1 ਰਾਜਿਆਂ 8
8
ਸੰਦੂਕ ਨੂੰ ਮੰਦਰ ਵਿੱਚ ਲਿਆਂਦਾ ਗਿਆ
1ਤਦ ਸ਼ਲੋਮੋਨ ਪਾਤਸ਼ਾਹ ਨੇ ਯੇਰੂਸ਼ਲੇਮ ਵਿੱਚ ਇਸਰਾਏਲ ਦੇ ਬਜ਼ੁਰਗਾਂ, ਸਾਰੇ ਗੋਤਾਂ ਦੇ ਮੁਖੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਸੰਦੂਕ ਲਿਆਉਣ ਲਈ ਆਪਣੀ ਹਾਜ਼ਰੀ ਵਿੱਚ ਬੁਲਾਇਆ। ਤਾਂ ਜੋ ਦਾਵੀਦ ਦੇ ਸ਼ਹਿਰ ਸੀਯੋਨ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉਤਾਹਾਂ ਲੈ ਆਉਣ। 2ਸਾਰੇ ਇਸਰਾਏਲੀ ਸੱਤਵੇਂ ਮਹੀਨੇ ਏਥਾਨਿਮ ਦੇ ਤਿਉਹਾਰ ਦੇ ਸਮੇਂ ਸ਼ਲੋਮੋਨ ਪਾਤਸ਼ਾਹ ਕੋਲ ਇਕੱਠੇ ਹੋਏ।
3ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਉੱਥੇ ਪਹੁੰਚ ਗਏ ਤਾਂ ਜਾਜਕਾਂ ਨੇ ਸੰਦੂਕ ਨੂੰ ਚੁੱਕ ਲਿਆ, 4ਅਤੇ ਉਹਨਾਂ ਨੇ ਯਾਹਵੇਹ ਦੇ ਸੰਦੂਕ ਨੂੰ ਅਤੇ ਮੰਡਲੀ ਦੇ ਤੰਬੂ ਅਤੇ ਉਸ ਵਿੱਚ ਮੌਜੂਦ ਸਾਰੇ ਪਵਿੱਤਰ ਸਮਾਨ ਨੂੰ ਚੁੱਕ ਲਿਆ। ਜਾਜਕਾਂ ਅਤੇ ਲੇਵੀਆਂ ਨੇ ਉਹਨਾਂ ਨੂੰ ਚੁੱਕ ਲਿਆ, 5ਅਤੇ ਰਾਜਾ ਸ਼ਲੋਮੋਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਸ ਦੇ ਆਲੇ-ਦੁਆਲੇ ਇਕੱਠੀ ਹੋਈ ਸੀ, ਸੰਦੂਕ ਦੇ ਅੱਗੇ ਸਨ ਅਤੇ ਇੰਨੀਆਂ ਭੇਡਾਂ ਅਤੇ ਪਸ਼ੂਆਂ ਦੀ ਬਲੀ ਚੜ੍ਹਾ ਰਹੇ ਸਨ ਜੋ ਉਹਨਾਂ ਨੂੰ ਦਰਜ ਜਾਂ ਗਿਣਿਆ ਨਹੀਂ ਜਾ ਸਕਦਾ ਸੀ।
6ਤਦ ਜਾਜਕਾਂ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਪਵਿੱਤਰ ਸਥਾਨ ਵਿੱਚ ਅਰਥਾਤ ਅੱਤ ਪਵਿੱਤਰ ਸਥਾਨ ਵਿੱਚ ਲਿਆਇਆ ਅਤੇ ਇਸਨੂੰ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਰੱਖਿਆ। 7ਕਰੂਬੀਆਂ ਨੇ ਸੰਦੂਕ ਦੀ ਥਾਂ ਉੱਤੇ ਆਪਣੇ ਖੰਭ ਫੈਲਾਏ ਸਨ ਅਤੇ ਕਰੂਬੀਆਂ ਨੇ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਢੱਕਿਆ ਹੋਇਆ ਸੀ। 8ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ ਪਵਿੱਤਰ ਸਥਾਨ ਦੇ ਸਾਮ੍ਹਣੇ ਪਵਿੱਤਰ ਸਥਾਨ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦਿਨ ਤੱਕ ਵੀ ਉੱਥੇ ਹਨ। 9ਸੰਦੂਕ ਵਿੱਚ ਉਹਨਾਂ ਦੋ ਪੱਥਰਾਂ ਦੀਆਂ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ਼ ਤੋਂ ਨਿੱਕਲੇ ਸਨ।
