1 ਇਤਿਹਾਸ 11
11
ਦਾਵੀਦ ਇਸਰਾਏਲ ਦਾ ਰਾਜਾ ਬਣਿਆ
1ਸਾਰੇ ਇਸਰਾਏਲ ਨੇ ਹੇਬਰੋਨ ਵਿੱਚ ਦਾਵੀਦ ਕੋਲ ਆ ਕੇ ਉਸਨੂੰ ਆਖਿਆ, “ਅਸੀਂ ਤੁਹਾਡਾ ਆਪਣਾ ਹੀ ਮਾਸ ਅਤੇ ਲਹੂ ਹਾਂ। 2ਪਿਛਲੇ ਸਾਲਾਂ ਵਿੱਚ, ਜਦੋਂ ਸ਼ਾਊਲ ਰਾਜਾ ਸੀ, ਤੁਸੀਂ ਹੀ ਉਹ ਸੀ ਜਿਸਨੇ ਇਸਰਾਏਲ ਅਤੇ ਉਸਦੀ ਫ਼ੌਜਾਂ ਦੀ ਅਗਵਾਈ ਕੀਤੀ ਸੀ ਅਤੇ ਯਾਹਵੇਹ ਤੇਰੇ ਪਰਮੇਸ਼ਵਰ ਨੇ ਤੈਨੂੰ ਆਖਿਆ, ਤੂੰ ਮੇਰੀ ਪਰਜਾ ਇਸਰਾਏਲ ਉੱਤੇ ਚਰਵਾਹਾ ਹੋਵੇਗਾ ਅਤੇ ਤੂੰ ਉਹਨਾਂ ਦਾ ਹਾਕਮ ਬਣ ਜਾਵੇਂਗਾ।”
3ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਹੇਬਰੋਨ ਵਿੱਚ ਰਾਜਾ ਦਾਵੀਦ ਕੋਲ ਆਏ। ਉਸ ਨੇ ਉਨ੍ਹਾਂ ਨਾਲ ਹੇਬਰੋਨ ਵਿੱਚ ਯਾਹਵੇਹ ਦੇ ਸਾਮ੍ਹਣੇ ਇੱਕ ਨੇਮ ਬੰਨ੍ਹਿਆ, ਅਤੇ ਉਨ੍ਹਾਂ ਨੇ ਦਾਵੀਦ ਨੂੰ ਇਸਰਾਏਲ ਦਾ ਰਾਜਾ ਮਸਹ ਕੀਤਾ, ਜਿਵੇਂ ਕਿ ਯਾਹਵੇਹ ਨੇ ਸ਼ਮੂਏਲ ਰਾਹੀਂ ਵਾਅਦਾ ਕੀਤਾ ਸੀ।
ਦਾਵੀਦ ਨੇ ਯੇਰੂਸ਼ਲੇਮ ਨੂੰ ਜਿੱਤ ਲਿਆ
4ਦਾਵੀਦ ਅਤੇ ਸਾਰੇ ਇਸਰਾਏਲੀਆਂ ਨੇ ਯੇਰੂਸ਼ਲੇਮ (ਯਾਨੀ ਯਬੂਸ) ਵੱਲ ਕੂਚ ਕੀਤਾ ਅਤੇ ਯਬੂਸੀਆਂ ਨੇ ਜਿਹੜੇ ਉੱਥੇ ਰਹਿੰਦੇ ਸਨ 5ਦਾਵੀਦ ਨੂੰ ਆਖਿਆ, “ਤੂੰ ਇੱਥੇ ਅੰਦਰ ਨਹੀਂ ਵੜੇਂਗਾ।” ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਦਾਵੀਦ ਦਾ ਸ਼ਹਿਰ ਹੈ।
6ਦਾਵੀਦ ਨੇ ਕਿਹਾ ਸੀ, “ਜੋ ਕੋਈ ਯਬੂਸੀਆਂ ਉੱਤੇ ਹਮਲੇ ਦੀ ਅਗਵਾਈ ਕਰੇਗਾ ਉਹ ਸੈਨਾਪਤੀ ਬਣੇਗਾ।” ਜ਼ੇਰੂਇਯਾਹ ਦਾ ਪੁੱਤਰ ਯੋਆਬ ਪਹਿਲਾਂ ਚੜ੍ਹਿਆ ਅਤੇ ਇਸ ਲਈ ਉਸਨੂੰ ਹੁਕਮ ਮਿਲਿਆ।
7ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸ ਲਈ ਉਸ ਨੂੰ ਦਾਵੀਦ ਦਾ ਸ਼ਹਿਰ ਆਖਿਆ। 8ਉਸ ਨੇ ਉਸ ਦੇ ਆਲੇ-ਦੁਆਲੇ, ਛੱਤ ਤੋਂ ਲੈ ਕੇ ਆਲੇ-ਦੁਆਲੇ ਦੀ ਕੰਧ ਤੱਕ ਸ਼ਹਿਰ ਉਸਾਰਿਆ, ਜਦੋਂ ਕਿ ਯੋਆਬ ਨੇ ਬਾਕੀ ਦੇ ਸ਼ਹਿਰ ਨੂੰ ਮੁੜ ਵਸਾਇਆ। 9ਅਤੇ ਦਾਵੀਦ ਦਿਨੋਂ-ਦਿਨ ਤਾਕਤਵਰ ਹੁੰਦਾ ਗਿਆ ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਉਸਦੇ ਨਾਲ ਸੀ।
ਦਾਵੀਦ ਦੇ ਸ਼ਕਤੀਸ਼ਾਲੀ ਯੋਧੇ
10ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਮੁਖੀ ਸਨ ਉਹਨਾਂ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਉਸਦੀ ਰਾਜਸ਼ਾਹੀ ਨੂੰ ਸਾਰੇ ਦੇਸ਼ ਵਿੱਚ ਫੈਲਾਉਣ ਲਈ ਮਜ਼ਬੂਤ ਸਹਾਇਤਾ ਦਿੱਤੀ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ। 11ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੀ ਸੂਚੀ ਇਹ ਹੈ:
ਯਸ਼ੋਬਯਾਮ, ਹਕਮੋਨੀ ਦਾ ਇੱਕ ਸਰਦਾਰ ਸੀ; ਉਸਨੇ ਤਿੰਨ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
12ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ, ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ। 13ਉਹ ਦਾਵੀਦ ਦੇ ਨਾਲ ਪਾਸ ਦੰਮੀਮ ਵਿੱਚ ਸੀ ਜਦੋਂ ਫ਼ਲਿਸਤੀ ਉੱਥੇ ਯੁੱਧ ਕਰਨ ਲਈ ਇਕੱਠੇ ਹੋਏ ਸਨ। ਇੱਕ ਥਾਂ ਜਿੱਥੇ ਜੌਂ ਨਾਲ ਭਰਿਆ ਹੋਇਆ ਖੇਤ ਸੀ, ਲੋਕ ਫ਼ਲਿਸਤੀਆਂ ਅੱਗੋਂ ਭੱਜ ਗਏ। 14ਪਰ ਉਨ੍ਹਾਂ ਉਸ ਪੈਲੀ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।
15ਤੀਹ ਸਰਦਾਰਾਂ ਵਿੱਚੋਂ ਤਿੰਨ ਦਾਵੀਦ ਕੋਲ ਅਦੁੱਲਾਮ ਦੀ ਗੁਫਾ ਦੀ ਚੱਟਾਨ ਕੋਲ ਆਏ ਅਤੇ ਫ਼ਲਿਸਤੀਆਂ ਦੇ ਇੱਕ ਜੱਥੇ ਨੇ ਰਫ਼ਾਈਮ ਦੀ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। 16ਉਸ ਸਮੇਂ ਦਾਵੀਦ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਫ਼ੌਜ ਬੈਤਲਹਮ ਵਿੱਚ ਸੀ। 17ਦਾਵੀਦ ਪਾਣੀ ਦੇ ਲਈ ਤਰਸਿਆ ਅਤੇ ਆਖਿਆ, “ਕਾਸ਼, ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਉਂਦਾ, ਜਿਹੜਾ ਫਾਟਕ ਦੇ ਕੋਲ ਹੈ!” 18ਇਸ ਲਈ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਫਾਟਕ ਦੇ ਕੋਲ ਖੂਹ ਤੋਂ ਪਾਣੀ ਕੱਢਿਆ ਅਤੇ ਦਾਵੀਦ ਨੂੰ ਦਿੱਤਾ, ਪਰ ਉਸਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ, ਇਸ ਦੀ ਬਜਾਏ ਉਸਨੇ ਇਸ ਨੂੰ ਯਾਹਵੇਹ ਅੱਗੇ ਡੋਲ੍ਹ ਦਿੱਤਾ। 