Bible App logo
Search Icon

1 ਸ਼ਮੂਏਲ 12

12
ਸ਼ਮੂਏਲ ਦਾ ਸੰਦੇਸ਼
1ਸ਼ਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, “ਮੈਂ ਸਭ ਕੁਝ ਮੰਨ ਲਿਆ ਹੈ ਜੋ ਤੁਸੀਂ ਮੈਨੂੰ ਕਿਹਾ ਹੈ ਅਤੇ ਮੈਂ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ। 2ਹੁਣ ਤੁਹਾਡਾ ਆਗੂ ਇੱਕ ਰਾਜਾ ਹੈ ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ, ਅਤੇ ਮੇਰੇ ਪੁੱਤਰ ਇੱਥੇ ਤੁਹਾਡੇ ਨਾਲ ਹਨ। ਮੈਂ ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਤੁਹਾਡਾ ਆਗੂ ਰਿਹਾ ਹਾਂ। 3ਮੈਂ ਇੱਥੇ ਖੜ੍ਹਾ ਹਾਂ, ਮੇਰੇ ਵਿਰੁੱਧ ਯਾਹਵੇਹ ਅਤੇ ਉਸਦੇ ਮਸਹ ਕੀਤੇ ਹੋਏ ਦੇ ਸਾਮ੍ਹਣੇ ਗਵਾਹੀ ਦਿਓ। ਮੈਂ ਕਿਸ ਦਾ ਬਲਦ ਲਿਆ ਹੈ? ਮੈਂ ਕਿਸ ਦਾ ਗਧਾ ਲਿਆ ਹੈ? ਜਾਂ ਮੈਂ ਕਿਸ ਨੂੰ ਧੋਖਾ ਦਿੱਤਾ ਹੈ? ਜਾਂ ਮੈਂ ਕਿਸੇ ਤੇ ਜ਼ੁਲਮ ਕੀਤਾ ਹੈ? ਜਾਂ ਮੈਂ ਕਿਸੇ ਕੋਲੋ ਰਿਸ਼ਵਤ ਲੈ ਕੇ ਅਣਦੇਖਾ ਕਰ ਦਿੱਤਾ ਹੈ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਕੰਮ ਕੀਤਾ ਹੈ, ਤਾਂ ਮੈਂ ਇਸਨੂੰ ਠੀਕ ਕਰਾਂਗਾ।”
4ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਸਾਡੇ ਨਾਲ ਧੋਖਾ ਜਾਂ ਜ਼ੁਲਮ ਨਹੀਂ ਕੀਤਾ। ਤੂੰ ਕਿਸੇ ਦੇ ਹੱਥੋਂ ਕੁਝ ਨਹੀਂ ਲਿਆ।”
5ਸ਼ਮੂਏਲ ਨੇ ਉਹਨਾਂ ਨੂੰ ਆਖਿਆ, ਯਾਹਵੇਹ ਤੁਹਾਡੇ ਵਿਰੁੱਧ ਗਵਾਹ ਹੈ ਅਤੇ ਉਸ ਦਾ ਮਸਹ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਹੱਥ ਵਿੱਚ ਕੁਝ ਨਹੀਂ ਪਾਇਆ।
ਉਹਨਾਂ ਨੇ ਕਿਹਾ, “ਉਹ ਗਵਾਹ ਹੈ।”
6ਤਦ ਸ਼ਮੂਏਲ ਨੇ ਲੋਕਾਂ ਨੂੰ ਆਖਿਆ, “ਇਹ ਯਾਹਵੇਹ ਹੀ ਹੈ ਜਿਸਨੇ ਮੋਸ਼ੇਹ ਅਤੇ ਹਾਰੋਨ ਨੂੰ ਨਿਯੁਕਤ ਕੀਤਾ ਅਤੇ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। 7ਤਾਂ ਹੁਣ ਤੁਸੀਂ ਇੱਥੇ ਖੜ੍ਹੇ ਰਹੋ ਕਿਉਂ ਜੋ ਮੈਂ ਯਾਹਵੇਹ ਦੇ ਸਾਮ੍ਹਣੇ ਉਹਨਾਂ ਸਾਰਿਆਂ ਦੀ ਭਲਿਆਈਆਂ ਦੇ ਕਾਰਨ ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਉੱਤੇ ਕੀਤੀਆਂ, ਤੁਹਾਡੇ ਨਾਲ ਵਿਚਾਰ ਕਰਾਂਗਾ।
8“ਯਾਕੋਬ ਦੇ ਮਿਸਰ ਵਿੱਚ ਦਾਖਲ ਹੋਣ ਤੋਂ ਬਾਅਦ, ਉਹਨਾਂ ਨੇ ਯਾਹਵੇਹ ਅੱਗੇ ਮਦਦ ਲਈ ਦੁਹਾਈ ਦਿੱਤੀ, ਅਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ, ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਏ ਅਤੇ ਉਹਨਾਂ ਨੂੰ ਇਸ ਜਗ੍ਹਾ ਵਿੱਚ ਵਸਾਇਆ।
