Bible App logo
Search Icon

1 ਰਾਜਿਆਂ 7

7
ਸ਼ਲੋਮੋਨ ਨੇ ਆਪਣਾ ਮਹਿਲ ਬਣਾਇਆ
1ਸ਼ਲੋਮੋਨ ਨੂੰ ਆਪਣੇ ਮਹਿਲ ਦੀ ਉਸਾਰੀ ਪੂਰੀ ਕਰਨ ਵਿੱਚ ਤੇਰ੍ਹਾਂ ਸਾਲ ਲੱਗੇ। 2ਉਸ ਨੇ ਲਬਾਨੋਨ ਦੀ ਲੱਕੜ ਦਾ ਮਹਿਲ ਇੱਕ ਸੌ ਹੱਥ ਲੰਮਾ, ਪੰਜਾਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ,#7:2 ਲਗਭਗ 150 ਫੁੱਟ ਲੰਬਾ, 75 ਫੁੱਟ ਚੌੜਾ ਅਤੇ 45 ਫੁੱਟ ਉੱਚਾ ਇੱਕ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਦੇ ਨਾਲ ਛਾਂਟੇ ਹੋਏ ਦਿਆਰ ਦੇ ਸ਼ਤੀਰ ਦੇ ਸਹਾਰੇ ਬਣਾਇਆ। 3ਉਸ ਦੀ ਛੱਤ ਉਹਨਾਂ ਬਾਲਿਆ ਦੇ ਉੱਪਰ ਦਿਆਰ ਨਾਲ ਬਣੀ ਹੋਈ ਸੀ ਜਿਹੜੀਆਂ ਸ਼ਤੀਰਾਂ ਉੱਤੇ ਟਿਕੀਆਂ ਹੋਈਆਂ ਸਨ ਅਤੇ ਪੰਤਾਲੀ ਥੰਮ, ਪੰਦਰਾਂ ਕਤਾਰਾਂ ਵਿੱਚ ਸਨ। 4ਇਸ ਦੀਆਂ ਖਿੜਕੀਆਂ ਇੱਕ-ਦੂਜੇ ਦੇ ਸਾਮ੍ਹਣੇ ਤਿੰਨ ਕਤਾਰਾਂ ਵਿੱਚ ਉੱਚੀਆਂ ਰੱਖੀਆਂ ਹੋਈਆਂ ਸਨ। 5ਸਾਰੇ ਦਰਵਾਜ਼ਿਆਂ ਉੱਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ-ਸਾਮ੍ਹਣੇ ਤਿੰਨ ਮੰਜ਼ਲਾਂ ਵਿੱਚ ਸਨ।
6ਉਸ ਨੇ ਪੰਜਾਹ ਹੱਥ ਲੰਮਾ ਅਤੇ ਤੀਹ ਹੱਥ ਚੌੜਾ ਥੰਮ੍ਹਾਂ ਦਾ ਇੱਕ ਦਲਾਨ ਬਣਾਇਆ#7:6 ਲਗਭਗ 75 ਫੁੱਟ ਲੰਬਾ ਅਤੇ 45 ਫੁੱਟ ਚੌੜਾ ਅਤੇ ਉਸ ਦੇ ਅੱਗੇ ਇੱਕ ਦਰਵਾਜ਼ਾ ਸੀ ਅਤੇ ਉਸ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ।
7ਉਸ ਨੇ ਸਿੰਘਾਸਣ ਦਾ ਹਾਲ ਅਰਥਾਤ ਨਿਆਂ ਦਾ ਹਾਲ ਬਣਾਇਆ ਜਿੱਥੇ ਉਸ ਨੇ ਨਿਆਂ ਕਰਨਾ ਸੀ ਅਤੇ ਉਸ ਨੂੰ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਨਾਲ ਢੱਕ ਦਿੱਤਾ। 8ਅਤੇ ਉਹ ਮਹਿਲ ਜਿਸ ਵਿੱਚ ਉਸ ਨੇ ਰਹਿਣਾ ਸੀ, ਉਸ ਤੋਂ ਪਿੱਛੇ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦਾ ਸੀ। ਸ਼ਲੋਮੋਨ ਨੇ ਫ਼ਿਰਾਊਨ ਦੀ ਧੀ ਲਈ ਵੀ ਇੱਕ ਮਹਿਲ ਬਣਾਇਆ ਸੀ, ਜਿਸ ਨਾਲ ਉਸਨੇ ਵਿਆਹ ਕੀਤਾ ਸੀ।