10ਤਾਂ ਐਉਂ ਹੋਇਆ ਕਿ ਜਦ ਜਾਜਕ ਪਵਿੱਤਰ ਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਪ੍ਰਭੂ ਯਾਹਵੇਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ। 11ਅਤੇ ਜਾਜਕ ਬੱਦਲ ਦੇ ਕਾਰਨ ਆਪਣੀ ਸੇਵਾ ਨਾ ਕਰ ਸਕੇ ਕਿਉਂ ਜੋ ਯਾਹਵੇਹ ਦੀ ਮਹਿਮਾ ਨਾਲ ਉਸਦਾ ਭਵਨ ਭਰ ਗਿਆ ਸੀ।
12ਤਦ ਸ਼ਲੋਮੋਨ ਨੇ ਕਿਹਾ, “ਯਾਹਵੇਹ ਨੇ ਆਖਿਆ ਹੈ ਕਿ ਉਹ ਕਾਲੇ ਬੱਦਲ ਵਿੱਚ ਵੱਸੇਗਾ। 13ਸੱਚ-ਮੁੱਚ ਮੈਂ ਤੇਰੇ ਲਈ ਇੱਕ ਸ਼ਾਨਦਾਰ ਭਵਨ ਬਣਾਇਆ ਹੈ, ਜਿੱਥੇ ਤੂੰ ਸਦਾ ਰਹਿ ਸਕੇ।”
14ਜਦੋਂ ਇਸਰਾਏਲ ਦੀ ਸਾਰੀ ਸਭਾ ਉੱਥੇ ਖੜ੍ਹੀ ਸੀ ਤਾਂ ਪਾਤਸ਼ਾਹ ਨੇ ਮੁੜ ਕੇ ਉਹਨਾਂ ਨੂੰ ਅਸੀਸ ਦਿੱਤੀ। 15ਤਦ ਉਸ ਨੇ ਆਖਿਆ,
“ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਮੇਰੇ ਪਿਤਾ ਦਾਵੀਦ ਨਾਲ ਆਪਣੇ ਮੂੰਹ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਆਪਣੇ ਹੱਥੀਂ ਪੂਰਾ ਕੀਤਾ। 16‘ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਮੈਂ ਇਸਰਾਏਲ ਦੇ ਕਿਸੇ ਵੀ ਗੋਤ ਦੇ ਸ਼ਹਿਰ ਨੂੰ ਮੰਦਰ ਬਣਾਉਣ ਲਈ ਨਹੀਂ ਚੁਣਿਆ ਪਰ ਮੈਂ ਦਾਵੀਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਰਾਜ ਕਰੇ।’
17“ਮੇਰੇ ਪਿਤਾ ਦਾਵੀਦ ਦੇ ਦਿਲ ਵਿੱਚ ਸੀ ਕਿ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਭਵਨ ਬਣਾਵੇ। 18ਪਰ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ, ‘ਤੂੰ ਚੰਗਾ ਕੀਤਾ ਹੈ ਜੋ ਤੇਰੇ ਮਨ ਵਿੱਚ ਮੇਰੇ ਨਾਮ ਲਈ ਇੱਕ ਭਵਨ ਬਣਾਉਣ ਇੱਛਾ ਸੀ। 19ਫਿਰ ਵੀ, ਤੂੰ ਭਵਨ ਨਹੀਂ ਬਣਾਵੇਗਾ, ਪਰ ਫਿਰ ਵੀ ਤੇਰਾ ਪੁੱਤਰ, ਜੋ ਤੇਰੇ ਆਪਣੇ ਮਾਸ ਅਤੇ ਲਹੂ ਵਿੱਚੋਂ ਹੋਵੇਗਾ ਉਹ ਮੇਰੇ ਲਈ ਭਵਨ ਨੂੰ ਬਣਾਵੇਗਾ।’
20“ਯਾਹਵੇਹ ਨੇ ਆਪਣਾ ਉਹ ਵਚਨ ਜਿਹੜਾ ਉਸਨੇ ਕਿਹਾ ਸੀ ਪੂਰਾ ਕੀਤਾ। ਜੋ ਮੈਂ ਆਪਣੇ ਪਿਤਾ ਦਾਵੀਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਾਹਵੇਹ ਨੇ ਬਚਨ ਕੀਤਾ ਸੀ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਲਈ ਇਹ ਭਵਨ ਬਣਾਇਆ। 21ਉੱਥੇ ਮੈਂ ਸੰਦੂਕ ਲਈ ਥਾਂ ਰੱਖਿਆ ਹੈ ਜਿਸ ਵਿੱਚ ਯਾਹਵੇਹ ਦਾ ਨੇਮ ਹੈ ਜੋ ਉਸਨੇ ਸਾਡੇ ਪਿਉ-ਦਾਦਿਆਂ ਨਾਲ ਬੰਨ੍ਹਿਆ ਜਦ ਉਸ ਨੇ ਉਹਨਾਂ ਨੂੰ ਮਿਸਰ ਦੇਸ਼ ਤੋਂ ਕੱਢਿਆ।”
