1 ਇਤਿਹਾਸ 12
12
ਯੋਧੇ ਦਾਵੀਦ ਦੇ ਨਾਲ ਰਲਦੇ ਹਨ
1ਇਹ ਉਹ ਮਨੁੱਖ ਸਨ ਜੋ ਦਾਵੀਦ ਕੋਲ ਸਿਕਲਗ ਵਿੱਚ ਆਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਸਾਮ੍ਹਣੇ ਤੋਂ ਬਾਹਰ ਕੱਢਿਆ ਗਿਆ ਸੀ (ਉਹ ਉਹਨਾਂ ਸੂਰਮਿਆਂ ਵਿੱਚੋਂ ਸਨ ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਸਹਾਇਤਾ ਕੀਤੀ ਸੀ; 2ਉਹ ਤੀਰਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧਣੁੱਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ):
3ਉਹਨਾਂ ਦਾ ਮੁਖੀਆ ਅਹੀਅਜ਼ਰ ਅਤੇ ਸ਼ੇਮਾਹ ਦੇ ਪੁੱਤਰ ਯੋਆਸ਼ ਗਿਬਆਹ;
ਅਜ਼ਮਾਵੇਥ ਦੇ ਪੁੱਤਰ ਈਜ਼ੀਏਲ ਅਤੇ ਪੇਲੇਟ;
ਬੇਰਾਕਾਹ, ਯੇਹੂ ਅਨਾਥੋਥ, 4ਅਤੇ ਗਿਬਓਨੀ ਇਸ਼ਮਾਯਾਹ, ਤੀਹਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਯੋਧਾ, ਜੋ ਤੀਹ ਲੋਕਾਂ ਦਾ ਆਗੂ ਸੀ।
ਯਿਰਮਿਯਾਹ, ਯਹਜ਼ੀਏਲ, ਯੋਹਾਨਾਨ, ਯੋਜ਼ਾਬਾਦ ਗਦਰਾਥੀ, 5ਅਲੂਜ਼ਈ, ਯਰੀਮੋਥ, ਬਲਯਾਹ, ਸਮਰਯਾਹ ਅਤੇ ਸ਼ਾਫ਼ਟਯਾਹ ਹਾਰੂਫਾਈ;
6ਅਲਕਾਨਾਹ, ਯਿੱਸ਼ੀਯਾਹ, ਅਜ਼ਰੇਲ, ਯੋਏਜ਼ਰ ਅਤੇ ਯਸ਼ੋਬਯਾਮ ਕੋਰਾਹੀਆਂ;
7ਅਤੇ ਗਦੋਰ ਤੋਂ ਯਰੋਹਾਮ ਦੇ ਪੁੱਤਰ ਯੋਏਲਾਹ ਅਤੇ ਜ਼ਬਦਯਾਹ।
8ਕੁਝ ਗਾਦੀਆਂ ਨੇ ਦਾਵੀਦ ਨੂੰ ਉਜਾੜ ਵਿੱਚ ਉਸਦੇ ਗੜ੍ਹ ਵਿੱਚ ਛੱਡ ਦਿੱਤਾ। ਉਹ ਬਹਾਦਰ ਯੋਧੇ ਸਨ, ਲੜਾਈ ਲਈ ਤਿਆਰ ਸਨ ਅਤੇ ਢਾਲ ਅਤੇ ਬਰਛੇ ਨੂੰ ਸੰਭਾਲਣ ਦੇ ਯੋਗ ਸਨ। ਉਹਨਾਂ ਦੇ ਚਿਹਰੇ ਸ਼ੇਰਾਂ ਦੇ ਚਿਹਰੇ ਸਨ, ਅਤੇ ਉਹ ਪਹਾੜਾਂ ਵਿੱਚ ਗਜ਼ਲਾਂ ਵਾਂਗ ਤੇਜ਼ ਸਨ।
9ਏਜ਼ਰ ਪ੍ਰਧਾਨ ਸੀ,
ਓਬਦਯਾਹ ਦੂਜਾ, ਅਲੀਆਬ ਤੀਜਾ,
10ਮਿਸ਼ਮਨਾਹ ਚੌਥਾ, ਯਿਰਮਿਯਾਹ ਪੰਜਵਾਂ,
11ਅੱਤਈ ਛੇਵਾਂ, ਅਲੀਏਲ ਸੱਤਵਾਂ,
12ਯੋਹਾਨਾਨ ਅੱਠਵਾਂ, ਅਲਜ਼ਾਬਾਦ ਨੌਵਾਂ,
13ਯਿਰਮਿਯਾਹ ਦਸਵਾਂ ਅਤੇ ਮਕਬਨਈ ਗਿਆਰਵਾਂ।
14ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ 15ਇਹ ਉਹ ਸਨ ਜਿਨ੍ਹਾਂ ਨੇ ਪਹਿਲੇ ਮਹੀਨੇ ਯਰਦਨ ਨੂੰ ਪਾਰ ਕੀਤਾ ਜਦੋਂ ਉਹ ਦੇ ਸਾਰੇ ਕੰਢਿਆਂ ਉੱਤੇ ਪਾਣੀ ਭਰ ਗਿਆ ਸੀ ਅਤੇ ਉਹਨਾਂ ਨੇ ਵਾਦੀਆਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪੂਰਬ ਅਤੇ ਪੱਛਮ ਵੱਲ ਭਜਾ ਦਿੱਤਾ।
16ਹੋਰ ਬਿਨਯਾਮੀਨੀ ਅਤੇ ਯਹੂਦਾਹ ਦੇ ਕੁਝ ਮਨੁੱਖ ਵੀ ਦਾਵੀਦ ਕੋਲ ਉਸਦੇ ਗੜ੍ਹ ਵਿੱਚ ਆਏ। 17ਦਾਵੀਦ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਮਦਦ ਕਰਨ ਲਈ ਮੇਰੇ ਕੋਲ ਆਏ ਹੋ, ਤਾਂ ਮੈਂ ਤੁਹਾਡੇ ਨਾਲ ਜੁੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਲਈ ਆਏ ਹੋ ਜਦੋਂ ਮੇਰੇ ਹੱਥ ਹਿੰਸਾ ਤੋਂ ਮੁਕਤ ਹਨ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ਵਰ ਇਸ ਨੂੰ ਵੇਖ ਕੇ ਤੁਹਾਡਾ ਨਿਆਂ ਕਰੇ।”
18ਤਦ ਆਤਮਾ ਤੀਹਾਂ ਦੇ ਸਰਦਾਰ ਅਮਾਸਈ ਉੱਤੇ ਆਇਆ ਅਤੇ ਉਸ ਨੇ ਆਖਿਆ,
“ਹੇ ਦਾਵੀਦ, ਅਸੀਂ ਤੇਰੇ ਹਾਂ!
ਹੇ ਯੱਸੀ ਦੇ ਪੁੱਤਰ! ਅਸੀਂ ਤੇਰੇ ਨਾਲ ਹਾਂ,
ਸਲਾਮਤੀ ਤੈਨੂੰ ਸਲਾਮਤੀ
ਅਤੇ ਸਲਾਮਤੀ ਉਹਨਾਂ ਲਈ ਜੋ ਤੁਹਾਡੀ ਮਦਦ ਕਰਦੇ ਹਨ,
ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਮਦਦ ਕਰੇਗਾ।”
ਇਸ ਲਈ ਦਾਵੀਦ ਨੇ ਉਹਨਾਂ ਨੂੰ ਕਬੂਲ ਕਰ ਲਿਆ ਅਤੇ ਉਹਨਾਂ ਨੂੰ ਆਪਣੇ ਹਮਲਾਵਰ ਦਲਾਂ ਦਾ ਆਗੂ ਬਣਾਇਆ।
19ਮਨੱਸ਼ੇਹ ਦੇ ਗੋਤ ਵਿੱਚੋਂ ਕਈਆਂ ਨੇ ਦਾਵੀਦ ਨੂੰ ਛੱਡ ਦਿੱਤਾ ਜਦੋਂ ਉਹ ਸ਼ਾਊਲ ਨਾਲ ਲੜਨ ਲਈ ਫ਼ਲਿਸਤੀਆਂ ਨਾਲ ਗਿਆ। (ਉਸ ਨੇ ਅਤੇ ਉਸਦੇ ਆਦਮੀਆਂ ਨੇ ਫ਼ਲਿਸਤੀਆਂ ਦੀ ਸਹਾਇਤਾ ਨਹੀਂ ਕੀਤੀ ਕਿਉਂਕਿ ਸਲਾਹ ਕਰਨ ਤੋਂ ਬਾਅਦ, ਉਹਨਾਂ ਦੇ ਹਾਕਮਾਂ ਨੇ ਉਸਨੂੰ ਭੇਜ ਦਿੱਤਾ। ਉਹਨਾਂ ਨੇ ਕਿਹਾ, “ਜੇਕਰ ਉਹ ਆਪਣੇ ਸੁਆਮੀ ਸ਼ਾਊਲ ਨੂੰ ਛੱਡ ਦਿੰਦਾ ਹੈ ਤਾਂ ਸਾਡੇ ਸਿਰਾਂ ਦਾ ਮੁੱਲ ਪਵੇਗਾ।”) 20ਜਦੋਂ ਦਾਵੀਦ ਸਿਕਲਗ ਨੂੰ ਗਿਆ, ਇਹ ਮਨੱਸ਼ੇਹ ਦੇ ਆਦਮੀ ਸਨ ਜਿਨ੍ਹਾਂ ਨੇ ਉਸ ਨੂੰ ਛੱਡ ਦਿੱਤਾ: ਅਦਨਾਹ, ਯੋਜ਼ਾਬਾਦ, ਯਦੀਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਅਤੇ ਜ਼ਿੱਲਥਈ, ਮਨੱਸ਼ੇਹ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ। 