1 ਰਾਜਿਆਂ 13
13
ਯਹੂਦਾਹ ਤੋਂ ਪਰਮੇਸ਼ਵਰ ਦਾ ਮਨੁੱਖ
1ਯਾਹਵੇਹ ਦੇ ਬਚਨ ਅਨੁਸਾਰ ਪਰਮੇਸ਼ਵਰ ਦਾ ਇੱਕ ਮਨੁੱਖ ਯਹੂਦਾਹ ਤੋਂ ਬੈਤਏਲ ਵਿੱਚ ਆਇਆ, ਜਦੋਂ ਯਾਰਾਬੁਆਮ ਭੇਟ ਚੜ੍ਹਾਉਣ ਲਈ ਜਗਵੇਦੀ ਕੋਲ ਖੜ੍ਹਾ ਸੀ। 2ਯਾਹਵੇਹ ਦੇ ਬਚਨ ਦੁਆਰਾ ਉਸ ਨੇ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ: “ਹੇ ਜਗਵੇਦੀ, ਹੇ ਜਗਵੇਦੀ! ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਕਿ ਵੇਖ, ਦਾਵੀਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮ ਦਾ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।’ ” 3ਉਸੇ ਦਿਨ ਪਰਮੇਸ਼ਵਰ ਦੇ ਮਨੁੱਖ ਨੇ ਇੱਕ ਨਿਸ਼ਾਨੀ ਦਿੱਤੀ, “ਇਹ ਯਾਹਵੇਹ ਦਾ ਚਿੰਨ੍ਹ ਹੈ: ਜਗਵੇਦੀ ਨੂੰ ਵੱਖ ਕਰ ਦਿੱਤਾ ਜਾਵੇਗਾ ਅਤੇ ਇਸ ਉੱਤੇ ਸੁਆਹ ਡੋਲ੍ਹ ਦਿੱਤੀ ਜਾਵੇਗੀ।”
4ਜਦੋਂ ਰਾਜਾ ਯਾਰਾਬੁਆਮ ਨੇ ਸੁਣਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਪੁਕਾਰਿਆ ਹੈ, ਤਾਂ ਉਸ ਨੇ ਜਗਵੇਦੀ ਤੋਂ ਆਪਣਾ ਹੱਥ ਵਧਾ ਕੇ ਕਿਹਾ, “ਉਸ ਨੂੰ ਫੜ ਲੈ!” ਪਰ ਜਿਹੜਾ ਹੱਥ ਉਸ ਨੇ ਆਦਮੀ ਵੱਲ ਵਧਾਇਆ ਸੀ, ਉਹ ਸੁੰਗੜ ਗਿਆ, ਇਸ ਲਈ ਉਹ ਉਸ ਨੂੰ ਪਿੱਛੇ ਨਾ ਖਿੱਚ ਸਕਿਆ। 5ਨਾਲੇ, ਜਗਵੇਦੀ ਪਾਟ ਗਈ ਅਤੇ ਉਸ ਦੀ ਸੁਆਹ ਉਸ ਨਿਸ਼ਾਨ ਦੇ ਅਨੁਸਾਰ ਡੋਲ੍ਹ ਦਿੱਤੀ ਗਈ ਜੋ ਪਰਮੇਸ਼ਵਰ ਦੇ ਮਨੁੱਖ ਦੁਆਰਾ ਯਾਹਵੇਹ ਦੇ ਬਚਨ ਦੁਆਰਾ ਦਿੱਤੀ ਗਈ ਸੀ।
6ਤਦ ਰਾਜੇ ਨੇ ਪਰਮੇਸ਼ਵਰ ਦੇ ਮਨੁੱਖ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਬੇਨਤੀ ਕਰ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।” ਇਸ ਲਈ ਪਰਮੇਸ਼ਵਰ ਦੇ ਬੰਦੇ ਨੇ ਯਾਹਵੇਹ ਦੇ ਅੱਗੇ ਬੇਨਤੀ ਕੀਤੀ, ਅਤੇ ਰਾਜੇ ਦਾ ਹੱਥ ਬਹਾਲ ਹੋ ਗਿਆ ਅਤੇ ਪਹਿਲਾਂ ਵਾਂਗ ਹੋ ਗਿਆ।
7ਰਾਜੇ ਨੇ ਪਰਮੇਸ਼ਵਰ ਦੇ ਬੰਦੇ ਨੂੰ ਆਖਿਆ, “ਮੇਰੇ ਨਾਲ ਘਰ ਭੋਜਨ ਲਈ ਆ, ਮੈਂ ਤੈਨੂੰ ਇੱਕ ਤੋਹਫ਼ਾ ਦੇਵਾਂਗਾ।”