9ਇਹ ਸਾਰੀਆਂ ਇਮਾਰਤਾਂ ਬਾਹਰ ਤੋਂ ਵੱਡੇ ਵਿਹੜੇ ਤੱਕ ਅਤੇ ਨੀਂਹ ਤੋਂ ਲੈ ਕੇ ਖੰਭਾਂ ਤੱਕ ਉੱਚੇ-ਉੱਚੇ ਬਹੁਮੁੱਲੇ ਪੱਥਰ ਦੇ ਟੋਟਿਆਂ ਨਾਲ ਬਣੀਆਂ ਹੋਈਆਂ ਸਨ ਜੋ ਆਕਾਰ ਵਿੱਚ ਕੱਟੀਆਂ ਗਈਆਂ ਸਨ ਅਤੇ ਉਹਨਾਂ ਦੇ ਅੰਦਰਲੇ ਅਤੇ ਬਾਹਰਲੇ ਮੂੰਹਾਂ ਉੱਤੇ ਮੁਲਾਇਮ ਸਨ। 10ਨੀਂਹ ਬਹੁਮੁੱਲੇ ਪੱਥਰਾਂ ਦੇ ਵੱਡੇ-ਵੱਡੇ ਪੱਥਰਾਂ ਨਾਲ ਰੱਖੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਦਸ ਹੱਥ ਅਤੇ ਕੁਝ ਅੱਠ ਹੱਥ ਸਨ, 11ਉੱਪਰ ਉੱਚੇ ਪੱਧਰ ਦੇ ਬਹੁਮੁੱਲੇ ਪੱਥਰ, ਆਕਾਰ ਵਿੱਚ ਕੱਟੇ ਹੋਏ ਅਤੇ ਦਿਆਰ ਦੇ ਸ਼ਤੀਰ ਸਨ। 12ਵੱਡੇ ਵਿਹੜੇ ਦੇ ਦੁਆਲੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਸਨ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ। ਇਸ ਤਰ੍ਹਾਂ ਯਾਹਵੇਹ ਦੇ ਭਵਨ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ।
ਮੰਦਰ ਦਾ ਸਮਾਨ
13ਸ਼ਲੋਮੋਨ ਪਾਤਸ਼ਾਹ ਨੇ ਸੂਰ ਨੂੰ ਭੇਜਿਆ ਅਤੇ ਹੂਰਾਮ ਨੂੰ ਲਿਆਇਆ, 14ਜਿਸ ਦੀ ਮਾਤਾ ਨਫ਼ਤਾਲੀ ਦੇ ਗੋਤ ਦੀ ਵਿਧਵਾ ਸੀ ਅਤੇ ਜਿਸ ਦਾ ਪਿਤਾ ਸੂਰ ਦਾ ਸੀ ਅਤੇ ਉਹ ਪਿੱਤਲ ਦਾ ਇੱਕ ਨਿਪੁੰਨ ਕਾਰੀਗਰ ਸੀ। ਹੂਰਾਮ ਹਰ ਤਰ੍ਹਾਂ ਦੇ ਪਿੱਤਲ ਦੇ ਕੰਮ ਕਰਨ ਲਈ ਬੁੱਧ, ਸਮਝ ਅਤੇ ਗਿਆਨ ਨਾਲ ਭਰਪੂਰ ਸੀ। ਉਹ ਰਾਜਾ ਸ਼ਲੋਮੋਨ ਕੋਲ ਆਇਆ ਅਤੇ ਉਸ ਨੂੰ ਸੌਂਪਿਆ ਸਾਰਾ ਕੰਮ ਕੀਤਾ।