ਸ਼ਲੋਮੋਨ ਦੀ ਸਮਰਪਣ ਦੀ ਪ੍ਰਾਰਥਨਾ
22ਤਦ ਸ਼ਲੋਮੋਨ ਨੇ ਇਸਰਾਏਲ ਦੀ ਸਾਰੀ ਸਭਾ ਦੇ ਸਾਮ੍ਹਣੇ ਯਾਹਵੇਹ ਦੀ ਜਗਵੇਦੀ ਦੇ ਅੱਗੇ ਖੜ੍ਹਾ ਹੋ ਕੇ ਆਪਣੇ ਹੱਥ ਅਕਾਸ਼ ਵੱਲ ਚੁੱਕੇ 23ਅਤੇ ਕਿਹਾ:
“ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਵਰਗਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ਵਰ ਨਹੀਂ ਹੈ, ਤੂੰ ਆਪਣੇ ਸੇਵਕਾਂ ਨਾਲ ਆਪਣੇ ਪਿਆਰ ਦੇ ਨੇਮ ਦੀ ਪਾਲਣਾ ਕੀਤੀ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਤੇਰੇ ਰਾਹ ਉੱਤੇ ਚੱਲਦੇ ਹਨ। 24ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਤੂੰ ਆਪਣੇ ਮੂੰਹ ਨਾਲ ਇਕਰਾਰ ਕੀਤਾ ਸੀ ਅਤੇ ਆਪਣੇ ਹੱਥਾਂ ਨਾਲ ਇਸ ਨੂੰ ਪੂਰਾ ਕੀਤਾ ਹੈ, ਜਿਵੇਂ ਅੱਜ ਦੇ ਦਿਨ ਹੈ।
25“ਇਸ ਲਈ ਹੁਣ ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ‘ਮੇਰੇ ਪਿਤਾ ਆਪਣੇ ਦਾਸ ਦਾਵੀਦ ਨਾਲ ਜੋ ਵਾਅਦਾ ਕੀਤਾ ਪੂਰਾ ਕਰ ਕਿ ਮੇਰੇ ਅੱਗੇ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਤੇਰੇ ਥਾਂ ਮਨੁੱਖ ਦੀ ਥੁੜ ਨਾ ਹੋਵੇਗੀ ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਅਤੇ ਉਹ ਮੇਰੇ ਸਨਮੁਖ ਵਫ਼ਾਦਾਰੀ ਨਾਲ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈ।’ 26ਹੁਣ ਹੇ ਇਸਰਾਏਲ ਦੇ ਪਰਮੇਸ਼ਵਰ, ਤੇਰਾ ਬਚਨ ਜਿਸਦਾ ਤੂੰ ਮੇਰੇ ਪਿਤਾ ਆਪਣੇ ਦਾਸ ਦਾਵੀਦ ਨਾਲ ਵਾਅਦਾ ਕੀਤਾ ਸੀ ਪੂਰਾ ਹੋਵੇ।
27“ਪਰ ਕੀ ਪਰਮੇਸ਼ਵਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਸੰਭਾਲ ਨਹੀਂ ਸਕੇ, ਫਿਰ ਇਹ ਭਵਨ ਜੋ ਮੈਂ ਬਣਾਇਆ ਕਿਵੇਂ ਸਮਾਂ ਸਕਦਾ ਹੈ! 28ਤਦ ਵੀ ਹੇ ਯਾਹਵੇਹ ਮੇਰੇ ਪਰਮੇਸ਼ਵਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਕੇ ਉਸਦੀ ਦੁਹਾਈ ਅਤੇ ਬੇਨਤੀ ਸੁਣ ਲੈ ਜੋ ਅੱਜ ਦੇ ਦਿਨ ਤੇਰਾ ਦਾਸ ਤੇਰੀ ਹਜ਼ੂਰੀ ਵਿੱਚ ਕਰ ਰਿਹਾ ਹੈ। 