8ਪਰ ਪਰਮੇਸ਼ਵਰ ਦੇ ਜਨ ਨੇ ਰਾਜੇ ਨੂੰ ਉੱਤਰ ਦਿੱਤਾ, “ਭਾਵੇਂ ਤੁਸੀਂ ਆਪਣੀ ਅੱਧੀ ਜਾਇਦਾਦ ਮੈਨੂੰ ਦੇ ਦਿਓ, ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਨਾ ਮੈਂ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ। 9ਕਿਉਂਕਿ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ: ‘ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਅਤੇ ਨਾ ਹੀ ਉਸ ਰਸਤੇ ਤੋਂ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ ਸੀ।’ ” 10ਇਸ ਲਈ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ।
11ਬੈਤਏਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ, ਜਿਸ ਦੇ ਪੁੱਤਰਾਂ ਨੇ ਆ ਕੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਦੇ ਮਨੁੱਖ ਨੇ ਉਸ ਦਿਨ ਉੱਥੇ ਕੀਤਾ ਸੀ। ਉਹਨਾਂ ਨੇ ਆਪਣੇ ਪਿਤਾ ਨੂੰ ਉਹ ਵੀ ਦੱਸਿਆ ਜੋ ਉਸਨੇ ਰਾਜੇ ਨੂੰ ਕਿਹਾ ਸੀ। 12ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪੁੱਛਿਆ, “ਉਹ ਕਿਸ ਪਾਸੇ ਗਿਆ ਸੀ?” ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ਵਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਹੜੇ ਰਾਹ ਗਿਆ। 13ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਮੇਰੇ ਲਈ ਖੋਤੇ ਉੱਤੇ ਕਾਠੀ ਪਾਓ ਅਤੇ ਜਦੋਂ ਉਹਨਾਂ ਨੇ ਉਹ ਦੇ ਲਈ ਖੋਤੇ ਉੱਤੇ ਕਾਠੀ ਪਾਈ ਤਾਂ ਉਹ ਉਸ ਉੱਤੇ ਚੜ੍ਹ ਗਿਆ।” 14ਅਤੇ ਪਰਮੇਸ਼ਵਰ ਦੇ ਬੰਦੇ ਦੇ ਪਿੱਛੇ ਚੱਲ ਪਿਆ। ਉਸਨੇ ਉਸਨੂੰ ਇੱਕ ਬਲੂਤ ਦੇ ਦਰਖ਼ਤ ਹੇਠਾਂ ਬੈਠਾ ਪਾਇਆ ਅਤੇ ਪੁੱਛਿਆ, “ਕੀ ਤੂੰ ਪਰਮੇਸ਼ਵਰ ਦਾ ਬੰਦਾ ਹੈ ਜੋ ਯਹੂਦਾਹ ਤੋਂ ਆਇਆ ਹੈ?”
ਉਸਨੇ ਜਵਾਬ ਦਿੱਤਾ, “ਮੈਂ ਹੀ ਹਾਂ।”
15ਤਾਂ ਨਬੀ ਨੇ ਉਹ ਨੂੰ ਆਖਿਆ, “ਮੇਰੇ ਨਾਲ ਘਰ ਆ ਕੇ ਖਾਓ।”
16ਪਰਮੇਸ਼ਵਰ ਦੇ ਬੰਦੇ ਨੇ ਆਖਿਆ, “ਮੈਂ ਪਿੱਛੇ ਮੁੜ ਕੇ ਤੁਹਾਡੇ ਨਾਲ ਨਹੀਂ ਜਾ ਸਕਦਾ ਅਤੇ ਨਾ ਹੀ ਮੈਂ ਇਸ ਥਾਂ ਤੇ ਤੁਹਾਡੇ ਨਾਲ ਰੋਟੀ ਖਾ ਸਕਦਾ ਹਾਂ ਅਤੇ ਨਾ ਹੀ ਪਾਣੀ ਪੀ ਸਕਦਾ ਹਾਂ। 17ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ ਗਿਆ ਹੈ: ‘ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ ਹੈ।’ ”
