Bible App logo
Search Icon

1 ਰਾਜਿਆਂ 20

20
ਬਨ-ਹਦਦ ਨੇ ਸਾਮਰਿਯਾ ਉੱਤੇ ਹਮਲਾ ਕੀਤਾ
1ਹੁਣ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਹ ਬੱਤੀ ਰਾਜਿਆਂ ਦੇ ਨਾਲ ਘੋੜਿਆਂ ਅਤੇ ਰੱਥਾਂ ਸਮੇਤ ਚੜ੍ਹ ਗਿਆ ਅਤੇ ਸਾਮਰਿਯਾ ਨੂੰ ਘੇਰ ਲਿਆ ਅਤੇ ਉਸ ਉੱਤੇ ਹਮਲਾ ਕੀਤਾ। 2ਉਸ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਵਿੱਚ ਸੰਦੇਸ਼ਵਾਹਕ ਭੇਜੇ, “ਬਨ-ਹਦਦ ਇਹ ਆਖਦਾ ਹੈ: 3‘ਤੇਰੀ ਚਾਂਦੀ ਅਤੇ ਸੋਨਾ ਮੇਰੇ ਹਨ ਅਤੇ ਤੁਹਾਡੀਆਂ ਪਤਨੀਆਂ ਅਤੇ ਬੱਚਿਆਂ ਵਿੱਚੋਂ ਸਭ ਤੋਂ ਵਧੀਆ ਮੇਰੇ ਹਨ।’ ”
4ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ, “ਜਿਵੇਂ ਤੁਸੀਂ ਆਖਦੇ ਹੋ, ਹੇ ਮੇਰੇ ਸੁਆਮੀ, ਹੇ ਮੇਰੇ ਪਾਤਸ਼ਾਹ। ਮੈਂ ਅਤੇ ਮੇਰੇ ਕੋਲ ਜੋ ਕੁਝ ਹੈ ਉਹ ਤੁਹਾਡਾ ਹੈ।”
5ਸੰਦੇਸ਼ਵਾਹਕਾਂ ਨੇ ਫੇਰ ਆ ਕੇ ਆਖਿਆ, “ਬਨ-ਹਦਦ ਇਹ ਆਖਦਾ ਹੈ, ‘ਕਿ ਤੂੰ ਆਪਣਾ ਚਾਂਦੀ, ਸੋਨਾ, ਇਸਤਰੀਆਂ ਅਰ ਬਾਲ ਬੱਚੇ ਮੈਨੂੰ ਦੇ ਦੇਹ। 6ਪਰ ਹੁਣ ਮੈਂ ਕੱਲ੍ਹ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਘੱਲਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ।’ ”
7ਇਸਰਾਏਲ ਦੇ ਪਾਤਸ਼ਾਹ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਵੇਖੋ, ਇਹ ਆਦਮੀ ਕਿਵੇਂ ਬੁਰਿਆਈ ਕਰਨਾ ਚਾਹੁੰਦਾ ਹੈ! ਉਸਨੇ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ, ਮੇਰਾ ਚਾਂਦੀ ਸੋਨਾ ਮੰਗਿਆ, ਮੈਂ ਉਸਨੂੰ ਇਨਕਾਰ ਨਹੀਂ ਕੀਤਾ।”
8ਬਜ਼ੁਰਗਾਂ ਅਤੇ ਲੋਕਾਂ ਨੇ ਉੱਤਰ ਦਿੱਤਾ, “ਨਾ ਉਸ ਦੀ ਗੱਲ ਸੁਣੋ ਅਤੇ ਨਾ ਉਸ ਦੀਆਂ ਮੰਗਾਂ ਮੰਨੋ।”
9ਇਸ ਲਈ ਉਸਨੇ ਬਨ-ਹਦਦ ਦੇ ਸੰਦੇਸ਼ਵਾਹਕਾਂ ਨੂੰ ਜਵਾਬ ਦਿੱਤਾ, “ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ, ‘ਤੇਰਾ ਸੇਵਕ ਉਹ ਸਭ ਕੁਝ ਕਰੇਗਾ ਜੋ ਤੁਸੀਂ ਪਹਿਲੀ ਵਾਰ ਮੰਗ ਕੀਤੀ ਸੀ, ਪਰ ਮੈਂ ਇਹ ਮੰਗ ਪੂਰੀ ਨਹੀਂ ਕਰ ਸਕਦਾ।’ ” ਉਹ ਚਲੇ ਗਏ ਅਤੇ ਬਨ-ਹਦਦ ਦਾ ਜਵਾਬ ਵਾਪਸ ਲੈ ਗਏ।