9“ਪਰ ਉਹ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ; ਇਸ ਲਈ ਉਸਨੇ ਉਹਨਾਂ ਨੂੰ ਹਾਜ਼ੋਰ ਦੀ ਸੈਨਾ ਦੇ ਸੈਨਾਪਤੀ ਸੀਸਰਾ ਦੇ ਹੱਥਾਂ ਵਿੱਚ ਅਤੇ ਫ਼ਲਿਸਤੀਆਂ ਅਤੇ ਮੋਆਬ ਦੇ ਰਾਜੇ ਦੇ ਹੱਥਾਂ ਵਿੱਚ ਕਰ ਦਿੱਤਾ, ਜੋ ਉਹਨਾਂ ਦੇ ਵਿਰੁੱਧ ਲੜੇ। 10ਫਿਰ ਉਹਨਾਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ‘ਅਸੀਂ ਪਾਪ ਕੀਤਾ ਹੈ ਕਿਉਂ ਜੋ ਅਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ ਅਤੇ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ। ਪਰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾ, ਤਾਂ ਅਸੀਂ ਤੇਰੀ ਉਪਾਸਨਾ ਕਰਾਂਗੇ।’ 11ਤਦ ਯਾਹਵੇਹ ਨੇ ਯਰੁੱਬਆਲ#12:11 ਯਰੁੱਬਆਲ ਅਰਥਾਤ: ਗਿਦਾਊਨ, ਬਦਾਨ, ਯਿਫ਼ਤਾਹ ਅਤੇ ਸ਼ਮੂਏਲ ਨੂੰ ਭੇਜਿਆ ਅਤੇ ਉਸ ਨੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ, ਅਤੇ ਤੁਸੀਂ ਸੁੱਖ ਨਾਲ ਵੱਸ ਗਏ।
12“ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਰਾਜਾ ਨਾਹਾਸ਼ ਨੇ ਤੁਹਾਡੇ ਵਿਰੁੱਧ ਹਮਲਾ ਕੀਤਾ, ਤਾਂ ਤੁਸੀਂ ਮੈਨੂੰ ਕਿਹਾ, ‘ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੱਕ ਰਾਜਾ ਸਾਡੇ ਉੱਤੇ ਰਾਜ ਕਰੇ,’ ਭਾਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ। ਤੁਹਾਡਾ ਰਾਜਾ ਸੀ। 13ਹੁਣ ਇੱਥੇ ਇਹ ਰਾਜਾ ਹੈ ਜਿਸ ਨੂੰ ਤੁਸੀਂ ਚੁਣਿਆ ਹੈ, ਜਿਸ ਨੂੰ ਤੁਸੀਂ ਮੰਗਿਆ ਸੀ; ਵੇਖੋ, ਯਾਹਵੇਹ ਨੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ। 14ਜੇ ਤੁਸੀਂ ਯਾਹਵੇਹ ਤੋਂ ਡਰਦੇ ਰਹੋਗੇ ਅਤੇ ਉਸ ਦੀ ਉਪਾਸਨਾ ਕਰਦੇ ਰਹੋਗੇ, ਅਤੇ ਉਸ ਦੇ ਬਚਨ ਮੰਨੋਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਅਤੇ ਜੇਕਰ ਤੁਸੀਂ ਅਤੇ ਤੁਹਾਡੇ ਉੱਤੇ ਰਾਜ ਕਰਨ ਵਾਲਾ ਰਾਜਾ ਯਾਹਵੇਹ ਆਪਣੇ ਪਰਮੇਸ਼ਵਰ ਦੇ ਮਗਰ ਲੱਗੇ ਰਹੋਗੇ! 15ਪਰ ਜੇ ਤੁਸੀਂ ਯਾਹਵੇਹ ਦਾ ਬਚਨ ਨਾ ਮੰਨੋ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਾਹਵੇਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਵੇਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਸੀ।