29ਤੇਰੀਆਂ ਅੱਖਾਂ ਰਾਤ-ਦਿਨ ਇਸ ਭਵਨ ਵੱਲ ਖੁਲ੍ਹੀਆਂ ਰਹਿਣ, ਇਸ ਸਥਾਨ ਵੱਲ ਜਿਸ ਦੇ ਬਾਰੇ ਤੂੰ ਕਿਹਾ ਸੀ, ‘ਮੇਰਾ ਨਾਮ ਉੱਥੇ ਰਹੇਗਾ,’ ਤਾਂ ਜੋ ਤੂੰ ਉਸ ਪ੍ਰਾਰਥਨਾ ਨੂੰ ਸੁਣੇ ਜੋ ਤੇਰਾ ਦਾਸ ਇਸ ਸਥਾਨ ਵੱਲ ਕਰੇ। 30ਆਪਣੇ ਸੇਵਕ ਅਤੇ ਆਪਣੇ ਲੋਕਾਂ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਜਦੋਂ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ। ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈ ਅਤੇ ਸੁਣ ਕੇ ਮਾਫ਼ ਕਰੀਂ।
31“ਜਦੋਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬੁਰਾ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਆ ਕੇ ਅਤੇ ਉਹ ਇਸ ਭਵਨ ਵਿੱਚ ਤੇਰੀ ਜਗਵੇਦੀ ਦੇ ਸਾਮ੍ਹਣੇ ਸਹੁੰ ਖਾਧੀ, 32ਤਾਂ ਤੂੰ ਸਵਰਗ ਵਿੱਚੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਇਸ ਤਰ੍ਹਾਂ ਕਰੀ ਕਿ ਬੁਰੇ ਨੂੰ ਦੋਸ਼ੀ ਠਹਿਰਾਵੇਂ ਕਿ ਉਸ ਦੇ ਕੀਤੇ ਨੂੰ ਉਸ ਦੇ ਸਿਰ ਉੱਤੇ ਆਵੇ ਅਤੇ ਧਰਮੀ ਨੂੰ ਧਰਮੀ ਠਹਿਰਾਵੇਂ ਕਿ ਉਸ ਦੇ ਧਰਮ ਅਨੁਸਾਰ ਉਸ ਨੂੰ ਬਦਲਾ ਦਿੱਤਾ ਜਾਵੇ।
33“ਜਦ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਹਾਰ ਜਾਵੇ ਅਤੇ ਜਦੋਂ ਉਹ ਤੇਰੇ ਵੱਲ ਮੁੜਨ ਅਤੇ ਤੇਰੇ ਨਾਮ ਦੀ ਉਸਤਤ ਕਰਨ ਅਤੇ ਇਸ ਭਵਨ ਵਿੱਚ ਤੇਰੇ ਸਨਮੁੱਖ ਪ੍ਰਾਰਥਨਾ ਅਤੇ ਬੇਨਤੀ ਕਰਨ, 34ਫਿਰ ਤੂੰ ਸਵਰਗ ਤੋਂ ਸੁਣੀ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪਾਂ ਨੂੰ ਮਾਫ਼ ਕਰੀ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚ ਵਾਪਸ ਲਿਆਵੀਂ ਜਿਹੜਾ ਤੂੰ ਉਹਨਾਂ ਦੇ ਪੁਰਖਿਆਂ ਨੂੰ ਦਿੱਤਾ ਸੀ।
