1 ਰਾਜਿਆਂ 3
3
ਬੁੱਧ ਪਾਉਣ ਲਈ ਸ਼ਲੋਮੋਨ ਦੀ ਪ੍ਰਾਰਥਨਾ
1ਸ਼ਲੋਮੋਨ ਨੇ ਮਿਸਰ ਦੇ ਰਾਜੇ ਫ਼ਿਰਾਊਨ ਨਾਲ ਰਿਸ਼ਤੇਦਾਰੀ ਬਣਾਈ ਅਤੇ ਉਸਦੀ ਧੀ ਨਾਲ ਵਿਆਹ ਕੀਤਾ। ਉਹ ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਲੈ ਗਿਆ ਜਦੋਂ ਤੱਕ ਉਹ ਆਪਣੇ ਮਹਿਲ ਅਤੇ ਯਾਹਵੇਹ ਦੀ ਹੈਕਲ,#3:1 ਹੈਕਲ ਅਰਥਾਤ: ਯਹੂਦਿਆਂ ਦਾ ਮੰਦਰ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੀ ਕੰਧ ਦਾ ਨਿਰਮਾਣ ਪੂਰਾ ਨਹੀਂ ਕਰ ਲਿਆ। 2ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਸਨ ਕਿਉਂਕਿ ਅਜੇ ਤੱਕ ਯਾਹਵੇਹ ਦੇ ਨਾਮ ਲਈ ਕੋਈ ਮੰਦਰ ਨਹੀਂ ਬਣਾਇਆ ਗਿਆ ਸੀ। 3ਸ਼ਲੋਮੋਨ ਆਪਣੇ ਪਿਤਾ ਦਾਵੀਦ ਦੁਆਰਾ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲਦਾ ਸੀ ਅਤੇ ਯਾਹਵੇਹ ਨਾਲ ਪਿਆਰ ਰੱਖਦਾ ਸੀ, ਪਰ ਉੱਚੀਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।
4ਰਾਜਾ ਗਿਬਓਨ ਵਿੱਚ ਬਲੀਆਂ ਚੜ੍ਹਾਉਣ ਗਿਆ ਕਿਉਂ ਜੋ ਉਹ ਸਭ ਤੋਂ ਉੱਚਾ ਤੇ ਵੱਡਾ ਸਥਾਨ ਸੀ ਅਤੇ ਸ਼ਲੋਮੋਨ ਨੇ ਉਸ ਜਗਵੇਦੀ ਉੱਤੇ ਇੱਕ ਹਜ਼ਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ। 5ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸ਼ਲੋਮੋਨ ਨੂੰ ਯਾਹਵੇਹ ਦਾ ਦਰਸ਼ਨ ਹੋਇਆ ਅਤੇ ਪਰਮੇਸ਼ਵਰ ਨੇ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”
6ਸ਼ਲੋਮੋਨ ਨੇ ਉੱਤਰ ਦਿੱਤਾ, “ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਨਾਲ ਵਫ਼ਾਦਾਰੀ ਅਤੇ ਧਰਮ ਅਤੇ ਨੇਕ ਦਿਲ ਨਾਲ ਚੱਲਦਾ ਸੀ। ਤੂੰ ਉਸ ਉੱਤੇ ਇਹ ਵੱਡੀ ਕਿਰਪਾ ਦੀ ਪਾਲਣਾ ਕੀਤੀ ਕਿ ਉਸਨੂੰ ਇੱਕ ਪੁੱਤਰ ਦਿੱਤਾ ਜਿਹੜਾ ਅੱਜ ਦੇ ਦਿਨ ਉਸਦੀ ਰਾਜ ਗੱਦੀ ਤੇ ਬੈਠਾ ਹੈ।
7“ਹੁਣ, ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਮੇਰੇ ਪਿਤਾ ਦਾਵੀਦ ਦੀ ਥਾਂ ਰਾਜਾ ਬਣਾਇਆ ਹੈ। ਪਰ ਮੈਂ ਸਿਰਫ ਇੱਕ ਛੋਟਾ ਬੱਚਾ ਹਾਂ ਅਤੇ ਇਹ ਨਹੀਂ ਜਾਣਦਾ ਕਿ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂ। 8ਤੇਰਾ ਸੇਵਕ ਇੱਥੇ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹੈ, ਉਹ ਬਹੁਤ ਲੋਕ ਹਨ, ਜਿਹੜੇ ਨਾ ਤਾਂ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ। 9ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?”
