1 ਰਾਜਿਆਂ 12
12
ਰਹਬੁਆਮ ਦੇ ਵਿਰੁੱਧ ਇਸਰਾਏਲ ਦੀ ਬਗਾਵਤ
1ਰਹਬੁਆਮ ਸ਼ੇਕੇਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਉੱਥੇ ਗਿਆ ਸੀ। 2ਜਦੋਂ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ (ਉਹ ਅਜੇ ਮਿਸਰ ਵਿੱਚ ਹੀ ਸੀ ਜਿੱਥੋਂ ਉਹ ਰਾਜਾ ਸ਼ਲੋਮੋਨ ਤੋਂ ਭੱਜ ਗਿਆ ਸੀ), ਉਹ ਮਿਸਰ ਤੋਂ ਮੁੜ ਆਇਆ। 3ਇਸ ਲਈ ਉਹਨਾਂ ਨੇ ਯਾਰਾਬੁਆਮ ਨੂੰ ਬੁਲਾਇਆ, ਉਹ ਅਤੇ ਇਸਰਾਏਲ ਦੀ ਸਾਰੀ ਸਭਾ ਰਹਬੁਆਮ ਕੋਲ ਗਈ ਅਤੇ ਉਸ ਨਾਲ ਗੱਲ ਕੀਤੀ, 4“ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਸੀ, ਪਰ ਹੁਣ ਉਸ ਕਠੋਰ ਮਿਹਨਤ ਅਤੇ ਭਾਰੇ ਜੂਲੇ ਨੂੰ ਜੋ ਉਸ ਨੇ ਸਾਡੇ ਉੱਤੇ ਪਾਇਆ ਹੈ ਉਸਨੂੰ ਹਲਕਾ ਕਰ ਤਾਂ ਅਸੀਂ ਤੇਰੀ ਸੇਵਾ ਕਰਾਂਗੇ।”
5ਰਹਬੁਆਮ ਨੇ ਉੱਤਰ ਦਿੱਤਾ, “ਤੁਸੀਂ ਹੁਣ ਤਾਂ ਤਿੰਨਾਂ ਦਿਨਾਂ ਲਈ ਚੱਲੇ ਜਾਓ ਅਤੇ ਫੇਰ ਮੇਰੇ ਕੋਲ ਵਾਪਸ ਆ ਜਾਓ।” ਇਸ ਲਈ ਲੋਕ ਚਲੇ ਗਏ।
6ਤਦ ਰਾਜਾ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸ਼ਲੋਮੋਨ ਦੇ ਜੀਵਨ ਕਾਲ ਵਿੱਚ ਉਸ ਦੀ ਸੇਵਾ ਕਰਦੇ ਸਨ ਅਤੇ ਪੁੱਛਿਆ “ਤੁਹਾਡੀ ਕੀ ਸਲਾਹ ਹੈ ਮੈਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?”
7ਉਹਨਾਂ ਨੇ ਉੱਤਰ ਦਿੱਤਾ, “ਜੇਕਰ ਅੱਜ ਤੁਸੀਂ ਇਨ੍ਹਾਂ ਲੋਕਾਂ ਦੇ ਸੇਵਕ ਬਣੋਗੇ ਅਤੇ ਉਹਨਾਂ ਦੀ ਸੇਵਾ ਕਰੋਗੇ ਅਤੇ ਉਹਨਾਂ ਨੂੰ ਚੰਗਾ ਉੱਤਰ ਦਿਓਗੇ, ਤਾਂ ਉਹ ਹਮੇਸ਼ਾ ਤੁਹਾਡੇ ਸੇਵਕ ਹੋਣਗੇ।”
8ਪਰ ਰਹਬੁਆਮ ਨੇ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ ਉਹਨਾਂ ਨੌਜਵਾਨਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਨਾਲ ਵੱਡੇ ਹੋਏ ਸਨ ਅਤੇ ਉਸ ਦੀ ਸੇਵਾ ਕਰ ਰਹੇ ਸਨ। 9ਉਸ ਨੇ ਉਹਨਾਂ ਨੂੰ ਪੁੱਛਿਆ, “ਤੁਹਾਡੀ ਕੀ ਸਲਾਹ ਹੈ? ਅਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਈਏ ਜਿਹੜੇ ਮੈਨੂੰ ਕਹਿੰਦੇ ਹਨ, ‘ਉਸ ਜੂਲੇ ਨੂੰ ਹਲਕਾ ਕਰ ਜੋ ਤੇਰੇ ਪਿਤਾ ਨੇ ਸਾਡੇ ਉੱਤੇ ਪਾਇਆ’ ਹੈ?”