35“ਜਦ ਇਸ ਕਾਰਨ ਕਿ ਉਹਨਾਂ ਨੇ ਤੇਰਾ ਪਾਪ ਕੀਤਾ ਹੋਵੇ ਅਤੇ ਅਕਾਸ਼ ਬੰਦ ਹੋ ਜਾਵੇ ਅਤੇ ਵਰਖਾ ਨਾ ਹੋਵੇ ਅਤੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨ ਲੈਣ ਅਤੇ ਜਦ ਤੂੰ ਉਹਨਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ। 36ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀ। ਤੂੰ ਉਹਨਾਂ ਨੂੰ ਜੀਉਣ ਦਾ ਸਹੀ ਰਾਹ ਸਿਖਾਵੀ ਜਿਸ ਤੇ ਉਹ ਚੱਲ ਸਕਣ, ਅਤੇ ਉਸ ਧਰਤੀ ਉੱਤੇ ਜਿਹੜੀ ਤੂੰ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦਿੱਤੀ ਸੀ ਮੀਹ ਵਰਾਈਂ।
37“ਜਦੋਂ ਦੇਸ਼ ਉੱਤੇ ਕਾਲ ਜਾਂ ਬਵਾ ਆ ਜਾਵੇ ਜਾਂ ਝੁਲਸ ਜਾਂ ਉੱਲੀ ਟਿੱਡੀਆਂ ਜਾਂ ਸੁੰਡੀਆਂ ਜਾਂ ਜਦੋਂ ਕੋਈ ਦੁਸ਼ਮਣ ਉਹਨਾਂ ਦੇ ਕਿਸੇ ਸ਼ਹਿਰ ਵਿੱਚ ਉਹਨਾਂ ਨੂੰ ਘੇਰ ਲੈਂਦਾ ਹੈ, ਭਾਵੇਂ ਕੋਈ ਵੀ ਆਫ਼ਤ ਜਾਂ ਬਿਮਾਰੀ ਆਵੇ, 38ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ, 39ਤਾਂ ਆਪਣੇ ਨਿਵਾਸ ਸਥਾਨ ਸਵਰਗ ਤੋਂ ਸੁਣ, ਮਾਫ਼ ਕਰ ਅਤੇ ਕੰਮ ਕਰੀ; ਹਰ ਕਿਸੇ ਨਾਲ ਉਸੇ ਤਰ੍ਹਾਂ ਵਰਤਾਓ ਕਰੀ ਜਿਵੇਂ ਉਹ ਕਰਦੇ ਹਨ, ਕਿਉਂਕਿ ਤੂੰ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੈ (ਕਿਉਂਕਿ ਤੂੰ ਹਰ ਮਨੁੱਖ ਦੇ ਦਿਲ ਨੂੰ ਜਾਣਦਾ ਹੈ), 40ਤਾਂ ਜੋ ਉਹ ਤੇਰੇ ਤੋਂ ਡਰਦੇ ਰਹਿਣ ਜਦੋਂ ਤੱਕ ਉਹ ਉਸ ਦੇਸ਼ ਵਿੱਚ ਰਹਿਣ ਜੋ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਹੈ।
41“ਜਦੋਂ ਉਹ ਪਰਦੇਸੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਤੇਰੇ ਮਹਾਨ ਨਾਮ ਦੇ ਕਾਰਨ ਦੂਰ ਦੇਸ਼ ਤੋਂ ਆਇਆ ਹੈ, 42ਕਿਉਂ ਜੋ ਓਹ ਤੇਰਾ ਵੱਡਾ ਨਾਮ, ਸ਼ਕਤੀਸ਼ਾਲੀ ਹੱਥ ਅਤੇ ਤੇਰੀ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਆ ਕੇ ਪ੍ਰਾਰਥਨਾ ਕਰਨ, 43ਤਦ ਸਵਰਗ ਤੋਂ ਸੁਣ, ਜੋ ਤੇਰਾ ਨਿਵਾਸ ਸਥਾਨ ਹੈ। ਜੋ ਕੁਝ ਪਰਦੇਸੀ ਤੇਰੇ ਕੋਲੋਂ ਮੰਗੇ ਸੋ ਕਰ, ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੇ ਤੋਂ ਡਰਨ ਜਿਵੇਂ ਤੇਰੀ ਪਰਜਾ ਇਸਰਾਏਲ, ਅਤੇ ਜਾਣ ਲੈਣ ਕਿ ਇਹ ਭਵਨ ਮੈਂ ਤੇਰੇ ਨਾਮ ਦਾ ਬਣਾਇਆ ਹੈ।