10ਤਾਂ ਬਨ-ਹਦਦ ਨੇ ਉਹ ਨੂੰ ਆਖ ਘੱਲਿਆ, “ਕਿ ਜੇ ਸਾਮਰਿਯਾ ਦੀ ਧੂੜ ਉਹਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵਧੀਕ।”
11ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ, “ਕਿ ਉਸ ਨੂੰ ਆਖੋ: ‘ਸ਼ਸਤਰ ਬੰਨ੍ਹਣ ਵਾਲਾ ਸ਼ਸਤਰ ਲਾਹੁਣ ਵਾਲੇ ਜਿੰਨਾ ਹੰਕਾਰ ਨਾ ਕਰੇ।’ ”
12ਬਨ-ਹਦਦ ਨੇ ਇਹ ਸੰਦੇਸ਼ ਸੁਣਿਆ ਜਦੋਂ ਉਹ ਅਤੇ ਰਾਜੇ ਆਪਣੇ ਤੰਬੂਆਂ ਵਿੱਚ ਪੀ ਰਹੇ ਸਨ ਅਤੇ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ, “ਹਮਲਾ ਕਰਨ ਲਈ ਤਿਆਰ ਰਹੋ।” ਇਸ ਲਈ ਉਹਨਾਂ ਨੇ ਸ਼ਹਿਰ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ।
ਅਹਾਬ ਨੇ ਬਨ-ਹਦਦ ਨੂੰ ਹਰਾਇਆ
13ਇਸੇ ਦੌਰਾਨ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਸਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ: ‘ਕੀ ਤੂੰ ਇਸ ਵਿਸ਼ਾਲ ਸੈਨਾ ਨੂੰ ਵੇਖਦਾ ਹੈ? ਮੈਂ ਇਸਨੂੰ ਅੱਜ ਤੁਹਾਡੇ ਹੱਥ ਵਿੱਚ ਦੇ ਦਿਆਂਗਾ, ਅਤੇ ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”
14ਅਹਾਬ ਨੇ ਪੁੱਛਿਆ, “ਪਰ ਇਹ ਕੌਣ ਕਰੇਗਾ?”
ਨਬੀ ਨੇ ਜਵਾਬ ਦਿੱਤਾ, “ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀ।’ ”
ਉਸਨੇ ਪੁੱਛਿਆ, “ਲੜਾਈ ਕੌਣ ਸ਼ੁਰੂ ਕਰੇਗਾ?”
ਨਬੀ ਨੇ ਉੱਤਰ ਦਿੱਤਾ, “ਤੂੰ ਸ਼ੁਰੂ ਕਰੇਗਾ।”
15ਇਸ ਲਈ ਅਹਾਬ ਨੇ ਸੂਬਿਆਂ ਦੇ ਅਧੀਨ ਦੋ ਸੌ ਬੱਤੀ ਜਵਾਨ ਸਰਦਾਰਾਂ ਨੂੰ ਸੱਦਿਆ। ਫਿਰ ਉਸ ਨੇ ਬਾਕੀ ਦੇ ਇਸਰਾਏਲੀਆਂ ਨੂੰ ਇਕੱਠਾ ਕੀਤਾ, ਕੁੱਲ ਮਿਲਾ ਕੇ ਸੱਤ ਹਜ਼ਾਰ ਸਨ। 16ਉਹ ਦੁਪਹਿਰ ਵੇਲੇ ਨਿੱਕਲ ਗਏ ਜਦੋਂ ਬਨ-ਹਦਦ ਅਤੇ ਉਸ ਦੇ ਨਾਲ ਦੇ ਬੱਤੀ ਰਾਜੇ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਸਨ। 17ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ।