18ਬੁੱਢੇ ਨਬੀ ਨੇ ਉੱਤਰ ਦਿੱਤਾ, “ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਇੱਕ ਦੂਤ ਨੇ ਮੈਨੂੰ ਯਾਹਵੇਹ ਦੇ ਬਚਨ ਦੁਆਰਾ ਕਿਹਾ, ‘ਉਸ ਨੂੰ ਆਪਣੇ ਨਾਲ ਆਪਣੇ ਘਰ ਵਾਪਸ ਲਿਆਓ ਤਾਂ ਜੋ ਉਹ ਰੋਟੀ ਖਾਵੇ ਅਤੇ ਪਾਣੀ ਪੀਵੇ।’ ” ਪਰ ਉਹ ਉਸ ਨਾਲ ਝੂਠ ਬੋਲ ਰਿਹਾ ਸੀ। 19ਤਾਂ ਪਰਮੇਸ਼ਵਰ ਦਾ ਬੰਦਾ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਖਾਧਾ ਪੀਤਾ।
20ਜਦੋਂ ਉਹ ਮੇਜ਼ ਉੱਤੇ ਬੈਠੇ ਸਨ, ਤਾਂ ਯਾਹਵੇਹ ਦਾ ਬਚਨ ਉਸ ਬੁੱਢੇ ਨਬੀ ਨੂੰ ਆਇਆ ਜੋ ਉਸਨੂੰ ਵਾਪਸ ਲਿਆਇਆ ਸੀ। 21ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਪੁਕਾਰਿਆ, “ਯਾਹਵੇਹ ਇਹ ਆਖਦਾ ਹੈ, ‘ਤੂੰ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ ਹੈ ਅਤੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੈਨੂੰ ਹੁਕਮ ਦਿੱਤਾ ਸੀ। 22ਤੁਸੀਂ ਵਾਪਸ ਆ ਕੇ ਉੱਥੇ ਰੋਟੀ ਖਾਧੀ ਅਤੇ ਪਾਣੀ ਪੀਤਾ ਜਿੱਥੇ ਉਸ ਨੇ ਤੁਹਾਨੂੰ ਨਾ ਖਾਣ ਅਤੇ ਨਾ ਪੀਣ ਨੂੰ ਕਿਹਾ ਸੀ। ਇਸ ਲਈ ਤੇਰੀ ਦੇਹ ਨੂੰ ਤੇਰੇ ਪੁਰਖਿਆਂ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।’ ”
23ਜਦੋਂ ਪਰਮੇਸ਼ਵਰ ਦਾ ਮਨੁੱਖ ਖਾਣਾ-ਪੀਣਾ ਖਾ ਚੁੱਕਾ, ਤਾਂ ਨਬੀ ਜਿਹੜਾ ਉਸ ਨੂੰ ਵਾਪਸ ਲਿਆਇਆ ਸੀ, ਉਸ ਨੇ ਉਸ ਲਈ ਆਪਣੇ ਗਧੇ ਉੱਤੇ ਕਾਠੀ ਪਾ ਦਿੱਤੀ। 24ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਸ਼ੇਰ ਨੇ ਉਹ ਨੂੰ ਰਾਹ ਵਿੱਚ ਆ ਕੇ ਮਾਰ ਦਿੱਤਾ ਅਤੇ ਉਹ ਦੀ ਲੋਥ ਸੜਕ ਉੱਤੇ ਪਈ ਰਹਿ ਗਈ ਅਤੇ ਗਧਾ ਅਤੇ ਸ਼ੇਰ ਦੋਵੇਂ ਉਸ ਦੇ ਕੋਲ ਖੜ੍ਹੇ ਸਨ। 25ਕੁਝ ਲੋਕਾਂ ਨੇ ਜਿਹੜੇ ਉੱਥੋਂ ਲੰਘਦੇ ਸਨ, ਲਾਸ਼ ਨੂੰ ਉੱਥੇ ਪਿਆ ਵੇਖਿਆ ਅਤੇ ਉਸ ਦੇ ਕੋਲ ਸ਼ੇਰ ਖੜ੍ਹਾ ਸੀ ਅਤੇ ਜਾ ਕੇ ਉਸ ਸ਼ਹਿਰ ਵਿੱਚ ਜਿੱਥੇ ਉਹ ਬਜ਼ੁਰਗ ਨਬੀ ਰਹਿੰਦਾ ਸੀ ਖ਼ਬਰ ਦਿੱਤੀ।
26ਜਦੋਂ ਉਸ ਨਬੀ ਨੇ ਜੋ ਉਸ ਨੂੰ ਉਸ ਦੇ ਸਫ਼ਰ ਤੋਂ ਵਾਪਸ ਲਿਆਇਆ ਸੀ, ਉਸ ਨੇ ਇਹ ਸੁਣਿਆ, ਤਾਂ ਉਸ ਨੇ ਕਿਹਾ, “ਇਹ ਉਹ ਪਰਮੇਸ਼ਵਰ ਦਾ ਬੰਦਾ ਹੈ ਜਿਸ ਨੇ ਯਾਹਵੇਹ ਦੇ ਬਚਨ ਦੀ ਉਲੰਘਣਾ ਕੀਤੀ। ਯਾਹਵੇਹ ਨੇ ਉਸਨੂੰ ਸ਼ੇਰ ਦੇ ਹਵਾਲੇ ਕਰ ਦਿੱਤਾ ਹੈ ਜਿਸ ਨੇ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ, ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ।”
27ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, “ਮੇਰੇ ਲਈ ਖੋਤੇ ਉੱਤੇ ਕਾਠੀ ਪਾਓ।” ਅਤੇ ਉਹਨਾਂ ਨੇ ਅਜਿਹਾ ਹੀ ਕੀਤਾ। 28ਤਦ ਉਹ ਬਾਹਰ ਨਿੱਕਲਿਆ ਅਤੇ ਉਸ ਲਾਸ਼ ਨੂੰ ਰਾਹ ਵਿੱਚ ਪਿਆ ਵੇਖਿਆ ਅਤੇ ਗਧਾ ਅਤੇ ਸ਼ੇਰ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਤਾਂ ਸਰੀਰ ਖਾਧਾ ਅਤੇ ਨਾ ਹੀ ਖੋਤੇ ਨੂੰ ਮਾਰਿਆ। 29ਤਾਂ ਨਬੀ ਨੇ ਪਰਮੇਸ਼ਵਰ ਦੇ ਮਨੁੱਖ ਦੀ ਲੋਥ ਨੂੰ ਚੁੱਕ ਕੇ ਖੋਤੇ ਉੱਤੇ ਰੱਖਿਆ ਅਤੇ ਉਸ ਦੇ ਲਈ ਸੋਗ ਮਨਾਉਣ ਅਤੇ ਉਸ ਨੂੰ ਦਫ਼ਨਾਉਣ ਲਈ ਆਪਣੇ ਸ਼ਹਿਰ ਵਿੱਚ ਵਾਪਸ ਲੈ ਆਇਆ। 30ਤਦ ਉਸ ਨੇ ਲੋਥ ਨੂੰ ਆਪਣੀ ਕਬਰ ਵਿੱਚ ਰੱਖਿਆ ਅਤੇ ਉਹਨਾਂ ਨੇ ਉਸ ਉੱਤੇ ਸੋਗ ਕੀਤਾ ਅਤੇ ਆਖਿਆ, “ਹਾਏ ਮੇਰੇ ਭਰਾ!”
31ਉਸ ਨੂੰ ਦਫ਼ਨਾਉਣ ਤੋਂ ਬਾਅਦ, ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਜਦੋਂ ਮੈਂ ਮਰ ਜਾਵਾਂ, ਤਾਂ ਮੈਨੂੰ ਕਬਰ ਵਿੱਚ ਦਫ਼ਨਾ ਦੇਣਾ ਜਿੱਥੇ ਪਰਮੇਸ਼ਵਰ ਦੇ ਬੰਦੇ ਨੂੰ ਦਫ਼ਨਾਇਆ ਗਿਆ ਹੈ। ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਕੋਲ ਰੱਖ ਦੇਣਾ। 32ਕਿਉਂਕਿ ਜੋ ਸੰਦੇਸ਼ ਉਸ ਨੇ ਯਾਹਵੇਹ ਦੇ ਬਚਨ ਦੁਆਰਾ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਅਤੇ ਸਾਮਰਿਯਾ ਦੇ ਕਸਬਿਆਂ ਵਿੱਚ ਉੱਚੇ ਸਥਾਨਾਂ ਦੇ ਸਾਰੇ ਧਰਮ ਦੇ ਸਥਾਨਾਂ ਵਿਰੁੱਧ ਸੁਣਾਇਆ ਸੀ ਉਹ ਜ਼ਰੂਰ ਪੂਰਾ ਹੋਵੇਗਾ।”
33ਇਸ ਤੋਂ ਬਾਅਦ ਵੀ ਯਾਰਾਬੁਆਮ ਨੇ ਆਪਣੇ ਬੁਰੇ ਰਾਹ ਨਾ ਬਦਲੇ ਸਗੋਂ ਇੱਕ ਵਾਰ ਫੇਰ ਉੱਚਿਆਂ ਥਾਵਾਂ ਲਈ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ। ਕੋਈ ਵੀ ਜੋ ਜਾਜਕ ਬਣਨਾ ਚਾਹੁੰਦਾ ਸੀ, ਉਸਨੇ ਉੱਚੇ ਸਥਾਨਾਂ ਲਈ ਪਵਿੱਤਰ ਕੀਤਾ। 34ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ।
Currently Selected:
1 ਰਾਜਿਆਂ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.