19ਉਸ ਨੇ ਕਿਹਾ, “ਪਰਮੇਸ਼ਵਰ ਨਾ ਕਰੇ ਕਿ ਮੈਂ ਅਜਿਹਾ ਕਰਾਂ! ਕੀ ਮੈਨੂੰ ਇਨ੍ਹਾਂ ਮਨੁੱਖਾਂ ਦਾ ਖੂਨ ਪੀਣਾ ਚਾਹੀਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਗਏ ਸਨ?” ਕਿਉਂਕਿ ਉਹਨਾਂ ਨੇ ਇਸ ਨੂੰ ਵਾਪਸ ਲਿਆਉਣ ਲਈ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾਈਆਂ ਸਨ, ਦਾਵੀਦ ਨੇ ਉਸ ਨੂੰ ਪੀਣ ਤੋਂ ਇਨਕਾਰ ਕੀਤਾ।
ਅਜਿਹੇ ਤਿੰਨ ਸੂਰਬੀਰ ਯੋਧਿਆਂ ਦੇ ਕਾਰਨਾਮੇ ਸਨ।
20ਯੋਆਬ ਦਾ ਭਰਾ ਅਬੀਸ਼ਾਈ ਤਿੰਨਾਂ ਵਿੱਚੋਂ ਸਰਦਾਰ ਸੀ ਅਤੇ ਉਸਨੇ ਤਿੰਨ ਸੌ ਮਨੁੱਖਾਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਮਾਰ ਦਿੱਤਾ, ਅਤੇ ਇਸ ਲਈ ਉਹ ਤਿੰਨਾਂ ਵਿੱਚੋਂ ਮਸ਼ਹੂਰ ਹੋ ਗਿਆ। 21ਉਸ ਨੂੰ ਤਿੰਨਾਂ ਨਾਲੋਂ ਦੁੱਗਣਾ ਸਨਮਾਨ ਮਿਲਿਆ ਅਤੇ ਉਹ ਉਨ੍ਹਾਂ ਦਾ ਸੈਨਾਪਤੀ ਬਣ ਗਿਆ ਭਾਵੇਂ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
22ਯਹੋਯਾਦਾ ਦਾ ਪੁੱਤਰ ਬਨਾਯਾਹ ਕਬਜ਼ੇਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦਰੀ ਵਾਲੇ ਕੰਮ ਕੀਤੇ ਸਨ। ਉਸਨੇ ਮੋਆਬ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਅਤੇ ਬਰਫ਼ ਦੇ ਦਿਨਾਂ ਦੇ ਰੁੱਤ ਵੇਲੇ ਇੱਕ ਟੋਏ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ। 23ਅਤੇ ਉਸਨੇ ਇੱਕ ਮਿਸਰੀ ਨੂੰ ਮਾਰਿਆ ਜੋ ਪੰਜ ਹੱਥ ਲੰਬਾ#11:23 ਲਗਭਗ 7 ਫੁੱਟ 6 ਇੰਚ ਸੀ। ਭਾਵੇਂ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਬਰਛਾ ਸੀ, ਬਨਾਯਾਹ ਇੱਕ ਡੰਡੇ ਨਾਲ ਉਸਦੇ ਵਿਰੁੱਧ ਗਿਆ। ਉਸ ਨੇ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸ ਨੂੰ ਆਪਣੇ ਬਰਛੇ ਨਾਲ ਮਾਰ ਦਿੱਤਾ। 24ਯਹੋਯਾਦਾ ਦੇ ਪੁੱਤਰ ਬਨਾਯਾਹ ਦੇ ਅਜਿਹੇ ਕਾਰਨਾਮੇ ਸਨ। ਉਹ ਵੀ ਤਿੰਨ ਸ਼ਕਤੀਸ਼ਾਲੀ ਯੋਧਿਆਂ ਵਾਂਗ ਮਸ਼ਹੂਰ ਸੀ। 25ਉਸਦਾ ਉਨ੍ਹਾਂ ਤੀਹ ਨਾਲੋਂ ਵੱਧ ਸਨਮਾਨ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਵੀਦ ਨੇ ਉਸਨੂੰ ਆਪਣੇ ਅੰਗ-ਰੱਖਿਅਕਾਂ ਦਾ ਪ੍ਰਧਾਨ ਨਿਯੁਕਤ ਕੀਤਾ।