44“ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ ਜਿੱਥੇ ਤੂੰ ਉਹਨਾਂ ਨੂੰ ਘੱਲੇ ਅਤੇ ਯਾਹਵੇਹ ਦੇ ਅੱਗੇ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ। 45ਤਦ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਸੁਣ ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀਂ।
46“ਜੇਕਰ ਉਹ ਤੇਰੇ ਖ਼ਿਲਾਫ਼ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਹੈ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਹਨਾਂ ਨਾਲ ਕ੍ਰੋਧਵਾਨ ਹੋਵੇ ਅਤੇ ਉਹਨਾਂ ਨੂੰ ਵੈਰੀ ਦੇ ਹੱਥ ਵਿੱਚ ਐਉਂ ਦੇ ਦੇਵੇਂ ਜਿਵੇਂ ਉਹ ਉਹਨਾਂ ਨੂੰ ਗੁਲਾਮ ਬਣਾ ਕੇ ਵੈਰੀ ਦੇ ਦੇਸ਼ ਵਿੱਚ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ; 47ਅਤੇ ਜੇ ਉਹ ਉਸ ਦੇਸ਼ ਵਿੱਚ ਜਿੱਥੇ ਉਹ ਗੁਲਾਮੀ ਵਿੱਚ ਹੋਣ, ਆਪਣੇ ਮਨ ਬਦਲ ਲੈਣ ਅਤੇ ਪਛਤਾਉਣ ਆਪਣੇ ਗੁਲਾਮ ਬਣਾਉਣ ਵਾਲਿਆ ਦੇ ਦੇਸ਼ ਵਿੱਚ ਤੇਰੇ ਅੱਗੇ ਬੇਨਤੀ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ, ਅਸੀਂ ਬੁਰਿਆਈ ਕੀਤੀ ਹੈ’ 48ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ਼ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ਼ ਵੱਲ ਬੇਨਤੀ ਕਰਨ ਜਿਹੜਾ ਤੂੰ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜੋ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਨਾਮ ਲਈ ਬਣਾਇਆ; 49ਤਦ ਸਵਰਗ ਆਪਣੇ ਨਿਵਾਸ ਸਥਾਨ ਤੋਂ, ਉਹਨਾਂ ਦੀਆਂ ਪ੍ਰਾਰਥਨਾ ਅਤੇ ਉਹਨਾਂ ਦੀ ਬੇਨਤੀ ਨੂੰ ਸੁਣ ਲਵੀਂ, ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀ। 50ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀ, ਜਿਨ੍ਹਾਂ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ। ਉਹਨਾਂ ਦੇ ਸਾਰੇ ਅਪਰਾਧਾਂ ਨੂੰ ਮਾਫ਼ ਕਰੀ ਜੋ ਉਹਨਾਂ ਨੇ ਤੇਰੇ ਵਿਰੁੱਧ ਕੀਤੇ ਹਨ, ਅਤੇ ਉਹ ਆਪਣੇ ਬੰਦੀ ਬਣਾਉਣ ਵਾਲਿਆ ਦੇ ਅੱਗੇ ਦਯਾ ਪ੍ਰਾਪਤ ਕਰਨ; 51ਕਿਉਂ ਜੋ ਉਹ ਤੇਰੀ ਪਰਜਾ ਅਤੇ ਤੇਰੀ ਮਿਰਾਸ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਪਿਘਲਣ ਵਾਲੀ ਭੱਠੀ ਵਿੱਚੋਂ ਕੱਢ ਲਿਆਇਆ ਸੀ।
