Bible App logo
Search Icon

1 ਸ਼ਮੂਏਲ 11

11
ਸ਼ਾਊਲ ਨੇ ਯਾਬੇਸ਼ ਦੇ ਸ਼ਹਿਰ ਨੂੰ ਛੁਡਾਇਆ
1ਤਦ ਅੰਮੋਨੀ ਨਾਹਾਸ਼ ਨੇ ਚੜ੍ਹਾਈ ਕਰਕੇ ਯਾਬੇਸ਼ ਗਿਲਆਦ ਨੂੰ ਘੇਰ ਲਿਆ ਅਤੇ ਯਾਬੇਸ਼ ਦੇ ਸਾਰੇ ਮਨੁੱਖਾਂ ਨੇ ਉਹ ਨੂੰ ਆਖਿਆ, “ਸਾਡੇ ਨਾਲ ਇੱਕ ਫ਼ੈਸਲਾ ਕਰ ਤਾਂ ਅਸੀਂ ਤੇਰੇ ਅਧੀਨ ਹੋਵਾਂਗੇ।”
2ਪਰ ਅੰਮੋਨੀ ਨਾਹਾਸ਼ ਨੇ ਉੱਤਰ ਦਿੱਤਾ, “ਮੈਂ ਤੁਹਾਡੇ ਨਾਲ ਇਸ ਗੱਲ ਉੱਤੇ ਫ਼ੈਸਲਾ ਕਰਾਂਗਾ ਕਿ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਜਿਸ ਨਾਲ ਮੈਂ ਸਾਰੇ ਇਸਰਾਏਲ ਦਾ ਅਪਮਾਨ ਕਰਾਂ।”
3ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ, “ਸਾਨੂੰ ਸੱਤ ਦਿਨਾਂ ਤੱਕ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜ ਸਕੀਏ। ਜੇਕਰ ਕੋਈ ਸਾਨੂੰ ਬਚਾਉਣ ਲਈ ਨਹੀਂ ਆਇਆ ਤਾਂ ਅਸੀਂ ਤੁਹਾਡੇ ਅੱਗੇ ਆਤਮ ਸਮਰਪਣ ਕਰ ਦੇਵਾਂਗੇ।”
4ਜਦੋਂ ਸੰਦੇਸ਼ਵਾਹਕ ਸ਼ਾਊਲ ਦੇ ਗਿਬਆਹ ਵਿੱਚ ਆਏ ਅਤੇ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਤਾਂ ਉਹ ਸਾਰੇ ਉੱਚੀ-ਉੱਚੀ ਰੋਣ ਲੱਗੇ। 5ਤਾਂ ਵੇਖੋਂ, ਸ਼ਾਊਲ ਪੈਲੀ ਵਿੱਚੋਂ ਬਲਦਾਂ ਦੇ ਮਗਰ ਆ ਰਿਹਾ ਸੀ ਅਤੇ ਉਸ ਨੇ ਕਿਹਾ, “ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ?” ਤਦ ਉਨ੍ਹਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ।
6ਜਦੋਂ ਸ਼ਾਊਲ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਪਰਮੇਸ਼ਵਰ ਦਾ ਆਤਮਾ ਜ਼ੋਰ ਨਾਲ ਉਸ ਉੱਤੇ ਆਇਆ ਅਤੇ ਉਹ ਕ੍ਰੋਧ ਨਾਲ ਭੜਕ ਉੱਠਿਆ। 7ਉਸ ਨੇ ਬਲਦਾਂ ਦਾ ਇੱਕ ਜੋੜਾ ਲਿਆ ਅਤੇ ਉਹਨਾਂ ਦੇ ਟੁਕੜੇ ਕੀਤੇ ਅਤੇ ਉਹਨਾਂ ਟੁਕੜਿਆਂ ਨੂੰ ਸੰਦੇਸ਼ਵਾਹਕਾਂ ਦੁਆਰਾ ਸਾਰੇ ਇਸਰਾਏਲ ਵਿੱਚ ਇਹ ਆਖ ਕੇ ਭੇਜਿਆ, “ਜਿਹੜਾ ਸ਼ਾਊਲ ਅਤੇ ਸ਼ਮੂਏਲ ਦੇ ਮਗਰ ਨਹੀਂ ਆਵੇਗਾ, ਉਸ ਦੇ ਬਲਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ।” ਤਦ ਯਾਹਵੇਹ ਦਾ ਡਰ ਲੋਕਾਂ ਉੱਤੇ ਛਾ ਗਿਆ, ਅਤੇ ਉਹ ਇੱਕਠੇ ਹੋ ਕੇ ਬਾਹਰ ਆ ਨਿੱਕਲੇ। 8ਜਦੋਂ ਸ਼ਾਊਲ ਨੇ ਉਹਨਾਂ ਨੂੰ ਬੇਜ਼ੇਕ ਵਿੱਚ ਇਕੱਠਾ ਕੀਤਾ ਤਾਂ ਇਸਰਾਏਲ ਦੇ ਮਨੁੱਖ ਤਿੰਨ ਲੱਖ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ ਸਨ।