10ਤਾਂ ਉਹ ਨੌਜਵਾਨ ਜਿਹੜੇ ਉਸ ਨਾਲ ਵੱਡੇ ਹੋਏ ਸਨ ਉਸਨੂੰ ਉੱਤਰ ਦਿੱਤਾ, “ਇਹਨਾਂ ਲੋਕਾਂ ਨੇ ਤੁਹਾਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਹੈ, ਪਰ ਸਾਡੇ ਜੂਲੇ ਨੂੰ ਹਲਕਾ ਕਰ।’ ਹੁਣ ਉਹਨਾਂ ਨੂੰ ਦੱਸ, ‘ਮੇਰੀ ਚੀਚੀ ਵੀ ਮੇਰੇ ਪਿਤਾ ਦੀ ਕਮਰ ਨਾਲੋਂ ਮੋਟੀ ਹੈ। 11ਮੇਰੇ ਪਿਤਾ ਨੇ ਤੁਹਾਡੇ ਉੱਤੇ ਇੱਕ ਭਾਰਾ ਜੂਲਾ ਰੱਖਿਆ ਸੀ। ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ; ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।’ ”
12ਤਿੰਨ ਦਿਨਾਂ ਬਾਅਦ ਯਾਰਾਬੁਆਮ ਅਤੇ ਸਾਰੇ ਲੋਕ ਰਹਬੁਆਮ ਕੋਲ ਵਾਪਸ ਆਏ, ਜਿਵੇਂ ਕਿ ਰਾਜਾ ਨੇ ਆਖਿਆ ਸੀ, “ਤੀਸਰੇ ਦਿਨ ਮੇਰੇ ਕੋਲ ਵਾਪਸ ਆਉਣਾ।” 13ਰਾਜੇ ਨੇ ਲੋਕਾਂ ਨੂੰ ਸਖ਼ਤੀ ਨਾਲ ਉੱਤਰ ਦਿੱਤਾ ਅਤੇ ਉਸ ਨੇ ਬਜ਼ੁਰਗਾਂ ਦੀ ਦਿੱਤੀ ਹੋਈ ਸਲਾਹ ਨੂੰ ਠੁਕਰਾ ਦਿੱਤਾ। 14ਅਤੇ ਨੌਜਵਾਨਾਂ ਦੀ ਸਲਾਹ ਮੰਨ ਲਈ ਅਤੇ ਕਿਹਾ, “ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕਰ ਦਿੱਤਾ ਸੀ; ਅਤੇ ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ; ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।” 15ਇਸ ਲਈ ਰਾਜੇ ਨੇ ਲੋਕਾਂ ਦੀ ਗੱਲ ਨਾ ਸੁਣੀ ਕਿਉਂਕਿ ਇਹ ਘਟਨਾ ਯਾਹਵੇਹ ਵੱਲੋਂ ਸੀ ਤਾਂ ਜੋ ਉਸ ਬਚਨ ਨੂੰ ਪੂਰਾ ਕਰੇ ਜੋ ਯਾਹਵੇਹ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਸ਼ੀਲੋਹਨੀ ਅਹੀਯਾਹ ਰਾਹੀਂ ਬੋਲਿਆ ਸੀ।
16ਜਦੋਂ ਸਾਰੇ ਇਸਰਾਏਲ ਨੇ ਵੇਖਿਆ ਕਿ ਰਾਜੇ ਨੇ ਉਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਰਾਜੇ ਨੂੰ ਉੱਤਰ ਦਿੱਤਾ:
“ਦਾਵੀਦ ਦੇ ਨਾਲ ਸਾਡਾ ਕੀ ਹਿੱਸਾ ਹੈ,
ਯੱਸੀ ਦੇ ਪੁੱਤਰ ਨਾਲ ਸਾਡੀ ਕੀ ਵੰਡ ਵਿਹਾਰ ਹੈ?
ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ!
ਹੇ ਦਾਵੀਦ, ਆਪਣੇ ਘਰ ਦੀ ਦੇਖਭਾਲ ਕਰ!”
