Bible App logo
Search Icon

1 ਰਾਜਿਆਂ 14

14
ਯਾਰਾਬੁਆਮ ਦੇ ਵਿਰੁੱਧ ਅਬੀਯਾਹ ਦੀ ਭਵਿੱਖਬਾਣੀ
1ਉਸ ਸਮੇਂ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਿਮਾਰ ਹੋ ਗਿਆ, 2ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, “ਜਾ, ਆਪਣਾ ਭੇਸ ਧਾਰ, ਤਾਂ ਜੋ ਤੂੰ ਯਾਰਾਬੁਆਮ ਦੀ ਪਤਨੀ ਵਜੋਂ ਪਛਾਣੀ ਨਾ ਜਾਵੇਂ। ਫਿਰ ਸ਼ੀਲੋਹ ਨੂੰ ਜਾ। ਅਹੀਯਾਹ ਨਬੀ ਉੱਥੇ ਹੈ ਜਿਸ ਨੇ ਮੈਨੂੰ ਦੱਸਿਆ ਕਿ ਮੈਂ ਇਨ੍ਹਾਂ ਲੋਕਾਂ ਦਾ ਰਾਜਾ ਬਣਾਗਾ। 3ਆਪਣੇ ਨਾਲ ਦਸ ਰੋਟੀਆਂ, ਕੁਝ ਚੂਰਮਾ ਅਤੇ ਇੱਕ ਘੜਾ ਸ਼ਹਿਦ ਲੈ ਕੇ ਉਹ ਦੇ ਕੋਲ ਜਾ। ਉਹ ਤੁਹਾਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।” 4ਤਾਂ ਯਾਰਾਬੁਆਮ ਦੀ ਪਤਨੀ ਨੇ ਉਹੀ ਕੀਤਾ ਜੋ ਉਸ ਨੇ ਕਿਹਾ ਅਤੇ ਸ਼ੀਲੋਹ ਵਿੱਚ ਅਹੀਯਾਹ ਦੇ ਘਰ ਚਲੀ ਗਈ।
ਹੁਣ ਅਹੀਯਾਹ ਨਹੀਂ ਦੇਖ ਸਕਦਾ ਸੀ ਅਤੇ ਉਮਰ ਕਾਰਨ ਉਸਦੀ ਨਜ਼ਰ ਚਲੀ ਗਈ ਸੀ। 5ਪਰ ਯਾਹਵੇਹ ਨੇ ਅਹੀਯਾਹ ਨੂੰ ਆਖਿਆ ਸੀ, “ਯਾਰਾਬੁਆਮ ਦੀ ਪਤਨੀ ਆਪਣੇ ਪੁੱਤਰ ਬਾਰੇ ਪੁੱਛਣ ਲਈ ਆ ਰਹੀ ਹੈ ਕਿਉਂਕਿ ਉਹ ਬਿਮਾਰ ਹੈ ਅਤੇ ਤੂੰ ਉਸਨੂੰ ਅਜਿਹਾ ਉੱਤਰ ਦੇਣਾ ਹੈ। ਜਦੋਂ ਉਹ ਆਵੇਗੀ, ਉਹ ਕੋਈ ਹੋਰ ਹੋਣ ਦਾ ਦਿਖਾਵਾ ਕਰੇਗੀ।”
6ਇਸ ਲਈ ਜਦੋਂ ਅਹੀਯਾਹ ਨੇ ਦਰਵਾਜ਼ੇ ਉੱਤੇ ਉਸ ਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆ ਜਾ। ਇਹ ਦਿਖਾਵਾ ਕਿਉਂ? ਮੈਨੂੰ ਤੁਹਾਡੇ ਕੋਲ ਬੁਰੀ ਖ਼ਬਰ ਨਾਲ ਭੇਜਿਆ ਗਿਆ ਹੈ। 7ਜਾ, ਯਾਰਾਬੁਆਮ ਨੂੰ ਆਖ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਗੱਲਾਂ ਆਖਦਾ ਹੈ, ‘ਮੈਂ ਤੈਨੂੰ ਲੋਕਾਂ ਵਿੱਚੋਂ ਉਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ। 8ਮੈਂ ਦਾਵੀਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ, ਪਰ ਤੂੰ ਮੇਰੇ ਦਾਸ ਦਾਵੀਦ ਵਰਗਾ ਨਹੀਂ ਰਿਹਾ ਜਿਸ ਨੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਿਆ ਅਤੇ ਉਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ। 