ਅਤੇ ਬਨ-ਹਦਦ ਨੇ ਆਦਮੀ ਘੱਲੇ ਅਤੇ ਉਹਨਾਂ ਨੇ ਉਸ ਨੂੰ ਦੱਸਿਆ, “ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ।”
18ਉਸ ਨੇ ਆਖਿਆ, “ਜੇਕਰ ਉਹ ਸ਼ਾਂਤੀ ਲਈ ਬਾਹਰ ਆਏ ਹਨ ਤਾਂ ਉਹਨਾਂ ਨੂੰ ਜਿਉਂਦਾ ਫੜ ਲਵੋ। ਜੇ ਉਹ ਜੰਗ ਲਈ ਨਿਕਲੇ ਹਨ, ਤਾਂ ਵੀ ਉਹਨਾਂ ਨੂੰ ਜਿਉਂਦਾ ਫੜ ਲਓ।”
19ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫ਼ੌਜ ਸਣੇ ਜੋ ਉਹਨਾਂ ਦੇ ਪਿੱਛੇ ਸੀ ਨਿੱਕਲੇ। 20ਅਤੇ ਹਰ ਇੱਕ ਨੇ ਆਪਣੇ ਵਿਰੋਧੀ ਨੂੰ ਮਾਰਿਆ। ਉਸ ਵੇਲੇ, ਅਰਾਮੀ ਭੱਜ ਗਏ ਅਤੇ ਇਸਰਾਏਲ ਨੇ ਉਹਨਾਂ ਦਾ ਪਿੱਛਾ ਕੀਤਾ। ਪਰ ਅਰਾਮ ਦਾ ਰਾਜਾ ਬਨ-ਹਦਦ ਆਪਣੇ ਕੁਝ ਘੋੜ-ਸਵਾਰਾਂ ਨਾਲ ਘੋੜੇ ਉੱਤੇ ਸਵਾਰ ਹੋ ਕੇ ਭੱਜ ਗਿਆ। 21ਇਸਰਾਏਲ ਦੇ ਰਾਜੇ ਨੇ ਘੋੜਿਆਂ ਅਤੇ ਰਥਾਂ ਨੂੰ ਅੱਗੇ ਵਧਾਇਆ ਅਤੇ ਉਹਨਾਂ ਉੱਤੇ ਕਾਬੂ ਪਾਇਆ ਅਤੇ ਅਰਾਮੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ।
22ਇਸ ਤੋਂ ਬਾਅਦ, ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਆਖਿਆ, “ਆਪਣੀ ਸਥਿਤੀ ਮਜ਼ਬੂਤ ਕਰ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂਕਿ ਅਗਲੀ ਬਸੰਤ ਵਿੱਚ ਅਰਾਮ ਦਾ ਰਾਜਾ ਤੁਹਾਡੇ ਉੱਤੇ ਫੇਰ ਹਮਲਾ ਕਰੇਗਾ।”
23ਇਸ ਦੌਰਾਨ, ਅਰਾਮ ਦੇ ਰਾਜੇ ਦੇ ਅਧਿਕਾਰੀਆਂ ਨੇ ਉਸਨੂੰ ਸਲਾਹ ਦਿੱਤੀ, “ਉਹਨਾਂ ਦੇ ਦੇਵਤੇ ਪਹਾੜੀਆਂ ਦੇ ਦੇਵਤੇ ਹਨ। ਇਸੇ ਲਈ ਉਹ ਸਾਡੇ ਲਈ ਬਹੁਤ ਮਜ਼ਬੂਤ ਸਨ। ਪਰ ਜੇਕਰ ਅਸੀਂ ਉਹਨਾਂ ਨਾਲ ਮੈਦਾਨ ਲੜਾਂਗੇ, ਤਾਂ ਯਕੀਨਨ ਅਸੀਂ ਉਹਨਾਂ ਨਾਲੋਂ ਮਜ਼ਬੂਤ ਹੋਵਾਂਗੇ। 24ਇੱਕ ਕੰਮ ਇਹ ਕਰੋ ਕਿ ਸਾਰੇ ਰਾਜਿਆਂ ਨੂੰ ਉਹਨਾਂ ਦੇ ਹੁਕਮਾਂ ਤੋਂ ਹਟਾ ਦਿਓ ਅਤੇ ਉਹਨਾਂ ਦੀ ਥਾਂ ਹੋਰ ਸੂਬੇਦਾਰਾਂ ਨੂੰ ਠਹਿਰਾ ਦਿਓ। 