1 ਰਾਜਿਆਂ 19
19
ਏਲੀਯਾਹ ਹੋਰੇਬ ਨੂੰ ਡਰ ਕੇ ਭੱਜ ਗਿਆ
1ਹੁਣ ਅਹਾਬ ਨੇ ਈਜ਼ੇਬੇਲ ਨੂੰ ਉਹ ਸਭ ਕੁਝ ਦੱਸਿਆ ਜੋ ਏਲੀਯਾਹ ਨੇ ਕੀਤਾ ਸੀ ਅਤੇ ਕਿਵੇਂ ਉਸਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਮਾਰਿਆ ਸੀ। 2ਤਾਂ ਈਜ਼ੇਬੇਲ ਨੇ ਏਲੀਯਾਹ ਕੋਲ ਇੱਕ ਸੰਦੇਸ਼ਵਾਹਕ ਨੂੰ ਇਹ ਆਖਣ ਲਈ ਭੇਜਿਆ, “ਕਿ ਜੇਕਰ ਕੱਲ੍ਹ ਇਸ ਸਮੇਂ ਤੱਕ ਮੈਂ ਤੇਰੀ ਜਾਨ ਉਨ੍ਹਾਂ ਨਬੀਆਂ ਵਿੱਚੋਂ ਕਿਸੇ ਇੱਕ ਦੀ ਜਾਨ ਵਾਂਗ ਨਾ ਕਰਾਂ, ਤਾਂ ਦੇਵਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ ਸਗੋਂ ਇਸ ਤੋਂ ਵੀ ਵੱਧ।”
3ਤਾਂ ਏਲੀਯਾਹ ਡਰਿਆ ਅਤੇ ਉੱਠ ਕੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਬੇਰਸ਼ੇਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਸੇਵਕ ਨੂੰ ਤਾਂ ਉੱਥੇ ਹੀ ਛੱਡਿਆ, 4ਜਦੋਂ ਉਹ ਆਪ ਇੱਕ ਦਿਨ ਦੀ ਯਾਤਰਾ ਕਰਕੇ ਉਜਾੜ ਵਿੱਚ ਗਿਆ ਸੀ। ਉਹ ਝਾੜੂ ਵਾਲੀ ਝਾੜੀ ਕੋਲ ਆਇਆ, ਉਸ ਦੇ ਹੇਠਾਂ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਹੁਣ ਇੰਨਾ ਹੀ ਬਹੁਤ ਹੈ, ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਚੰਗਾ ਨਹੀਂ ਹਾਂ।” 5ਤਦ ਉਹ ਝਾੜੀ ਦੇ ਹੇਠਾਂ ਲੇਟ ਗਿਆ ਅਤੇ ਸੌਂ ਗਿਆ।
ਉਸੇ ਵੇਲੇ ਇੱਕ ਦੂਤ ਨੇ ਉਸ ਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ।” 6ਜਦ ਉਸ ਨੇ ਚਾਰੇ ਪਾਸੇ ਵੇਖਿਆ ਤਾਂ ਉਸ ਦੇ ਸਿਰਹਾਣੇ ਕੋਲਿਆਂ ਉੱਤੇ ਪਕਾਈ ਹੋਈ ਰੋਟੀ ਅਤੇ ਇੱਕ ਘੜਾ ਪਾਣੀ ਸੀ। ਉਸਨੇ ਖਾਧਾ ਪੀਤਾ ਅਤੇ ਫਿਰ ਲੇਟ ਗਿਆ।
7ਯਾਹਵੇਹ ਦਾ ਦੂਤ ਦੂਸਰੀ ਵਾਰ ਵਾਪਸ ਆਇਆ ਅਤੇ ਉਸਨੂੰ ਛੂਹਿਆ ਅਤੇ ਕਿਹਾ, “ਉੱਠ ਅਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਲੰਮਾ ਹੈ।” 8ਉਸ ਨੇ ਉੱਠ ਕੇ ਖਾਧਾ ਅਰ ਪੀਤਾ ਤਾਂ ਉਹ ਉਸ ਭੋਜਨ ਦੇ ਬਲ ਨਾਲ ਚਾਲੀ ਦਿਨ ਅਤੇ ਚਾਲੀ ਰਾਤਾਂ ਪਰਮੇਸ਼ਵਰ ਦੇ ਹੋਰੇਬ ਪਰਬਤ ਤੀਕ ਤੁਰਿਆ ਗਿਆ। 9ਉੱਥੇ ਉਸ ਨੇ ਇੱਕ ਗੁਫਾ ਵਿੱਚ ਜਾ ਕੇ ਰਾਤ ਕੱਟੀ।
ਯਾਹਵੇਹ ਏਲੀਯਾਹ ਨੂੰ ਪ੍ਰਗਟ ਹੁੰਦਾ ਹੈ
ਅਤੇ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”
10ਅੱਗੋਂ ਉਸ ਨੇ ਆਖਿਆ, “ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।”
11ਯਾਹਵੇਹ ਨੇ ਕਿਹਾ, “ਬਾਹਰ ਜਾ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਪਹਾੜ ਉੱਤੇ ਖਲੋ, ਕਿਉਂਕਿ ਯਾਹਵੇਹ ਲੰਘਣ ਵਾਲਾ ਹੈ।”
ਤਦ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਹਨੇਰੀ ਨੇ ਪਹਾੜਾਂ ਨੂੰ ਪਾੜ ਦਿੱਤਾ ਅਤੇ ਯਾਹਵੇਹ ਦੇ ਅੱਗੇ ਚੱਟਾਨਾਂ ਨੂੰ ਤੋੜ ਦਿੱਤਾ, ਪਰ ਯਾਹਵੇਹ ਹਵਾ ਵਿੱਚ ਨਹੀਂ ਸੀ। ਹਵਾ ਦੇ ਬਾਅਦ ਭੂਚਾਲ ਆਇਆ, ਪਰ ਯਾਹਵੇਹ ਭੂਚਾਲ ਵਿੱਚ ਵੀ ਨਹੀਂ ਸੀ। 12ਭੂਚਾਲ ਤੋਂ ਬਾਅਦ ਅੱਗ ਆਈ, ਪਰ ਯਾਹਵੇਹ ਅੱਗ ਵਿੱਚ ਵੀ ਨਹੀਂ ਸੀ ਅਤੇ ਅੱਗ ਦੇ ਬਾਅਦ ਇੱਕ ਕੋਮਲ ਆਵਾਜ਼ ਆਈ। 13ਜਦੋਂ ਏਲੀਯਾਹ ਨੇ ਇਹ ਸੁਣਿਆ ਤਾਂ ਉਸ ਨੇ ਆਪਣਾ ਚਾਦਰ ਆਪਣੇ ਮੂੰਹ ਉੱਤੇ ਖਿੱਚ ਲਿਆ ਅਤੇ ਬਾਹਰ ਜਾ ਕੇ ਗੁਫਾ ਦੇ ਮੂੰਹ ਕੋਲ ਜਾ ਖੜ੍ਹਾ ਹੋਇਆ।
ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈ?”