21ਉਹਨਾਂ ਨੇ ਦਾਵੀਦ ਦੀ ਧਾੜਵੀ ਦਲਾਂ ਦੇ ਵਿਰੁੱਧ ਸਹਾਇਤਾ ਕੀਤੀ ਕਿਉਂ ਜੋ ਉਹ ਸਾਰੇ ਸੂਰਮੇ ਸਨ ਅਤੇ ਉਹ ਦੀ ਸੈਨਾਂ ਵਿੱਚ ਸਰਦਾਰ ਸਨ। 22ਅਤੇ ਦਿਨੋਂ-ਦਿਨ ਲੋਕ ਦਾਵੀਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇੱਥੋ ਤੱਕ ਜੋ ਉਹ ਸੈਨਾਂ ਪਰਮੇਸ਼ਵਰ ਦੀ ਸੈਨਾਂ ਵਾਂਗੂੰ ਵੱਡੀ ਬਣ ਗਈ।
ਹੋਰ ਲੋਕ ਦਾਵੀਦ ਦੇ ਨਾਲ ਹੇਬਰੋਨ ਵਿੱਚ ਆ ਗਏ
23ਇਹ ਉਹਨਾਂ ਬੰਦਿਆਂ ਦੀ ਗਿਣਤੀ ਹੈ ਜੋ ਲੜਾਈ ਲਈ ਹਥਿਆਰਬੰਦ ਸਨ। ਹੇਬਰੋਨ ਵਿਖੇ ਦਾਵੀਦ ਨੂੰ ਸ਼ਾਊਲ ਦਾ ਰਾਜ ਉਸ ਦੇ ਹਵਾਲੇ ਕਰਨ ਲਈ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ:
24ਯਹੂਦਾਹ ਤੋਂ, ਢਾਲ ਅਤੇ ਬਰਛੇ ਲੈ ਕੇ ਲੜਾਈ ਲਈ ਹਥਿਆਰਬੰਦ ਛੇ ਹਜ਼ਾਰ ਅੱਠ ਸੌ;
25ਸ਼ਿਮਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਯੋਧੇ ਸਨ;
26ਲੇਵੀਆਂ ਵਿੱਚੋਂ ਚਾਰ ਹਜ਼ਾਰ ਛੇ ਸੌ ਸਨ। 27ਯਹੋਯਾਦਾ ਹਾਰੋਨ ਦੇ ਘਰਾਣੇ ਦਾ ਸਰਦਾਰ ਸੀ, ਅਤੇ ਉਸ ਦੇ ਨਾਲ ਤਿੰਨ ਹਜ਼ਾਰ ਸੱਤ ਸੌ ਜੁਆਨ ਸਨ, 28ਅਤੇ ਸਾਦੋਕ ਇੱਕ ਮਹਾਂ ਬਲੀ ਸੂਰਮਾ ਅਤੇ ਉਸ ਦੇ ਵੱਡ-ਵਡੇਰਿਆਂ ਦੀ ਕੁਲ ਦੇ ਬਾਈ ਸਰਦਾਰ ਸਨ;
29ਬਿਨਯਾਮੀਨ, ਸ਼ਾਊਲ ਦੇ ਗੋਤ ਵਿੱਚੋਂ ਤਿੰਨ ਹਜ਼ਾਰ ਸਨ, ਜਿਨ੍ਹਾਂ ਵਿੱਚੋਂ ਬਹੁਤੇ ਉਸ ਸਮੇਂ ਤੱਕ ਸ਼ਾਊਲ ਦੇ ਘਰਾਣੇ ਪ੍ਰਤੀ ਵਫ਼ਾਦਾਰ ਰਹੇ ਸਨ;
30ਅਤੇ ਇਫ਼ਰਾਈਮੀਆਂ ਵਿੱਚੋਂ ਵੀਹ ਹਜ਼ਾਰ ਅੱਠ ਸੌ, ਜਿਹੜੇ ਵੱਡੇ ਸੂਰਬੀਰ, ਅਤੇ ਆਪੋ-ਆਪਣੇ ਪੁਰਖਿਆਂ ਦੇ ਪਰਿਵਾਰਾਂ ਵਿੱਚ ਪ੍ਰਸਿੱਧ ਸਨ;
31ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਅਠਾਰਾਂ ਹਜ਼ਾਰ ਜਿਹੜੇ ਚੁਣ-ਚੁਣ ਕੇ ਸੱਦੇ ਗਏ, ਤਾਂ ਕਿ ਜਾ ਕੇ ਦਾਵੀਦ ਨੂੰ ਰਾਜਾ ਬਣਾਉਣ;
32ਅਤੇ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ 200 ਆਗੂ ਸਨ ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ;