16“ਹੁਣ, ਤੁਸੀਂ ਖੜ੍ਹੇ ਰਹੋ ਅਤੇ ਇਸ ਮਹਾਨ ਕੰਮ ਨੂੰ ਵੇਖੋ ਜੋ ਯਾਹਵੇਹ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਕਰਨ ਵਾਲਾ ਹੈ! 17ਕੀ ਹੁਣ ਕਣਕ ਦੀ ਵਾਢੀ ਦਾ ਸਮਾਂ ਨਹੀਂ? ਮੈਂ ਯਾਹਵੇਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਣ ਦਾ ਹੁਕਮ ਦੇਵੇ ਅਤੇ ਮੀਂਹ ਨੂੰ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਾਹਵੇਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ।”
18ਤਦ ਸ਼ਮੂਏਲ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸੇ ਦਿਨ ਗਰਜ ਹੋਈ ਅਤੇ ਯਾਹਵੇਹ ਨੇ ਮੀਂਹ ਭੇਜਿਆ। ਇਸ ਲਈ ਸਾਰੇ ਲੋਕ ਯਾਹਵੇਹ ਅਤੇ ਸ਼ਮੂਏਲ ਕੋਲੋ ਬਹੁਤ ਡਰ ਗਏ।
19ਸਭਨਾਂ ਲੋਕਾਂ ਨੇ ਸ਼ਮੂਏਲ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਆਪਣੇ ਸੇਵਕਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਰਾਜੇ ਦੀ ਮੰਗ ਕਰਨ ਦੀ ਬਦੀ ਵਿੱਚ ਆਪਣੇ ਹੋਰ ਸਾਰੇ ਪਾਪਾਂ ਵਿੱਚ ਵਾਧਾ ਕੀਤਾ ਹੈ।”
20ਸ਼ਮੂਏਲ ਨੇ ਉੱਤਰ ਦਿੱਤਾ, “ਡਰੋ ਨਹੀਂ, ਤੁਸੀਂ ਇਹ ਸਭ ਬੁਰਾਈ ਕੀਤੀ ਹੈ; ਫਿਰ ਵੀ ਯਾਹਵੇਹ ਤੋਂ ਮੂੰਹ ਨਾ ਮੋੜੋ, ਪਰ ਆਪਣੇ ਪੂਰੇ ਦਿਲ ਨਾਲ ਯਾਹਵੇਹ ਦੀ ਉਪਾਸਨਾ ਕਰੋ। 21ਵਿਅਰਥ ਮੂਰਤੀਆਂ ਦੇ ਮਗਰ ਨਾ ਮੁੜੋ। ਜਿਸ ਦੇ ਵਿੱਚੋਂ ਕੁਝ ਲਾਭ ਜਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹ ਸਭ ਵਿਅਰਥ ਹਨ। 22ਕਿਉਂ ਜੋ ਯਾਹਵੇਹ ਆਪਣੇ ਮਹਾਨ ਨਾਮ ਦੀ ਖਾਤਰ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ, ਕਿਉਂਕਿ ਯਾਹਵੇਹ ਨੇ ਤੁਹਾਨੂੰ ਆਪਣੀ ਹੀ ਮਰਜ਼ੀ ਨਾਲ ਆਪਣਾ ਬਣਾਇਆ ਹੈ। 23ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਾਹਵੇਹ ਦੇ ਵਿਰੁੱਧ ਪਾਪ ਕਰਾਂ। ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ। 24ਪਰ ਯਾਹਵੇਹ ਤੋਂ ਡਰੋ ਅਤੇ ਪੂਰੇ ਦਿਲ ਨਾਲ ਵਫ਼ਾਦਾਰੀ ਨਾਲ ਉਸਦੀ ਉਪਾਸਨਾ ਕਰੋ। ਵਿਚਾਰ ਕਰੋ ਕਿ ਉਸਨੇ ਤੁਹਾਡੇ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ। 25ਤਾਂ ਵੀ ਜੇ ਤੁਸੀਂ ਬੁਰਿਆਈ ਕਰੋਗੇ, ਤਾਂ ਤੁਸੀਂ ਅਤੇ ਤੁਹਾਡਾ ਰਾਜਾ ਦੋਵੇਂ ਨਾਸ ਹੋ ਜਾਵੋਗੇ।”

Currently Selected:

1 ਸ਼ਮੂਏਲ 12: PCB

Highlight

Copy

Compare

Share

None

Want to have your highlights saved across all your devices? Sign up or sign in

Video for 1 ਸ਼ਮੂਏਲ 12