15ਉਸ ਨੇ ਪਿੱਤਲ ਦੇ ਦੋ ਥੰਮ੍ਹ ਲਾਏ, ਹਰੇਕ ਅਠਾਰਾਂ ਹੱਥ ਉੱਚੇ ਅਤੇ ਘੇਰੇ ਵਿੱਚ ਬਾਰਾਂ ਹੱਥ ਸੀ। 16ਉਸ ਨੇ ਥੰਮ੍ਹਾਂ ਦੇ ਸਿਰਿਆਂ ਉੱਤੇ ਸਥਾਪਤ ਕਰਨ ਲਈ ਪਿੱਤਲ ਦੇ ਦੋ ਮੁਕਟ ਵੀ ਬਣਾਏ ਅਤੇ ਹਰੇਕ ਦੀ ਉਚਾਈ ਪੰਜ ਹੱਥ ਸੀ। 17ਥੰਮ੍ਹਾਂ ਦੇ ਉੱਪਰਲੇ ਮੁਕਟਾਂ ਲਈ ਬਣਤ ਦੀਆਂ ਜਾਲਿਆਂ ਅਤੇ ਗੋਠਵੀਆਂ ਮਾਲਾਂ ਸਨ, ਸੱਤ ਇੱਕ ਮੁਕਟ ਲਈ ਸੱਤ ਦੂਸਰੇ ਮੁਕਟ ਲਈ। 18ਅਤੇ ਇੱਕ-ਇੱਕ ਜਾਲੀ ਉੱਤੇ ਦੋ ਕਤਾਰਾਂ ਅਨਾਰਾਂ ਦੀਆਂ ਦੁਆਲੇ ਬਣਾਈਆਂ, ਤਾਂ ਜੋ ਉਹਨਾਂ ਦੋਹਾਂ ਮੁਕਟਾਂ ਨੂੰ ਜੋ ਉਹਨਾਂ ਦੋਹਾਂ ਥੰਮ੍ਹਾਂ ਦੇ ਸਿਰਾਂ ਉੱਤੇ ਸਨ ਢੱਕਣ ਅਤੇ ਇਸੇ ਤਰ੍ਹਾਂ ਦੂਜੇ ਮੁਕਟ ਲਈ ਬਣਾਇਆ। 19ਉਹ ਮੁਕਟ ਜਿਹੜੇ ਥੰਮ੍ਹਾਂ ਦੇ ਸਿਰਾਂ ਉੱਤੇ ਦਲਾਨ ਵਿੱਚ ਸਨ ਚਾਰ ਹੱਥ#7:19 ਲਗਭਗ 6 ਫੁੱਟ ਤੱਕ ਸੋਸਨੀ ਕੰਮ ਦੇ ਸਨ। 20ਉਹਨਾਂ ਦੋਹਾਂ ਥੰਮ੍ਹਾਂ ਦੇ ਉੱਤੇ ਉਤਾਹਾਂ ਵੀ ਮੁਕਟ ਸਨ ਜੋ ਉਸ ਗੁਲਾਈ ਦੇ ਕੋਲ ਸਨ ਜਿਹੜੀ ਜਾਲੀ ਦੇ ਨਾਲ ਲਗਵੀਂ ਸੀ, ਅਨਾਰ ਬਣੇ ਹੋਏ ਸਨ ਅਰਥਾਤ ਉਸ ਦੂਜੇ ਮੁਕਟ ਉੱਤੇ ਆਲੇ-ਦੁਆਲੇ ਕਤਾਰਾਂ ਵਿੱਚ ਦੋ ਸੌ ਅਨਾਰ ਸਨ। 21ਉਸ ਨੇ ਹੈਕਲ ਦੇ ਦਰਵਾਜ਼ੇ ਉੱਤੇ ਥੰਮ੍ਹਾਂ ਨੂੰ ਖੜ੍ਹਾ ਕੀਤਾ। ਦੱਖਣ ਵੱਲ ਦੇ ਥੰਮ੍ਹ ਦਾ ਨਾਮ ਉਸ ਨੇ ਯਾਕੀਨ#7:21 ਯਾਕੀਨ ਅਰਥਾਤ: ਉਹ ਸਥਾਪਿਤ ਕਰਦਾ ਹੈ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼#7:21 ਬੋਅਜ਼ ਅਰਥਾਤ: ਉਸ ਵਿੱਚ ਤਾਕਤ ਹੈ ਰੱਖਿਆ 22ਉੱਪਰ ਥੰਮ੍ਹਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ ਅਤੇ ਇਸ ਤਰ੍ਹਾਂ ਥੰਮ੍ਹਾਂ ਦਾ ਕੰਮ ਪੂਰਾ ਹੋ ਗਿਆ।