ਇਸ ਲਈ ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਚਲੇ ਗਏ। 17ਪਰ ਇਸਰਾਏਲੀ ਜਿਹੜੇ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ, ਰਹਬੁਆਮ ਅਜੇ ਵੀ ਉਹਨਾਂ ਉੱਤੇ ਰਾਜ ਕਰਦਾ ਸੀ।
18ਰਾਜਾ ਰਹਬੁਆਮ ਨੇ ਅਦੋਰਾਮ ਨੂੰ ਬਾਹਰ ਭੇਜਿਆ ਜੋ ਜਬਰੀ ਮਜ਼ਦੂਰੀ ਕਰਨ ਵਾਲਿਆ ਦਾ ਮੁਖੀ ਸੀ ਪਰ ਸਾਰੇ ਇਸਰਾਏਲ ਨੇ ਉਸ ਨੂੰ ਪੱਥਰਾਓ ਕਰਕੇ ਮਾਰ ਦਿੱਤਾ। ਤਾਂ ਰਾਜਾ ਰਹਬੁਆਮ ਜਲਦੀ ਨਾਲ ਆਪਣੇ ਰੱਥ ਉੱਤੇ ਚੜ੍ਹ ਕੇ ਯੇਰੂਸ਼ਲੇਮ ਨੂੰ ਭੱਜ ਗਿਆ। 19ਇਸ ਲਈ ਇਸਰਾਏਲ ਅੱਜ ਤੱਕ ਦਾਵੀਦ ਦੇ ਘਰਾਣੇ ਦੇ ਵਿਰੁੱਧ ਬਗਾਵਤ ਕਰਦਾ ਹੈ।
20ਜਦੋਂ ਸਾਰੇ ਇਸਰਾਏਲੀਆਂ ਨੇ ਸੁਣਿਆ ਕਿ ਯਾਰਾਬੁਆਮ ਵਾਪਸ ਆ ਗਿਆ ਹੈ, ਤਾਂ ਉਹਨਾਂ ਨੇ ਉਸ ਨੂੰ ਸਭਾ ਵਿੱਚ ਸੱਦ ਕੇ ਸਾਰੇ ਇਸਰਾਏਲ ਦਾ ਰਾਜਾ ਬਣਾਇਆ। ਸਿਰਫ ਯਹੂਦਾਹ ਦਾ ਗੋਤ ਹੀ ਦਾਵੀਦ ਦੇ ਘਰਾਣੇ ਪ੍ਰਤੀ ਵਫ਼ਾਦਾਰ ਰਿਹਾ।
21ਜਦੋਂ ਰਹਬੁਆਮ ਯੇਰੂਸ਼ਲੇਮ ਵਿੱਚ ਆ ਪਹੁੰਚਿਆ ਤਾਂ ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਗੋਤ ਦੇ ਇੱਕ ਲੱਖ ਅੱਸੀ ਹਜ਼ਾਰ ਯੋਗ ਜਵਾਨਾਂ ਨੂੰ ਇਕੱਠਾ ਕੀਤਾ ਤਾਂ ਜੋ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਅਤੇ ਸ਼ਲੋਮੋਨ ਦੇ ਪੁੱਤਰ ਰਹਬੁਆਮ ਦੇ ਲਈ ਰਾਜ ਨੂੰ ਵਾਪਸ ਪ੍ਰਾਪਤ ਕਰਨ।
22ਪਰ ਪਰਮੇਸ਼ਵਰ ਦਾ ਇਹ ਬਚਨ ਪਰਮੇਸ਼ਵਰ ਦੇ ਮਨੁੱਖ ਸ਼ਮਅਯਾਹ ਕੋਲ ਆਇਆ: 23“ਯਹੂਦਾਹ ਦੇ ਰਾਜਾ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ, ਸਾਰੇ ਯਹੂਦਾਹ ਅਤੇ ਬਿਨਯਾਮੀਨ ਨੂੰ ਅਤੇ ਬਾਕੀ ਦੇ ਲੋਕਾਂ ਨੂੰ ਆਖ, 24‘ਯਾਹਵੇਹ ਇਸ ਤਰ੍ਹਾਂ ਆਖਦਾ ਹੈ: ਆਪਣੇ ਭਰਾਵਾਂ, ਇਸਰਾਏਲੀਆਂ ਨਾਲ ਲੜਨ ਲਈ ਉੱਪਰ ਨਾ ਜਾਓ। ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਮੁੜ ਜਾਓ, ਕਿਉਂ ਜੋ ਇਹ ਗੱਲ ਮੇਰੇ ਵੱਲੋਂ ਹੈ।’ ” ਇਸ ਲਈ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਯਾਹਵੇਹ ਦੇ ਹੁਕਮ ਅਨੁਸਾਰ ਵਾਪਸ ਘਰ ਚਲੇ ਗਏ।
ਬੈਤਏਲ ਅਤੇ ਦਾਨ ਵਿੱਚ ਸੋਨੇ ਦੇ ਵੱਛੇ
25ਤਦ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸ਼ੇਕੇਮ ਨੂੰ ਮਜ਼ਬੂਤ ਕੀਤਾ ਅਤੇ ਉੱਥੇ ਰਹਿਣ ਲੱਗਾ। ਉੱਥੋਂ ਉਹ ਬਾਹਰ ਗਿਆ ਅਤੇ ਪਨੂਏਲ ਦੀ ਉਸਾਰੀ ਕੀਤੀ।