25ਅਤੇ ਆਪਣੇ ਲਈ ਇੱਕ ਫ਼ੌਜ ਗਿਣ ਲਓ ਜੋ ਉਸ ਫ਼ੌਜ ਦੇ ਤੁੱਲ ਹੋਵੇ ਜਿਹੜੀ ਗੁਆਚ ਗਈ ਹੈ ਘੋੜੇ ਦੇ ਥਾਂ ਘੋੜਾ ਅਰ ਰਥ ਦੇ ਥਾਂ ਰਥ ਤਾਂ ਅਸੀਂ ਉਹਨਾਂ ਨਾਲ ਮੈਦਾਨ ਵਿੱਚ ਲੜਾਂਗੇ। ਤਾਂ ਅਸੀਂ ਉਹਨਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ।” ਸੋ ਉਸ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਉਵੇਂ ਹੀ ਕੀਤਾ।
26ਅਗਲੀ ਬਸੰਤ ਵਿੱਚ ਬਨ-ਹਦਦ ਨੇ ਅਰਾਮੀਆਂ ਨੂੰ ਇਕੱਠਾ ਕੀਤਾ ਅਤੇ ਇਸਰਾਏਲ ਦੇ ਵਿਰੁੱਧ ਲੜਨ ਲਈ ਅਫ਼ੇਕ ਨੂੰ ਚੜ੍ਹਿਆ। 27ਜਦੋਂ ਇਸਰਾਏਲੀ ਵੀ ਇਕੱਠਾ ਹੋਏ ਅਤੇ ਉਹਨਾਂ ਨੂੰ ਭੋਜਨ ਦਿੱਤਾ ਗਿਆ ਤਾਂ ਉਹ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲ ਗਏ। ਇਸਰਾਏਲੀਆਂ ਨੇ ਬੱਕਰੀਆਂ ਦੇ ਦੋ ਛੋਟੇ ਇੱਜੜ ਵਾਂਗ ਉਹਨਾਂ ਦੇ ਸਾਮ੍ਹਣੇ ਡੇਰੇ ਲਾਏ, ਪਰ ਅਰਾਮੀਆਂ ਨਾਲ ਦੇਸ਼ ਭਰ ਗਿਆ।
28ਤਾਂ ਪਰਮੇਸ਼ਵਰ ਦੇ ਇੱਕ ਬੰਦੇ ਨੇ ਆ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਕਿ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਸ ਲਈ ਕਿ ਅਰਾਮੀਆਂ ਨੇ ਆਖਿਆ ਭਈ ਯਾਹਵੇਹ ਪਹਾੜਾਂ ਦਾ ਪਰਮੇਸ਼ਵਰ ਹੈ ਪਰ ਉਹ ਮੈਦਾਨ ਦਾ ਪਰਮੇਸ਼ਵਰ ਨਹੀਂ ਹੈ ਮੈਂ ਇਸ ਵੱਡੇ ਦਲ ਨੂੰ ਸਾਰੇ ਦਾ ਸਾਰਾ ਤੇਰੇ ਹੱਥ ਵਿੱਚ ਕਰ ਦਿਆਂਗਾ ਜੋ ਤੁਸੀਂ ਜਾਣੋ ਭਈ ਮੈਂ ਯਾਹਵੇਹ ਹਾਂ।’ ”
29ਸੋ ਉਹਨਾਂ ਨੇ ਇੱਕ-ਦੂਜੇ ਦੇ ਸਾਮ੍ਹਣੇ ਸੱਤ ਦਿਨ ਡੇਰੇ ਲਾਈ ਰੱਖੇ ਤਾਂ ਐਉਂ ਹੋਇਆ ਕਿ ਸੱਤਵੇਂ ਦਿਨ ਲੜਾਈ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ ਇੱਕ ਲੱਖ ਮਨੁੱਖ ਵੱਢ ਸੁੱਟਿਆ। 30ਬਾਕੀ ਦੇ ਲੋਕ ਅਫ਼ੇਕ ਸ਼ਹਿਰ ਨੂੰ ਭੱਜ ਗਏ, ਜਿੱਥੇ ਉਹਨਾਂ ਵਿੱਚੋਂ 27,000 ਉੱਤੇ ਕੰਧ ਡਿੱਗ ਪਈ ਅਤੇ ਬਨ-ਹਦਦ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ।