9ਤੁਸੀਂ ਉਹਨਾਂ ਸਭਨਾਂ ਨਾਲੋਂ ਜੋ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਵੱਧ ਬੁਰਿਆਈ ਕੀਤੀ ਹੈ। ਤੁਸੀਂ ਆਪਣੇ ਲਈ ਹੋਰ ਦੇਵਤੇ ਬਣਾਏ ਹਨ, ਧਾਤੂ ਦੀਆਂ ਮੂਰਤੀਆਂ ਬਣਾਈਆਂ ਹਨ, ਤੂੰ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ।
10“ ‘ਇਸ ਕਾਰਨ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ। ਮੈਂ ਯਾਰਾਬੁਆਮ ਤੋਂ ਇਸਰਾਏਲ ਦੇ ਹਰ ਆਖਰੀ ਆਦਮੀ ਨੂੰ ਕੱਟ ਦਿਆਂਗਾ ਗੁਲਾਮ ਜਾਂ ਅਜ਼ਾਦ, ਮੈਂ ਯਾਰਾਬੁਆਮ ਦੇ ਘਰਾਣੇ ਨੂੰ ਇਸ ਤਰ੍ਹਾਂ ਸਾੜ ਦਿਆਂਗਾ ਜਿਵੇਂ ਕੋਈ ਗੋਹੇ ਨੂੰ ਸਾੜਦਾ ਹੈ, ਜਦ ਤੱਕ ਇਹ ਸਭ ਖਤਮ ਨਹੀਂ ਹੋ ਜਾਂਦਾ। 11ਯਾਰਾਬੁਆਮ ਦੇ ਘਰ ਦੇ ਮੈਂਬਰ ਜਿਹੜੇ ਸ਼ਹਿਰ ਵਿੱਚ ਮਰਨਗੇ ਉਹਨਾਂ ਨੂੰ ਕੁੱਤੇ ਖਾ ਜਾਣਗੇ ਅਤੇ ਜਿਹੜੇ ਦੇਸ਼ ਵਿੱਚ ਮਰਨਗੇ ਉਹਨਾਂ ਨੂੰ ਪੰਛੀ ਖਾਣਗੇ, ਕਿਉਂ ਜੋ ਯਾਹਵੇਹ ਇਸ ਤਰ੍ਹਾਂ ਬੋਲਿਆ ਹੈ।’
12“ਜਿੱਥੋਂ ਤੱਕ ਤੁਹਾਡੀ ਗੱਲ ਹੈ, ਘਰ ਵਾਪਸ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਹੀ ਮੁੰਡਾ ਮਰ ਜਾਵੇਗਾ। 13ਸਾਰਾ ਇਸਰਾਏਲ ਉਹ ਦੇ ਲਈ ਸੋਗ ਕਰੇਗਾ ਅਤੇ ਉਸ ਨੂੰ ਦਫ਼ਨਾਉਣਗੇ। ਸਿਰਫ ਉਹੀ ਯਾਰਾਬੁਆਮ ਦਾ ਹੈ ਜਿਸ ਨੂੰ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚ ਸਿਰਫ ਉਹੀ ਵਿਅਕਤੀ ਹੈ ਜਿਸ ਵਿੱਚ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੇ ਕੁਝ ਵੀ ਚੰਗਾ ਪਾਇਆ ਹੈ।
14“ਯਾਹਵੇਹ ਆਪਣੇ ਲਈ ਇਸਰਾਏਲ ਉੱਤੇ ਇੱਕ ਰਾਜਾ ਖੜ੍ਹਾ ਕਰੇਗਾ ਜੋ ਯਾਰਾਬੁਆਮ ਦੇ ਪਰਿਵਾਰ ਨੂੰ ਖਤਮ ਕਰ ਦੇਵੇਗਾ। ਹੁਣ ਵੀ ਇਹ ਵਾਪਰਨਾ ਸ਼ੁਰੂ ਹੋ ਗਿਆ ਹੈ। 15ਅਤੇ ਯਾਹਵੇਹ ਇਸਰਾਏਲ ਨੂੰ ਅਜਿਹਾ ਮਾਰ ਦੇਵੇਗਾ ਕਿ ਉਹ ਪਾਣੀ ਵਿੱਚ ਹਿੱਲਦੇ ਹੋਏ ਕਾਨੇ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਇਸ ਚੰਗੀ ਧਰਤੀ ਤੋਂ ਉਖਾੜ ਸੁੱਟੇਗਾ ਜਿਹੜੀ ਉਸ ਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਹਨਾਂ ਨੂੰ ਫ਼ਰਾਤ ਦਰਿਆ ਦੇ ਪਾਰ ਖਿੰਡਾ ਦੇਵੇਗਾ ਕਿਉਂ ਜੋ ਉਹਨਾਂ ਨੇ ਅਸ਼ੇਰਾਹ ਦੇ ਥੰਮ ਬਣਾ ਕੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ 16ਅਤੇ ਉਹ ਇਸਰਾਏਲ ਨੂੰ ਛੱਡ ਦੇਵੇਗਾ ਕਿਉਂਕਿ ਜਿਹੜੇ ਪਾਪ ਯਾਰਾਬੁਆਮ ਨੇ ਕੀਤੇ ਹਨ ਅਤੇ ਇਸਰਾਏਲ ਨੂੰ ਕਰਨ ਲਈ ਉਕਸਾਇਆ ਹੈ।”
17ਤਦ ਯਾਰਾਬੁਆਮ ਦੀ ਪਤਨੀ ਉੱਠ ਕੇ ਤੁਰ ਗਈ ਅਤੇ ਤਿਰਜ਼ਾਹ ਨੂੰ ਚਲੀ ਗਈ। ਜਿਵੇਂ ਹੀ ਉਸਨੇ ਘਰ ਦੀ ਦਹਿਲੀਜ਼ ਉੱਤੇ ਪੈਰ ਰੱਖਿਆ, ਲੜਕੇ ਦੀ ਮੌਤ ਹੋ ਗਈ। 18ਉਹਨਾਂ ਨੇ ਉਹ ਨੂੰ ਦਫ਼ਨਾਇਆ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਜਿਵੇਂ ਯਾਹਵੇਹ ਨੇ ਆਪਣੇ ਸੇਵਕ ਅਹੀਯਾਹ ਨਬੀ ਦੇ ਰਾਹੀਂ ਆਖਿਆ ਸੀ।
19ਯਾਰਾਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਲੜਾਈਆਂ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 20ਯਾਰਾਬੁਆਮ ਨੇ ਬਾਈ ਸਾਲ ਰਾਜ ਕੀਤਾ ਅਤੇ ਤਾਂ ਉਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਨਾਦਾਬ ਉਸ ਤੋਂ ਬਾਅਦ ਰਾਜਾ ਬਣਿਆ।
ਯਹੂਦਾਹ ਦਾ ਰਾਜਾ ਰਹਬੁਆਮ
21ਸ਼ਲੋਮੋਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਰਾਜਾ ਸੀ। ਜਦੋਂ ਉਹ ਰਾਜਾ ਬਣਿਆ ਤਾਂ ਉਹ ਇੱਕਤਾਲੀਆਂ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਸਤਾਰਾਂ ਸਾਲ ਰਾਜ ਕੀਤਾ, ਜਿਸ ਸ਼ਹਿਰ ਨੂੰ ਯਾਹਵੇਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਜਿਸ ਵਿੱਚ ਆਪਣਾ ਨਾਮ ਰੱਖਣ ਲਈ ਚੁਣਿਆ ਗਿਆ ਸੀ। ਉਸਦੀ ਮਾਤਾ ਦਾ ਨਾਮ ਨਾਮਾਹ ਸੀ; ਉਹ ਇੱਕ ਅੰਮੋਨੀ ਸੀ।
22ਅਤੇ ਯਹੂਦਾਹ ਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਹਨਾਂ ਨੇ ਉਸ ਦੀ ਅਣਖ ਨੂੰ ਭੜਕਾਇਆ ਉਹਨਾਂ ਸਾਰਿਆਂ ਪਾਪਾਂ ਦੇ ਕਾਰਨ ਜੋ ਉਹਨਾਂ ਆਪਣੇ ਪੁਰਖਿਆਂ ਤੋਂ ਵੱਧ ਪਾਪ ਕੀਤਾ। 23ਉਹਨਾਂ ਨੇ ਆਪਣੇ ਲਈ ਉੱਚੇ ਸਥਾਨ, ਪਵਿੱਤਰ ਪੱਥਰ ਅਤੇ ਅਸ਼ੇਰਾਹ ਦੇ ਥੰਮ ਹਰੇਕ ਉੱਚੇ ਟਿੱਬੇ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਣਾਏ। 