈ ਯੋਨਾਥਾਨ ਨੇ ਉਸਨੂੰ ਕਿਹਾ, “ਮੈਂ ਆਪਣੀ ਸੋਟੀ ਦੇ ਸਿਰੇ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਅਤੇ ਹੁਣ ਮੈਂ ਮਰ ਰਿਹਾ ਹਾਂ!”
44ਸ਼ਾਊਲ ਨੇ ਆਖਿਆ, “ਮੇਰਾ ਪਰਮੇਸ਼ਵਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵੱਧ ਪਰ ਹੇ ਯੋਨਾਥਾਨ, ਤੈਨੂੰ ਜ਼ਰੂਰ ਮਰਨਾ ਪਵੇਗਾ।”
45ਪਰ ਮਨੁੱਖਾਂ ਨੇ ਸ਼ਾਊਲ ਨੂੰ ਆਖਿਆ, “ਕੀ ਯੋਨਾਥਾਨ ਨੂੰ ਮਰ ਜਾਣਾ ਚਾਹੀਦਾ ਹੈ ਜਿਸ ਨੇ ਇਸਰਾਏਲ ਵਿੱਚ ਇਹ ਵੱਡਾ ਛੁਟਕਾਰਾ ਕੀਤਾ ਹੈ? ਕਦੇ ਨਹੀਂ! ਜਿਉਂਦੇ ਜੀਅ ਯਾਹਵੇਹ ਦੀ ਸਹੁੰ, ਉਸਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਤੇ ਨਹੀਂ ਡਿੱਗੇਗਾ, ਕਿਉਂਕਿ ਉਸਨੇ ਅੱਜ ਇਹ ਪਰਮੇਸ਼ਵਰ ਦੀ ਸਹਾਇਤਾ ਨਾਲ ਕੀਤਾ ਹੈ।” ਇਸ ਲਈ ਆਦਮੀਆਂ ਨੇ ਯੋਨਾਥਾਨ ਨੂੰ ਛੁਡਾਇਆ ਅਤੇ ਉਹ ਮਾਰਿਆ ਨਾ ਗਿਆ।
46ਤਦ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਉਹ ਆਪਣੇ ਦੇਸ਼ ਨੂੰ ਮੁੜ ਗਏ।
47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫ਼ੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਜ਼ੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਹਨਾਂ ਨੂੰ ਦੁੱਖ ਦਿੰਦਾ ਸੀ। 48ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ਨੂੰ ਹਰਾਇਆ ਅਤੇ ਇਸਰਾਏਲ ਨੂੰ ਉਹਨਾਂ ਦੇ ਹੱਥੋਂ ਛੁਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਸੀ।
ਸ਼ਾਊਲ ਦਾ ਪਰਿਵਾਰ
49ਸ਼ਾਊਲ ਦੇ ਪੁੱਤਰ ਯੋਨਾਥਾਨ, ਯਿਸ਼ਵੀ ਅਤੇ ਮਲਕੀ-ਸ਼ੂਆ ਸਨ। ਉਸਦੀ ਵੱਡੀ ਧੀ ਦਾ ਨਾਮ ਮੇਰਬ ਸੀ ਅਤੇ ਛੋਟੀ ਦਾ ਮੀਕਲ ਸੀ। 50ਉਸ ਦੀ ਪਤਨੀ ਦਾ ਨਾਮ ਅਹੀਨੋਅਮ ਸੀ ਜੋ ਅਹੀਮਾਜ਼ ਦੀ ਧੀ ਸੀ। ਸ਼ਾਊਲ ਦੀ ਸੈਨਾਪਤੀ ਦਾ ਨਾਮ ਅਬਨੇਰ ਸੀ ਜੋ ਸ਼ਾਊਲ ਦਾ ਚਾਚੇ ਨੇਰ ਦਾ ਪੁੱਤਰ ਸੀ। 51ਸ਼ਾਊਲ ਦਾ ਪਿਤਾ ਕੀਸ਼ ਅਤੇ ਅਬਨੇਰ ਦਾ ਪਿਤਾ ਨੇਰ ਅਬੀਏਲ ਦੇ ਪੁੱਤਰ ਸੀ।
52ਸ਼ਾਊਲ ਦੇ ਸਾਰੇ ਦਿਨ ਫ਼ਲਿਸਤੀਆਂ ਨਾਲ ਲੜਾਈ ਹੁੰਦੀ ਰਹੀ ਅਤੇ ਜਦੋਂ ਵੀ ਸ਼ਾਊਲ ਨੇ ਕਿਸੇ ਸੂਰਬੀਰ ਜਾਂ ਬਹਾਦਰ ਨੂੰ ਵੇਖਿਆ ਤਾਂ ਉਹ ਨੂੰ ਆਪਣੀ ਸੇਵਾ ਵਿੱਚ ਲੈ ਲਿਆ।
Currently Selected:
1 ਸ਼ਮੂਏਲ 14: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.