52“ਤਾਂ ਜੋ ਤੇਰੀਆਂ ਅੱਖਾਂ ਆਪਣੇ ਦਾਸ ਦੀ ਅਰਦਾਸ ਵੱਲ ਅਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਵੱਲ ਖੁਲ੍ਹੀਆਂ ਰਹਿਣ ਭਈ ਤੂੰ ਉਹਨਾਂ ਦੀ ਸਾਰੀ ਦੁਹਾਈ ਨੂੰ ਜੋ ਉਹ ਤੇਰੇ ਅੱਗੇ ਦੇਣ ਸੁਣੇਂ। 53ਕਿਉਂ ਜੋ ਤੂੰ ਉਹਨਾਂ ਨੂੰ ਸੰਸਾਰ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੀ ਵਿਰਾਸਤ ਹੋਣ ਲਈ ਚੁਣਿਆ ਸੀ, ਜਿਵੇਂ ਤੂੰ ਆਪਣੇ ਸੇਵਕ ਮੋਸ਼ੇਹ ਦੇ ਰਾਹੀਂ ਬਚਨ ਕੀਤਾ ਸੀ ਜਦੋਂ ਤੂੰ ਯਾਹਵੇਹ, ਤੁਸੀਂ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ।”
54ਜਦੋਂ ਸ਼ਲੋਮੋਨ ਨੇ ਇਹ ਸਾਰੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਯਾਹਵੇਹ ਦੇ ਅੱਗੇ ਪੂਰੀਆਂ ਕਰ ਲਈਆਂ, ਤਾਂ ਉਹ ਯਾਹਵੇਹ ਦੀ ਜਗਵੇਦੀ ਦੇ ਅੱਗਿਓਂ ਉੱਠਿਆ, ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ। 55ਉਸ ਨੇ ਖੜ੍ਹਾ ਹੋ ਕੇ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਆਵਾਜ਼ ਵਿੱਚ ਅਸੀਸ ਦਿੱਤੀ:
56“ਯਾਹਵੇਹ ਮੁਬਾਰਕ ਹੋਵੇ, ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੋਸ਼ੇਹ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ। 57ਸਾਡਾ ਯਾਹਵੇਹ ਪਰਮੇਸ਼ਵਰ ਸਾਡੇ ਨਾਲ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ। ਉਹ ਸਾਨੂੰ ਕਦੇ ਨਾ ਛੱਡੇ ਅਤੇ ਨਾ ਹੀ ਸਾਨੂੰ ਕਦੇ ਤਿਆਗੇ। 58ਉਹ ਸਾਡੇ ਮਨਾਂ ਨੂੰ ਉਸ ਵੱਲ ਮੋੜ ਦੇਵੇ, ਉਹ ਦੀ ਆਗਿਆਕਾਰੀ ਵਿੱਚ ਚੱਲੀਏ ਅਤੇ ਉਹਨਾਂ ਹੁਕਮਾਂ, ਫ਼ਰਮਾਨਾਂ ਅਤੇ ਬਿਧੀਆਂ ਦੀ ਪਾਲਨਾ ਕਰੀਏ ਜੋ ਉਸ ਨੇ ਸਾਡੇ ਪੁਰਖਿਆਂ ਨੂੰ ਦਿੱਤੇ ਸਨ। 59ਅਤੇ ਮੇਰੇ ਇਹ ਬਚਨ, ਜੋ ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਕੀਤੀ ਹੈ, ਯਾਹਵੇਹ ਸਾਡੇ ਪਰਮੇਸ਼ਵਰ ਦੇ ਨੇੜੇ ਦਿਨ-ਰਾਤ ਰਹਿਣ ਕਿ ਉਹ ਆਪਣੇ ਦਾਸ ਦੇ ਹੱਕ ਦਾ ਨਿਆਂ ਕਰੇ ਨਾਲੇ ਆਪਣੀ ਪਰਜਾ ਇਸਰਾਏਲ ਦੇ ਹੱਕ ਦਾ ਨਿਆਉਂ ਰੋਜ ਕਾਇਮ ਰੱਖੇ। 60ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਲੈਣ ਕਿ ਯਾਹਵੇਹ ਹੀ ਪਰਮੇਸ਼ਵਰ ਹੈ ਅਤੇ ਹੋਰ ਕੋਈ ਨਹੀਂ। 61ਤੁਹਾਡਾ ਮਨ ਯਾਹਵੇਹ ਸਾਡੇ ਪਰਮੇਸ਼ਵਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਹ ਦੀਆਂ ਬਿਧੀਆਂ ਵਿੱਚ ਚੱਲੋ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਕਰੋ, ਜਿਵੇਂ ਅੱਜ ਦੇ ਦਿਨ ਹੁੰਦਾ ਹੈ।”
ਮੰਦਰ ਦਾ ਸਮਰਪਣ
62ਤਦ ਰਾਜਾ ਅਤੇ ਉਸਦੇ ਨਾਲ ਸਾਰੇ ਇਸਰਾਏਲ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ। 63ਅਤੇ ਸ਼ਲੋਮੋਨ ਨੇ ਯਾਹਵੇਹ ਦੇ ਅੱਗੇ ਸੁੱਖ-ਸਾਂਦ ਲਈ: ਬਾਈ ਹਜ਼ਾਰ ਬਲਦਾਂ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ-ਬੱਕਰੀਆਂ ਦੀਆਂ ਬਲੀਆਂ ਚੜ੍ਹਾਈਆਂ ਸਨ। ਸੋ ਪਾਤਸ਼ਾਹ ਤੇ ਸਾਰੇ ਇਸਰਾਏਲੀਆਂ ਨੇ ਯਾਹਵੇਹ ਦੇ ਭਵਨ ਨੂੰ ਅਰਪਣ ਕੀਤਾ।
64ਉਸੇ ਦਿਨ ਰਾਜੇ ਨੇ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਯਾਹਵੇਹ ਦੇ ਭਵਨ ਦੇ ਸਾਮ੍ਹਣੇ ਪਵਿੱਤਰ ਕੀਤਾ ਅਤੇ ਉੱਥੇ ਉਸ ਨੇ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਪਿੱਤਲ ਦੀ ਜਗਵੇਦੀ ਜੋ ਯਾਹਵੇਹ ਦੇ ਅੱਗੇ ਖੜ੍ਹੀ ਸੀ, ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਰੱਖਣ ਲਈ ਬਹੁਤ ਛੋਟੀ ਸੀ।
65ਇਸ ਲਈ ਸ਼ਲੋਮੋਨ ਨੇ ਉਸ ਸਮੇਂ ਉਸ ਦੇ ਨਾਲ ਸਾਰੇ ਇਸਰਾਏਲ ਨੇ ਇੱਕ ਵੱਡੀ ਸਭਾ ਨਾਲ, ਲੇਬੋ ਹਮਾਥ ਤੋਂ ਮਿਸਰ ਦੀ ਵਾਦੀ ਤੱਕ ਤਿਉਹਾਰ ਮਨਾਇਆ। ਉਹਨਾਂ ਨੇ ਇਸ ਨੂੰ ਸਾਡੇ ਯਾਹਵੇਹ ਪਰਮੇਸ਼ਵਰ ਦੇ ਸਾਮ੍ਹਣੇ ਸੱਤ ਦਿਨ ਅਤੇ ਸੱਤ ਦਿਨ ਹੋਰ, ਚੌਦਾਂ ਦਿਨਾਂ ਲਈ ਮਨਾਇਆ। 66ਅਗਲੇ ਦਿਨ ਉਸ ਨੇ ਲੋਕਾਂ ਨੂੰ ਭੇਜ ਦਿੱਤਾ। ਉਹਨਾਂ ਨੇ ਰਾਜੇ ਨੂੰ ਅਸੀਸ ਦਿੱਤੀ ਅਤੇ ਫਿਰ ਉਹਨਾਂ ਸਾਰੀਆਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਆਪਣੇ ਸੇਵਕ ਦਾਵੀਦ ਅਤੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ, ਖੁਸ਼ ਅਤੇ ਪ੍ਰਸੰਨ ਹੋ ਕੇ ਘਰ ਨੂੰ ਚਲੇ ਗਏ।
Currently Selected:
1 ਰਾਜਿਆਂ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.