33ਜ਼ਬੂਲੁਨ ਵਿੱਚੋਂ ਜਿਹੜੇ ਰਣ ਭੂਮੀ ਵਿੱਚ ਜਾਣ ਲਈ ਤਿਆਰ ਅਤੇ ਸੈਨਾਂ ਦੀਆਂ ਪਾਲਾਂ ਬੰਨ੍ਹਣ ਵਾਲੇ ਅਤੇ ਲੜਾਈ ਦੇ ਸ਼ਸਤਰਾਂ ਵਿੱਚ ਮਾਹਿਰ ਸਨ, ਉਹ ਪੰਜਾਹ ਹਜ਼ਾਰ ਸਨ। ਉਹ ਲੜਾਈ ਦੀਆਂ ਪਾਲਾਂ ਬਣਾਉਣੀਆਂ ਜਾਣਦੇ ਸਨ ਅਤੇ ਦੁਚਿੱਤੇ ਨਹੀਂ ਸਨ;
34ਅਤੇ ਨਫ਼ਤਾਲੀ ਵਿੱਚੋਂ ਇੱਕ ਹਜ਼ਾਰ ਸਰਦਾਰ, ਅਤੇ ਉਨ੍ਹਾਂ ਦੇ ਸਾਥੀ ਸੈਂਤੀ ਹਜ਼ਾਰ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ;
35ਅਤੇ ਦਾਨੀਆਂ ਵਿੱਚੋਂ ਅਠਾਈ ਹਜ਼ਾਰ ਛੇ ਸੌ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ;
36ਆਸ਼ੇਰ ਦੇ ਵਿੱਚੋਂ ਚਾਲੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ ਅਤੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ;
37ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ, ਜਿਹਨਾਂ ਨੇ ਯੁੱਧ ਦੇ ਹਰੇਕ ਪ੍ਰਕਾਰ ਦੇ ਸ਼ਸਤਰ ਧਾਰੇ ਹੋਏ ਸਨ।
38ਇਹ ਸਾਰੇ ਲੜਾਕੇ ਸਨ ਜੋ ਆਪਣੀ ਮਰਜ਼ੀ ਨਾਲ ਸੇਵਾ ਕਰਦੇ ਸਨ।
ਉਹ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਉਣ ਦਾ ਪੱਕਾ ਇਰਾਦਾ ਰੱਖਦੇ ਹੋਏ ਹੇਬਰੋਨ ਵਿੱਚ ਆਏ। ਬਾਕੀ ਸਾਰੇ ਇਸਰਾਏਲੀ ਵੀ ਦਾਵੀਦ ਨੂੰ ਰਾਜਾ ਬਣਾਉਣ ਲਈ ਇੱਕ ਮਨ ਸਨ। 39ਉਹ ਮਨੁੱਖ ਉੱਥੇ ਦਾਵੀਦ ਦੇ ਨਾਲ ਤਿੰਨ ਦਿਨ ਖਾਂਦੇ-ਪੀਂਦੇ ਰਹੇ ਕਿਉਂ ਜੋ ਉਹਨਾਂ ਦੇ ਘਰਾਣਿਆਂ ਨੇ ਉਹਨਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਸੀ। 40ਨਾਲੇ ਉਹਨਾਂ ਦੇ ਗੁਆਂਢੀ ਦੂਰੋਂ ਯਿੱਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਤੇ ਭੋਜਨ ਲੈ ਕੇ ਆਏ। ਉੱਥੇ ਬਹੁਤ ਸਾਰਾ ਆਟਾ, ਹੰਜੀਰ ਦੀਆਂ ਰੋਟੀਆਂ, ਸੌਗੀ ਦੀਆਂ ਰੋਟੀਆਂ, ਦਾਖ਼ਰਸ, ਜ਼ੈਤੂਨ ਦਾ ਤੇਲ, ਪਸ਼ੂ ਅਤੇ ਭੇਡਾਂ ਸਨ ਕਿਉਂਕਿ ਇਸਰਾਏਲ ਵਿੱਚ ਖੁਸ਼ੀ ਸੀ।
Currently Selected:
1 ਇਤਿਹਾਸ 12: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.