26ਯਾਰਾਬੁਆਮ ਨੇ ਆਪਣੇ ਮਨ ਵਿੱਚ ਸੋਚਿਆ, “ਹੁਣ ਸ਼ਾਇਦ ਰਾਜ ਦਾਵੀਦ ਦੇ ਘਰਾਣੇ ਵੱਲ ਮੁੜ ਜਾਵੇਗਾ। 27ਜੇ ਇਹ ਲੋਕ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਮੰਦਰ ਵਿੱਚ ਬਲੀਆਂ ਚੜ੍ਹਾਉਣ ਲਈ ਜਾਣ, ਤਾਂ ਉਹ ਆਪਣੇ ਸੁਆਮੀ ਯਹੂਦਾਹ ਦੇ ਰਾਜਾ ਰਹਬੁਆਮ ਨੂੰ ਦੁਬਾਰਾ ਆਪਣੀ ਵਫ਼ਾਦਾਰੀ ਦੇਣਗੇ। ਉਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜਾ ਰਹਬੁਆਮ ਕੋਲ ਵਾਪਸ ਆ ਜਾਣਗੇ।”
28ਸਲਾਹ ਲੈਣ ਤੋਂ ਬਾਅਦ, ਰਾਜੇ ਨੇ ਸੋਨੇ ਦੇ ਦੋ ਵੱਛੇ ਬਣਾਏ। ਉਸਨੇ ਲੋਕਾਂ ਨੂੰ ਆਖਿਆ, “ਤੁਹਾਡੇ ਲਈ ਯੇਰੂਸ਼ਲੇਮ ਵਿੱਚ ਜਾ ਕੇ ਬੰਦਗੀ ਕਰਨ ਲਈ ਜਾਣਾ ਵਾਧੂ ਹੀ ਹੈ। ਹੇ ਇਸਰਾਏਲ, ਤੁਹਾਡੇ ਦੇਵਤੇ ਇੱਥੇ ਹਨ, ਜਿਹੜੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਏ।” 29ਇੱਕ ਨੂੰ ਉਸ ਨੇ ਬੈਤਏਲ ਵਿੱਚ ਖੜ੍ਹਾ ਕੀਤਾ ਅਤੇ ਦੂਸਰੇ ਨੂੰ ਦਾਨ ਵਿੱਚ ਰੱਖ ਦਿੱਤਾ। 30ਅਤੇ ਇਹ ਗੱਲ ਇੱਕ ਪਾਪ ਬਣ ਗਈ। ਲੋਕ ਬੈਤਏਲ ਵਿੱਚ ਇੱਕ ਦੀ ਉਪਾਸਨਾ ਕਰਨ ਲਈ ਆਏ ਅਤੇ ਦੂਸਰੇ ਦੀ ਉਪਾਸਨਾ ਕਰਨ ਲਈ ਦਾਨ ਤੱਕ ਚਲੇ ਗਏ।
31ਯਾਰਾਬੁਆਮ ਨੇ ਉੱਚੀਆਂ ਥਾਵਾਂ ਉੱਤੇ ਮੰਦਰ ਬਣਾਏ ਅਤੇ ਹਰ ਤਰ੍ਹਾਂ ਦੇ ਲੋਕਾਂ ਵਿੱਚੋਂ ਜਾਜਕ ਨਿਯੁਕਤ ਕੀਤੇ ਭਾਵੇਂ ਉਹ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ। 32ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਯਹੂਦਾਹ ਦੇ ਤਿਉਹਾਰ ਵਾਂਗ ਇੱਕ ਪਰਬ ਮਨਾਇਆ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਇਹ ਉਸ ਨੇ ਬੈਤਏਲ ਵਿੱਚ ਵੀ ਕੀਤਾ ਆਪਣੇ ਬਣਾਏ ਹੋਏ ਵੱਛਿਆਂ ਦੀ ਬਲੀ ਦਿੱਤੀ। ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਉੱਚੇ ਸਥਾਨਾਂ ਉੱਤੇ ਜਾਜਕ ਵੀ ਲਾਏ। 33ਅੱਠਵੇਂ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ, ਜੋ ਉਸ ਦੀ ਆਪਣੀ ਪਸੰਦ ਦਾ ਮਹੀਨਾ ਸੀ, ਉਸ ਨੇ ਉਸ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ ਜਿਹੜੀ ਉਸ ਨੇ ਬੈਤਏਲ ਵਿੱਚ ਬਣਾਈ ਸੀ। ਇਸ ਲਈ ਉਸ ਨੇ ਇਸਰਾਏਲੀਆਂ ਲਈ ਤਿਉਹਾਰ ਦੀ ਸਥਾਪਨਾ ਕੀਤੀ ਅਤੇ ਚੜ੍ਹਾਵੇ ਚੜ੍ਹਾਉਣ ਲਈ ਜਗਵੇਦੀ ਉੱਤੇ ਗਿਆ।
Currently Selected:
1 ਰਾਜਿਆਂ 12: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.