26ਉਹ ਸੂਰਬੀਰ ਸਨ:
ਯੋਆਬ ਦਾ ਭਰਾ ਅਸਾਹੇਲ,
ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ,
27ਸ਼ਮੋਥ ਹਰੋਰੀ,
ਹੇਲੇਜ਼ ਪਲੋਨੀ,
28ਤਕੋਆ ਤੋਂ ਇਕੇਸ਼ ਦਾ ਪੁੱਤਰ ਈਰਾ,
ਅਬੀਅਜ਼ਰ ਅਨਾਥੋਥ,
29ਹੁਸ਼ਾਥੀ ਸਿਬਕੀ,
ਅਹੋਹੀ ਦਾ ਇਲਈ,
30ਨਟੋਫਾਥੀ ਮਹਾਰਾਈ,
ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ,
31ਬਿਨਯਾਮੀਨ ਦੇ ਗਿਬਆਹ ਤੋਂ ਰਿਬਈ ਦਾ ਪੁੱਤਰ ਈਥਈ,
ਬਨਾਯਾਹ ਪਿਰਾਥੋਨੀ,
32ਗਾਸ਼ ਦੀਆਂ ਖੱਡਾਂ ਵਿੱਚੋਂ ਹੂਰਈ,
ਅਬੀਏਲ ਅਰਬਾਥੀ,
33ਅਜ਼ਮਾਵੇਥ ਬਹਾਰੂਮੀ,
ਅਲਯਹਬਾ ਸ਼ਾਲਬੋਨੀ,
34ਹਾਸ਼ਮ ਗਿਜ਼ੋਨੀ ਦੇ ਪੁੱਤਰ,
ਸ਼ਗੀ ਦਾ ਪੁੱਤਰ ਯੋਨਾਥਾਨ, ਹਰਾਰ ਦਾ ਵਾਸੀ,
35ਅਹੀਯਾਮ, ਸਾਕਾਰ ਦਾ ਪੁੱਤਰ, ਹਰਾਰ ਦਾ ਵਾਸੀ,
ਅਲੀਫ਼ਲ, ਊਰ ਦਾ ਪੁੱਤਰ,
36ਹੇਫਰ ਮਕੇਰਾਥੀ,
ਅਹੀਯਾਹ ਪਲੋਨੀ,
37ਹੇਜ਼ਰੋ ਕਰਮਲਈ,
ਏਜ਼ਬਾਈ ਦਾ ਪੁੱਤਰ ਨਾਰਈ,
38ਨਾਥਾਨ ਦਾ ਭਰਾ ਯੋਏਲ,
ਹਗਰੀ ਦਾ ਪੁੱਤਰ ਮਿਬਾਰ,
39ਜ਼ਲੇਕ ਅੰਮੋਨੀ,
ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,
40ਈਰਾ ਯਿਥਰੀ,
ਗਾਰੇਬ ਯਿਥਰੀ,
41ਹਿੱਤੀ ਊਰੀਯਾਹ,
ਅਹਲਾਈ ਦਾ ਪੁੱਤਰ ਜ਼ਾਬਾਦ,
42ਸ਼ੀਜ਼ਾ ਰਊਬੇਨੀ ਦਾ ਪੁੱਤਰ ਅਦੀਨਾ, ਜੋ ਰਊਬੇਨੀਆਂ ਦਾ ਸਰਦਾਰ ਸੀ ਅਤੇ ਉਹ ਦੇ ਨਾਲ ਤੀਹ,
43ਮਕਾਹ ਦਾ ਪੁੱਤਰ ਹਨਾਨ,
ਯੋਸ਼ਾਫ਼ਾਟ ਮਿਥਨੀ,
44ਅਸ਼ਤਾਰਾਥੀ ਉਜ਼ੀਯਾ,
ਅਰੋਏਰੀ ਹੋਥਾਮ ਦੇ ਪੁੱਤਰ ਸ਼ਮਾ ਅਤੇ ਯਈਏਲ,
45ਯਦੀਏਲ ਦਾ ਪੁੱਤਰ।
ਸ਼ਿਮਰੀ ਤੋਂ, ਉਸ ਦਾ ਭਰਾ ਯੋਹਾ ਤਿਜ਼ੀ,
46ਮਹਾਵੀ ਅਲੀਏਲ,
ਅਲਨਾਮ ਦੇ ਪੁੱਤਰ ਯਰੀਬਾਈ ਅਤੇ ਯੋਸ਼ਾਵਯਾਹ,
ਇਥਮਾਹ ਮੋਆਬੀ,
47ਅਲੀਏਲ, ਓਬੇਦ ਅਤੇ ਯਾਸੀਏਲ ਮੇਜ਼ੋਬਾਈ।
Currently Selected:
1 ਇਤਿਹਾਸ 11: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.