31ਉਸ ਦੇ ਅਧਿਕਾਰੀਆਂ ਨੇ ਉਸ ਨੂੰ ਆਖਿਆ, “ਵੇਖ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਮਿਹਰਬਾਨ ਹਨ। ਅਸੀਂ ਆਪਣੇ ਲੱਕ ਦੁਆਲੇ ਤੱਪੜ ਅਤੇ ਸਿਰਾਂ ਦੁਆਲੇ ਰੱਸੀਆਂ ਬੰਨ੍ਹ ਕੇ ਇਸਰਾਏਲ ਦੇ ਰਾਜੇ ਕੋਲ ਚੱਲੀਏ। ਸ਼ਾਇਦ ਉਹ ਤੇਰੀ ਜਾਨ ਬਖ਼ਸ਼ ਦੇਵੇ।”
32ਆਪਣੇ ਲੱਕ ਦੁਆਲੇ ਤੱਪੜ ਅਤੇ ਆਪਣੇ ਸਿਰ ਦੁਆਲੇ ਰੱਸੀਆਂ ਬੰਨ੍ਹ ਕੇ ਉਹ ਇਸਰਾਏਲ ਦੇ ਪਾਤਸ਼ਾਹ ਕੋਲ ਗਏ ਅਤੇ ਆਖਿਆ, “ਤੁਹਾਡਾ ਸੇਵਕ ਬਨ-ਹਦਦ ਆਖਦਾ ਹੈ, ‘ਕਿਰਪਾ ਕਰਕੇ ਮੈਨੂੰ ਜੀਉਣ ਦਿਓ।’ ”
ਰਾਜੇ ਨੇ ਉੱਤਰ ਦਿੱਤਾ, “ਉਹ ਅਜੇ ਵੀ ਜ਼ਿੰਦਾ ਹੈ? ਉਹ ਤਾਂ ਮੇਰਾ ਭਰਾ ਹੈ।”
33ਮਨੁੱਖਾਂ ਨੇ ਇਸ ਨੂੰ ਚੰਗੀ ਨਿਸ਼ਾਨੀ ਸਮਝਿਆ ਅਤੇ ਉਹ ਦੀ ਗੱਲ ਮੰਨਣ ਲਈ ਕਾਹਲੀ ਕੀਤੀ। ਉਹਨਾਂ ਨੇ ਕਿਹਾ, “ਹਾਂ, ਤੇਰਾ ਭਰਾ ਬਨ-ਹਦਦ!”
ਰਾਜੇ ਨੇ ਕਿਹਾ, “ਜਾਓ ਅਤੇ ਉਸ ਨੂੰ ਲੈ ਆਓ।” ਜਦੋਂ ਬਨ-ਹਦਦ ਬਾਹਰ ਆਇਆ, ਤਾਂ ਅਹਾਬ ਨੇ ਉਸਨੂੰ ਆਪਣੇ ਰਥ ਉੱਤੇ ਚੜ੍ਹਾਇਆ।
34ਬਨ-ਹਦਦ ਨੇ ਪੇਸ਼ਕਸ਼ ਕੀਤੀ, “ਮੈਂ ਉਹਨਾਂ ਸ਼ਹਿਰਾਂ ਨੂੰ ਵਾਪਸ ਕਰ ਦਿਆਂਗਾ ਜੋ ਮੇਰੇ ਪਿਤਾ ਨੇ ਤੁਹਾਡੇ ਪਿਤਾ ਤੋਂ ਲਏ ਸਨ। ਤੁਸੀਂ ਦੰਮਿਸ਼ਕ ਵਿੱਚ ਆਪਣੇ ਖੁਦ ਦੇ ਬਾਜ਼ਾਰ ਖੇਤਰ ਸਥਾਪਤ ਕਰ ਸਕਦੇ ਹੋ, ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।”
ਅਹਾਬ ਨੇ ਕਿਹਾ, “ਇੱਕ ਨੇਮ ਦੇ ਅਧਾਰ ਤੇ ਮੈਂ ਤੈਨੂੰ ਅਜ਼ਾਦ ਕਰ ਦਿਆਂਗਾ।” ਇਸ ਲਈ ਉਸਨੇ ਉਸਦੇ ਨਾਲ ਇੱਕ ਸੰਧੀ ਕੀਤੀ ਅਤੇ ਉਸਨੂੰ ਜਾਣ ਦਿੱਤਾ।
ਇੱਕ ਨਬੀ ਅਹਾਬ ਦੀ ਨਿੰਦਾ ਕਰਦਾ ਹੈ
35ਯਾਹਵੇਹ ਦੇ ਬਚਨ ਦੁਆਰਾ ਨਬੀਆਂ ਦੇ ਇੱਕ ਸਮੂਹ ਨੇ ਆਪਣੇ ਸਾਥੀ ਨੂੰ ਕਿਹਾ, “ਮੈਨੂੰ ਆਪਣੇ ਹਥਿਆਰ ਨਾਲ ਮਾਰੋ,” ਪਰ ਉਸਨੇ ਇਨਕਾਰ ਕਰ ਦਿੱਤਾ।
36ਉਪਰੰਤ ਉਹ ਨੇ ਉਸ ਨੂੰ ਆਖਿਆ, “ਇਸ ਲਈ ਕਿ ਤੂੰ ਯਾਹਵੇਹ ਦੀ ਆਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ।” ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਨੇ ਉਸ ਨੂੰ ਪਾੜ ਸੁੱਟਿਆ।