23ਉਸ ਨੇ ਸਾਗਰੀ ਹੌਦ ਬਣਾਇਆ, ਉਹ ਆਕਾਰ ਵਿੱਚ ਗੋਲ ਸੀ, ਇੱਕ ਕਿਨਾਰੇ ਤੋਂ ਕਿਨਾਰੇ ਤੱਕ ਦਸ ਹੱਥ ਅਤੇ ਉੱਚਾ ਪੰਜ ਹੱਥ ਸੀ। ਇਸਦੇ ਆਲੇ-ਦੁਆਲੇ ਨੂੰ ਮਾਪਣ ਲਈ ਤੀਹ ਹੱਥ ਦੀ ਇੱਕ ਰੱਸੀ ਲੱਗੀ ਹੋਈ ਸੀ। 24ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ। ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲੇ ਹੋਏ ਸਨ।
25ਸਾਗਰੀ ਹੌਦ ਬਾਰਾਂ ਬਲਦਾਂ ਉੱਤੇ ਖੜ੍ਹਾ ਸੀ, ਤਿੰਨ ਦਾ ਮੂੰਹ ਉੱਤਰ ਵੱਲ, ਤਿੰਨ ਦਾ ਮੂੰਹ ਪੱਛਮ ਵੱਲ, ਤਿੰਨ ਦਾ ਮੂੰਹ ਦੱਖਣ ਵੱਲ ਅਤੇ ਤਿੰਨ ਦਾ ਮੂੰਹ ਪੂਰਬ ਵੱਲ ਸੀ। ਸਾਗਰੀ ਹੌਦ ਉਹਨਾਂ ਦੇ ਸਿਖਰ ਉੱਤੇ ਟਿਕਿਆਂ ਹੋਇਆ ਸੀ, ਅਤੇ ਉਹਨਾਂ ਦਾ ਪਿਛਲਾ ਸਥਾਨ ਕੇਂਦਰ ਵੱਲ ਸੀ। 26ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਉਸ ਵਿੱਚ ਚਾਲੀ ਹਜ਼ਾਰ ਲੀਟਰ ਸਮਾਉਂਦਾ ਸੀ।
27ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਹਨਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੌੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।#7:27 ਲਗਭਗ, 6 ਫੁੱਟ ਲੰਬਾ 6 ਫੁੱਟ ਚੌੜਾ ਅਤੇ 4 1/2 ਫੁੱਟ ਉੱਚਾ 28ਉਹਨਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਹਨਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ। 29ਪਟੜੀਆਂ ਦੇ ਵਿਚਕਾਰ ਦੇ ਤਖਤਿਆਂ ਉੱਤੇ ਸ਼ੇਰ, ਬਲਦ ਅਤੇ ਕਰੂਬੀ ਦੀਆਂ ਉਭਰੀਆਂ ਹੋਈਆਂ ਮੂਰਤੀਆਂ ਸਨ, ਅਤੇ ਉਨ੍ਹਾਂ ਦੇ ਉੱਪਰ ਤੇ ਹੇਠਾਂ ਤਿਰਛੀਆਂ ਝਾਲਰਾਂ ਟੰਗੀਆਂ ਹੋਈਆਂ ਸਨ। 