14ਤਾਂ ਉਸ ਨੇ ਆਖਿਆ, “ਮੈਂ ਯਾਹਵੇਹ ਸੈਨਾਂ ਦੇ ਪਰਮੇਸ਼ਵਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ। ਮੈਂ ਹੀ ਇਕੱਲਾ ਬਚਿਆ ਹਾਂ, ਅਤੇ ਹੁਣ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।”
15ਯਾਹਵੇਹ ਨੇ ਉਸ ਨੂੰ ਆਖਿਆ, “ਜਾਹ ਅਤੇ ਉਜਾੜ ਦੇ ਰਾਹ ਦੰਮਿਸ਼ਕ ਨੂੰ ਮੁੜ ਜਾਹ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ। 16ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰ, ਅਤੇ ਅਬੇਲ ਮਹੋਲਾਹ ਤੋਂ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਨੂੰ ਨਬੀ ਵਜੋਂ ਮਸਹ ਕਰ। 17ਤਾਂ ਐਉਂ ਹੋਵੇਗਾ ਕਿ ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਯੇਹੂ ਮਾਰੇਗਾ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਅਲੀਸ਼ਾ ਮਾਰੇਗਾ। 18ਪਰ ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਉਹ ਸਭ ਜਿਨ੍ਹਾਂ ਨੇ ਬਆਲ ਅੱਗੇ ਆਪਣੇ ਗੋਡੇ ਨਹੀਂ ਟੇਕੇ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ।”
ਅਲੀਸ਼ਾ ਦੀ ਪੁਕਾਰ
19ਤਾਂ ਏਲੀਯਾਹ ਉੱਥੋਂ ਚਲਾ ਗਿਆ ਅਤੇ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਨੂੰ ਲੱਭ ਲਿਆ। ਉਹ ਬਲਦਾਂ ਦੇ ਬਾਰਾਂ ਜੂਲੇ ਨਾਲ ਹਲ ਚਲਾ ਰਿਹਾ ਸੀ ਅਤੇ ਉਹ ਖੁਦ ਬਾਰ੍ਹਵੀਂ ਜੋੜੀ ਚਲਾ ਰਿਹਾ ਸੀ। ਏਲੀਯਾਹ ਉਸ ਕੋਲ ਗਿਆ ਅਤੇ ਆਪਣਾ ਚੋਗਾ ਉਸ ਦੇ ਦੁਆਲੇ ਸੁੱਟ ਦਿੱਤਾ। 20ਤਦ ਅਲੀਸ਼ਾ ਆਪਣੇ ਬਲਦਾਂ ਨੂੰ ਛੱਡ ਕੇ ਏਲੀਯਾਹ ਦੇ ਪਿੱਛੇ ਭੱਜਿਆ ਅਤੇ ਉਸਨੇ ਕਿਹਾ, “ਮੈਨੂੰ ਪਰਵਾਨਗੀ ਦੇਹ ਜੋ ਮੈਂ ਆਪਣੇ ਮਾਤਾ-ਪਿਤਾ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਵਾਂਗਾ।”
ਉਸ ਨੇ ਉਹ ਨੂੰ ਆਖਿਆ, “ਮੁੜ ਜਾਹ! ਮੈਂ ਤੈਨੂੰ ਕੀ ਕੀਤਾ?”
21ਤਾਂ ਉਹ ਉਸ ਦੇ ਕੋਲੋਂ ਮੁੜ ਗਿਆ। ਉਸ ਇੱਕ ਜੋਗ ਬਲਦਾਂ ਦੀ ਲੈ ਕੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਹਲ ਪੰਜਾਲੀ ਦੀਆਂ ਲੱਕੜੀਆਂ ਨਾਲ ਉਹਨਾਂ ਦਾ ਮਾਸ ਰਿੰਨ੍ਹ ਕੇ ਲੋਕਾਂ ਨੂੰ ਦਿੱਤਾ ਤਾਂ ਉਹਨਾਂ ਨੇ ਖਾਧਾ। ਫਿਰ ਉਹ ਉੱਠਿਆ ਅਤੇ ਏਲੀਯਾਹ ਦੇ ਪਿੱਛੇ ਜਾ ਲੱਗਾ ਅਤੇ ਉਸ ਦੀ ਸੇਵਾ ਕਰਦਾ ਰਿਹਾ।
Currently Selected:
1 ਰਾਜਿਆਂ 19: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.