24ਦੇਸ਼ ਵਿੱਚ ਮਰਦ ਅਤੇ ਇਸਤਰੀਆਂ ਵੇਸਵਾਵਾਂ ਵੀ ਸਨ। ਉਹ ਲੋਕ ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਵਿੱਚ ਲੱਗੇ ਹੋਏ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਮ੍ਹਣੇ ਬਾਹਰ ਕੱਢ ਦਿੱਤਾ ਸੀ।
25ਰਾਜਾ ਰਹਬੁਆਮ ਦੇ ਪੰਜਵੇਂ ਸਾਲ ਵਿੱਚ ਮਿਸਰ ਦੇ ਰਾਜਾ ਸ਼ੀਸ਼ਕ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ। 26ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ। ਸਗੋਂ ਉਹ ਸਭ ਲੈ ਗਿਆ ਸੋਨੇ ਦੀਆਂ ਢਾਲਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ। 27ਇਸ ਲਈ ਰਾਜਾ ਰਹਬੁਆਮ ਨੇ ਉਹਨਾਂ ਨੂੰ ਬਦਲਣ ਲਈ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਇਨ੍ਹਾਂ ਨੂੰ ਉਹਨਾਂ ਨੂੰ ਸ਼ਾਹੀ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਪਹਿਰੇਦਾਰਾਂ ਨੂੰ ਸੌਂਪ ਦਿੱਤਾ। 28ਜਦੋਂ ਵੀ ਰਾਜਾ ਯਾਹਵੇਹ ਦੇ ਭਵਨ ਵਿੱਚ ਜਾਂਦਾ ਸੀ ਤਾਂ ਪਹਿਰੇਦਾਰ ਢਾਲਾਂ ਨੂੰ ਚੁੱਕ ਕੇ ਪਹਿਰੇ ਵਾਲੇ ਕਮਰੇ ਵਿੱਚ ਵਾਪਸ ਲੈ ਕੇ ਰੱਖ ਦਿੰਦੇ ਸਨ।
29ਰਹਬੁਆਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਕੀਤਾ ਗਿਆ। 30ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਲੜਾਈ ਹੁੰਦੀ ਰਹਿੰਦੀ ਸੀ। 31ਅਤੇ ਰਹਬੁਆਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ। ਉਸਦੀ ਮਾਤਾ ਦਾ ਨਾਮ ਨਾਮਾਹ ਸੀ ਉਹ ਇੱਕ ਅੰਮੋਨੀ ਸੀ ਅਤੇ ਉਸਦਾ ਪੁੱਤਰ ਅਬੀਜਾਮ#14:31 ਅਬੀਜਾਮ ਕੁਝ ਲਿਖਤਾਂ ਦੇ ਵਿੱਚ ਅਬੀਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

Currently Selected:

1 ਰਾਜਿਆਂ 14: PCB

Highlight

Copy

Compare

Share

None

Want to have your highlights saved across all your devices? Sign up or sign in

Videos for 1 ਰਾਜਿਆਂ 14