37ਨਬੀ ਨੇ ਇੱਕ ਹੋਰ ਮਨੁੱਖ ਨੂੰ ਲੱਭ ਕੇ ਕਿਹਾ, “ਕਿਰਪਾ ਕਰਕੇ ਮੈਨੂੰ ਮਾਰੋ।” ਇਸ ਲਈ ਆਦਮੀ ਨੇ ਉਸਨੂੰ ਮਾਰਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ। 38ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖਲੋਤਾ ਅਤੇ ਉਸ ਨੇ ਆਪਣੀ ਪੱਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਬਦਲ ਲਿਆ। 39ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ ਤਾਂ ਨਬੀ ਨੇ ਉਹ ਨੂੰ ਪੁਕਾਰ ਕੇ ਕਿਹਾ, “ਤੇਰਾ ਦਾਸ ਲੜਾਈ ਦੀ ਘੜੀ ਵਿੱਚ ਗਿਆ ਅਤੇ ਕੋਈ ਮੇਰੇ ਕੋਲ ਕੈਦੀ ਨੂੰ ਲੈ ਕੇ ਆਇਆ ਅਤੇ ਆਖਿਆ, ‘ਇਸ ਉੱਤੇ ਮਨੁੱਖ ਧਿਆਨ ਰੱਖ ਜੇ ਉਹ ਲਾਪਤਾ ਹੋ ਜਾਵੇ, ਤਾਂ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੋਵੇਗੀ, ਜਾਂ ਤੁਹਾਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।’ 40ਜਦੋਂ ਤੇਰਾ ਸੇਵਕ ਇੱਧਰ-ਉੱਧਰ ਰੁੱਝਿਆ ਹੋਇਆ ਸੀ, ਉਹ ਮਨੁੱਖ ਗਾਇਬ ਹੋ ਗਿਆ।”
ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, “ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੈਂ ਆਪ ਨਬੇੜਿਆ।”
41ਤਦ ਨਬੀ ਨੇ ਝੱਟ ਆਪਣੀਆਂ ਅੱਖਾਂ ਤੋਂ ਸਿਰ ਦੀ ਪੱਟੀ ਹਟਾ ਦਿੱਤੀ ਅਤੇ ਇਸਰਾਏਲ ਦੇ ਰਾਜੇ ਨੇ ਉਸ ਨੂੰ ਨਬੀਆਂ ਵਿੱਚੋਂ ਇੱਕ ਵਜੋਂ ਪਛਾਣ ਲਿਆ। 42ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਤੂੰ ਇੱਕ ਆਦਮੀ ਨੂੰ ਅਜ਼ਾਦ ਕੀਤਾ ਹੈ ਜਿਸਨੂੰ ਮੈਂ ਮਾਰਨਾ ਚਾਹੁੰਦਾ ਸੀ, ਇਸ ਲਈ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੈ, ਤੇਰੀ ਪਰਜਾ ਉਸਦੇ ਲੋਕਾਂ ਲਈ ਹੈ।’ ” 43ਉਦਾਸ ਅਤੇ ਗੁੱਸੇ ਵਿੱਚ, ਇਸਰਾਏਲ ਦਾ ਰਾਜਾ ਸਾਮਰਿਯਾ ਵਿੱਚ ਆਪਣੇ ਮਹਿਲ ਵਿੱਚ ਗਿਆ।

Currently Selected:

1 ਰਾਜਿਆਂ 20: PCB

Highlight

Copy

Compare

Share

None

Want to have your highlights saved across all your devices? Sign up or sign in