10ਇਹ ਗੱਲ ਯਾਹਵੇਹ ਦੀ ਨਿਗਾਹ ਵਿੱਚ ਚੰਗੀ ਲੱਗੀ ਕਿ ਸ਼ਲੋਮੋਨ ਨੇ ਇਸ ਚੀਜ਼ ਦੀ ਮੰਗ ਕੀਤੀ ਹੈ। 11ਤਾਂ ਪਰਮੇਸ਼ਵਰ ਨੇ ਉਹ ਨੂੰ ਆਖਿਆ, “ਕਿਉਂ ਜੋ ਤੂੰ ਇਹ ਮੰਗਿਆ ਹੈ ਅਤੇ ਆਪਣੇ ਲਈ ਲੰਮੀ ਉਮਰ ਜਾਂ ਦੌਲਤ ਨਹੀਂ ਮੰਗੀ ਅਤੇ ਨਾ ਹੀ ਆਪਣੇ ਵੈਰੀਆਂ ਦੀ ਮੌਤ ਮੰਗੀ ਹੈ ਸਗੋਂ ਨਿਆਂ ਕਰਨ ਲਈ ਬੁੱਧ ਮੰਗੀ ਹੈ। 12ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਦਿਲ ਦਿਆਂਗਾ, ਤਾਂ ਜੋ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਹੋਇਆ ਅਤੇ ਨਾ ਹੀ ਤੇਰੇ ਤੋਂ ਬਆਦ ਕੋਈ ਤੇਰੇ ਵਰਗਾ ਹੋਵੇਗਾ। 13ਇਸ ਤੋਂ ਇਲਾਵਾ, ਮੈਂ ਤੈਨੂੰ ਉਹ ਵੀ ਦਿਆਂਗਾ ਜੋ ਤੂੰ ਨਹੀਂ ਮੰਗਿਆ ਅਰਥਾਤ ਦੌਲਤ ਅਤੇ ਇੱਜ਼ਤ ਤਾਂ ਜੋ ਤੇਰੇ ਜੀਵਨ ਕਾਲ ਵਿੱਚ ਰਾਜਿਆਂ ਦੇ ਬਰਾਬਰ ਕੋਈ ਨਾ ਹੋਵੇ। 14ਅਤੇ ਜੇਕਰ ਤੂੰ ਮੇਰੀ ਆਗਿਆਕਾਰੀ ਵਿੱਚ ਚੱਲੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੇ ਜਿਵੇਂ ਤੇਰੇ ਪਿਤਾ ਦਾਵੀਦ ਨੇ ਕੀਤਾ ਤਾਂ ਮੈਂ ਤੈਨੂੰ ਲੰਮੀ ਉਮਰ ਦਿਆਂਗਾ।” 15ਤਦ ਸ਼ਲੋਮੋਨ ਜਾਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਸੁਪਨਾ ਸੀ।
ਉਹ ਯੇਰੂਸ਼ਲੇਮ ਨੂੰ ਵਾਪਸ ਆਇਆ, ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਖੜ੍ਹਾ ਹੋਇਆ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਉਸਨੇ ਆਪਣੇ ਸੇਵਕਾਂ ਲਈ ਦਾਅਵਤ ਦਿੱਤੀ।
ਇੱਕ ਸਿਆਣਪ ਦਾ ਹੁਕਮ