30ਹਰੇਕ ਕੁਰਸੀ ਵਿੱਚ ਪਿੱਤਲ ਦੇ ਚਾਰ ਪਹੀਏ ਸਨ ਜਿਨ੍ਹਾਂ ਵਿੱਚ ਕਾਂਸੀ ਦੇ ਧੁਰੇ ਸਨ ਅਤੇ ਚਾਰਾਂ ਕੋਨਿਆਂ ਉੱਤੇ ਕਟੋਰਿਆਂ ਨੂੰ ਰੱਖਣ ਲਈ ਇੱਕ ਜਗ੍ਹਾ ਸੀ। ਇਹ ਢਾਲੇ ਹੋਏ ਟਿਕਾਣਿਆਂ ਤੋਂ ਬਣੇ ਸਨ। ਇਨ੍ਹਾਂ ਦੇ ਦੋਵੇਂ ਪਾਸੇ ਝਾਲਰਾਂ ਲਟਕ ਰਹੀਆਂ ਸਨ। 31ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ। ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਹਨਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ। 32ਉਹ ਚਾਰ ਪਹੀਏ ਉਹਨਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ। 33ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂੰ ਸੀ, ਉਹਨਾਂ ਦੇ ਧੁਰੇ, ਉਹਨਾਂ ਦੇ ਆਓਲ, ਉਹਨਾਂ ਦੀਆਂ ਪੁੱਠੀਆਂ, ਉਹਨਾਂ ਦੀਆਂ ਅਰਾਂ ਅਤੇ ਉਹਨਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ।
34ਹਰ ਕੁਰਸੀ ਦੀਆਂ ਚੌਹਾਂ ਨੁੱਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ। 35ਕੁਰਸੀ ਦੇ ਸਿਰੇ ਵਿੱਚ ਆਲੇ-ਦੁਆਲੇ ਅੱਧ ਹੱਥ ਦੀ ਇੱਕ ਗੋਲ ਉਚਾਨ ਸੀ ਅਤੇ ਕੁਰਸੀ ਦੇ ਸਿਰ ਉੱਤੇ ਉਹ ਦੇ ਢਾਸਣੇ ਅਤੇ ਪਟੜੀਆਂ ਉਸੇ ਵਿੱਚੋਂ ਸਨ। 36ਉਹ ਦੇ ਢਾਸਣਿਆਂ ਦੀਆਂ ਪੱਟੀਆਂ ਉੱਤੇ ਅਤੇ ਉਹ ਦੀਆਂ ਪਟੜੀਆਂ ਉੱਤੇ ਉਸ ਨੇ ਕਰੂਬ, ਸ਼ੇਰ ਅਤੇ ਖਜ਼ੂਰਾਂ ਦੇ ਬਿਰਛ ਹਰ ਇੱਕ ਦੇ ਵਿੱਤ ਅਨੁਸਾਰ ਉੱਕਰੇ ਅਤੇ ਆਲੇ-ਦੁਆਲੇ ਹਾਰ ਸਨ। 37ਇਸੇ ਤਰ੍ਹਾਂ ਉਸ ਨੇ ਦਸੇ ਕੁਰਸੀਆਂ ਬਣਾਈਆਂ ਉਹਨਾਂ ਦਾ ਇੱਕੋ ਹੀ ਸਾਂਚਾ, ਇੱਕੋ ਹੀ ਨਾਪ ਅਤੇ ਇੱਕੋ ਹੀ ਰੂਪ ਸੀ।