9ਉਹਨਾਂ ਸੰਦੇਸ਼ਵਾਹਕਾਂ ਨੂੰ ਜਿਹੜੇ ਆਏ ਸਨ, ਆਖਿਆ, “ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖੋ, ‘ਕੱਲ੍ਹ ਜਿਸ ਵੇਲੇ ਸੂਰਜ ਦੀ ਧੁੱਪ ਤੇਜ ਹੋਵੇਗੀ ਤਦ ਤੁਹਾਨੂੰ ਛੁਟਕਾਰਾ ਮਿਲੇਗਾ।’ ” ਜਦੋਂ ਸੰਦੇਸ਼ਵਾਹਕਾਂ ਨੇ ਯਾਬੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਉਹਨਾਂ ਨੇ ਬਹੁਤ ਅਨੰਦ ਮਨਾਇਆ। 10ਉਹਨਾਂ ਨੇ ਅੰਮੋਨੀਆਂ ਨੂੰ ਆਖਿਆ, “ਕੱਲ੍ਹ ਅਸੀਂ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰ ਦੇਵਾਂਗੇ ਅਤੇ ਤੁਸੀਂ ਸਾਡੇ ਨਾਲ ਜੋ ਚਾਹੋ ਕਰ ਸਕਦੇ ਹੋ।”
11ਅਗਲੇ ਦਿਨ ਸ਼ਾਊਲ ਨੇ ਆਪਣੇ ਆਦਮੀਆਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਦਿੱਤਾ ਅਤੇ ਉਹ ਪਹਿਲੇ ਪਹਿਰ ਡੇਰੇ ਦੇ ਵਿੱਚ ਆ ਵੜਿਆ ਅਤੇ ਅੰਮੋਨੀਆਂ ਨੂੰ ਮਾਰਿਆ ਅਤੇ ਦਿਨ ਚੜਨ ਤੱਕ ਅਜਿਹਾ ਮਾਰਦੇ ਰਹੇ ਕਿ ਜਿਹੜੇ ਬਚ ਗਏ ਉਹ ਅਜਿਹੇ ਖਿੱਲਰ ਗਏ, ਜੋ ਦੋ ਲੋਕ ਵੀ ਇਕੱਠੇ ਨਾ ਹੋ ਸਕੇ।
ਸ਼ਾਊਲ ਨੇ ਰਾਜਾ ਹੋਣ ਦੀ ਪੁਸ਼ਟੀ ਕੀਤੀ
12ਤਦ ਲੋਕਾਂ ਨੇ ਸ਼ਮੂਏਲ ਨੂੰ ਕਿਹਾ, “ਉਹ ਕੌਣ ਹੈ ਜਿਸਨੇ ਆਖਿਆ ਸੀ, ‘ਕੀ ਸ਼ਾਊਲ ਸਾਡੇ ਉੱਤੇ ਰਾਜ ਕਰੇਗਾ?’ ਇਹਨਾਂ ਆਦਮੀਆਂ ਨੂੰ ਸਾਡੇ ਹਵਾਲੇ ਕਰ ਤਾਂ ਜੋ ਅਸੀਂ ਉਹਨਾਂ ਨੂੰ ਮਾਰ ਦੇਈਏ।”
13ਪਰ ਸ਼ਾਊਲ ਨੇ ਕਿਹਾ, “ਅੱਜ ਦੇ ਦਿਨ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਕਿਉਂਕਿ ਅੱਜ ਦੇ ਦਿਨ ਯਾਹਵੇਹ ਨੇ ਇਸਰਾਏਲ ਨੂੰ ਬਚਾਇਆ ਹੈ।”
14ਤਦ ਸ਼ਮੂਏਲ ਨੇ ਲੋਕਾਂ ਨੂੰ ਕਿਹਾ, “ਆਓ, ਗਿਲਗਾਲ ਨੂੰ ਚੱਲੀਏ ਅਤੇ ਉੱਥੇ ਰਾਜ ਨੂੰ ਦੂਜੀ ਵਾਰ ਫਿਰ ਸਥਾਪਿਤ ਕਰੀਏ।” 15ਸੋ ਸਾਰੇ ਲੋਕ ਗਿਲਗਾਲ ਨੂੰ ਗਏ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਸ਼ਾਊਲ ਨੂੰ ਰਾਜਾ ਬਣਾਇਆ। ਉੱਥੇ ਉਹਨਾਂ ਨੇ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ, ਅਤੇ ਸ਼ਾਊਲ ਅਤੇ ਸਾਰੇ ਇਸਰਾਏਲੀਆਂ ਨੇ ਇੱਕ ਵੱਡਾ ਜਸ਼ਨ ਮਨਾਇਆ।

Currently Selected:

1 ਸ਼ਮੂਏਲ 11: PCB

Highlight

Copy

Compare

Share

None

Want to have your highlights saved across all your devices? Sign up or sign in