16ਹੁਣ ਦੋ ਵੇਸਵਾਵਾਂ ਰਾਜੇ ਕੋਲ ਆਈਆਂ ਅਤੇ ਉਸ ਦੇ ਅੱਗੇ ਖੜ੍ਹੀਆਂ ਹੋਈਆਂ। 17ਉਹਨਾਂ ਵਿੱਚੋਂ ਇੱਕ ਨੇ ਕਿਹਾ, “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਇਹ ਔਰਤ ਅਤੇ ਮੈਂ ਇੱਕੋ ਘਰ ਵਿੱਚ ਰਹਿੰਦੇ ਹਾਂ, ਅਤੇ ਮੇਰੇ ਕੋਲ ਇੱਕ ਬੱਚਾ ਸੀ ਜਦੋਂ ਉਹ ਮੇਰੇ ਨਾਲ ਸੀ। 18ਮੇਰੇ ਬੱਚੇ ਦੇ ਜਨਮ ਤੋਂ ਤੀਜੇ ਦਿਨ ਇਸ ਔਰਤ ਦੇ ਵੀ ਇੱਕ ਬੱਚਾ ਹੋਇਆ। ਅਸੀਂ ਇਕੱਲੀਆਂ ਸੀ; ਘਰ ਵਿੱਚ ਸਾਡੇ ਦੋਨਾਂ ਤੋਂ ਇਲਾਵਾ ਕੋਈ ਨਹੀਂ ਸੀ।
19“ਰਾਤ ਵਿੱਚ ਇਸ ਔਰਤ ਦਾ ਬੱਚਾ ਮਰ ਗਿਆ ਕਿਉਂਕਿ ਇਹ ਉਸ ਉੱਤੇ ਲੇਟ ਗਈ ਸੀ। 20ਤਾਂ ਇਹ ਅੱਧੀ ਰਾਤ ਨੂੰ ਉੱਠੀ ਜਦੋਂ ਮੈਂ ਤੇਰੀ ਦਾਸੀ ਸੁੱਤੀ ਹੋਈ ਸੀ ਮੇਰੇ ਪੁੱਤਰ ਨੂੰ ਮੇਰੇ ਪਾਸਿਓਂ ਲੈ ਲਿਆ। ਉਸਨੇ ਉਸਨੂੰ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਆਪਣੇ ਮਰੇ ਹੋਏ ਪੁੱਤਰ ਨੂੰ ਮੇਰੀ ਛਾਤੀ ਨਾਲ ਲਗਾ ਦਿੱਤਾ। 21ਅਗਲੀ ਸਵੇਰ ਨੂੰ ਮੈਂ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਣ ਲਈ ਉੱਠੀ ਅਤੇ ਉਹ ਮਰਿਆ ਪਿਆ ਸੀ! ਪਰ ਜਦੋਂ ਮੈਂ ਸਵੇਰ ਦੀ ਰੌਸ਼ਨੀ ਵਿੱਚ ਉਸ ਨੂੰ ਨੇੜਿਓਂ ਦੇਖਿਆ, ਤਾਂ ਮੈਂ ਦੇਖਿਆ ਕਿ ਇਹ ਉਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ।”
22ਦੂਜੀ ਔਰਤ ਨੇ ਕਿਹਾ, “ਨਹੀਂ! ਜਿਉਂਦਾ ਹੈ ਮੇਰਾ ਪੁੱਤਰ; ਮਰਿਆ ਹੋਇਆ ਤੁਹਾਡਾ ਹੈ।”
ਪਰ ਪਹਿਲੀ ਨੇ ਜ਼ੋਰ ਦੇ ਕੇ ਕਿਹਾ, “ਨਹੀਂ! ਮੁਰਦਾ ਤੇਰਾ ਹੈ; ਜਿਉਂਦਾ ਮੇਰਾ ਹੈ।” ਅਤੇ ਇਸ ਲਈ ਉਹਨਾਂ ਨੇ ਰਾਜੇ ਦੇ ਸਾਮ੍ਹਣੇ ਬਹਿਸ ਕੀਤੀ।