38ਉਸ ਨੇ ਪਿੱਤਲ ਦੀਆਂ ਦਸ ਹੌਦੀਆਂ ਬਣਾਈਆਂ ਅਤੇ ਇੱਕ-ਇੱਕ ਹੌਦੀ ਵਿੱਚ ਅੱਠ ਸੌ ਲੀਟਰ ਪਾਣੀ ਪੈ ਜਾਂਦਾ ਸੀ। ਹਰ ਇੱਕ ਹੌਦੀ ਚਾਰ ਹੱਥ ਦੀ ਸੀ। ਹਰ ਇੱਕ ਹੌਦੀ ਦਸਾਂ ਕੁਰਸੀਆਂ ਉੱਤੇ ਸੀ। 39ਉਸ ਪੰਜ ਕੁਰਸੀਆਂ ਭਵਨ ਦੇ ਸੱਜੇ ਪਾਸੇ ਅਤੇ ਪੰਜ ਭਵਨ ਦੇ ਖੱਬੇ ਪਾਸੇ ਰੱਖੀਆਂ ਅਤੇ ਉਹ ਸਾਗਰੀ ਹੌਦ ਉਸ ਨੇ ਭਵਨ ਦੇ ਸੱਜੇ ਪਾਸੇ ਪੂਰਬ ਵੱਲ ਦੱਖਣ ਦੇ ਸਾਮ੍ਹਣੇ ਰੱਖ ਦਿੱਤਾ। 40ਉਸ ਨੇ ਭਾਂਡੇ ਅਤੇ ਬੇਲਚੇ ਅਤੇ ਛਿੜਕਣ ਵਾਲੇ ਕਟੋਰੇ ਵੀ ਬਣਾਏ।
ਇਸ ਲਈ ਹੂਰਾਮ ਨੇ ਉਹ ਸਾਰਾ ਕੰਮ ਪੂਰਾ ਕੀਤਾ ਜੋ ਉਸਨੇ ਸ਼ਲੋਮੋਨ ਰਾਜਾ ਲਈ ਯਾਹਵੇਹ ਦੇ ਭਵਨ ਵਿੱਚ ਕੀਤਾ ਸੀ:
41ਦੋ ਥੰਮ੍ਹ;
ਕੌਲਾਂ ਵਰਗੇ ਮੁਕਟ ਜਿਹੜੇ ਉਹਨਾਂ ਥੰਮ੍ਹਾਂ ਦੇ ਸਿਰਾਂ ਉੱਤੇ ਸਨ;
ਅਤੇ ਦੋ ਜਾਲੀਆਂ ਜਿਹੜੀਆਂ ਥੰਮ੍ਹਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਥੰਮ੍ਹਾਂ ਦੇ ਸਿਰਾਂ ਉੱਪਰਲੇ ਕੌਲੇਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ;
42ਉਹਨਾਂ ਦੋਹਾਂ ਜਾਲੀਆਂ ਦੇ ਚਾਰ ਸੌ ਅਨਾਰ ਅਰਥਾਤ ਹਰ ਇੱਕ ਜਾਲੀ ਲਈ ਅਨਾਰਾਂ ਦੀਆਂ (ਦੋ ਕਤਾਰਾਂ ਜਿਹੜੀਆਂ ਥੰਮ੍ਹਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ);
43ਉਹ ਦਸ ਕੁਰਸੀਆਂ ਅਤੇ ਉਨ੍ਹਾਂ ਕੁਰਸੀਆਂ ਦੀਆਂ ਦਸ ਹੌਦੀਆਂ;
44ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲਦ;
45ਬਰਤਨ, ਬੇਲਚੇ ਅਤੇ ਛਿੜਕਣ ਵਾਲੇ ਕਟੋਰੇ।
ਇਹ ਸਾਰੀਆਂ ਵਸਤੂਆਂ ਜੋ ਹੂਰਾਮ ਨੇ ਸ਼ਲੋਮੋਨ ਰਾਜਾ ਲਈ ਯਾਹਵੇਹ ਦੇ ਭਵਨ ਲਈ ਬਣਾਈਆਂ ਸਨ, ਸਾਫ਼ ਕੀਤੇ ਹੋਏ ਪਿੱਤਲ ਦੀਆਂ ਸਨ। 46ਰਾਜੇ ਨੇ ਉਹਨਾਂ ਨੂੰ ਯਰਦਨ ਦੇ ਮੈਦਾਨ ਵਿੱਚ ਸੁੱਕੋਥ ਅਤੇ ਜ਼ਰਥਾਨ ਦੇ ਵਿਚਕਾਰ ਮਿੱਟੀ ਦੇ ਸਾਂਚੇ ਵਿੱਚ ਸੁੱਟਿਆ। 47ਸ਼ਲੋਮੋਨ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਬਿਨਾਂ ਤੋਲ ਦੇ ਛੱਡ ਦਿੱਤਾ ਕਿਉਂ ਜੋ ਬਹੁਤ ਸਾਰੀਆਂ ਸਨ। ਕਾਂਸੀ ਦਾ ਭਾਰ ਨਿਰਧਾਰਤ ਨਹੀਂ ਕੀਤਾ ਗਿਆ ਸੀ।
48ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਯਾਹਵੇਹ ਦੇ ਭਵਨ ਵਿੱਚ ਸਨ:
ਸੋਨੇ ਦੀ ਜਗਵੇਦੀ;
ਸੋਨੇ ਦੀ ਮੇਜ਼ ਜਿਸ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;
49ਸ਼ੁੱਧ ਸੋਨੇ ਦੇ ਸ਼ਮਾਦਾਨ (ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ, ਅੰਦਰਲੇ ਪਵਿੱਤਰ ਸਥਾਨ ਦੇ ਸਾਮ੍ਹਣੇ),
ਸੋਨੇ ਦੇ ਫੁੱਲਾਂ ਦਾ ਕੰਮ ਅਤੇ ਦੀਵੇ ਅਤੇ ਚਿਮਟੇ;
50ਸ਼ੁੱਧ ਸੋਨੇ ਦੇ ਭਾਂਡੇ, ਬਾਟੇ, ਗੁਲਤਰਾਸ਼, ਦੇ ਟੁਕੜੇ, ਛਿੜਕਣ ਵਾਲੇ ਕਟੋਰੇ, ਪਕਵਾਨ ਅਤੇ ਧੂਪਦਾਨ;
ਅਤੇ ਅੰਦਰਲੇ ਕਮਰੇ, ਅੱਤ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਲਈ ਅਤੇ ਹੈਕਲ ਦੇ ਮੁੱਖ ਹਾਲ ਦੇ ਦਰਵਾਜ਼ਿਆਂ ਲਈ ਸੋਨੇ ਦੀਆਂ ਚੀਥੀਆਂ।
51ਜਦੋਂ ਸ਼ਲੋਮੋਨ ਰਾਜਾ ਨੇ ਯਾਹਵੇਹ ਦੇ ਭਵਨ ਦਾ ਸਾਰਾ ਕੰਮ ਪੂਰਾ ਕਰ ਦਿੱਤਾ, ਤਾਂ ਉਹ ਆਪਣੇ ਪਿਤਾ ਦਾਵੀਦ ਦੁਆਰਾ ਸਮਰਪਿਤ ਕੀਤੀਆਂ ਚੀਜ਼ਾਂ ਅਰਥਾਤ ਚਾਂਦੀ, ਸੋਨਾ ਅਤੇ ਸਾਰਾ ਸਮਾਨ ਲੈ ਆਇਆ ਅਤੇ ਉਸ ਨੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੇ ਖ਼ਜ਼ਾਨਿਆਂ ਵਿੱਚ ਰੱਖ ਦਿੱਤਾ।

Currently Selected:

1 ਰਾਜਿਆਂ 7: PCB

Highlight

Copy

Compare

Share

None

Want to have your highlights saved across all your devices? Sign up or sign in

Videos for 1 ਰਾਜਿਆਂ 7