23ਰਾਜੇ ਨੇ ਆਖਿਆ, “ਇੱਕ ਆਖਦੀ ਹੈ, ‘ਮੇਰਾ ਪੁੱਤਰ ਜੀਉਂਦਾ ਹੈ ਅਤੇ ਤੇਰਾ ਪੁੱਤਰ ਮਰ ਗਿਆ ਹੈ,’ ਜਦੋਂ ਕਿ ਦੂਸਰੀ ਆਖਦੀ ਹੈ, ‘ਨਹੀਂ! ਤੇਰਾ ਪੁੱਤਰ ਮਰ ਗਿਆ ਹੈ ਅਤੇ ਮੇਰਾ ਜੀਉਂਦਾ ਹੈ।’ ”
24ਤਦ ਪਾਤਸ਼ਾਹ ਨੇ ਆਖਿਆ, “ਮੇਰੇ ਲਈ ਇੱਕ ਤਲਵਾਰ ਲਿਆਓ।” ਇਸ ਲਈ ਉਹ ਰਾਜੇ ਲਈ ਤਲਵਾਰ ਲੈ ਕੇ ਆਏ। 25ਤਦ ਰਾਜੇ ਨੇ ਹੁਕਮ ਦਿੱਤਾ, “ਕਿ ਜਿਉਂਦੇ ਬੱਚੇ ਦੇ ਦੋ ਟੁਕੜੇ ਕਰ ਦਿਓ ਅਤੇ ਅੱਧਾ ਇੱਕ ਨੂੰ ਅਤੇ ਅੱਧਾ ਦੂਜੇ ਨੂੰ ਦਿਓ।”
26ਜਿਸ ਔਰਤ ਦਾ ਪੁੱਤਰ ਜੀਉਂਦਾ ਸੀ, ਉਹ ਆਪਣੇ ਪੁੱਤਰ ਲਈ ਬਹੁਤ ਪਿਆਰ ਨਾਲ ਭਰੀ ਹੋਈ ਸੀ ਅਤੇ ਉਸ ਨੇ ਰਾਜੇ ਨੂੰ ਕਿਹਾ, “ਹੇ ਪ੍ਰਭੂ ਜੀ, ਜੀਉਂਦਾ ਬੱਚਾ ਉਸ ਨੂੰ ਦੇ ਦਿਓ! ਉਸਨੂੰ ਨਾ ਮਾਰੋ!”
ਪਰ ਦੂਜੀ ਨੇ ਕਿਹਾ, “ਨਾ ਤਾਂ ਉਹ ਮੇਰੇ ਕੋਲ ਰਹੇ ਅਤੇ ਨਾ ਹੀ ਉਹ ਤੇਰੇ ਕੋਲ ਰਹੇ। ਉਸਨੂੰ ਦੋ ਟੁਕੜਿਆਂ ਵਿੱਚ ਕੱਟੋ!”
27ਤਦ ਰਾਜੇ ਨੇ ਆਪਣਾ ਹੁਕਮ ਦਿੱਤਾ: “ਜੀਉਂਦਾ ਬੱਚਾ ਪਹਿਲੀ ਔਰਤ ਨੂੰ ਦੇ ਦਿਓ। ਉਸ ਨੂੰ ਨਾ ਮਾਰੋ; ਉਹ ਉਸਦੀ ਮਾਂ ਹੈ।”
28ਜਦੋਂ ਸਾਰੇ ਇਸਰਾਏਲ ਨੇ ਰਾਜੇ ਦੇ ਹੁਕਮ ਨੂੰ ਸੁਣਿਆ, ਤਾਂ ਉਹ ਰਾਜੇ ਤੇ ਹੈਰਾਨ ਸਨ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਸ ਕੋਲ ਨਿਆਂ ਕਰਨ ਲਈ ਪਰਮੇਸ਼ਵਰ ਵੱਲੋਂ ਬੁੱਧ ਹੈ।
Currently Selected:
1 ਰਾਜਿਆਂ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.